Saturday, April 11, 2009

ਜਿੰਦਗੀ ਦੀਆਂ ਜੁਗਤਾਂ


ਇਹ ਗੱਲ ਤੇ ਪੱਕੀ ਵੇ ਕੇ ਸੰਸਾਰ ਇੱਕ ਰੰਗ ਮੰਚ ਏ ਤੇ ਹਰ ਬਸ਼ਿੰਦਾ ਪਾਤਰ। ਹਰ ਕੋਈ ਆਪਣੇ ਹਿੱਸੇ ਦਾ ਕਿਰਦਾਰ ਨਿਭਾ ਕੇ ਇਸ ਦੁਨੀਆਂ ਤੋਂ ਰੁਕਸਤ ਹੋ ਜਾਂਦੈ। ਹੁਣ ਇਹ ਪਾਤਰ ਦੇ ਹੱਥ ਵਿੱਚ ਹੁੰਦੈ ਬਈ ਉਹ ਆਪਣੇ ਕਿਰਦਾਰ ਨੂੰ ਕਿੰਨੀ ਸ਼ਿੱਦਤ ਤੇ ਲਗਨ ਨਾਲ ਨਿਭਾਉਦੈ। ਜੋ ਚੰਗੀ ਤਰ੍ਹਾਂ ਸ਼ੀਸ਼ੇ ਮੁਹਰੇ ਖਲੋਂ ਕੇ ਅਭਿਆਸ ਕਰਕੇ ਮੰਚ 'ਤੇ ਆ ਕੇ ਆਪਣੀ ਭੂਮਿਕਾ ਨਿਭਾਉਦੈ ਉਹ ਕਾਮਯਾਬ ਹੋ ਜਾਂਦੈ। ਦੁਨੀਆਂ ਰੰਗ ਬਰੰਗੀ ਏ। ਇਥੇ ਸੱਚ ਵੀ ਹੈ, ਤੇ ਝੂਠ ਵੀ ਮਾਜੂਦ ਹੈ। ਹਰ ਝੂਠ ਸੱਚ ਨਾਲੋਂ ਜਿਆਦਾ ਦਿਲਚਸਪ ਲਗਦੈ ਤੇ ਹਰ ਸੱਚ ਜ਼ਹਿਰ ਤੋ ਕੌੜਾ, ਇਸ ਸਭ ਦੇ ਚੱਲਦੇ ਦੁਨੀਆਂ ਚੱਲਦੀ ਰਹਿੰਦੀ ਏ ਚੰਗੀ ਵੀ ਮਾੜੀ ਵੀ । ਲੋੜ ਸਿਰਫ ਵਿਦਿਆਰਥੀ ਬਣਨ ਦੀ ਹੁੰਦੀ ਹੈ। ਚੰਗੇ ਵਿਦਿਆਰਥੀਆਂ ਨੂੰ ਚੰਗੇ ਅਧਿਆਪਕ ਆਪਣੇ ਆਪ ਮਿਲ ਜਾਂਦੇ ਨੇ ਜਿਹੜੇ ਇਨਸਾਨ ਨੂੰ ਜਿੰਦਗੀ ਦੀਆਂ ਰਾਹਾਂ ਸੌਖੀਆਂ ਬਣਾਉਣ ਦੀ ਜੁਗਤ ਸਿਖਾ ਦਿੰਦੇ ਨੇ। ਚੰਗੇ ਅਧਿਆਪਕ ਹੋਣ ਲਈ ਵੀ ਪਹਿਲਾਂ ਚੰਗੇ ਵਿਦਿਆਰਥੀ ਬਣਨਾ ਪੈਂਦਾ ਹੈ। ਪੌੜੀ ਦਾ ਸਭ ਤੋਂ ਹੇਠਲਾ ਡੰਡਾ ਚੜਨ ਤੋਂ ਬਿਨ੍ਹਾਂ ਸਿਖਰ 'ਤੇ ਪਹੁੰਚਣਾ ਸੰਭਵ ਨਹੀਂ । ਕੁਝ ਲੋਕ ਜੁਗਾੜੂ ਕਿਸਮ ਦੇ ਹੁੰਦੇ ਨੇ। ਹਰ ਸ਼ੈਅ ਨੂੰ ਤੋੜ ਮਰੋੜ ਕੇ ਕੁਝ ਚਿਰ ਮਗਜ ਮਾਰੀ ਕਰਨ ਤੋਂ ਬਾਅਦ ਕੋਈ ਨਾ ਕੋਈ ਜੁਗਾੜ ਲਾ ਹੀ ਲੈਂਦੇ ਨੇ। ਜੁਗਾੜ ਭਾਵੇਂ ਕੇ ਕੁਝ ਸਮੇਂ ਲਈ ਸਾਡਾ ਸਾਥ ਦਿੰਦਾ ਹੈ, ਪਰ ਸਦੀਵੀ ਨਹੀਂ ਹੁੰਦਾ, ਬਸ ਕੁਝ ਦਿਨਾਂ ਲਈ ਡੰਗ ਟੱਪ ਜਾਂਦੈ। ਬਹੁਤੇ ਲੋਕ ਤੋਰੀ ਫੁਲਕਾ ਚਲਾਈ ਰੱਖਣ ਲਈ ਜੁਗਾੜ ਲਾ ਲਾ ਕੰਮ ਸਾਰਦੇ ਰਹਿੰਦੇ ਹਨ। ਕੁਝ ਲੋਕ ਆਪਣੀ ਆਰਥਿਕਤਾ ਦੀ ਗੱਡੀ ਨੂੰ ਲੀਹੇ ਪਾਈ ਰੱਖਣ ਲਈ ਜੁਗਾੜ ਲਾਉਦੇ ਹਨ। ਜਿਵੇਂ ਘੜੁੱਕਾ ਜਾਂ ਮਰੂਤਾ ਵੀ ਇੱਕ ਕਿਸਮ ਦਾ ਜੁਗਾੜ ਸੀ ਜਿਹੜਾ ਅੱਜ ਵੀ ਕਈਂ ਲੋਕਾਂ ਲਈ ਰੁਜਗਾਰ ਦਾ ਸਾਧਨ ਹੈ, ਪਰ ਜਿਆਦਾ ਤਰ ਉਸ ਦਾ ਕੋਈ ਨਾ ਕੋਈ ਅੰਗ ਸੜਕ ਤੇ ਖਿਲਰਿਆ ਹੀ ਹੁੰਦੈ, ਕਦੀ ਟਾਇਰ ਤੇ ਕਦੀ ਇੰਜਣ। ਜੁਗਾੜੂ ਲੋਕਾਂ ਵਿੱਚ ਬਹੁਤੇ ਲੋਕ ਠੱਗੀ ਠੋਰੀ, ਚਾਪਲੂਸੀ, ਤੇ ਤੀਰ ਤੁੱਕਾ ਲਾਉਣ ਦੇ ਆਦੀ ਹੁੰਦੇ ਹਨ। ਕਿਸੇ ਵੀ ਕੰਮ ਲਈ ਘੱਟ ਮਿਹਨਤ ਕਰਨ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਇਮਾਨਦਾਰੀ ਦਾ ਝੂਠਾ ਵਿਖਾਵਾ ਕਰਕੇ ਜਿੰਦਗੀ ਨੂੰ ਤੋਰੀ ਰੱਖਦੇ ਹਨ। ਦਰਅਸਲ ਜਦੋਂ ਸਮਾਂ ਆਉਂਦਾ ਹੈ ਤਾਂ ਹਰ ਕੰਮ ਅਸਾਨ ਲੱਗਣ ਲੱਗ ਜਾਂਦਾ, ਪਰ ਜਦੋਂ ਅਸੀਂ ਸਮੇਂ ਤੋਂ ਪਹਿਲਾਂ ਕਿਸੇ ਕੰਮ ਲਈ ਟੱਕਰਾਂ ਮਾਰਦੇ ਹਾਂ ਤਾਂ ਉਸਨੂੰ ਸਿਰਫ ਤੀਰ ਤੁੱਕਾ ਹੀ ਕਿਹਾ ਜਾ ਸਕਦਾ ਹੈ। ਜੇ ਲੱਗ ਗਿਆ ਤਾਂ ਤੀਰ ਨਹੀ ਤਾਂ ਤੁੱਕਾ ਹੀ ਸਹੀ। ਜਿੰਦਗੀ ਵਿੱਚ ਹਰ ਸ਼ੈਅ ਦਾ ਸਹੀ ਸਮਾਂ ਨਿਸਚਿਤ ਹੁੰਦੈ। ਕਿਸਮਤ ਨੂੰ ਰੋਣਾ ਅਸਲ ਵਿੱਚ ਕਿਸੇ ਕੰਮ ਪ੍ਰਤੀ ਆਪਣੇ ਆਪ ਨੂੰ ਸਮਰਪਿਤ ਨਾ ਕਰਨ ਦਾ ਬਹਾਨਾ ਹੈ। ਇਤਿਹਾਸ ਸਿਰਜਣੇ ਹੋਣ ਤਾਂ ਸ਼ਹੀਦਾਂ ਦੀ ਲੋੜ ਵੀ ਤਾਂ ਪਵੇਗੀ ਹੀ, ਤੇ ਸ਼ਹੀਦ ਹੋਣ ਲਈ ਪਹਿਲ ਕਰਨ ਵਾਲੇ ਹੀ ਹਮੇਸ਼ਾਂ ਇਤਿਹਾਸ ਦੇ ਪਾਤਰ ਬਣਦੇ ਨੇ। ਸੜਦੀ ਧਰਤੀ 'ਤੇ ਅਰਪਿਤ ਹੋਣ ਵਾਲੀਆਂ ਪਹਿਲੀਆਂ ਕੁਝ ਕੁ ਕਣੀਆਂ ਹੀ ਹੁੰਦੀਆਂ ਨੇ ਜਿਹੜੀਆਂ ਭਸਮ ਹੋ ਜਾਂਦੀਆਂ ਨੇ ਬਾਕੀ ਤਾਂ ਫਿਰ ਬਰਸਾਤ ਹੁੰਦੀ ਏ। ਪੁਠੀਆਂ ਜਾਂ ਸਾਰਟਕੱਟ ਰਸਤੇ ਅਪਣਾਉਣ ਦੀਆਂ ਸਕੀਮਾਂ ਜੀਵਨ ਵਿੱਚ ਸੀਮਤ ਸੋਚ ਦੀਆਂ ਪ੍ਰਤੀਕ ਹਨ। ਸੋਚ ਦਾ ਛੋਟਾ ਵੱਡਾ ਹੋਣਾ ਇਨਸਾਨ ਦੇ ਆਪਣੇ ਹੱਥ ਵੱਸ ਹੁੰਦੈ। ਉਸਾਰੂ ਸੋਚ ਰਾਹਾਂ ਦੇ ਚਾਨਣ ਬਣਦੀ ਹੈ ਜਦ ਕੇ ਘਟੀਆ ਤੇ ਨੀਵੀਂ ਸੋਚ ਹਨੇਰੇ ਦਾ ਖਲਾਅ। ਜੁਗਤਾਂ ਘੜਨਾ ਜਾਂ ਸਕੀਮਾਂ ਲਾਉਣਾ ਅਸਲ ਵਿੱਚ ਉਪਰੋਂ ਹੇਠਾਂ ਨੂੰ ਸ਼ੁਰੂ ਕਰਨ ਵਾਂਗ ਹੈ, ਪਰ ਸਿਖਰਾਂ ਛੁਹਣ ਲਈ ਰੌਸ਼ਨ ਰਾਹਾਂ ਦੀ ਜਰੂਰਤ ਪੈਂਦੀ ਏ ਤੇ ਰਾਹਾਂ ਤਾਂ ਹੀ ਰੌਸ਼ਨ ਹੁੰਦੀਆਂ ਨੇ ਜੇਕਰ ਸਾਡਾ ਮਨ ਰੌਸ਼ਨ ਹੋਵੇ। ਜਦ ਸਾਡੇ ਦੁਆਰਾ ਕੀਤੇ ਜਾ ਰਹੇ ਕਿਸੇ ਕਾਰਜ ਦਾ ਉਲਟ ਅਸਰ ਹਾਵੀ ਹੋ ਜਾਵੇ ਤਾਂ ਬਿਨ੍ਹਾਂ ਕਿਸੇ ਦੇਰੀ ਉਹ ਕੰਮ ਛੱਡ ਦੇਣਾ ਚਾਹੀਦਾ ਹੈ। ਬਹੁਤੀਆਂ ਸਕੀਮਾਂ ਦਾ ਸਾਰਥਕ ਅਸਰ ਘੱਟ ਅਤੇ ਉਲਟ ਅਸਰ ਜਿਆਦਾ ਹੁੰਦੈ। ਜੋ ਸ਼ੈਅ ਬਿਨ੍ਹਾਂ ਵਿਉਤਬੰਦੀ ਅਤੇ ਬਿਨ੍ਹਾਂ ਸੋਚ ਵਿਚਾਰ ਨਾਲ ਬਣਾਈ ਜਾਂਦੀ ਏ ਉਹ ਦਰਅਸਲ ਓਥੇ ਸਕੀਮ ਵਰਤੀ ਗਈ ਹੁੰਦੀ ਏ, ਤੇ ਅਜਿਹੀ ਕਿਸੇ ਵੀ ਸ਼ੈਅ ਦਾ ਉਲਟ ਅਸਰ ਕੁਦਰਤ ਹੀ ਹੁੰਦੈ। ਬਹੁਤੀ ਕਾਹਲ ਵੀ ਮੁਸੀਬਤਾਂ ਦੀ ਜਨਮ ਦਾਤੀ ਹੁੰਦੀ ਏ, ਤੇ ਕਈਂ ਵਾਰ ਬਹੁਤੀ ਕਾਹਲ ਵਿੱਚ ਸਟੇਸ਼ਨ ਹੀ ਛੁੱਟ ਜਾਂਦੈ। ਜੁਗਾੜੀ ਬੰਦੇ ਦੇ ਦਿਮਾਗ ਵਿੱਚ ਪੁਠੀਆਂ ਸਿਧੀਆਂ ਸਕੀਮਾਂ ਦਾ ਆਉਂਣਾ ਜਾਣਾ ਲੱਗਾ ਹੀ ਰਹਿੰਦਾ ਹੈ। ਉਸਦੇ ਮਨ ਦੀ ਕਾਹਲ ਉਸਨੂੰ ਬਿਹਬਲ ਕਰ ਦਿੰਦੀ ਏ। ਉਹ ਰੇਲ 'ਚ ਬੈਠਾ ਜਲਦੀ ਅੱਪੜਣ ਦੀ ਕਾਹਲ ਅਤੇ ਦਿਮਾਗ ਵਿੱਚ ਚੱਲਦੀ ਉਥਲ ਪੁਥਲ ਵਿੱਚ ਆਪਣੇ ਸਟੇਸ਼ਨ 'ਤੇ ਉਤਰਨਾ ਹੀ ਭੁੱਲ ਜਾਂਦੈ, ਤੇ 'ਅੱਗਾ ਦੌੜ ਪਿਛਾ ਚੌੜ' ਵਾਲੀ ਕਹਾਵਤ ਵਾਲਾ ਹਾਲ ਹੋ ਜਾਂਦੈ। ਜਹਾਨ ਵਿੱਚ ਜਿੰਦਗੀ ਨੂੰ ਖੁਬਸੂਰਤ ਬਣਾਉਣ ਲਈ ਨਿਖਰੀ ਸ਼ਖਸ਼ੀਅਤ ਦਾ ਹੋਣਾ ਵੀ ਲਾਜਮੀ ਹੈ। ਨਿਖਰੀ ਤੇ ਪਾਰਦਰਸ਼ੀ ਸ਼ਖਸ਼ੀਅਤ ਤੁਹਾਡੇ ਵਿਚਾਰਾਂ ਦਾ ਆਇਨਾਂ ਹੁੰਦੀ ਹੈ। ਬਹੁਤੀ ਭੱਜ ਨੱਸ ਦਾ ਕੋਈ ਜਿਆਦਾ ਲਾਭ ਨਹੀਂ ਹੁੰਦਾ। ਸਿਰਫ ਹੌਸ਼ਲਾ ਤੇ ਸਿਰੜ ਲਾਹੇਵੰਦ ਹੈ। ਜੇ ਕਿਸੇ ਥਾਂ ਵਕਤ ਸਿਰ ਅੱਪੜਨਾ ਹੋਵੇ ਤਾਂ ਘੜੀ ਪੰਜ ਮਿੰਟ ਅੱਗੇ ਰੱਖੋ, ਫਿਰ ਨਾ ਤਾਂ ਬੱਸ ਖੁੰਝੇਗੀ ਤੇ ਨਾ ਹੀ ਕਾਹਲ ਕਰਨ ਦੀ ਲੋੜ ਪਵੇਗੀ। ਦੁਨੀਆਂ ਤੁਰੀ ਰਹਿਣੀ ਹੈ, ਸਕੀਮਾਂ ਦਾ ਫੇਲ ਪਾਸ ਹੋਣਾ ਵੀ ਲੱਗਾ ਰਹੇਗਾ। ਸੂਰਜ ਦਾ ਆਉਣਾ ਜਾਣਾ, ਧੁੱਪਾਂ ਛਾਵਾਂ, ਗਰਮੀਆਂ ਸਰਦੀਆਂ, ਦੁੱਖ ਸੁੱਖ ਸਭ ਕੁਝ ਚਲਦਾ ਰਹਿੰਦਾ ਹੈ। ਲੋੜ ਹੈ ਤਾਂ ਸਿਰਫ ਨਿੱਕੀਆਂ ਨਿੱਕੀਆਂ ਖੁਸ਼ੀਆਂ ਨੂੰ ਇਕੱਠਾ ਕਰਕੇ ਇੱਕ ਵੱਡਾ ਭੰਡਾਰ ਇਕੱਠਾ ਕਰਨ ਦੀ। ਨੋਟਾਂ ਦੀਆਂ ਜਰਬਾਂ ਤਕਸੀਮਾਂ ਨਾਲੋ ਜਿੰਦਗੀ ਵਿੱਚ ਆਉਣ ਵਾਲੀਆਂ ਖੁਸ਼ੀਆਂ ਦਾ ਹਾਂਸਿਲ ਜਿਆਦਾ ਮਹੱਤਵਪੂਰਨ ਹੈ। ਮਜਾ ਇਸ ਗੱਲ ਵਿੱਚ ਨਹੀਂ ਕਿ ਕਿੰਨੀ ਲੰਬੀ ਜਿੰਦਗੀ ਜੀਣੀ ਹੈ, ਸਗੋਂ ਇਸ ਗੱਲ ਵਿੱਚ ਹੈ ਕਿ ਕਿੰਨੀ ਵਧੀਆ ਜਿੰਦਗੀ ਜੀਣੀ ਹੈ। ਜਿੰਦਗੀ ਨੂੰ ਰੱਜ ਹੰਡਾਉਣ ਦੀ ਜੁਗਤ ਜਰੂਰ ਸਿੱਖੋ ਬਾਕੀ ਜੁਗਤਾਂ ਤਾਂ.........?

Monday, March 30, 2009

ਸੁਨੇਹੇਂ ਤੇ ਸੁਪਨੇ

ਕਈਂ ਸੁਨੇਹੇਂ ਸੁਪਨਿਆਂ ਵਰਗੇ ਹੁੰਦੇ ਨੇ, ਤੇ ਕੁਝ ਸੁਪਨੇ ਸੁਨੇਹੇਂ ਬਣ ਕਿ ਸੁਰਮਈ ਅੱਖਾਂ ਵਿੱਚ ਆਣ ਵੱਸਦੇ ਨੇ। ਸੁਨੇਹਾਂ ਜੇ ਸੋਹ੍ਯਣੇ ਦਿਲਦਾਰ ਦਾ ਘੱਲਿਆ ਹੋਵੇ ਤਾਂ ਫਿਰ ਨੀਂਦ ਕਿਥੇ ਆਉਂਦੀ ਏ ਤੇ ਜਦ ਨੀਂਦ ਹੀ ਨਾ ਆਵੇ ਤਾਂ ਸੁਪਨਿਆਂ ਦਾ ਆਉਣਾ ਨਾਮੁਮਕਿਨ ਹੁੰਦੈ। ਮੁਲਾਕਾਤਾਂ ਸੁਪਨਿਆਂ ਦਾ ਅਧਾਰ ਬਣਦੀਆਂ ਨੇ ਤੇ ਇੰਤਜਾਰ ਨੀਂਦ ਨਾ ਆਉਣ ਦਾ ਸਵੱਬ। ਹੁਣ ਸੁਨੇਹਿਆਂ ਦੀ ਸ਼ਕਲ ਵਿਗੜ ਗਈ ਹੈ। ਸੁਨੇਹੇਂ ਭੇਜਣ ਲਈ ਹੁਣ ਕਿਸੇ ਵਿਅਕਤੀ ਵਿਸ਼ੇਸ਼ ਦੀ ਜਰੂਰਤ ਨਹੀਂ ਰਹੀ। ਪਿਆਰ, ਮੁਹੱਬਤ,ਸਨੇਹ ਤੇ ਮੋਹ ਭਰੇ ਸੁਨਿਹੇਆਂ ਦੀ ਘਾਟ ਰੜਕਣ ਲੱਗ ਪਈ ਹੈ। ਹੁਣ ਤਾਂ ਸੱਦਾ ਪੱਤਰ ਜਾਂ ਕਾਰਡ ਵੀ ਸਿਰਫ ਆਪਣੀ ਹੈਸੀਅਤ ਦਾ ਦਿਖਾਵਾ ਕਰਨ ਲਈ ਭੇਜੇ ਜਾਂਦੇ ਨੇ ‘ਡੱਬੇ’ ਨਾਲ……! ਸੁਪਨੇ ਦਾ ਮਰ ਜਾਣਾ ਬਹੁਤ ਦੁਖਦਾਈ ਹੁੰਦਾ ਹੈ। ਕਿਉਂਜੋ ਟੁੱਟ ਚੁੱਕੇ ਸੁਪਨੇ ਨੂੰ ਦੁਬਾਰਾ ਸਜਾਉਣ ਦੀਆਂ ਸੰਭਾਵਨਾਵਾਂ ਵਧੇਰੇ ਹੁੰਦੀਆਂ ਹਨ ਜਦ ਕੇ ਮਰ ਚੁੱਕੇ ਸੁਪਨੇ……? ਹਰ ਕੋਈ ਕਿਸੇ ਦੀਆਂ ਅੱਖਾਂ ਦਾ ਸੁਪਨਾ ਬਣਦਾ ਹੈ ਤੇ ਹਰੇਕ ਦਾ ਕੋਈ ਨਾ ਕੋਈ ਸੁਪਨਾ ਜਰੂਰ ਟੁੱਟਦੈ।
ਸਾਡੇ ਸਾਰੇ ਦਿਨ ਦੀ ਕਾਰਜਸ਼ੀਲਤਾ ਤੇ ਕਿਰਿਆਵਾਂ ਹੀ ਰਾਤ ਨੂੰ ਨੀਂਦ ਵਿੱਚ ਸਾਡੀਆਂ ਅੱਖਾਂ ਦੇ ਸੁਪਨੇ ਬਣਦੀਆਂ ਨੇ। ਲਾਟਰੀ ਪਾਉਣ ਵਾਲੇ ਨੂੰ ਹਮੇਸ਼ਾਂ ਲਾਟਰੀ ਨਿਕਲਣ ਦੇ ਸੁਪਣੇ ਆਉਣਗੇ, ਪ੍ਰੇਮੀਆਂ ਨੂੰ ਦਿਲਦਾਰਾਂ ਦੇ, ਸਾਧਾਂ ਨੂੰ ਕੁਦਰਤ ਦੇ, ਚੋਰਾ ਨੂੰ ਚੋਰੀ ਦੇ ਅਤੇ ਠੱਗਾ ਨੂੰ ਹੇਰਾਫੇਰੀ ਦੇ। ਸੁਪਨੇ ਰੀਝਾਂ ਸਿਰਜਦੇ ਹਨ। ਰੀਜਾਂ ਦੀ ਪੂਰਤੀ ਲਈ ਸਾਨੂੰ ਮਿਹਨਤ ਦੀ ਜਰੂਰਤ ਹੁੰਦੀ ਹੈ। ਬੇਤਿਹਾਸ਼ਾ ਦੌੜ ਭੱਜ, ਪਦਾਰਥਵਾਦ ਤੇ ਰੀਜਾਂ ਦਾ ਲਾਲਸਾਵਾਂ ਵਿੱਚ ਬਦਲ ਜਾਣਾ ਸੁਪਨਿਆਂ ਦੇ ਟੁੱਟਣ ਦਾ ਕਾਰਨ ਬਣ ਰਿਹਾ ਹੈ। ਜਿਉਂ ਜਿਉਂ ਜੀਵਨ ਗੁੰਜਲਦਾਰ ਹੋ ਰਿਹਾ ਹੈ, ਸੋਚ ਦਾ ਦ੍ਰਿਸਟੀਕੋਣ ਬਦਲਦਾ ਜਾ ਰਿਹਾ ਹੈ।
ਸੁਪਨੇ ਵਿੱਚ ਦੇਖੀ ਕੋਈ ਸ਼ੈਅ ਜਦ ਯਾਦ ਰਹਿੰਦੀ ਹੈ ਤਾਂ ਉਹ ਕਿਸੇ ਆਉਣ ਵਾਲੀ ਖੁਸ਼ੀ ਜਾਂ ਗਮੀ ਦਾ ਸੁਨੇਹਾਂ ਹੁੰਦੀ ਹੈ। ਕਈਂ ਵਾਰ ਆਉਣ ਵਾਲੀ ਕੋਈ ਘਟਨਾ,ਦੁਰਘਟਨਾ ਸੁਪਨੇ ਵਿੱਚ ਅਗਾਉਂ ਹੀ ਸ਼ਾਖਸ਼ਾਤ ਦਿਖਾਈ ਦੇ ਜਾਂਦੀ ਹੈ। ਸੁਪਨੇ ਦੇਖਣਾ ਹਰ ਇੱਕ ਦਾ ਅਧਿਆਰ ਹੈ, ਪਰ ਆਪਣੇ ਤੋਂ ਵੱਡੇ ਸੁਪਨੇ ਵੇਖਣ ਦੀ ਹਿੰਮਤ ਕਿਸੇ ਕਿਸੇ ਵਿੱਚ ਹੁੰਦੀ ਹੈ। ਆਪਣੇ ਆਪ ਨੂੰ ਅਰਪਿਤ ਕੀਤੇ ਬਿਨ੍ਹਾਂ ਕਿਸੇ ਦੀ ਅੱਖ ਦਾ ਸੁਪਨਾ ਨਹੀਂ ਬਣਿਆਂ ਜਾ ਸਕਦਾ ਤੇ ਵਿਕਸਤ ਹੋਏ ਬਿਨ੍ਹਾਂ ਰੀਜਾਂ ਦੀ ਪੂਰਤੀ ਨਹੀਂ ਹੁੰਦੀ। ਮਨ ਨੂੰ ਮਜਬੂਤ ਤੇ ਅਡੋਲ ਰੱਖਣਾ ਤੇ ਆਪਣੀ ਹੋਂਦ ਨੂੰ ਬਰਕਾਰ ਬਣਾਈ ਰੱਖਣ ਨਾਲ ਸਫਲਤਾਵਾਂ ਦਾ ਮਿਲਣਾ ਲਾਜਮੀ ਹੈ। ਸਫਲਤਾ ਵਿਅਕਤੀ ਦੀ ਸਖਸ਼ੀਖਤ ਨਿਖਾਰਦੀ ਹੈ ਤੇ ਸਫਲ ਵਿਅਕਤੀ ਕੋਲ ਸੁਨੇਹਿਆਂ ਦੀ ਘਾਟ ਨਹੀਂ ਰਹਿੰਦੀ।
ਸੁਪਨੇ ਵਿੱਚ ਬਾਦਸ਼ਾਹ ਬਣਨਾ ਬਹੁਤ ਸੁਖਦਾਈ ਲਗਦੈ, ਪਰ ਜੇਕਰ ਤੁਹਾਨੂੰ ਸੁਪਨੇ ਵਿੱਚ ਕਿਸੇ ਮੁਸੀਬਤ ਤੋਂ ਛੁਟਕਾਰਾ ਪਾਉਣ ਲਈ ਭੱਜਣਾ ਪਏ ਤਾਂ ਤੁਹਾਡਾ ਇੱਕ ਇੱਕ ਕਦਮ ਸੌ ਸੌ ਕਿਲੋ ਭਾਰਾ ਲਗੇਗਾ, ਤੁਸੀ ਭੱਜ ਨਹੀਂ ਸਕੋਗੇ। ਤੁਹਾਡਾ ਅੱਗੇ ਨੂੰ ਪੁੱਟਿਆ ਕਦਮ ਤੁਹਾਨੂੰ ਪਿਛੇ ਨੂੰ ਧੱਕਦਾ ਲੱਗੇਗਾ। ਸੁਪਨੇ ਵਿੱਚ ਤੁਹਾਡੇ ਪਿਤਰਾਂ ਦੇ ਸੁਨੇਹੇ ਪ੍ਰਾਪਤ ਹੁੰਦੇ ਨੇ। ਉਹ ਤੁਹਾਨੂੰ ਅਵਾਜਾਂ ਮਾਰਦੇ ਸੁਣਾਈ ਦੇਣਗੇ। ਤੁਸੀ ਆਪਣੇ ਆਪ ਨੂੰ ਕਿਸੇ ਖਾਲੀ ਤੇ ਡੂੰਘੇ ਖਲਾਅ ਵੱਲ ਜਾਂਦੇ ਮਹਿਸੂਸ ਕਰੋਗੇ। ਇਹ ਦਰਅਸਲ ਸਾਡੇ ਅਰਧ ਚੇਤਨ ਮੰਨ ਕਾਰਨ ਹੁੰਦੈ। ਪਰ ਇਸਦੇ ਪੱਕੇ ਕਾਰਨਾ ਦਾ ਕਿਸੇ ਨੂੰ ਕੋਈ ਪਤਾ ਨਹੀ ਹੈ। ਸੁਪਨੇ ਹਕੀਕਤ ਦੇ ਉਲਟ ਹੁੰਦੇ ਨੇ ਤੇ ਹਕੀਕਤਾਂ ਸੁਪਨਿਆਂ ਤੋਂ ਉਲਟ। ਜਿੰਦਗੀ ਨੂੰ ਹਕੀਕੀ ਬਣਾਏ ਬਿਨ੍ਹਾਂ ਸੁਭ ਇਸ਼ਾਵਾਂ ਦੇ ਪਾਤਰ ਨਹੀਂ ਬਣਿਆ ਜਾ ਸਕਦਾ। ਚੱਲਣਾ ਤੇ ਚੱਲਦੇ ਰਹਿਣਾ ਜਿੰਦਗੀ ਦਾ ਅਸੂਲ ਹੈ। ਜਿਮੇਵਾਰੀਆਂ ਨੂੰ ਉਤਸ਼ਾਹ ਨਾਲ ਨਿਭਾਉਣ, ਇਮਾਨਦਾਰੀ ਨਾਲ ਫਰਜ਼ਾਂ ਦੀ ਪੂਰਤੀ ਕਰਨ ਤੇ ਸੁਖਾਵੇਂ ਸਬੰਧ ਕਾਇਮ ਕਰਨ ਨਾਲ ਜਿੰਦਗੀ ਵਿੱਚ ਬੰਦਾ ਸੁਰਖਰੂ ਹੁੰਦੈ ਤੇ ਸੁਰਖਰੂ ਇਨਸਾਨ ਗੂੜੀ ਤੇ ਸੁਖਦ ਨੀਂਦ ਮਾਨਦੈ। ਸੁਖਦ ਤੇ ਗੁੜੀ ਨੀਂਦ, ਹੱਢ ਭੰਨਵੀਂ ਮਿਹਨਤ ਤੇ ਸੁਚੱਜੀ ਸੋਚ ਨਾਲ ਨਿਰੰਤਰ ਸਬੰਧਤ ਹੈ। ਇਮਾਨਦਾਰੀ ਦੀ ਨੀਂਦੇ ਸਜੇ ਹੋਏ ਸੁਪਨਿਆਂ ਦਾ ਆਉਣਾ ਜਾਣਾ ਲੱਗਾ ਹੀ ਰਹਿੰਦਾ ਹੈ। ਆਪਣੇ ਆਪ ਨੂੰ ਜਾਨਣ ਲਈ ਤੁਹਾਨੂੰ ਆਪਣੇ ਮਨ ਦੀ ¦ਮੀ ਯਾਤਰਾ ਤੇ ਨਿਕਲਣਾ ਪਵੇਗਾ। ਇਸ ¦ਮੀ ਯਾਤਰਾ ‘ਤੇ ਨਿਕਲੇ ਬਿਨ੍ਹਾ ਗਿਆਨ ਨਹੀਂ ਖੋਜਿਆ ਜਾ ਸਕਦਾ। ਗਿਆਨ ਨਾਲ ਜੀਵਨ ਦੇ ਨਵੇਂ ਰਾਹ ਬਣਦੇ ਨੇ ਤੇ ਰਾਹਾਂ ‘ਤੇ ਤੁਰੇ ਰਹਿਣ ਨਾਲ ਇੱਕ ਤਾਂ ਸਾਡੇ ਪੈਰ ਜਮੀਨ ਦੇ ਰਹਿੰਦੇ ਨੇ ਤੇ ਦੂਜਾ ਜਿੰਦਗੀ ਦੇ ਨਵੇਂ ਪਹਿਲੂਆਂ ਦਾ ਯਥਾਰਥ ਪਤਾ ਲਗਦਾ ਹੈ।
ਧਰਤੀ ਵੰਡੀ ਜਾ ਰਹੀ ਹੈ, ਘਰ ਵੱਡੇ ਹੁੰਦੇ ਜਾ ਰਹੇ ਨੇ ਪਰ ਦਿਲ ਛੋਟੇ, ਤੇ ਥੁੜੇ ਦਿਲ ਵਾਲਾ ਬੰਦਾ ਵੱਡੇ ਸੁਪਨੇ ਕਿਵੇਂ ਸਜਾ ਸਕਦਾ….? ਸਬੰਧਾ ਵਿਚ ਅਣਸੁਖਾਵੇਂਪਨ ਕਾਰਨ ਸੁੱਖ ਦੁੱਖ ਸਾਂਝੇ ਨਹੀਂ ਰਹੇ ਤੇ ਜਦ ਸੁੱਖਾਂ ਦੁੱਖਾਂ ਦੀ ਸਾਂਝ ਨਾ ਰਹੇ ਤਾਂ ਸੁੱਖ ਸੁਨੇਹਿਆਂ ਦਾ ਪਤਨ ਹੋ ਜਾਂਦਾ ਹੈ। ਅਜਿਹੇ ਸੁਪਨੇ ਦੇਖਣ ਦਾ ਕੀ ਲਾਭ ਜਿਸ ਵਿੱਚ ਸੱਜਣਾ ਦਾ ਚਿਹਰਾ ਨਾ ਦਿਸੇ ਸੁੱਖ ਦੁੱਖ ਤੇ ਤਾਂ ਹੀ ਫਰੋਲੇ ਜਾਂਦੇ ਨੇ ਜਦ ਆਪਣੇ ਪਿਆਰਿਆਂ ਦਾ ਦਿਦਾਰ ਹੋਵੇ। ਪ੍ਰਭਾਵਿਤ ਹੋਏ ਬਿਨ੍ਹਾਂ ਮੁਲਾਕਾਤ ਦੀ ਤਾਂਘ ਨਹੀਂ ਜਾਗਦੀ ਤੇ ਬਿਨ੍ਹਾਂ ਮੁਲਾਕਾਤਾਂ ਮੁਹੱਬਤ ਨਹੀਂ ਵਧਦੀ। ਬਹੁਤੇ ਵਾਰੀ ਸੁਪਨੇ ਵਿੱਚ ਸਾਨੂੰ ਅਣਜਾਣ ਲੋਕ ਹੀ ਮਿਲਣਗੇ, ਪਰ ਇਹਨਾਂ ਚੰਗੇ ਚੰਗੇ ਅਜਨਬੀਆਂ ਦੀ ਬਹੁਤਾਤ ਕਾਰਨ ਹੀ ਸੁਪਨਿਆਂ ਨੂੰ ਇੰਨਾ ਸਤਿਕਾਰ ਹਾਸਿਲ ਹੈ।
ਸੁਪਨੇ ਦੀ ਸਿਰਫ ਜਾਤ ਹੀ ਉਤਮ ਹੁੰਦੀ ਹੈ। ਦਰਅਸਲ ਹਕੀਕਤ ਦਾ ਕੋਈ ਵੀ ਸਬੰਧ ਸੁਪਨੇ ਨਾਲ ਨਹੀਂ ਹੁੰਦਾ। ਹਕੀਕਤਾਂ ਚੇਤਨ ਮੰਨ ਦਾ ਪਾਰਦਰਸ਼ੀ ਸ਼ੀਸ਼ਾ ਹੁੰਦੀਆਂ ਨੇ ਜਦ ਕੇ ਸੁਪਨੇ ਕਿਸੇ ਸਟੇਜ਼ ਦੇ ਪੜਦੇ ਪਿਛੇ ਹੋ ਰਹੀ ਕਿਸੇ ਡਰਾਮੇ ਦੀ ਰਿਹੱਸਲ। ਜਿੰਦਗੀ ਵਿੱਚ ਕੁਝ ਲੋਕ ਜਾਂ ਸ਼ੈਵਾਂ ਸਿਰਫ ਸੁਪਨਾ ਬਣ ਕੇ ਆਉਂਦੇ ਨੇ ਤੇ ਅਸੀਂ ਉਹਨਾਂ ਨੂੰ ਹਕੀਕਤ ਸਮਝ ਲੈਂਦੇ ਹਾਂ ਦਰਅਸਲ ਇਹ ਲੋਕ ਜਾਂ ਚੀਜ਼ਾਂ ਬੰਦ ਪਏ ਕਿਸੇ ਖਤ ਵਾਂਗ ਹੁੰਦੇ ਨੇ ਜਿਸ ‘ਤੇ ਪਤਾ ਨਹੀਂ ਲਿਖਿਆ ਹੁੰਦਾ। ਖਤ ਸੁਨੇਹਿਆਂ ਦਾ ਸਭ ਤੋਂ ਪੁਰਾਣਾ ਤੇ ਵਧੀਆ ਰੂਪ ਹਨ ਪਰ ਹੁਣ ਕੋਈ ਖਤ ਹੀ ਨਹੀਂ ਲਿਖਦਾ। ਖ਼ਤ ਲਿਖਣ ਵਾਸਤੇ ਦਰਸਅਸਲ ਵਕਤ ਦੀ ਜਰੂਰਤ ਹੁੰਦੀ ਹੈ ਪਰ ਸਾਡੇ ਕੋਲ ਵਕਤ ਰਿਹਾ ਹੀ ਕਿਥੇ ਐ….!
ਪ੍ਰਸੰਨਤਾ ਜਿੰਦਗੀ ਦਾ ਅਸਲ ਅਨੰਦ ਹੁੰਦੀ ਹੈ। ਜਿਆਦਾ ਸਿਆਣੇ ਹੋਣ ਨਾਲੋਂ ਉਸਾਰੂ ਦ੍ਰਿਸਟੀਕੋਣ ਅਪਣਾਉਣ ਦੀ ਵਧੇਰੇ ਲੋੜ ਹੈ। ਮਨ ਦਾ ਅਸੰਤੁਸਟ ਹੋਣਾ ਚਿੰਤਾਵਾਂ ਨੂੰ ਜਨਮ ਦਿੰਦਾ ਹੈ ਤੇ ਚਿੰਤਾ ਅਤੇ ਚਿਤਾ ਵਿੱਚ ਸਿਰਫ ਇੱਕ ਟਿੱਪੀ ਦਾ ਹੀ ਫਰਕ ਹੁੰਦੈ। ਸੁਖਦ ਜੀਵਨ ਲਈ ਨਿੱਜ ਤੋਂ ਉਪਰ ਉਠ ਕੇ ਪਰਉਪਕਾਰੀ ਜੀਵਨ ਜੀਣ ਦਾ ਢੰਗ ਸਿਖਣਾ ਪਵੇਗਾ। ਕਿਸੇ ਦੇ ਦੁੱਖ ਸੁੱਖ ਦੇ ਭਾਈਵਾਲ ਬਣੋਗੇ ਤਾਂ ਆਪਣੇ ਦੁੱਖਾਂ ਵਿੱਚ ਕਮੀ ਮਹਿਸੂਸ ਹੋਵੇਗੀ। ਜਦੋਂ ਕੌਲ ਸਿਰਫ ਤੋੜਨ ਲਈ ਕੀਤੇ ਜਾਣ ਤਾਂ ਤੁਹਾਡੇ ਸੁਭਚਿੰਤਕਾਂ ਦੀ ਕਤਾਰ ਛੋਟੀ ਹੁੰਦੀ ਜਾਵੇਗੀ। ਵਿਰੋਧੀ ਦੀ ਇੱਜਤ ਕਰਨ ਦਾ ਸਲੀਕਾ ਕਿਸੇ ਕਿਸੇ ਕੋਲ ਹੁੰਦੈ, ਜਦ ਇਹ ਸਲੀਕਾ ਸਾਡੇ ਕੋਲ ਹੋਵੇਗਾ ਤਾਂ ਜਿੰਦਗੀ ਮੁਸਕਰਾਉਦੀ ਨਜ਼ਰ ਆਵੇਗੀ।
ਦੁਆ ਕਰੋ ਜਿਨਾਂ ਦੇ ਦਿਲਦਾਰ ਵਿਛੜ ਗਏ ਨੇ ਉਹ ਮਿਲ ਜਾਣ, ਸੌਣ ਤੋਂ ਪਹਿਲਾਂ ਆਸ ਜਰੂਰ ਰੱਖੋ ਕੇ ਜੋ ਦਿਲ ਵਿੱਚ ਵੱਸਦੇ ਹਨ ਉਹਨਾਂ ਦਾ ਸੁਪਨਾ ਆ ਜਾਵੇ……!

ਖੁਸ਼ਹਾਲੀ ਤੇ ਅਮੀਰੀ

ਅਮੀਰ ਹੋਣਾ ਜਾਂ ਖੁਸ਼ਹਾਲ ਹੋਣਾ ਭਾਵੇਂ ਕੇ ਸ਼ਬਦਾਵਲੀ ਪੱਖੋਂ ਇਕੋ ਜਿਹੇ ਲਗਦੇ ਨੇ, ਜਾਂ ਕਹਿ ਲਵੋ ਕਿ ਇਹਨਾਂ ਦੋਵਾਂ ਸ਼ਬਦਾਂ ਦਾ ਅਹਿਸਾਸ ਇਕੋ ਜਿਹਾ ਸੁਖਾਵਾਂ ਲਗਦੈ ਪਰ ਖੁਸ਼ਹਾਲ ਹੋਣਾ ਇੱਕ ਵੱਖਰੀ ਗੱਲ ਹੈ ਤੇ ਅਮੀਰ ਹੋਣਾ ਇੱਕ ਅਲੱਗ ਪਹਿਲੂ। ਖੁਸ਼ਹਾਲੀ ਖੁਸ਼ੀ, ਖੇੜੇ, ਹਾਸੇ, ਅਤੇ ਸਿਹਤਯਾਬੀ ਦਾ ਮਿਸ਼ਰਣ ਹੈ । ਸਿਰਫ ਓਹੀ ਲੋਕ ਖੁਸ਼ਹਾਲ ਹੁੰਦੇ ਨੇ ਜਿਨ੍ਹਾਂ ਕੋਲ ਮਿਹਨਤ ਨਾਲ ਕਮਾਏ ਧਨ ਅਤੇ ਨਿਰੋਈ ਸਿਹਤ ਦੇ ਨਾਲ ਨਾਲ ਨਿਰੋਈ ਸੋਚ ਦੀ ਘਾਟ ਨਹੀਂ ਹੁੰਦੀ। ਖੁਸ਼ਹਾਲ ਮਨੁੱਖ ਉਹ ਹੁੰਦੈ ਜਿਸ ਕੋਲ ਹਾਸਿਆਂ ਦਾ ਭੰਡਾਰ ਹੋਵੇ। ਰੂਹ ਦਾ ਕੰਗਾਲ ਹੋਣਾ ਸਭ ਤੋਂ ਵੱਡੀ ਗਰੀਬੀ ਹੈ । ਖੁਸ਼ਹਾਲੀ ਲਈ ਜਿੰਦਗੀ ਵਿੱਚ ਉਦੇਸ਼ ਅਤੇ ਆਦਰਸ਼ ਸਿਰਜਨੇ ਪੈਂਦੇ ਨੇ ਜਦ ਕੇ ਉਦੇਸ਼ਾਂ,ਨਿਯਮਾਂ ਅਤੇ ਆਦਰਸ਼ਾਂ ਨੂੰ ਤਿਲਾਂਜਲੀ ਦਿੱਤੇ ਬਿਨ੍ਹਾਂ ਬੰਦਾ ਅਮੀਰ ਨਹੀਂ ਹੋ ਸਕਦਾ। ਪੈਸੇ ਦੀ ਭੁੱਖ ਬੰਦੇ ਨੂੰ ਇਨਸਾਨ ਤੋਂ ਸ਼ੈਤਾਨ ਬਣਾ ਦਿੰਦੀ ਹੈ। ਖੁਸ਼ਹਾਲ ਵਿਅਕਤੀ ਹਮੇਸ਼ਾਂ ਆਪਣੇ ਆਸ ਪਾਸ ਦੇ ਵਿਰਾਨੇ ਨੂੰ ਆਬਦ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਹਯਾਤ ਦੀਆਂ ਮੁਸ਼ਕਲ ਤੋਂ ਮੁਸ਼ਕਲ ਪਰਿਸਥਿਤੀਆਂ ਵਿੱਚ ਵੀ ਆਤਮ ਵਿਸ਼ਵਾਸ਼, ਸਵੈ ਕਾਬੂ ਅਤੇ ਆਪਣੇ ਆਪ ਨੂੰ ਹਲਾਤਾਂ ਦੇ ਅਨੁਕੂਲ ਬਣਾ ਕੇ ਉਹਨਾਂ ਤੇ ਕਾਬੂ ਪਾਉਂਣਾ ਸਾਹਸੀ ਅਤੇ ਖੁਸ਼ਹਾਲ ਵਿਅਕਤੀ ਦਾ ਹੀ ਕਾਰਜ ਹੈ। ਜਿਹੜੀ ਸ਼ੈਅ ਸਾਨੂੰ ਬਿਨ੍ਹਾਂ ਮੁਸ਼ੱਕਤ ਕੀਤਿਆਂ ਸੌਖੇ ਹੀ ਪ੍ਰਾਪਤ ਹੋ ਜਾਂਦੀ ਹੈ, ਉਸ ਉਤੇ ਕਦੀ ਮਾਣ ਨਹੀ ਕੀਤਾ ਜਾ ਸਕਦਾ। ਮਾਣ ਹਮੇਸ਼ਾਂ ਉਹਨਾਂ ਜਿੱਤਾਂ ਤੇ ਹੁੰਦੈ ਜਿਹੜੀਆਂ ਕੁਰਬਾਨੀਆਂ ਦੇ ਕੇ ਜਿੱਤੀਆਂ ਜਾਂਦੀਆਂ ਨੇ। ਨਵੀਆਂ ਸੋਚਾਂ, ਨਵੀਆਂ ਖੋਜਾਂ ਦੇ ਅਧਿਆਏ ਸਾਡੇ ਸਾਹਮਣੇ ਰੱਖਦੀਆਂ ਨੇ। ਨਿਰੰਤਰ ਕਾਰਜਸ਼ੀਲਤਾ, ਮਿਹਨਤ, ਇਮਾਨਦਾਰੀ, ਸ਼ੁਕਰਾਨਾ ਤੇ ਦਸਵੰਦ ਖੁਸ਼ਹਾਲ ਜੀਵਨ ਦੀ ਅਧਾਰਸ਼ਿਲਾ ਹਨ। ਇਸਦੇ ਉਲਟ ਅਮੀਰੀ ਸਿਰਫ ਧਨ ਇਕੱਠਾ ਕਰਨ ਅਤੇ ਉਸਦੇ ਬਲਬੂਤੇ ਤੇ ਅਵਾਰਾ ਜਿਹੀ ਐਸ਼ ਕਰਨ ਦਾ ਨਾਮ ਹੈ। ਅਮੀਰੀ ਵਿੱਚ ਅਡੰਬਰ ਅਤੇ ਘੁਮੰਡ ਦੇ ਲੱਛਣਾਂ ਦਾ ਹੋਣਾ ਲਾਜਮੀ ਹੁੰਦੈ, ਜਦਕੇ ਸਾਦਗੀ ਦਾ ਅੰਸ਼ ਮਨਫੀ ਦਿਸਦੈ। ਅਮੀਰ ਲੋਕ ਕੰਜੂਸ ਤੇ ਕੰਮਦਿਲ ਹੁੰਦੇ ਨੇ ਜਦ ਕੇ ਖੁਸ਼ਹਾਲ ਵਿਅਕਤੀ ਖੁਲਦਿਲਾ ਅਤੇ ਖੁੱਲਾ ਖਰਚਾ ਕਰਨ ਵਿੱਚ ਵਿਸ਼ਵਾਸ ਰੱਖਦੈ। ਅਮੀਰ ਲੋਕਾਂ ਕੋਲ ਪੈਸੇ ਤੋਂ ਸਿਵਾ ਹੋਰ ਕੁਝ ਨਹੀਂ ਹੁੰਦਾ। ਹੱਧ ਤੋਂ ਜਿਆਦਾ ਦੌਲਤ ਵੀ ਚਿੰਤਾ ਦਾ ਕਾਰਨ ਹੋ ਨਿਬੜਦੀ ਹੈ। ਅਮੀਰ ਲੋਕਾਂ ਨੂੰ ਆਪਣੇ ਧੰਨ ਦੇ ਘਟ ਜਾਣ ਜਾਂ ਚੋਰੀ ਹੋਣ ਦਾ ਡਰ ਸਤਾੳਂਦਾ ਰਹਿੰਦੈ। ਵਿਹਾਰਿਕ ਗਿਆਨ ਅਤੇ ਨਿਯਮਾ ਦੀ ਘਾਟ ਕਾਰਨ ਅਮੀਰੀ ਵਿੱਚ ਵੀ ਮੰਨ ਅਸ਼ਾਤ ਅਤੇ ਬੇਚੈਨ ਹੋਇਆ ਭਟਕਦਾ ਫਿਰਦੈ। ਅਚਾਨਕ ਮਿਲਿਆ ਪੈਸਾ ਬੰਦੇ ਦਾ ਵਿਵਹਾਰ ਵਿਗਾੜਨ ਵਿੱਚ ਬਹੁਤ ਵੱਡਾ ਹਿੱਸਾ ਪਾਉਦੈ। ਅਮੀਰ ਹੋਣ ਵਾਸਤੇ ਲੋਕ ਕਈਂ ਤਰ੍ਹਾਂ ਦੇ ਹਥਕੰਡੇ ਅਪਣਾਉਂਦੇ ਨੇ। ਲਾਟਰੀ, ਜੂਆ, ਸੱਟਾ, ਆਦਿ ਅਮੀਰ ਬਣਨ ਦੇ ਗਲਤ ਜਿਹੇ ਰਸਤੇ ਹਨ । ਅਮੀਰ ਬਣਨ ਲਈ ਬਹੁਤੇ ਲੋਕ ਮਿਹਨਤ, ਕਿਰਤ ਅਤੇ ਸਤਿਕਾਰਯੋਗ ਕੰਮ ਕਰਨ ਦੀ ਬਜਾਏ ਅਸਾਨ ਰਸਤੇ ਭਾਲਦੇ ਫਿਰਦੇ ਹਨ। ਜਿਨ੍ਹਾਂ ਲੋਕਾਂ ਨੂੰ ਆਪਣਾ ਨਾਮ ਲਿਸਟ ਵਿੱਚ ਸਭ ਤੋਂ ਉਪਰ ਲਿਖਵਾਉਂਣ ਦੀ ਲਾਲਸਾ ਹੁੰਦੀ ਹੈ। ਉਹ ਹਮੇਸ਼ਾਂ ਘਟੀਆਂ ਸੋਚ ਆਪਣੇ ਦਿਮਾਗ ਵਿੱਚ ਪਾਲ ਲੈਂਦੇ ਹਨ ਅਤੇ ਜਿਸ ਵਿਅਕਤੀ ਦਾ ਨਾਮ ਸਹੀ ਅਰਥਾਂ ਵਿੱਚ ਸਭ ਤੋਂ ਉਪਰ ਹੋਣਾ ਚਾਹੀਦਾ ਹੁੰਦੈ ਉਸ ਨੂੰ ਬਈਮਾਨੀ ਨਾਲ ਹਰਾ ਦਿੰਦੇ ਹਨ। ਦਰਅਸਲ ਅਮੀਰੀ ਵਿੱਚ ਅਸੀਂ ਜੋ ਮੁਕਾਮ ਇੱਕ ਵਾਰ ਹਾਂਸਿਲ ਕਰ ਲੈਂਦੇ ਹਾਂ ਉਸ ਨੂੰ ਬਰਕਰਾਰ ਰੱਖਣ ਲਈ ਸਾਨੂੰ ਮੁਆਸ਼ਰੇ ਵਿੱਚ ਵਿੱਚਰਨ ਲਈ ਕਈਂ ਤਰ੍ਹਾਂ ਦੇ ਝੂਠੇ ਮਖੌਟੇ ਚਿਹਰੇ 'ਤੇ ਪਾਉਣੇ ਪੈਂਦੇ ਹਨ। ਅਮੀਰੀ ਵਿੱਚ ਅਸੀਂ ਆਪਣੇ ਆਪ ਤੱਕ ਸੀਮਤ ਹੋ ਕੇ ਰਹਿ ਜਾਂਦੇ ਹਨ ਅਤੇ ਦੁਨੀਆਂ ਤੋਂ ਦੂਰ ਹੋ ਜਾਂਦੇ ਹਾਂ। ਅਮੀਰ ਆਦਮੀ ਇਹੀ ਚਾਹੁੰਦਾ ਹੈ ਕਿ ਕੋਈ ਉਸਦੇ ਮੇਚ ਦਾ ਨਾ ਹੋ ਜਾਵੇ। ਤੁਸੀ ਬਹੁਤੇ ਵਾਰ ਦੇਖਿਆ ਹੋਵੇਗਾ ਕੇ ਇੱਕ ਆਮ ਆਦਮੀ ਜਦ ਕਿਸੇ ਸਮਾਗਮ ਵਿੱਚ ਜਾਵੇਗਾ ਤਾਂ ਬੇਲਾਗ ਅਤੇ ਨਿਡਰ ਹੋ ਕੇ ਘੁਮੇ ਫਿਰੇਗਾ ਅਤੇ ਖਾਵੇ ਪੀਵੇਗਾ, ਪਰ ਅਮੀਰ ਜਾਂ ਸਿਰਫ ਪੈਸੇ ਵਾਲਾ ਆਦਮੀ ਆਪਣੀ ਹੀ ਅਮੀਰ ਦੇ ਬੋਝ ਥੱਲੇ ਦੱਬਿਆ ਨਜਰ ਆਵੇਗਾ। ਉਹ ਨਾ ਤਾਂ ਚੱਜ ਨਾਲ ਖਾਣਾ ਖਾ ਸਕੇਗਾ ਨਾ ਹੀ ਕਿਸੇ ਨੂੰ ਚੰਗੀ ਤਰ੍ਹਾਂ ਮਿਲ ਸਕੇਗਾ। ਈਰਖਾ, ਹਾਉਮੈ, ਤੇ ਘ੍ਰਿਣਾ ਤੇ ਵਿਖਾਵਾ, ਅਮੀਰੀ ਦੇ ਲੱਛਣਾਂ ਵਿੱਚ ਆਪਣੇ ਆਪ ਸ਼ਾਮਿਲ ਹੋ ਜਾਂਦੇ ਹਨ। ਅਮੀਰੀ ਵਿੱਚ ਸਿਰਫ ਆਰਥਿਕ ਅਜਾਦੀ ਹੀ ਹੁੰਦੀ ਹੈ। ਸਦਾਚਾਰ ਅਤੇ ਰਵਾਇਤੀ ਕਦਰਾਂ ਕੀਮਤਾਂ ਦੀ ਜਗ੍ਹਾ ਬਹੁਤ ਹੀ ਮਾਮਲੀ ਹੁੰਦੀ ਹੈ ਜਾਂ ਫਿਰ ਹੁੰਦੀ ਹੀ ਨਹੀਂ। ਅਮੀਰੀ ਵਿੱਚ ਝੂਠੇ ਰੰਗਾਂ ਦਾ ਸਹਾਰਾ ਲੈਣਾ ਪੈਦਾ ਜਦਕੇ ਸਾਦਾ ਅਤੇ ਸਭਿਅਕ ਹੋਣਾ ਹੀ ਸੱਚੀ ਅਮੀਰੀ ਹੈ। ਖੁਸ਼ਹਾਲੀ ਖੁਸ਼ੀ ਦਾ ਪ੍ਰਤੀਕ ਹੈ। ਖੁਸ਼ਹਾਲ ਵਿਅਕਤੀ ਵਿੱਚ ਸਾੜਾ ਅਤੇ ਈਰਖਾ ਨਾਮ ਦੀ ਕੋਈ ਸ਼ੈਅ ਨਹੀਂ ਹੁੰਦੀ। ਉਹ ਹਮੇਸ਼ਾਂ ਸਾਂਝੇ ਵਿਕਾਸ ਅਤੇ ਰਵਾਇਤੀ ਕਦਰਾਂ ਕੀਮਤਾਂ ਦੀ ਹਾਮੀ ਭਰਦਾ ਹੈ। ਮੌਕੇ ਅਤੇ ਸਮੇ ਦੇ ਆਉਂਣ ਤੇ ਖੁਸ਼ਹਾਲ ਲੋਕ ਦੇਸ਼ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ। ਯਾਦਗਾਰਾਂ ਹਮੇਸ਼ਾਂ ਮਿਹਨਤਕਸ਼ ਅਤੇ ਸਿਰੜੀ ਲੋਕਾਂ ਦੀਆਂ ਬਣਦੀਆਂ ਹਨ ਅਤੇ ਮੇਲੇ ਵੀ ਹਮੇਸ਼ਾਂ ਕੁਝ ਚੰਗਾ ਕਰਕੇ ਗਏ ਲੋਕਾਂ ਦੀਆਂ ਕਬਰਾਂ 'ਤੇ ਲਗਦੇ ਨੇ। ਖੁਸ਼ਹਾਲ ਜਿੰਦਗੀ ਲਈ ਅਮੀਰ ਹੋਣਾ ਲਾਜਮੀ ਨਹੀਂ ਸਗੋਂ ਅਮੀਰ ਹੋਣ ਲਈ ਖੁਸ਼ਹਾਲ ਹੋਣਾ ਲਾਜਮੀ ਹੈ। ਖੁਸ਼ਹਾਲੀ ਮੰਨ ਦੀ ਸ਼ਾਂਤੀ ਹੈ, ਰੂਹ ਦਾ ਖੇੜਾ ਹੈ, ਮੰਨ ਦੀ ਰੋਸ਼ਨੀ ਹੈ। ਹਨੇਰਾ ਜਿਨਾਂ ਮਰਜੀ ਹੋਵੇ ਰੋਸ਼ਨੀ ਦੀ ਇੱਕ ਕਿਰਨ ਹੀ ਕਾਫੀ ਹੁੰਦੀ ਹੈ ਚਾਨਣ ਲਈ। ਆਓ ਮਨਾ ਦੇ ਹਨੇਰੇ ਦੂਰ ਕਰੀਏ ਤੇ ਖੁਸ਼ੀ ਖੁਸ਼ੀ ਨਾਲ ਖੁਸ਼ਹਾਲ ਜੀਵਨ ਦੀ ਸ਼ੁਰੂਆਤ ਦਾ ਮੁੱਢ ਬੰਨੀਏ ।

Friday, March 20, 2009

ਚਾਨਣ ਦੀਆਂ ਲਕੀਰਾਂ

ਸਾਡੀਆਂ ਵਧ ਰਹੀਆਂ ਲਾਲਸਾਵਾਂ ਸਾਨੂੰ ਹਨੇਰੇ ਵੱਲ ਧੱਕ ਰਹੀਆਂ ਨੇ, ਸੱਧਰਾਂ ਗਵਾਚ ਰਹੀਆਂ ਨੇ, ਅਰਮਾਨ……? ਦਿਨ ਦੇ ਸੁਪਆਂਿ ਨੇ ਰਾਤ ਆਉਣਾ ਛੱਡ ਦਿੱਤਾ ਹੈ । ਸੁਪਨੇ ਉਹ ਜੋ ਰੰਗੀਨ ਸਨ, ਸੁਪਨੇ ਉਹ ਜੋ ਹਯਾਤੀ ਨੂੰ ਰੱਜ ਹੰਢਾਉਂਣ ਲਈ ਸੰਜੋਏ ਸਨ। ਹਰ ਕੋਈ ਮਰੇ ਸੁਪਨਿਆਂ ਦਾ ਮਾਤਮ ਮਨਾ ਰਿਹੈ। ਹਕੀਕਤਾਂ ਨੂੰ ਹਕੀਕਤਾਂ ਨਿਗਲ ਰਹੀਆਂ ਹਨ ।
ਕੋਈ ਹਨੇਰਾ ਭਾਲਦੈ ਤੇ ਕੋਈ ਰੋਸ਼ਨੀ, ਮਨ ਦੀ ਭਟਕਣ ਤੋਂ ਛੁਟਕਾਰਾ ਕਿਤੇ ਵੀ ਨਹੀਂ ਮਿਲਦਾ। ਸਭ ਕੁਝ ਉਂਝ ਹੀ ਰਹਿੰਦਾ ਹੈ। ਸਿਰਫ ਉਹ ਨਹੀਂ ਹੁੰਦਾ ਜੋ ਸਾਡੀ ਜਿਹਨੀ ਤਮੰਨਾ ਹੁੰਦੀ ਹੈ। ਮਾਨਸਿਕ ਹਨੇਰੇ ਦਾ ਖਲਾਅ ਸਾਡੇ ਅੰਦਰ ਡੂੰਘਾ ਲਹਿ ਗਿਆ ਹੈ । ਦਰਅਸਲ ਅਸੀਂ ਰਾਤੋ ਰਾਤ ਉਹ ਬਣ ਜਾਣਾ ਚਾਹੁੰਦੇ ਹਾਂ, ਜਿਸਦੇ ਹਾਲੇ ਅਸੀਂ ਕਾਬਲ ਨਹੀਂ ਹੁੰਦੇ, ਜਾਂ ਕਹਿ ਲਓ ਕੇ ਅਸੀਂ ਆਪਣੀ ਯੋਗਤਾ ਤੋਂ ਵਧੇਰੇ ਦੀ ਆਸ ਰੱਖਦੇ ਹਾਂ ਅਤੇ ਆਪਣੇ ਭਵਿੱਖ ਨੂੰ ਸਵਾਰਦੇ ਸਵਾਰਦੇ ਆਪਣੇ ਵਰਤਮਾਨ ਦਾ ਗਲ੍ਹਾ ਦਬਾ ਦਿੰਦੇ ਹਾਂ।
ਜੀਵਨ ਹਨੇਰੇ ਅਤੇ ਚਾਨਣ ਦਾ ਸੁਮੇਲ ਹੈ। ਜਦੋਂ ਸੂਰਜ ਚੜਦਾ ਹੈ ਤਾਂ ਸਿਰਫ ਚਾਨਣ ਹੀ ਨਹੀਂ ਹੁੰਦਾ, ਇੱਕ ਨਵੇਂ ਦਿਨ ਦਾ ਵੀ ਅਗਾਜ਼ ਹੁੰਦੈ, ਸੂਰਜ ਪ੍ਰੀਤਕ ਹੈ ਜਿੰਦਗੀ ਨੂੰ ਇੱਕ ਨਵੇਂ ਸਫ਼ਰ ‘ਤੇ ਤੋਰੀ ਰੱਖਣ ਦਾ, ਤੇ ਸਫ਼ਰ ਵੀ ਤਾਂ ਹੀ ਖੁਸ਼ਗਵਾਰ ਹੁੰਦੈ ਜੇਕਰ ਰਸਤਿਆਂ ਦੇ ਕੰਢੇ ਆਬਾਦ ਹੋਣ । ਹਯਾਤੀ ਨੂੰ ਪ੍ਰਸੰਨ ਰੱਖਣ ਵਾਸਤੇ ਉਚੇ ਸੁੱਚੇ ਉਦੇਸ਼ਾਂ ਦਾ ਹੋਣਾ ਬਹੁਤ ਜਰੂਰੀ ਹੈ। ਤਰੱਕੀ ਓਹੀ ਕੌਮਾਂ ਕਰਦੀਆਂ ਨੇ ਜਿਨ੍ਹਾਂ ਕੋਲ ਜਾਗਦੀਆਂ ਹਿੰਮਤਾਂ ਤੇ ਸੱਚੀਆਂ ਸੋਚਾਂ ਹੁੰਦੀਆਂ ਨੇ। ਆਪਣੇ ਬਾਰੇ ਸਹੀ ਰਾਏ ਬਣਾਉਂਣੀ, ਉਸਾਰੂ ਦ੍ਰਿਸਟੀਕੋਣ ਤੇ ਮਿਹਨਤ ਨਾਲ ਮੰਜਿਲਾਂ ਨੂੰ ਸਰ ਕਰਨਾ ਹੀ ਆਦਰਸ਼ ਜੀਵਨ ਹੈ।
ਜੇਕਰ ਇਹ ਸੋਚ ਕੇ ਬੈਠ ਜਾਈਏ ਕੇ ਪਾਰ ਨਹੀਂ ਲੰਘਿਆ ਜਾ ਸਕਦਾ ਤਾਂ ਅਸੀਂ ਵਾਕਿਆ ਹੀ ਪਾਰ ਨਹੀਂ ¦ਘ ਸਕਾਂਗੇ। ਸਫਲਤਾ ਤਾਂ ਹੀ ਮਿਲਦੀ ਹੈ ਜੇਕਰ ਹਨੇਰੇ ਰਸਤਿਆਂ ਵਿਚੋਂ ਡਰ ਅਤੇ ਹਾਰ ਦੇ ਭੈਅ ਨੂੰ ਪਿਛਾੜ ਕੇ ਰੋਸ਼ਣ ਗਲੀਆਂ ਦੀ ਤਲਾਸ਼ ਅਰੰਭੀ ਜਾਵੇ। ਜੇਕਰ ਅਗਲੇ ਪਾਰ ਜਾਣਾ ਹੈ ਤਾਂ ਪਾਣੀ ਵਿੱਚ ਤਾਂ ਉਤਰਨਾ ਹੀ ਪਵੇਗਾ। ਅਸੀਂ ਕਿਸੇ ਅਦ੍ਰਿਸ਼ ਡਰ ਦੇ ਡਰੋਂ ਜਿੰਦਗੀ ਨੂੰ ਵੀ ਹੱਥੋਂ ਗਵਾਈ ਜਾਂਦੇ ਹਾਂ। ਮੌਤ ਸਹੀ ਅਰਥਾਂ ਵਿੱਚ ਇੱਕ ਜੀਵਨ ਤੋਂ ਮੁਕਤ ਹੋ ਕੇ ਇੱਕ ਨਵੇਂ ਜੀਵਨ ਵਿੱਚ ਪ੍ਰਵੇਸ਼ ਕਰਨ ਦਾ ਨਾਮ ਹੈ। ਹਿੰਮਤ, ਸਵੈ ਵਿਕਾਸ, ਸਵੈ ਕਾਬੂ , ਮਿਹਨਤ, ਲਗਨ ਤੇ ਉਸਾਰੂ ਸੋਚ ਨਾਲ ਚੱਲਦੇ ਰਹਿਣ ਨਾਲ ਜਿੰਦਗੀਆਂ ਦੀਆਂ ਰਾਹਾਂ ਰੌਸ਼ਨ ਹੋ ਜਾਂਦੀਆਂ ਹਨ।
ਜੇਕਰ ਪ੍ਰਮਾਤਮਾਂ ਸਰਬ ਸ਼ਕਤੀਮਾਨ ਹੈ ਤਾਂ ਉਸਦੇ ਸੈਤਾਨ ਵੀ ਕਿਸੇ ਤੋਂ ਘੱਟ ਨਹੀਂ, ਨੇਕੀ ਤੇ ਸ਼ੈਤਾਨੀ ਦਾ ਸ਼ੁਰੂ ਤੋਂ ਹੀ ਮੁਕਾਬਲਾ ਰਿਹਾ ਹੈ। ਭਾਵੇਂ ਕੇ ਇਸਦੇ ਨਜੀਤੇ ਹਮੇਸ਼ਾਂ ਨੇਕੀ ਦੇ ਹੀ ਹੱਕ ਵਿੱਚ ਰਹੇ ਹਨ। ਦਰਅਸਲ ਕੁਦਰਤ ਨੇ ਹਰ ਸ਼ੈਅ ਦਾ ਤੋੜ ਬਣਾ ਰੱਖਿਆ ਹੈ। ਜਿਵੇਂ ਨਫਰਤ ਦਾ ਹੱਲ ਪਿਆਰ ਹੰਦੈ, ਜੰਗ ਤੋਂ ਬਾਅਦ ਸ਼ਾਂਤੀ ਨੇ ਆਉਣਾ ਹੀ ਆਉਣਾ ਹੁੰਦੈ, ਹਰ ਰਾਤ ਨਵੇਂ ਸਵੇਰੇ ਦੀਆਂ ਸੰਭਾਵਨਾਵਾਂ ਲੈ ਕੇ ਆਉਂਦੀ ਹੈ, ਹਰ ਦੁਖ ਆਉਂਣ ਵਾਲੇ ਸੁੱਖ ਦਾ ਸੁਨੇਹਾ ਹੁੰਦੈ, ਤੇ ਹਰ ਦਿਨ ਦਾ ਅੰਤ ਰਾਤ ਦੀ ਝੋਲੀ ਵਿੱਚ ਜਾ ਕੇ ਹੁੰਦਾ ਹੈ। ਭਾਵੇਂ ਕੇ ਰੱਬ ਇੱਕ ਬੁਝਾਰਤ ਹੀ ਸਹੀ ਪਰ ਸਾਨੂੰ ਇਹ ਬੁਜਾਰਤ ਬੁੱਝਣ ਲਈ ਲੱਖਾਂ ਜਨਮ ਵੀ ਘਟ ਜਾਪਦੇ ਹਨ। ਗੱਲ ਆਸਤਕ ਜਾਂ ਨਾਸਤਕ ਹੋਣ ਦੀ ਨਹੀਂ, ਦਰਅਸਲ ਜੋ ਨਾਸਤਕ ਹੁੰਦਾ ਹੈ ਓਹੀ ਅਸਲ ਵਿੱਚ ਆਸਤਕ ਹੁੰਦੈ। ਗੱਲ ਸਿਰਫ ਆਸ਼ਾਵਾਦੀ ਹੋਣ ਦੀ ਹੈ। ਆਸ ਦੀ ਇੱਕ ਕਿਰਨ ਹੀ ਅੰਦਕਾਰ ਭਰੇ ਜੀਵਨ ਵਿੱਚ ਚਾਨਣ ਲਿਆ ਦਿੰਦੀ ਹੈ।
ਧਿਆਨ ਵਿੱਚ ਜਾਵੋਗੇ ਤਾਂ ਬੰਦ ਅੱਖਾਂ ਰਾਹੀਂ ਵੀ ਰੋਸ਼ਨੀ ਨਜ਼ਰ ਆਵੇਗੀ। ਅਵਾਰਾ ਭਟਕਣ ਲੱਗ ਜਾਵੋਗੇ ਤਾਂ ਚਾਨਣ ਵਿੱਚ ਵੀ ਹਨੇਰਾ ਛਾ ਜਾਵੇਗਾ। ਗੱਲ ਬਸ ਮਨ ਨੂੰ ਕਾਬੂ ਕਰਨ ਦੀ ਹੈ। ਅਸੀਂ ਮਹਾਨ ਬਣਦੇ ਬਣਦੇ ਮੂਰਖ ਬਣਦੇ ਜਾਂਦੇ ਹਾਂ । ਸਾਡੇ ਵਿੱਚ ਦਿਖਾਵੇ ਭਰਿਆ ਤੇ ਬਨਾਵਟੀ ਜੀਵਨ ਜੀਣ ਦੀ ਰੁਚੀ ਵਧ ਗਈ ਹੈ। ਦੌਲਤ, ਸੋਹਰਤ ਦੀ ਅੰਨੀ ਦੌੜ ਵਿੱਚ ਬੰਦਾ…….? ਜਿਉਂ ਜਿੳਂ ਇਨਸਾਨ ਦੀਆਂ ਲੋੜਾਂ ਵਧ ਰਹੀਆਂ ਹਨ ਇਨਸਾਨ…….? ਆਪਣੀ ਇਸ ਭੁੱਖ ਦੀ ਪੂਰਤੀ ਲਈ ਅੱਜ ਬੰਦਾ ਕੀ ਕੀ ਨਹੀ ਕਰ ਰਿਹਾ..? ਦਰਸਲ ਅਸੀਂ ਸੈਂਕੜੇ ਕੀਮਤੀ ਕੱਪੜਿਆਂ ਵਿਚੋਂ ਵੀ ਨੰਗੇ ਹੋ ਰਹੇ ਹੁੰਦੇ ਹਾਂ ਆਪਣੀਆਂ ਨਜਰਾਂ ਵਿੱਚ ਨੰਗੇ……..! ਮੋਰ ਜਦੋਂ ਖੰਬ ਖਿਲਾਰਦਾ ਹੈ ਤਾਂ ਅਸਲ ਵਿੱਚ ਉਹ ਨੰਗਾ ਹੋ ਰਿਹਾ ਹੁੰਦਾ ਹੈ। ਅਸੀਂ ਵੀ ਦੁਨੀਆਂ ਨੂੰ ਲੁਭਾੳਂਣ ਵਾਸਤੇ ਹੱਦੋਂ ਵੱਧ ਖੰਬ ਖਿਲਾਰ ਰਹੇ ਹਾਂ ਤੇ………! ਮੌਤ ਨਾਲ ਬੰਦੇ ਦਾ ਸਰੀਰ ਖਤਮ ਹੁੰਦਾ ਆਤਮਾ ਨਹੀਂ, ਪਰ ਕਿਸੇ ਦੀਆਂ ਨਜ਼ਰਾਂ ਵਿੱਚ ਗਿਰਿਆ ਬੰਦਾ ਰੂਹ ਤੋਂ ਮਰ ਜਾਂਦੈ। ਸਿਰਫ ਕੱਧ ¦ਬਾ ਹੋਣ ਨਾਲ ਕੋਈ ਉਚਾ ਨਹੀਂ ਹੁੰਦਾ ਆਦਰਸ਼ਾਂ ਅਤੇ ਵਿਚਾਰਾਂ ਦੀ ਉਚਾਈ ਹੀ ਇਨਸਾਨ ਨੂੰ ਸਫਲਤਾ ਦੇ ਬੂਹੇ ‘ਤੇ ਲੈ ਜਾਂਦੀ ਹੈ। ਉਪਰ ਦੇਖ ਕੇ ਚੱਲਾਂਗੇ ਤਾਂ ਡਿੱਗਣ ਦੀ ਸੰਭਾਵਨਾ ਸੌ ਫੀਸਦੀ ਹੋਵੇਗੀ, ਥੱਲੇ ਵੇਖ ਕੇ ਚੱਲਾਂਗੇ ਤਾਂ ਰਸਤੇ ਆਸਾਨ ਬਣੇ ਰਹਿਣਗੇ।
ਅਸਲ ਸਵਾਦ ਜਿੰਦਗੀ ਨੂੰ ਮਾਨਣ ਵਿੱਚ ਹੈ, ਜਿਉਣ ਵਿੱਚ ਨਹੀਂ।
ਜਿਉਂਦੇ ਤਾਂ ਜਾਨਵਰ ਵੀ ਹਨ ਤੇ ਆਪਣੀ ਹਯਾਤ ਹੰਡਾ ਕੇ ਚਲੇ ਵੀ ਜਾਂਦੇ ਨੇ। ਜੀਵਨ ਨੂੰ ਮਾਨਣਾ ਸਿਰਫ ਇਨਸਾਨ ਦੇ ਹਿੱਸੇ ਆਇਆ ਹੈ, ਪਰ ਫਿਰ ਵੀ ਅਸੀਂ ਹਰ ਸਾਲ ਸਿਰਫ਼ ਜਨਮ ਦਿਨ ਮਨਾ ਕੇ ਆਪਣੀ ਜਿੰਦਗੀ ਦੇ ਦਿਨ ¦ਘਾ ਰਹੇ ਹੁੰਦੇ ਹਾਂ।
ਮੋਮਬੱਤੀ ਆਪਣਾ ਸਾਰਾ ਵਜੂਦ ਸਮਰਪਿਤ ਕਰਕੇ ਆਪਣੇ ਆਲੇ ਦੁਆਲੇ ਦੇ ਹਨੇਰੇ ਨੂੰ ਦੂਰ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੀ। ਕਹਿਣ ਨੂੰ ਤਾਂ ਜੁਗਨੂੰ ਵੀ ਇੱਕ ਕੀੜਾ ਈ ਹੈ,ਪਰ ਉਸਦੀ ਵਿਲੱਖਣਤਾ ਇਹ ਹੈ ਕਿ ਉਹ ਛੋਟਾ ਹੋਣ ਦੇ ਬਾਵਜੂਦ ਵੀ ਹਨੇਰੇ ਦਾ ਮੁਕਾਬਲਾ ਕਰਦਾ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਜੀਵਨ ਵਿੱਚ ਖੁਸ਼ੀਆਂ ਤੇ ਖੇੜਿਆਂ ਦੀ ਭੀੜ ਰਹੇ ਤਾਂ ਜੀਵਨ ਨੂੰ ਸਮਰਪਨ ਦੀ ਭਾਵਨਾ ਨਾਲ ਜੀਣ ਦੇ ਢੰਗ ਸਿੱਖਣੇ ਪੈਣਗੇ। ਜਦੋਂ ਤੁਹਾਨੂੰ ਆਪਣੇ ਮਸਤਕ ਵਿੱਚ ਹਜਾਰਾਂ ਮੋਬੱਤੀਆਂ ਜਗਦੀਆਂ ਨਜ਼ਰ ਆਉਣਗੀਆਂ, ਜਦੋਂ ਤੁਹਾਨੂੰ ਮੰਨ ਦੇ ਹਨੇਰੇ ਵਿੱਚ ਕਈਂ ਜੁਗਨੂੰ ਚਮਕਦੇ ਨਜ਼ਰ ਆਉਣਗੇ ਜਦੋਂ ਬੰਦ ਅੱਖਾਂ ਰਾਹੀਂ ਵੀ ਚਾਨਣ ਦੀਆਂ ਲਕੀਰਾਂ ਦਿਸਣ ਲੱਗ ਜਾਣ ਤਾਂ ਇਹ ਸੰਕੇਤ ਹੈ ਕਿ ਜਿੰਦਗੀ ਵਿੱਚ ਰਹਿਮਤਾਂ ਦੀ ਰੋਸ਼ਨੀ ਫੈਲ ਰਹੀ ਹੈ। ਮੁਕਤੀ ਦੇ ਮਾਰਗ ਦਾ ਦੁਵਾਰ ਖੁੱਲ੍ਹ ਰਿਹੈ ਤੇ ਫਿਰ ਤੁਹਾਨੂੰ ਜੀਵਨ ਦੇ ਸਫਲ ਹੋਣ ਦਾ ਅਹਿਸਾਸ ਵੀ ਆਪ ਮੁਹਾਰੇ ਹੋਣ ਲੱਗ ਜਾਵੇਗਾ।

Friday, February 27, 2009

ਸਕੂਨ ਤੇ ਖੁਸ਼ੀਆਂ


ਕਿੰਨੇ ਕੰਮ ਨੇ ਜਿਹੜੇ ਮਸ਼ੀਨਾ ਨਾਲ ਅੱਖ ਚਮੱਕਦੇ ਈ ਮੁੱਕ ਜਾਂਦੇ ਨੇ, ਕਿੰਨੇ ਕੰਮ ਨੇ ਜਿਹੜੇ ਘਰੇ ਬੈਠਿਆਂ ਈ ਨੇਪਰੇ ਚੜ੍ਹ ਜਾਂਦੇ ਨੇ, ਕਿੰਨੀਆਂ ਸਲਾਹਵਾਂ ਨੇ ਜਿਹੜੀਆਂ ਟੈਲੀਫੋਨ ‘ਤੇ ਈ ਫੈਸਲੇ ਦਾ ਪਹਿਰਾਵਾ ਪਹਿਣ ਲੈਂਦੀਆਂ ਨੇ, ਕਿੰਨੀਆਂ ਹੀ ਰਿਸਤੇਦਾਰੀਆਂ ਮਾਹਿਜ ਐਸ.ਐਮ.ਐਸ. ਅਤੇ ਇੰਟਰਨੈਟ ਤੇ ਈ ਨਿਭਦੀਆਂ ਜਾ ਰਹੀਆਂ ਨੇ, ਫਿਰ ਵੀ ਇਹ ਦੌੜ ਕੇਹੀ ਏ…..? ਜਹਾਨ ‘ਤੇ ਭੀੜ ਵੱਧਦੀ ਹੀ ਜਾ ਰਹੀ ਏੇ, ਚਾਰ–ਚੁਫ਼ੇਰੇ ਲੋਕਾਂ ਦਾ ਹੜ੍ਹ ਪਿਆ ਆਇਆ ਹੋਇਐ। ਕਿਧਰੋਂ ਕਿਧਰ ਜਾ ਰਹੇ ਨੇ ਲੋਕ ਵਾਹੋਦਾੜੀ….? ਬੱਸਾਂ, ਰੇਲਾਂ, ਕਾਰਾਂ, ਜਹਾਜਾਂ ਸਭ ਥਾਈਂ ਖਲਕਤ ਦਾ ਸੈਲਾਬ ਪਿਆ ਪਸਰਿਆ ਹੋਇਐ, ਜਿਸ ਵਿੱਚ ਬੰਦਾ ਤਾਂ ਗੁਆਚ ਈ ਜਾਂਦੈ। ਸੜਕਾਂ ਤੇ, ਗਲੀਆਂ ‘ਚ ਬਜਾਰਾਂ, ਦੁਕਾਨਾ ਅੰਦਰ ਲੋਕਾਂ ਦੀਆਂ ਡਾਰਾਂ ਨੇ । ਸਾਰਿਆਂ ਨੂੰ ਕਾਹਲੀ ਏ, ਇੱਕ ਦੂਜੇ ਨੂੰ ਪਿਛੇ ਛੱਡ ਕੇ ਕਾਹਲੇ ਕਦਮੀਂ ਅੱਗੇ ਪਏ ਵਧਦੇ ਜਾਂਦੇ ਨੇ। ਜਿਵੇਂ ਕਿਸੇ ਦੀ ਭਾਲ ਵਿੱਚ ਹੋਣ, ਜਿਵੇਂ ਕੁਝ ਗੁਆਚ ਗਿਆ ਹੋਵੇ। ਖੁੱਸੀ ਹੋਈ ਸ਼ੈਅ ਜਦ ਨਾ ਮਿਲੇ ਤਾਂ ਚਿਹਰੇ ‘ਤੇ ਜਿਹੜੀ ਸਿ਼ਕਨ ਹੁੰਦੀ ਏ ਭੀੜ ਦੇ ਚਿਹਰੇ ‘ਤੇ ਵੀ ਇੰਝ ਦੀ ਹੀ ਕੁਝ ਪਰੇਸ਼ਾਨੀ ਪਈ ਝਲਕਦੀ ਏ। ਆਖਿਰ ਕਿਸ ਦੀ ਭਾਲ ‘ਚ ਨੇ ਇਹ ਲੋਕ….? ਕੀ ਭਾਲਦੇ ਨੇ….? ਕਾਹਦੀਆਂ ਛੇਤੀਆਂ ਨੇ…? ਅਕਲ ਦੇ ਖਾਨਿਆਂ ਵਿੱਚ ਇਹ ਗੱਲ ਨਈਂ ਵੜਦੀ….!
ਸਕੂਨ ਕੋਈ ਮੁੱਲ ਦੀ ਸ਼ੈਅ ਥੋੜਾ ਏ, ਜਿਹੜੀ ਤੁਹਾਡੇ ਤੋਂ ਪਹਿਲਾਂ ਈ ਕੋਈ ਸਾਰੀ ਦੀ ਸਾਰੀ ਖਰੀਦ ਕੇ ਲੈ ਜਾਵੇਗਾ, ਜਾਂ ਤੁਹਾਡੇ ਵੇਖਦੇ ਵੇਖਦੇ ਕੋਈ ਵੱਧ ਮੁੱਲ ਦੇ ਕਿ ਆਪਣੀ ਝੋਲੀ ਵਿੱਚ ਪਵਾ ਲਵੇਗਾ। ਖੁਸ਼ੀਆਂ ਕੋਈ ਬਜਾਰ ਵਿਕਦੀਆਂ ਸ਼ੁਰਖੀਆਂ ਨਈਂ ਹੁੰਦੀਆਂ, ਜਿਹੜੀਆਂ ਜਦੋਂ ਜੀ ਕੀਤਾ ਜਿਹੜੇ ਰੰਗਾਂ ਦੀਆਂ ਪਸੰਦ ਆਈਆਂ ਖ੍ਰੀਦ ਕਿ ਬੁੱਲਾਂ ‘ਤੇ ਸਜਾ ਲਈਆਂ, ਤੇ ਨਾ ਈ ਹਾਸੇ ਦੰਦਾਂ ਨੂੰ ਸੋਨੇ ਦੇ ਕਵਰ ਚੜਾਉਂਣ ਨਾਲ ਸੁਨਿਹਰੀ ਹੋ ਜਾਂਦੇ ਨੇ। ਕਿਉਂ ਜੋ ਹਾਸੇ ਦਾ ਸਬੰਧ ਖੁਸ਼ੀ ਤੇ ਸਕੂਨ ਦੋਵਾਂ ਸ਼ੈਵਾਂ ਨਾਲ ਏ, ਪਰ ਇਹ ਦੋਵੇਂ ਸ਼ੈਵਾਂ ਸਾਡੇ ਤੋਂ ਕੋਹਾਂ ਦੂਰ ਨੱਸ ਗਈਆਂ ਨੇ, ਖੂਸ਼ੀਆਂ ਨੇ ਤਾਂ ਬਸ ਥਰਮੋਕੋਲ ਦੇ ਗਲਾਸਾਂ ਵਰਗੀਆਂ ਜਿਨਾਂ ਨੂੰ ਦੁਬਾਰਾ ਧੋ ਕੇ ਨਹੀਂ ਵਰਤ ਸਕਦੇ। ਹਾਸੇ ਵੀ ਵਿਆਹਾਂ ਵਿੱਚ ਬੱਚਿਆਂ ਲਈ ਮਿਲਦੇ ਮਾਈ ਬੁੱਢੀ ਦੇ ਝਾਟੇ ਵਰਗੇ ਨੇ ਜਿਹੜੇ ਮੂੰਹ ‘ਚ ਪਾਇਆਂ ਈ ਠੁੱਸ ਹੋ ਜਾਂਦੇ ਨੇ। ਜਿਵੇਂ ਬੱਤੀ ਝਮੱਕਾ ਮਾਰ ਕਿ ਗਈ ਹੋਵੇ ਤਾਂ ਬਲਬ ਵਿੱਚ ਤਾਰ ਜਿਹੀ ਕੁਝ ਸੈਕਿੰਡ ਲਈ ਜਗਦੀ ਰਹਿੰਦੀ ਏ।
ਕਦੀ ਸਮਾਂ ਸੀ ਜਦ ਹਾਸੇ ਇਲਾਚੀਦਾਣਾ ਵੇਚਣ ਵਾਲੇ ਭਾਈ ਦੇ ਬਾਂਸ ਉਪਰਲੇ ਹਿੱਸੇ ‘ਤੇ ਲੱਗੇ ਗੱਟੇ ਵਰਗੇ ਸਨ, ਜਿਨੂੰ ਇੱਕ ਵਾਰ ਖਿਚਣਾ ਸ਼ੁਰੂ ਕਰੋ ਤਾਂ ਲੰਬੀ ਸਾਰੀ ਲੀਰ ਨਿਕਲਦੀ ਆਉਦੀ ਏ। ਸੱਥਾਂ ਵਿੱਚ, ਬੋਹੜਾਂ ਥੱਲੇ, ਸਹਿਰਾਂ ਦੇ ਚੌਕਾਂ ਵਿੱਚ ਤੇ ਜਿਥੇ ਵੀ ਚਾਰ ਬੰਦੇ ਇਕੱਠੇ ਹੋਂਦੇ ਸੀ ਬਸ ਹਾਸਿਆਂ ਤੇ ਖੁਸ਼ੀਆਂ ਦਾ ਕੋਈ ਸ਼ੁਰੂਆਤੀ ਸਿਰਾ ਨਾਂ ਮਿਲਦਾ ਤੇ ਨਾ ਹੀ ਅਖੀਰਲਾ ਮੁਕਾਮ। ਗਾਣਿਆਂ ਵਾਲੀ ਟੇਪ ਦਾ ਜੇ ਸਾਰਾ ਫੀਤਾ ਰੀਲਾਂ ਤੋਂ ਖਿੱਚ ਕਿ ਢੇਰੀ ਕਰ ਦਿੱਤਾ ਜਾਵੇ ਤਾਂ ਉਸਦੇ ਸਿਰੇ ਨਹੀਂ ਮਿਲਦੇ ਨਾ ਪਹਿਲਾ ਨਾ ਅਖੀਰਲਾ ਇਵੇਂ ਹੀ ਖੁਸ਼ੀਆਂ ਤੇ ਹਾਸਿਆਂ ਦਾ ਕੋਈ ਅਗਾਜ ਨਹੀਂ ਸੀ ਤੇ ਨਹ ਹੀ ਕੋਈ ਅੰਤ ਸੀ। ਪਰ ਹੁਣ ਤੇ ਪੂਰੀ ਜਿੰਦਗੀ ਦਿਸ਼ਾਹੀਣ ਜਿਹੀ ਲਗਦੀ ਏ, ਜਿਸਦਾ ਕੋਈ ਆਗਾਜ਼ ਨਹੀਂ ਤੇ ਨਾ ਹੀ ਕੋਈ ਮੁਕਾਮ ਨਜ਼ਰ ਆਉਂਦਾ ਏ। ਬੇ–ਅਰਾਮ ਰੂਹਾਂ ਵਾਂਗ, ਕਿਧਰੇ ਵੀ ਅਰਾਮ ਨਹੀਂ ਏ। ਚਿਹਰਿਆਂ ਤੇ ਬਦਗੁਮਾਨੀ ਦਾ ਗੁਬਾਰ ਜਿਹਾ ਏ…..!
ਪੰਜਾਬੀ ਦਾ ਇੱਕ ਬੜਾ ਚੰਗਾ ਲੋਕ ਗੀਤ ਏ ਜਿੰਦੂਆ ਪਹਿਲਾਂ ਮੈਂ ਇਸ ਦੀਆਂ ਕੁਝ ਲਾਇਨਾ ਤੁਹਾਨੂੰ ਸੁਣਾ ਦੇਵਾਂ ਅਗਲੀ ਗੱਲ ਫਿਰ ਕਰਦੇ ਆਂ :
ਚੱਲ ਜਿੰਦੂਆ ਵੇ ਚੱਲ ਚੱਲੀਏ ਬਜਾਰੀ,
ਜਿਥੇ ਨੇ ਵਿਕਦੇ ਰੁਮਾਲ,
ਹਾੜਾ ਵੇ ਜਿੰਦੂਆ ਬੁਰਾ ਵਿਛੋੜਾ
ਲੈ ਚੱਲ ਆਪਣੇ ਨਾਲ
ਚੱਲ ਜਿੰਦੂਆ ਵੇ ਚੱਲ ਮੇਲੇ ਚੱਲੀਏ
ਚੱਲੀਏ ਸੌਕੀਨੀ ਲਾ
ਕੰਨ ਵਿੱਚ ਮੁੰਦਰਾਂ ਸਿਰ ਤੇ ਸ਼ਮਲਾ ਗਲ ਵਿੱਚ ਕੈਂਠਾ ਪਾ
ਬੜੀ ਫੱਬਦੀ ਏ, ਸੋਹਣੀ ਲਗਦੀ ਏ ਜਿਹੜੀ ਜੈਕਟ ਪਾਈ ਆ ਓ ਜਿੰਦੂਆ
ਵੇ ਦੱਸ ਕਿਥੋਂ ਸਵਾਈ ਆ ਓ ਜਿੰਦੂਆ, ਵੇ ਦੱਸ ਕਿੰਨੇ ਦੀ ਆਈ ਆ ਓ ਜਿੰਦੂਆ ।
ਇਹਨਾਂ ਦੋਹਵਾਂ ਅੰਤਰਿਆਂ ਵਿੱਚ ਦੋ ਤਰਲੇ ਵੀ ਨੇ ਤੇ ਦੋ ਖਾਹਿਸ਼ਾਂ ਵੀ ਨੇ….! ਪਹਿਲਾ ਤਰਲਾ ਤੇ ਖਾਹਿਸ਼ ਏ ਸੱਜਣ ਨੂੰ ਜੁਦਾਈ ਨਾ ਪਾਉਂਣ ਦੀ, ਤੇ ਦੂਜੀ ਏ ਉਸ ਦੇ ਨਾਲ ਮੇਲੇ ਚੱਲਣ ਦੀ ਤੇ ਉਹ ਵੀ ਸ਼ੌਕੀਨੀ ਲਾ ਕਿ ਪਰ ਇਹਨਾਂ ਦੋਹਵਾਂ ਤਰਲਿਆਂ ਤੇ ਖਾਹਿਸ਼ਾਂ ਦੀ ਅੱਜ ਵੁਕਤ ਘਟ ਗਈ ਏ। ਭੀੜ ਵਿੱਚ ਬੰਦਾ ਗੁਆਚ ਗਿਐ ਤੇ ਗੁਆਚੇ ਬੰਦੇ ਨੂੰ ਵਾਅਦੇ ਕਿਥੇ ਯਾਦ ਰਹਿੰਦੇ ਨੇ, ਉਹ ਤਾਂ ਆਪ ਪਿਆ ਤਰਲੇ ਲੈਂਦਾ ਫਿਰਦੈ ਕਿ ਕਿਸੇ ਤਰ੍ਹਾਂ ਇਸ ਭੀੜ ਵਿੱਚੋਂ ਬਾਹਰ ਆ ਜਾਵੇ, ਪਰ ਹੋਰ ਡੂੰਘਾ ਇਸ ਭੀੜ ਦੇ ਭੰਵਰ ਵਿੱਚ ਧਸਦਾ ਜਾਂਦੈ। ਜਿਵੇਂ ਦਲਦਲ ਵਿਚੋਂ ਬਾਹਰ ਆਉਂਣ ਲਈ ਸਾਡੇ ਵੱਲੋਂ ਮਾਰੇ ਗਏ ਹੱਥ ਪੈਰ ਸਾਨੂੰ ਹੋਰ ਥੱਲੇ ਧਕੇਲਦੇ ਜਾਂਦੇ ਨੇ।
ਬੰਦਾ ਜਾਵੇ ਤਾਂ ਜਾਵੇ ਕਿੱਥੇ, ਹਰ ਪਾਸੇ ਬੇ–ਆਰਮ ਮਾਨਸਿਕਤਾ ਦਾ ਖਲਾਅ ਏ, ਕਾਹਲੀ ਦਾ ਆਲਮ ਏ, ਤੇ ਥੱਕੀ ਹੋਈ ਜਾਨ ਨੂੰ ਕੋਈ ਕਿਨਾਰਾ ਨਹੀਂ ਏਂ। ਫਿਰ ਕਿਹੜੀ ਥਾਂ ਏਂ ਜਿਥੇ ਖੁਸ਼ੀਆਂ ਦਾ ਮੇਲਾ ਪਿਆ ਲੱਗਾ ਹੋਵੇ, ਜਿੱਥੇ ਭੀੜ ਹੋਣ ਦੇ ਬਾਵਜੂਦ ਵੀ ਬੰਦਾ ਗਵਾਚੇ ਨਾ, ਜਿੱਥੇ ਜੁਦਾਈਆਂ ਦਾ ਦਰਦ ਨਾ ਹੋਵੇ, ਜਿੱਥੇ ਜਿੰਦਾਂ ਨੂੰ ਜਿੰਦਾਂ ਨਾਲ ਮੋਹ ਹੋਵੇ, ਜਿੱਥੇ ਨਿੱਕੀਆਂ ਨਿੱਕੀਆਂ ਖੁਸ਼ੀਆਂ ਦੁਪਿਹਰ ਦੀ ਰਾਣੀ ਵਾਂਗ ਖਿੜੀਆਂ ਹੋਵਣ, ਜਿੱਥੇ ਥੱਕੀ ਹੋਈ ਜਿੰਦਗੀ ਨੂੰ ਸਕੂਨ ਤੇ ਅਰਾਮ ਮਿਲ ਜਾਏ। ਉਹ ਪਹਾੜ ਕਿੱਥੇ ਐ, ਜਿੱਥੇ ਇੱਕ ਰੁਪਈਏ ਦੇ ਚਾਰ ਅਨਾਰ ਵਿਕਦੇ ਹੋਣ, ਸ਼ਾਇਦ ਕਾਇਨਾਤ ਦੇ ਕਿਸੇ ਖੂੰਝੇ ਵਿੱਚ ਅਜਿਹੀ ਥਾਂ ਕਿਤੇ ਵੀ ਮਾਜੂਦ ਨਈਂ ਏ, ਤੇ ਸ਼ਾਇਦ ਹਰ ਥਾਂ ਈ ਅਜਿਹੀ ਥਾਂ ਏ ਜਿੱਥੇ ਚਾਵਾਂ ਮਲਾਹਰਾਂ ਦਾ ਮਾਹੌਲ ਸਿਰਜਿਆ ਪਿਆ ਹੁੰਦੈ, ਪਰ ਸਾਡੀਆਂ ਕਮਜ਼ੋਰ ਅੱਖਾਂ ਨੂੰ ਦਿਸਦਾ ਨਈਂ, ਸਾਡੇ ਬੇ–ਕਿਰਕ ਦਿਲ ਨੂੰ ਮਹਿਸੂਸ ਨਹੀਂ ਹੰਦਾ।
ਰੱਬ ਅੱਗੇ ਦੁਆਵਾਂ ਕਰਦਾਂ ਕਿ ਹਰੇਕ ਵਿਹੜੇ ਵਿੱਚ ਖੁਸ਼ੀਆਂ ਦੀ ਦੁਪਿਹਰ ਰਾਣੀ ਖਿੜੀ ਰਹੇ, ਭੱਜਦੀਆਂ ਫਿਰਦੀਆਂ ਰੂਹਾਂ ਨੂੰ ਸਕੂਨ ਦੀ ਨੀਂਦ ਆ ਜਾਵੇ, ਵਿਛੋੜਿਆਂ ਦੀ ਪੀੜ ‘ਤੇ ਮਿਲਾਪਾਂ ਦੇ ਫੇਹੇ ਰੱਖੇ ਜਾਣ, ਹਾਸੇ ਰਬੜ ਵਾਂਗ ਵਧਦੇ ਰਹਿਣ, ਸਾਰੀ ਖਲਕਤ ਆਪਣੇ ਪਿਆਰਿਆਂ ਨਾਲ ਰਹੇ ਤੇ ਅਜਿਹੇ ਆਲਮ ਵਿੱਚ ਕੋਈ ਮੁਟਿਆਰ, ਕੰਨਾਂ ਵਿੱਚ ਮੁੰਦਰਾਂ, ਸਿਰ ਸ਼ਮਲੇ ਤੇ ਗਲ ਵਿੱਚ ਕੈਠੇ ਵਾਲੇ ਆਪਣੇ ਮਾਹੀ ਨੂੰ ਕਹਿੰਦੀ ਫਿਰੇ :
ਚੱਲ ਜਿੰਦੂਆ ਵੇ ਚੱਲ ਓਥੇ ਚੱਲੀਏ
ਜਿਥੇ ਨੇ ਵਿਕਦੇ ਅਨਾਰ
ਤੂੰ ਤੋੜੀਂ ਮੈਂ ਵੇਚਣ ਵਾਲੀ, ਇੱਕ ਰੂਪਈਏ ਚਾਰ……!
ਤੇ ਅਜਿਹੀ ਥਾਂ ਤੇ ਪਹੁੰਚ ਕਿ ਹਰ ਕੋਈ ਆਪਣੀਆ ਦੌੜਾਂ ਭੁੱਲ ਜਾਏ, ਪੈਸੇ ਦੀ ਇਹ ਦੋੜ ਦਾ ਅੰਤ ਹੋ ਜਾਵੇ ਤੇ ਸਾਰਾ ਕੁਝ ਸਿਰਫ ਇੱਕ ਰੁਪਈਏ ਵਿੱਚ ਈ ਆ ਜਾਵੇ ….. ਅਮੀਨ…..!

Tuesday, January 20, 2009

ਕਹਾਣੀ - ਪਸ਼ਚਾਤਾਪ



ਗਲੀ ਵੱਲੋਂ ਉਚੀ ਕੰਧ ਤੋਂ ਪੈਟਰੋਲ ਦੀ ਪਹਿਲੀ ਬੋਤਲ ਵਰਾਂਡੇ ਦੇ ਕੌਲੇ ਨਾਲ ਟਕਰਾਈ ਤੇ ਬਿਖਰ ਗਈ, ਦੂਜੀ ਬੋਤਲ ਦੱਖਣ ਵਾਲੇ ਪਾਸਿਓ ਆਈ ਤੇ ਵਿਹੜੇ ਵਿੱਚ ਹੀ ਟੋਟੇ-ਟੋਟੇ ਹੋ ਗਈ, ਜਿੰਨੀ ਦੇਰ ਵਿੱਚ ਘਰ ਵਾਲੇ ਵਿਅਕਤੀਆਂ ਨੂੰ ਕੁਝ ਸਮਝ ਆਉਂਦੀ ਪੂਰਾ ਘਰ ਪੈਟਰੋਲ ਤੇ ਮਿੱਟੀ ਦੇ ਤੇਲ ਦੀ ਹਵਾੜ ਨਾਲ ਭਰ ਗਿਆ। ਕੰਧ ਦੇ ਉਤੋਂ ਦੀ ਇੱਕ ਬਲਦੀ ਮਿਸ਼ਾਲ ਦੇ ਵਿਹੜੇ 'ਚ ਡਿਗਣ ਸਾਰ ਅੱਗ ਦੀਆਂ ਲਪਟਾਂ ਕੰਧਾਂ ਤੋਂ ਉਚੀਆਂ ਹੋ ਗਈਆਂ ਕੁਝ ਦੇਰ ਚੀਕਾਂ ਵੱਜੀਆਂ ਤੇ ਬੰਦ ਹੋ ਗਈਆਂ। ਸੜੇ ਮਾਸ ਦੀ ਗੰਦ ਗਲੀ ਵਿੱਚ ਫੈਲ ਗਈ। ''''''''''''''ਭੀੜ ਵਿਚੋਂ ਕੁਝ ਗੁੰਡਿਆਂ ਨੇ, ਕਿਸੇ ਨੇਕ ਹਿੰਦੂ ਦੇ ਘਰ ਸ਼ਰਨ ਲਈ ਬੈਠੇ ਇੱਕ ਪਾਦਰੀ ਤੇ ਨੰਨ ਨੂੰ ਘੜੀਸ ਕੇ ਬਾਹਰ ਸੜਕ ਤੇ ਲੈ ਆਂਦਾ ਸੀ। ਭੀੜ ਵਿੱਚੋਂ ਹੀ ਕੁਝ ਦੰਗਈਆਂ ਨੇ ਪਾਦਰੀ ਨੂੰ ਸੜਕ 'ਤੇ ਲੰਮੇ ਪਾ ਕੇ ਠੁੱਡਾਂ ਦਸਤਿਆਂ ਤੇ ਰਾਡਾਂ ਨਾਲ ਕੁੱਟਣ ਸ਼ੁਰੂ ਕਰ ਦਿੱਤਾ। ਹਰ ਹਰ ਮਹਾਂਦੇਵ ਦੇ ਨਾਅਰਿਆਂ ਦੀ ਗੂੰਝ ਵਿੱਚ ਪਾਦਰੀ ਦੀਆਂ ਚੀਕਾਂ, ਹਾੜੇ ਤੇ ਤਰਲੇ ਗੁਆਚ ਗਏ। ਇਸੇ ਹੀ ਭੀੜ ਵਿੱਚੋਂ ਕੁਝ ਨੇ ਨੰਨ ਨੂੰ ਪਹਿਲਾਂ ਆਪਣੀਆਂ ਨਾ-ਪਾਕ ਬਾਹਵਾਂ ਵਿੱਚ ਘੁਟਿਆ, ਨੱਪਿਆ, ਤੇ ਉਸ ਨੂੰ ਮਾਰਿਆ ਕੁੱਟਿਆ। ਪਤਾ ਨਹੀਂ ਕਿੰਨੀਆਂ ਕੁ ਵਹਿਸ਼ੀ ਨਜ਼ਰਾਂ ਉਸਦੀ ਛਾਤੀ ਦੇ ਉਭਾਰਾਂ ਨੂੰ ਛੁੰਹਦੀਆਂ ਤੇ ਕਿੰਨ੍ਹੇ ਕੁ ਦਰਿੰਦੀਆਂ ਦੇ ਜਾਲਮ ਹੱਥ ਉਸਦੀਆਂ ਗੱਲ੍ਹਾਂ 'ਤੇ ਆਪਣੀਆਂ ਛਾਪਾਂ ਛੱਡ ਗਏ। ਇਹ ਸਭ ਵੀ ਉਹ ਸਹਿਣ ਕਰਦੀ ਰਹੀ, ਪਰ ਦੰਗਾਕਾਰੀਆਂ ਨੇ ਉਸਦੇ ਬਲਾਉਜ਼ ਨੂੰ ਟੋਟੇ ਟੋਟੇ ਕਰ ਦਿੱਤਾ ਸੀ। ਪਾਦਰੀ ਦੀਆਂ ਅਧਮੋਈਆਂ ਅੱਖਾਂ ਸਾਹਮਣੇ ਭੜਕੀ ਭੀੜ ਨੰਨ ਨੂੰ ਸੜਕ ਨਾਲ ਬਣੀ ਇੱਕ ਇਮਾਰਤ ਵਿੱਚ ਲੈ ਗਈ ਤੇ ਉਸ ਨਾਲ ਵਾਰੀ ਵਾਰੀ ਵਹਿਸ਼ਤ ਦੀ ਖੇਡ ਖੇਡਦੀ ਰਹੀ। ਉਸਨੇ ਡਾਢੀ ਕੋਸ਼ਿਸ਼ ਕੀਤੀ ਇਹਨਾਂ ਬੇ-ਰਹਿਮ ਸ਼ਿਕਾਰੀਆਂ ਦੇ ਪੰਜਿਆਂ ਚੋਂ ਨਿਕਲਣ ਦੀ ਪਰ ਬੇਪਛਾਣ, ਬੇਦਰਦ ਭੀੜ ਦੇ ਪੰਜਿਆਂ ਚੋਂ ਨਿਕਲਣਾ ਮੁਸ਼ਕਿਲ ਹੀ ਨਹੀਂ ਸਗੋਂ ਨਾ-ਮੁੰਮਕਿਨ ਸੀ। ਦਰਿੰਦਗੀ ਦੀ ਇਹ ਖੇਡ 2 ਘੰਟੇ ਤੱਕ ਚੱਲੀ। ਇਸ ਤੋਂ ਬਾਅਦ ਦੰਗਈਆਂ ਨੇ ਅਲਫ ਨੰਗੇ ਪਾਦਰੀ ਤੇ ਨੰਨ ਨੂੰ ਰੱਸੇ ਨਾਲ ਬੰਨ ਕੇ ਉਪਰ ਮਿੱਟੀ ਦਾ ਤੇਲ ਸਿੜਕ ਦਿੱਤਾ ਸੀ। ਇੱਕ ਚੁਸ਼ਤ ਜਿਹਾ ਬੰਦਾ ਜਲਦੀ ਜਲਦੀ ਭੀੜ ਵਿਚੋਂ ਅੱਗੇ ਆਇਆ ਤੇ ਮਾਚਿਸ ਕੱਢ ਕੇ ਅੱਗ ਲਾਉਂਣ ਲਈ ਕਾਹਲ ਕਰਨ ਲੱਗਾ, ਕੇ ਇਨੇ ਨੂੰ ਪਿਛੋਂ ਅਵਾਜ ਆਈ, ''ਰੁਕੋ....! ਇਹਨਾਂ ਨੂੰ ਇਥੇ ਨਾ ਸਾੜੋ, ਇਥੇ ਸੜਨ ਦੀ ਬਦਬੂ ਆਵੇਗੀ, ਤੇ ਵਾਤਾਵਰਨ ਖਰਾਬ ਹੋਏਗਾ, ਅਸੀਂ ਸਫਾਈ ਪਸੰਦ ਲੋਕ ਆਂ....., ਨਾਲੇ ਇਥੇ ਸਾੜਨ ਨਾਲ ਘੱਟ ਮਜਾ ਆਵੇਗਾ। ਸ਼ਹਿਰ ਦੇ ਚੌਕ 'ਚ ਲੈ ਚੱਲੋ॥,'' ਤੇ ਸਾਰੀ ਭੀੜ ਨੰਨ ਤੇ ਪਾਦਰੀ ਨੂੰ ਅੱਗੇ ਅੱਗੇ ਲਾਈ ਚੌਂਕ ਵੱਲ ਟੁਰ ਪਈ। ਹਰ ਹਰ ਮਹਾਂਦੇਵ, ਦੇ ਨਾਅਰਿਆਂ ਦੀ ਅਵਾਜ਼ ਹੋਰ ਉਚੀ ਹੋ ਗਈ। ਚੌਕਂ ਤੱਕ ਜਾਂਦਿਆਂ ਜਾਂਦਿਆਂ ਰਾਹ ਵਿੱਚ ਸਰਕਾਰੀ ਵਰਦੀ ਪਾਹਿਨ ਕੇ ਖਲੋਤੇ ਦੰਗਾਕਾਰੀਆਂ ਦੇ ਅਕਾਵਾਂ ਦੀ ਬੁਰਕੀ ਤੇ ਪਲਣ ਵਾਲੇ ਕੁੱਤਿਆਂ ਨੇ ਵੀ ਆਪਣੀਆਂ ਵਹਿਸ਼ੀ ਨਜ਼ਰਾਂ ਨਾਲ ਨੰਨ ਦੀ ਛਾਤੀ ਦੇ ਨੰਗੇ ਉਭਾਰਾਂ ਵੱਲ ਤੱਕ ਕੇ ਚਿਸਕੀਆਂ ਲਈਆਂ, ਪਰ ਕਿਸੇ ਨੇ ਉਸਨੂੰ ਕੱਜਣ ਦੀ ਹਿੰਮਤ ਨਾ ਕੀਤੀ, ਜਦੋਂ ਕੇ ਉਹਨਾਂ ਨੇ ਪੁਲਿਸ ਮੁਲਾਜਮਾਂ ਦੇ ਵੀ ਹਾੜੇ ਕੱਢੇ ਅਤੇ ਮਦਦ ਲਈ ਗੁਹਾਰ ਲਾਈ, ਪਰ......! ਹਾੜੇ ਤੇ ਤਰਲੇ ਕੱਢ-ਕੱਢ ਕੇ ਪਾਦਰੀ ਤੇ ਨੰਨ ਦੀ ਅਵਾਜ਼ ਬੰਦ ਹੋ ਗਈ। ਇੰਨੀਆਂ ਸੱਟਾਂ ਤੇ ਚਿਸਕਾਂ ਨਾਲ ਉਹਨਾਂ ਦਾ ਸਰੀਰ ਸੁੰਨ ਹੋ ਗਿਆ। ਕਿਧਰੇ ਵੀ ਕੋਈ ਰਾਹ ਨਾ ਲਭਦਾ ਵੇਖ ਉਹਨਾਂ ਨੇ ਆਪਣੇ ਆਪ ਨੂੰ ਭੀੜ ਦੇ ਸਮਰਪਣ ਕਰ ਦਿੱਤਾ, ਹੋਰ ਰਹਿ ਵੀ ਕੀ ਗਿਆ ਸੀ, ਤੇ ਉਹ ਹੋਰ ਕਰ ਵੀ ਕੀ ਸਕਦੇ ਸੀ। ਚੌਕ ਤੱਕ ਪਹੁੰਚਦਿਆਂ ਉਹ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਪਹੁੰਚ ਗਏ। ਮਿੱਟੀ ਦਾ ਤੇਲ ਇੱਕ ਵਾਰ ਫੇਰ ਉਹਨਾਂ ਉਤੇ ਸਿੜਕਿਆ ਗਿਆ। ਜਖਮਾਂ ਤੇ ਤੇਲ ਦੀ ਸੜਨ ਨੇ ਉਹਨਾਂ ਦੇ ਬੇ-ਜਾਨ ਸ਼ਰੀਰ ਵਿੱਚ ਇੱਕ ਵਾਰ ਫੇਰ ਹਲਚਲ ਪੈਦਾ ਕਰ ਦਿੱਤੀ। ਇਦੋਂ ਪਹਿਲਾਂ ਕਿ ਮਾਚਿਸ਼ ਦੀ ਚੰਗਿਆੜੀ ਉਹਨਾਂ ਦੇ ਮਾਸ ਦੀ ਗੰਦ ਚੌਕ ਵਿੱਚ ਖਿਲਾਰ ਦਿੰਦੀ, ਇੱਕ ਅਦਖੜ ਉਮਰ ਦੇ ਵਿਅਕਤੀ ਨੇ ਜ਼ੋਰ ਨਾਲ ਆਖਿਆ, ''ਇਹਨਾਂ ਨੂੰ ਕਿਉਂ ਸਾੜਦੇ ਓ....?'' ''ਇਹ ਇਸਾਈ ਨੇ, ਇਹਨਾਂ ਨੇ ਸਾਡੇ ਰਹਿਬਰ ਦਾ ਕਤਲ ਕੀਤੈ, ਸਜਾ ਤਾਂ ਮਿਲੇਗੀ ਨਾ....!'' ਭੀੜ ਵਿੱਚੋਂ ਅਨੇਕਾਂ ਅਵਾਜ਼ਾਂ ਇੱਕਸਾਰ ਵਾਤਾਵਰਨ ਵਿੱਚ ਫੈਲ ਗਈਆਂ। ਇੱਕ ਹੋਰ ਨੋ-ਜਵਾਨ ਨੇ ਪਾਦਰੀ ਦੇ ਵਾਲਾਂ ਤੋਂ ਫੜਕੇ ਉਸਦਾ ਮੁੰਹ ਉਤਾਹ ਚੁੱਕਦਿਆਂ ਤੇ ਮੋਟੀ ਸਾਰੀ ਗਾਲ੍ਹ ਕੱਢਦੇ ਆਖਿਆ, ''ਦੱਸ ਓਏ ਕਿੰਨੇ ਪੈਸੇ ਦਿੱਤੇ ਤੁਸੀਂ ਕਾਤਲਾਂ ਨੂੰ..।'' ਇੱਕ ਵਾਰ ਫਿਰ ਨਾਅਰਿਆਂ ਦੀ ਅਵਾਜ਼ ਉੱਚੀ ਹੋਈ ਤੇ ਮਾਚਿਸ਼ ਦੀ ਪਹਿਲੀ ਤੀਲ ਨਾਲ ਹੀ ਉਹਨਾਂ ਦੋਹਵਾਂ ਜਿੰਦਾਂ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਅੱਧਮੋਏ ਸਰੀਰ ਇੱਕ ਦੋ ਵਾਰ ਇਧਰ ਉਧਰ ਭੱਜੇ ਤੇ ਫਿਰ ਥੜੱਮ ਕਰਕੇ ਧਰਤੀ ਤੇ ਢਹਿ ਪਏ। ਸੜੇ ਮਾਸ ਦੀ ਗੰਦ ਗਲੀਆਂ ਵਿੱਚ ਫੈਲ ਗਈ। ਭੜਕੀ ਭੀੜ ਨੇ ਤਾੜੀਆਂ ਮਾਰੀਆਂ ਤੇ ਠਹਾਕੇ ਲਗਾਏ। ਸ਼ਾਮ ਪੈ ਚੁੱਕੀ ਸੀ ਤੇ ਹਿੰਦੂ ਤਬਕੇ ਦੇ ਜਨੂੰਨੀ ਲੋਕ ਨੇ ਇੱਕ ਦੂਜੇ ਨੂੰ ਫਿਰ ਮਿਲਣ ਦਾ ਵਾਅਦਾ ਕਰਕੇ ਆਪੋ ਆਪਣੇ ਮੁਕਾਮਾਂ ਨੂੰ ਚਾਲੇ ਪਾ ਦਿੱਤੇ। ਦੰਗਈਆਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਾਂ ਆਵੇ ਇਸ ਲਈ ਸਾਰਾ ਕੰਮ ਮੁੱਕਣ ਤੋਂ ਬਾਅਦ ਪੁਲਿਸ ਪਾਦਰੀ ਤੇ ਨੰਨ ਦੀਆਂ ਅੱਧ ਸੜਕੀਆਂ ਲਾਸ਼ਾਂ ਨੂੰ ਚੁੱਕ ਕੇ ਸਿਵਲ ਹਸਪਤਾਲ ਛੱਡ ਆਈ। ਸ਼ਾਮ ਨੂੰ ਗਲੀਆਂ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਵੀ ਕੀਤਾ ਗਿਆ ਅਤੇ ਇਸਾਈ ਲੋਕਾਂ ਨੂੰ ਆਪੋ ਆਪਣੇ ਟਿਕਾਣਿਆਂ ਤੇ ਹੀ ਦੜੇ ਰਹਿਣ ਦਾ ਹੋਕਾ ਵੀ ਲਾਇਆ ਗਿਆ ਤਾਂ ਕੇ ਦੰਗਈਆਂ ਵੱਲੋਂ ਉਹਨਾ ਨੂੰ ਮਾਰਨ ਲਈ ਜਿਆਦਾ ਖੇਚਲ ਨਾ ਕਰਨੀ ਪਵੇ। '''''''''''''ਰਾਤ ਦੀ ਖਾਮੋਸ਼ੀ ਤੋਂ ਬਾਅਦ ਸਵੇਰਾ ਫਿਰ ਤ੍ਰਬਕ ਉਠਿਆ ਸੀ। ਚੌਕਾਂ ਚੋਰਾਹਿਆਂ ਵਿੱਚ ਟਾਇਰ ਸਾੜੇ ਗਏ। ਬੇ-ਅਰਥ, ਬੇ-ਅਦਬ ਤੇ ਬੇ-ਕਿਰਕ ਭੀੜਾਂ ਕਿਸੇ ਸ਼ਿਕਾਰ ਦੀ ਭਾਲ ਵਿੱਚ ਵਾਹੋਦਾੜੀ ਇੱਧਰ ਉਧਰ ਭੱਜਣ ਲੱਗੀਆਂ। ਸ਼ਹਿਰ ਦੇ ਸਾਰੇ ਗਿਰਜ਼ਾ ਘਰਾਂ ਨੂੰ ਪਹਿਲਾਂ ਹੀ ਅੱਗ ਹਵਾਲੇ ਕਰ ਦਿੱਤਾ ਗਿਆ ਸੀ। ਚਾਰ ਚੁਫੇਰੇ ਬੇ-ਪਛਾਣ ਦੰਗਾਕਾਰੀਆਂ ਦਾ ਹੜ ਪਿਆ ਪਸਰਿਆ ਸੀ। ਧੂੰਏ ਨੂੰ ਚੀਰਦੀ ਇੱਕ ਅਵਾਜ਼ ਭੀੜ ਦੇ ਕੰਨੀ ਪਈ....., ਤੇ ਸਾਰੀ ਭੀੜ ਚਰਚ ਦੇ ਗੁਆਂਢ ਵਾਲੇ ਘਰ 'ਤੇ ਝਪਟ ਪਈ। ਘਰ ਦੀ ਔਰਤ ਤੇ ਇੱਕ ਛੋਟੀ ਬੱਚੀ ਨੂੰ ਦੰਗਈਆਂ ਨੇ ਚੁੱਕ ਲਿਆ ਅਤੇ ਮਰਦਾਂ ਨੂੰ ਦਰਖਤ ਨਾਲ ਬੰਨ ਕੇ ਘਰ ਨੂੰ ਅੱਗ ਹਵਾਲੇ ਕਰ ਦਿੱਤਾ ਗਿਆ। ਗਿਰਜਾਂ ਵਰਗੇ ਅਣਗਿਣਤ ਇਨਸਾਨਾ ਨੇ ਬੱਚੀ ਅਤੇ ਉਸਦੀ ਮਾਂ ਨੂੰ ਬੇਪੱਤ ਕਰਕੇ ਨੋਚ ਨੋਚ ਖਾ ਲਿਆ ਤੇ ਮੱਚਦੇ ਟਾਇਰਾਂ ਦੇ ਢੇਰ 'ਤੇ ਸੁੱਟ ਦਿੱਤਾ। ਮਾਸ ਦੀ ਬੋ ਇੱਕ ਵਾਰ ਫਿਰ ਗਲੀਆਂ ਵਿੱਚ ਫੈਲ ਗਈ। ਫਿਰਕੂ ਜਾਨੂੰਨੀਆਂ ਦੀ ਭੀੜ ਨੇ ਫਿਰ ਤਾੜੀਆਂ ਵਜਾਈਆਂ ਤੇ ਠਹਾਕੇ ਮਾਰੇ....! ਅਗਲਾ ਨਿਸ਼ਾਨਾ ਇੱਕ ਅਨਾਥ ਆਸ਼ਰਮ ਨੂੰ ਬਣਾਇਆ ਗਿਆ। ਆਸ਼ਰਮ ਦੇ ਪਾਦਰੀ ਨੂੰ ਭੀੜ ਨੇ ਕਮਰੇ ਚੋਂ ਧਰੂਹ ਕੇ ਬਾਹਰ ਵਿਹੜੇ ਵਿੱਚ ਲੈ ਆਂਦਾ। ਉਹਨਾਂ ਨੇ ਹੱਥ ਵਿੱਚ ਲਾਠੀਆਂ, ਲੋਹੇ ਦੇ ਡੰਡੇ, ਕੁਹਾੜੀਆਂ ਤੇ ਦਾਤਰਾਂ ਫੜੀਆਂ ਹੋਈਆਂ ਸੀ। ਪਾਦਰੀ ਨੂੰ ਕੁੱਟ ਪੈਂਦੀ ਵੇਖ ਆਸ਼ਰਮ ਦੇ ਕੁਝ ਬੱਚੇ ਤੇ ਇੱਕ ਵੀਹ-ਇੱਕੀ ਸਾਲਾਂ ਦੀ ਅਨਾਥ ਲੜਕੀ ਜੋ ਆਪਣੀ ਪੜਾਈ ਦਾ ਖਰਚਾ ਚਲਾਉਣ ਲਈ ਆਸ਼ਰਮ ਵਿੱਚ ਪਾਰਟ ਟਾਇਮ ਨੌਕਰੀ ਕਰਦੀ ਸੀ, ਪਾਦਰੀ ਨੂੰ ਬਚਾਉਂਣ ਲਈ ਬਾਹਰ ਆ ਗਏ। ਲਾਲਚੀ ਬਘਿਆੜਾਂ ਦੀ ਭੀੜ ਨੇ ਜਦ ਗੋਰੇ ਚਿੱਟੇ ਜਿਸਮ ਦੀ ਝਲਕ ਵੇਖੀ ਤਾਂ ਉਹਨਾਂ ਪਾਦਰੀ ਦੇ ਟੋਟੇ ਕਰਕੇ, ਲੜਕੀ ਨੂੰ ਕਾਬੂ ਕਰ ਲਿਆ ਤੇ ਉਸ ਨਾਲ ਵਾਰੀ ਵਾਰੀ ਦਰਿੰਦਗੀ ਦੀ ਖੇਡ ਖੇਡੀ, ਅਤੇ ਉਸਨੂੰ ਨੰਗਿਆਂ ਕਰਕੇ ਬਜਾਰ ਵਿੱਚ ਘੁੰਮਾਇਆ ਤੇ ਫਿਰ ਆਪਣੀ ਬਹਾਦਰੀ ਦਾ ਕਰਤਬ ਦਿਖਾਉਂਦਿਆਂ ਇੱਕ ਦੰਗਾਕਾਰੀ ਨੇ ਫੁਰਤੀ ਨਾਲ ਉਸ 'ਤੇ ਤੇਲ ਦੀ ਬੋਤਲ ਛਿੜਕ ਦਿੱਤੀ ਅਤੇ ਦੂਸਰੇ ਨੇ ਜਲਦੀ ਨਾਲ ਅੱਗ ਜਲਾ ਦਿੱਤੀ। ਸਭ ਕੁਝ ਏਨੀ ਜਲਦੀ-ਜਲਦੀ ਹੋ ਰਿਹਾ ਸੀ ਕਿ ਦੰਗਈਆਂ ਨੂੰ ਸਾਹ ਚੜ ਗਿਆ। ਦੂਜੇ ਪਾਸੇ ਤੋਂ ਕੁਝ ਸੇਵਾਦਾਰਾਂ ਵੱਲੋਂ ਭੀੜ ਦੀ ਥਕਾਵਟ ਦੂਰ ਕਰਨ ਲਈ ਕੇਲਿਆਂ ਦਾ ਲੰਗਰ ਵੰਡਿਆ ਗਿਆ। ਪੁਲਿਸ ਵਾਲਿਆਂ ਨੇ ਵੀ ਇਸ ਸੇਵਾ ਵਿੱਚ ਆਪਣਾ ਆਪਾ ਸਫ਼ਲ ਕਰਨ ਲਈ ਬਹੁਤ ਸਾਰੇ ਦੰਗਈਆਂ ਨੂੰ ਪਾਣੀ ਦੀਆਂ ਬੋਤਲਾਂ ਭੇਂਟ ਕਰਕੇ ਤਸੱਲੀ ਬਖਸ਼ ਸੇਵਾ ਕਰਨ ਦਾ ਸੌਭਾਗ ਪ੍ਰਾਪਤ ਕਰ ਲਿਆ ਸੀ। ਸ਼ਾਮ ਨੂੰ ਭੀੜ ਦੀ ਅਗਵਾਈ ਕਰਦਾ ਇੱਕ ਨੇਤਾ ਕਿਸਮ ਦਾ ਦੰਗਈ ਚੌਕ ਵਿੱਚ ਬਣੇ ਟ੍ਰੈਫਿਕ ਵਾਲੇ ਥੜੇ 'ਤੇ ਖਲੋ ਕੇ ਦੰਗਾਕਾਰੀਆਂ ਨੂੰ ਸੰਬੋਦਨ ਕਰਨ ਲੱਗਾ...., ''ਮੇਰੇ ਭਰਾਵੋ ਜਿਵੇਂ ਕੇ ਤੁਹਾਨੂੰ ਪਤਾ ਹੀ ਏ ਬਈ ਧਰਮ ਦੀ ਮਜਬੂਤੀ ਲਈ ਅਤੇ ਧਰਮ ਦੀ ਰੱਖਿਆ ਵਾਸਤੇ ਅਤੇ ਆਪਣੇ ਰਹਿਬਰ ਦੀ ਮੌਤ ਦੇ ਬਦਲੇ ਲਈ ਜੋ ਸਾਡੇ ਵੱਲੋਂ ਮੁਹਿਮ ਛੇੜੀ ਗਈ ਹੈ, ਉਸ ਸਬੰਧੀ ਅੱਜ ਤੀਜੇ ਦਿਨ ਵੀ ਅਸੀਂ ਕੋਈ ਜਿਆਦਾ ਨੁਕਸਾਨ ਨਹੀਂ ਕਰ ਸਕੇ। ਇੱਕ ਤਾਂ ਮਿੱਟੀ ਦੇ ਤੇਲ ਦੀ ਕਵਾਲਟੀ ਬਹੁਤੀ ਚੰਗੀ ਨਹੀ ਏ, ਜਿਸ ਕਰਕੇ ਜਲਦੀ ਅੱਗ ਨਹੀਂ ਮੱਚਦੀ, ਤੇ ਦੂਜਾ ਸਾਨੂੰ ਜਿਆਦਾ ਲੋਕ ਵੀ ਨਹੀਂ ਮਿਲ ਰਹੇ ਸਾੜਨ ਵਾਸਤੇ। ਕੱਲ ਨੂੰ ਸੰਘਣੀ ਇਸਾਈ ਅਬਾਦੀ ਵਾਲੇ ਇਲਾਕਿਆਂ ਤੇ ਹਮਲਾ ਕੀਤਾ ਜਾਵੇਗਾ, ਤੇ ਹਰ ਵਿਅਕਤੀ ਆਪਣੇ ਨਾਲ ਪੈਟਰੋਲ ਦੀ ਇੱਕ-ਇੱਕ ਬੋਤਲ ਜਰੂਰ ਲੈ ਕਿ ਆਵੇ। ਤੇ ਹਾਂ...., ਇੱਕ ਗੱਲ ਹੋਰ..., ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਹਿੰਦੂ ਦਾ ਕੋਈ ਨੁਕਸਾਨ ਨਾ ਹੋਵੇ...., ਇਸਾਈ ਔਰਤਾਂ ਦੀ ਪੱਤ ਲੁੱਟਣਾ ਧਰਮ ਦੀ ਸੇਵਾ ਬਰਾਬਰ ਹੀ ਏ..... ਹਰ ਹਰ ਮਹਾਂਦੇਵ.....!'' ਉਸਦਾ ਭਾਸਣ ਖਤਮ ਹੋਣ 'ਤੇ ਮਜਹਬੀ ਜਨੂੰਨ ਦੀ ਭਰੀ ਭੀੜ ਨੇ ਨਾਅਰੇ ਮਾਰੇ ਤੇ ਆਪੋ ਆਪਣੇ ਰਸਤਿਆਂ ਵੱਲ ਟੁਰ ਪਏ। ਫਿਰਕੂ ਜਨੂੰਨ ਤੇ ਦੰਗਿਆਂ ਕਾਰਨ ਇਲਾਕੇ ਦੇ ਇਸਾਈ ਧਰਮ ਦੇ ਲੋਕ ਜੰਗਲਾਂ ਵਿੱਚ ਸਰ਼ਨ ਲੈਣ ਅਤੇ ਬਾਹਰਲੇ ਰਾਜਾਂ ਵਿੱਚ ਜਾਣ ਲਈ ਮਜਬੂਰ ਹੋ ਗਏ ਸਨ। ਘਰਾਂ ਦੇ ਘਰ, ਚਰਚਾਂ ਅਤੇ ਆਸ਼ਰਮ ਅੱਗ ਦੀ ਭੇਟ ਚੜ ਗਏ । ਕਰੀਬ ਇੱਕ ਮਹੀਨੇ ਤੋਂ ਦੰਗਈਆਂ ਦੇ ਹਮਲੇ ਜਾਰੀ ਸਨ। ਹੁਣ ਤਾਂ ਆਲਮ ਇਹ ਸੀ ਕਿ ਪੁਲਿਸ ਮੁਲਾਜਮ ਤੇ ਸਰਕਾਰ ਦੇ ਆਦਮੀ ਵੀ ਇਹਨਾਂ ਹਮਲਾਵਰਾਂ ਦੀ ਭੀੜ ਵਿੱਚ ਸ਼ਾਮਿਲ ਹੋ ਕਿ ਧਰਮ ਦੀ ਸੇਵਾ ਵਿੱਚ ਆਪਣੇ ਆਪ ਨੂੰ ਰੰਗ ਲੈਦੇ ਸਨ। ਕੋਤਵਾਲੀ ਸ਼ਿਕਾਇਤ ਲੈ ਕੇ ਗਈ ਮਾਰੀਆ ਨੰਨ ਨਾਲ ਵੀ ਤਾਂ ਦਰੋਗੇ ਨੇ ਇਹੀ ਹਸ਼ਰ ਕੀਤਾ ਸੀ। ਤੇ ਉਸਦੀਆਂ ਚੀਕਾਂ ਕੋਤਵਾਲੀ ਦੀਆਂ ਉਚੀਆਂ ਕੰਧਾਂ ਨਾਲ ਟਕਰਾ ਕੇ ਦੰਮ ਤੋੜ ਗਈਆਂ। ਅਰਧ-ਨਗਨ ਹਾਲਤ ਵਿੱਚ ਜਦ ਉਹ ਆਪਣੀ ਫਰਿਆਦ ਦਰੋਗੇ ਨੂੰ ਲਿਖਾਕੇ ਬਾਹਰ ਨਿਕਲੀ ਤਾਂ ਸਿਪਾਹੀ ਨੇ ਦਰੋਗੇ ਨੂੰ ਕਿਹਾ ਸੀ, ''ਸਾਹਬ ਇਹ ਤਾਂ ਪਾਪ ਏ, ਘੋਰ ਪਾਪ....'' ਤਾ ਦਰੋਗੇ ਨੇ ਅੱਗੋਂ ਗਾਲ੍ਹ ਕੱਢ ਕੇ ਆਖਿਆ ਸੀ, ''ਚੱਲ ਸਾਲਾ ਪਾਪ ਦਾ, ਇਹ ਤਾਂ ਸੇਵਾ ਏ ਸੇਵਾ, ਧਰਮ ਦੀ ਸੇਵਾ...., ਤੈਨੂੰ ਪਤਾ ਨਹੀਂ ਉਹ ਇਸਾਈ ਕੁੜੀ ਸੀ...., ਜਿਨ੍ਹਾਂ ਨੇ ਸਾਡੇ ਆਗੂ ਨੂੰ ਮਾਰਿਆ ਸੀ......।'' ਹਾਲਾਂ ਕੇ ਇਹ ਸਾਬਤ ਹੋ ਚੁੱਕਾ ਸੀ ਕੇ ਹਿੰਦੂਆਂ ਦੇ ਨੇਤਾ ਦਾ ਕਤਲ ਇਸਾਈਆਂ ਨੇ ਨਹੀਂ ਸੀ ਕੀਤਾ ਸਗੋਂ ਨਕਸਲੀਆਂ ਨੇ ਕੀਤਾ ਏ, ਇਸਦੇ ਬਾਵਜੂਦ ਵੀ ਇਸਾਈਆਂ ਉਤੇ ਕਾਤਲਾਨਾ ਹਮਲੇ ਨਹੀਂ ਰੁਕੇ। ਅੱਗਜਨੀ ਹੱਤਿਆਵਾਂ ਤੇ ਬਲਾਤਕਾਰਾਂ ਦਾ ਇਹ ਸਿਲਸਲਾ ਬ-ਦਸਤੂਰ ਜਾਰੀ ਸੀ, ਨਿੱਤ ਰੋਜ਼ ਦੀ ਅੱਗਜਨੀ, ਬਲਾਤਕਾਰ ਤੇ ਕਤਲੋਗਾਰਤ ਨਾਲ ਲੋਕਾਂ ਦੇ ਹਿਰਦੇ ਵਲੂੰਦਰੇ ਗਏ। ਹਰ ਰੋਜ਼ ਹਮਲਿਆਂ ਤੋਂ ਬਾਅਦ ਨੇਤਾ ਕਿਸਮ ਦਾ ਵਿਅਕਤੀ ਚੌਕ ਦੇ ਥੜੇ ਤੋ ਖਲੋ ਕੇ ਅਗਲੇ ਦਿਨ ਦੀ ਕਾਰਵਾਈ ਦੰਗਈਆਂ ਨੂੰ ਪੜ ਕੇ ਸੁਣਾ ਦਿੰਦਾ। ਅਗਲੇ ਦਿਨ ਉਲੀਕੇ ਪ੍ਰੋਗਰਾਮ ਅਨੁੰਸਾਰ ਹਮਲਾਵਰ ਸਵੇਰ ਤੋਂ ਹੀ ਭੀੜ ਦਾ ਰੂਪ ਅਖਿਤਿਆਰ ਕਰ ਲੈਦੇ। ਇੱਕ ਅਜਿਹੀ ਭੀੜ ਜਿਸਦਾ ਕੋਈ ਚਿਹਰਾ ਨਹੀਂ ਸੀ, ਜਿਸਦੀ ਕੋਈ ਪਹਿਚਾਣ ਨਹੀਂ ਸੀ, ਜਿਸਦੀ ਕੋਈ ਸੀਮਾ ਨਹੀਂ ਸੀ ਤੇ ਜਿਸਦਾ ਕੋਈ ਅਕਾਰ ਨਹੀਂ ਸੀ। ਜੇ ਚਿਹਰਾ, ਰੂਪ ਤੇ ਪਹਿਚਾਣ ਹੈ ਵੀ ਸੀ ਤਾਂ ਵੀ ਕੋਈ ਪੁਲਿਸ ਵਾਲਾ ਜਾਂ ਸਕਰਾਰੀ ਬੰਦਾ ਉਸਨੂੰ ਪਹਿਚਾਨਣਾ ਨਹੀਂ ਸੀ ਚਾਹੁੰਦਾ, ਤੇ ਤਮਾਸ਼ਾਈ ਬਣਕੇ ਇਹ ਸਭ ਕੁਝ ਤੱਕਦਾ ਰਹਿੰਦਾ, ਸਗੋਂ ਇਥੋਂ ਤੱਕ ਕੇ ਇਹਨਾਂ ਜਾਨੂੰਨੀ ਲੋਕਾਂ ਦੀ ਮਦਦ ਕਰਨ ਨੂੰ ਅਖੋਤੀ ਧਰਮ ਦੀ ਸੇਵਾ ਮੰਨਦਾ।''''''''''ਫਿਰਕੂ ਜਾਨੂੰਨੀ ਭੀੜ ਆਪਣੇ ਨੇਤਾ ਕਿਸਮ ਦੇ ਮੋਹਰੀ ਦੇ ਭਾਸਣ ਮੁਤਾਬਿਕ ਬਣੇ ਪ੍ਰੋਗਰਾਮ ਅਨੁਸਾਰ ਨਿਕਲੇ ਸੀ। ਦੁਪਹਿਰ ਤੱਕ ਉਹਨਾਂ ਨੂੰ ਕੋਈ ਸ਼ਿਕਾਰ ਨਾ ਲੱਭਾ, ਪਰ ਸ਼ਹਿਰ ਦੇ ਦੱਖਣ ਵੱਲ ਉਹਨਾਂ ਨੂੰ ਇੱਕ ਘਰ ਵਿੱਚ ਇਸਾਈ ਇਸਤਰੀਆਂ ਹੋਣ ਦੀ ਇਤਲਾਹ ਮਿਲ ਗਈ ਸੀ। ਖ਼ਬ਼ਰ ਮਿਲਦਿਆਂ ਹੀ ਦੰਗਈਆਂ ਨੇ ਦੱਖਣ ਵੱਲ ਦਾ ਰੁਖ਼ ਕਰ ਲਿਆ। ਹਮਲਾਵਰਾਂ ਨੇ ਘਰ ਦਾ ਦਰਵਾਜਾ ਤੋੜ ਕੇ ਨਾਅਰਿਆਂ ਦੀ ਗੂੰਝ ਵਿੱਚ ਘਰ ਵਿੱਚ ਮਾਜੂਦ ਔਰਤਾਂ 'ਤੇ ਆਪਣਾ ਕਹਿਰ ਵਰਤਾਉਣਾਂ ਸ਼ੁਰੂ ਕਰ ਦਿੱਤਾ। ਤਿੰਨ ਚਾਰ ਕੁੜੀਆਂ ਨਾਲ ਸਮੂਹਿਕ ਬਲਾਕਤਾਰ ਕੀਤਾ ਗਿਆ। ਕੁਝ ਔਰਤਾਂ ਨੂੰ ਬਾਹਰ ਗਲੀ ਵਿੱਚ ਬੇ-ਪੱਤ ਕੀਤਾ ਗਿਆ। ਬਲਾਤਕਾਰ ਦਾ ਸ਼ਿਕਾਰ ਇੱਕ ਕੁੜੀ ਉਤੇ ਭੀੜ ਵਿੱਚੋਂ ਦੋ ਤਿੰਨ ਹੋਰ ਦੰਗਈ ਆ ਚੜੇ...., ਉਸ ਨੇ ਕੁਝ ਚਿਰ ਲਈ ਆਪਣੀਆਂ ਨਾਜੁਕ ਤੇ ਬੇਜਾਨ ਬਾਹਵਾਂ ਲੱਤਾਂ ਨਾਲ ਵਿਰੋਧ ਕੀਤਾ। ਉਸਦੀ ਕਿਸੇ ਇੱਕ ਵਿਰੋਧੀ ਕਾਰਵਾਈ ਨਾਲ ਹੀ ਉਸਦੀਆਂ ਗੱਲ੍ਹਾਂ ਤੇ ਬਲਾਤਕਾਰੀਆਂ ਦੀਆਂ ਚੰਡਾਂ ਵੱਜਣੀਆਂ ਸ਼ੁਰੂ ਹੋ ਜਾਂਦੀਆਂ। ਇੱਕ ਤੋਂ ਬਾਅਦ ਇੱਕ ਅਖੋਤੀ ਧਰਮੀ ਦੰਗਾਕਾਰੀ ਧਰਮ ਦੀ ਸੇਵਾ ਵਿੱਚ ਰੁੱਝ ਜਾਂਦੇ, ਤੇ ਉਚੀ ਉਚੀ ਆਖਦੇ ''ਅਸੀਂ ਧਰਮ ਦੀ ਸੇਵਾ ਪਏ ਕਰਦੇ ਆਂ, ਧਰਮ ਦੀ ਸੇਵਾ..'' ਤੇ ਨਾਲ ਹੀ ਉਚੀ ਉਚੀ ਨਾਅਰਿਆਂ ਦੀ ਅਵਾਜ਼ ਗੂੰਜਣ ਲਗਦੀ। ਕੁੜੀ ਦੁਆਲੇ ਚਿੰਬੜੇ ਭੇੜੀਆਂ ਦੀ ਡਾਰ ਵਿੱਚੋਂ ਇੱਕ ਕੜਕਦੀ ਅਵਾਜ ਆਈ, ''ਰੁਕੋ ਪਾਪ ਹੋ ਗਿਆ ਪਾਪ, ਇਹ ਹਿੰਦੂ ਏ ਹਿੰਦੂ...'' ਭੀੜ ਭੀੜ ਵਿੱਚੋਂ ਦੋ ਤਿਨ ਹੋਰ ਬੰਦੇ ਅੱਗੇ ਵਧੇ ਕੁੜੀ ਦੇ ਹੱਥ 'ਤੇ ਕੋਈ ਨਿਸਾਨ ਤੇ ਬਾਂਹ ਤੇ ਕੁਝ ਉਕਰਿਆ ਵੇਖ ਕੇ ਯਕੀਨ ਕਰਨ ਤੋਂ ਬਾਅਦ ਇੱਕ ਦੰਗਈਆਂ ਨੇ ਚੀਕ-ਚੀਕ ਕੇ ਆਖਿਆ....''ਰੁਕੋਂ ਹਿੰਦੂ ਕੁੜੀ ਏ ਇਹ...., ਸਾਡੇ ਧਰਮ ਦੀ ਕੁੜੀ ਏ.....ਇਹ ਤਾਂ ਸਾਡੇ ਕੋਲੋਂ ਘੌਰ ਅਪਰਾਧ ਹੋ ਗਿਆ ਏ.....'' ਭੀੜ ਵਿੱਚੋਂ ਕਿਸੇ ਨੇ ਖੇਸ਼ ਨਾਲ ਕੁੜੀ ਦੀਆਂ ਨੰਗੀਆਂ ਛਾਤੀਆਂ ਕੱਜਦੇ ਹੋਏ ਕਿਹਾ, ''ਹਰੀ ਓਮ, ਹਰੀ ਓਮ... ਇਹ ਤਾਂ ਗੰਭੀਰ ਅਪਰਾਧ ਹੋਇਆ ਏ...., ਧਰਮ ਦਾ ਸੱਤਿਆ ਨਾਸ਼ ਹੋ ਗਿਆ ਏ....।'' ਖੇਸ਼ ਵਿੱਚ ਲਵੇਟੀ ਕੁੜੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਭੀੜ ਸਟ੍ਰੇਚਰ ਨੂੰ ਧਰੁੰਦੀ ਲੋਥ ਨੁਮਾ ਕੁੜੀ ਨੂੰ ਹਸਪਤਾਲ ਦੇ ਵਰਾਡੇ ਵਿੱਚ ਲਿਜਾ ਰਹੀ ਸੀ। ਬੂਹੇ ਅੱਗੇ ਪਹੁੰਚ ਕੇ ਕੁੜੀ ਦੇ ਬੇ-ਜਾਨ ਜਿਸਮ ਵਿੱਚ ਕੁਝ ਕੁ ਜਾਨ ਆਈ, ਦੰਗਾਕਾਰੀਆਂ ਦੇ ਅਗੂ ਨੇ ਭੀੜ ਵੱਲ ਵੇਖਦਿਆਂ ਕਿਹਾ, ''ਇਹ ਸਾਡੇ ਧਰਮ ਦੀ ਏ ਇਸ ਲਈ ਜੀਅ-ਜਾਨ ਲਾ ਕੇ ਇਸਦੀ ਸੇਵਾ ਕਰੋ.. ਇਹੋ ਸਾਡਾ ਪਸ਼ਚਾਤਾਪ ਏ...'' ਨੀਮ ਬੇਹੋਸ਼ ਕੁੜੀ ਦੇ ਕੰਨਾ ਵਿੱਚ ਜਦ 'ਸੇਵਾ' ਸ਼ਬਦ ਪਿਆ ਤਾਂ ਉਸਨੇ ਆਪਣੇ ਨਗਨ ਜਿਸਮ ਤੋਂ ਖੇਸ਼ ਖਿਸਕਾ ਕੇ ਹੇਠਾਂ ਕਰ ਦਿੱਤਾ......!

ਰੋਜ਼ੀ ਸਿੰਘ ਫਤਿਹਗੜ ਚੂੜੀਆਂ, ਗੁਰਦਾਸਪੁਰ