Tuesday, September 16, 2008

ਗੁਲਾਮ ਅਤੇ ਗੁਲਾਮੀ (ਲੇਖ)

ਗੁਲਾਮੀ ਇੱਕ ਅਜਿਹਾ ਸ਼ਬਦ ਹੈ ਜਿਸ ਬਾਰੇ ਸੋਚਦਿਆਂ ਆਪਣੇ ਆਪ ਨੂੰ ਬੋਝ ਥੱਲੇ ਦੱਬਿਆਂ ਮਹਿਸੂਸ ਹੁੰਦਾ ਹੈ। ਇਹ ਇੱਕ ਅਜਿਹਾ ਕੋਹੜ ਹੈ ਜੋ ਇਨਸਾਨੀ ਸੋਚ ਦੇ ਸ੍ਰੋਤਾਂ ਨੂੰ ਤਬਾਹ ਕਰ ਦਿੰਦਾ ਹੈ ਤੇ ਮਾਨਸਿਕਤਾ ਨੂੰ ਰਹਿਮ ਦੇ ਸਹਾਰੇ ਛੱਡ ਦਿੰਦਾ ਹੈ। ਗੁਲਾਮੀ ਨੂੰ ਦੋ ਮੁੱਖ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਮਾਨਸਿਕ ਗੁਲਾਮੀ ਅਤੇ ਸਰੀਰਕ ਗੁਲਾਮੀ। ਮਾਨਸਿਕ ਗੁਲਾਮੀ ਦੀਆਂ ਸ਼ਿਕਾਰ ਜਿਆਦਾ ਤਰ ਔਰਤਾਂ ਹੁੰਦੀਆਂ ਨੇ ਅਤੇ ਇਹਨਾਂ ਵਿੱਚ ਜਿਆਦਾਤਰ ਪੇਂਡੂ ਖੇਤਰਾਂ ਦੀਆਂ ਅਨਪੜ੍ਹ ਔਰਤਾਂ ਦੀ ਗਿਣਤੀ ਜ਼ਿਆਦਾ ਹੈ, ਇਸ ਤਰ੍ਹਾਂ ਦੀਆਂ ਮਾਨਸਿਕ ਤੌਰ ਤੇ ਗੁਲਾਮ ਔਰਤਾਂ ਅਖੌਤੀ ਬਾਬਿਆਂ ਦੇ ਡੇਰਿਆਂ ਤੇ ਭਾਰੀ ਗਿਣਤੀ ਵਿੱਚ ਦੇਖੀਆਂ ਜਾ ਸਕਦੀਆਂ ਹਨ। ਮਰਦ ਮਾਨਸਿਕ ਅਤੇ ਸਰੀਰਕ ਦੋਨੋਂ ਤਰ੍ਹਾਂ ਦੀ ਗੁਲਾਮੀ ਦੇ ਸ਼ਿਕਾਰ ਹੋ ਜਾਂਦੇ ਹਨ। ਅਮਰੀਕਾ, ਕਨੇਡਾ ਅਤੇ ਹੋਰ ਬਾਹਰਲੇ ਮੁਲਕਾਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਭਾਰਤ ਵਿੱਚ ਹਾਲੇ ਵੀ 58 ਪ੍ਰਤੀਸ਼ਤ ਵੱਸੋਂ ਕਿਸੇ ਨਾ ਕਿਸੇ ਦੀ ਗੁਲਾਮ ਚੱਲਦੀ ਆ ਰਹੀ ਹੈ। ਪਤਨੀ, ਪਤੀ ਦੀ ਗੁਲਾਮ ਹੈ, ਪਤੀ ਅੱਗੇ ਮਾਪਿਆਂ ਦਾ ਗੁਲਾਮ ਹੈ ਅਤੇ ਮਾਪੇ ਕਿਸੇ ਨਾ ਕਿਸੇ ਕਾਰਨ ਅੱਗੇ ਕਿਸੇ ਹੋਰ ਦੇ ਗੁਲਾਮ ਨੇ। ਬਾਹਰਲੇ ਮੁਲਕਾਂ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਉਥੇ ਤਾਂ ਅਗਰ ਕੋਈ ਬੱਚੇ ਨੂੰ ਝਿੜਕ ਦੇਵੇ ਤਾਂ ਬੱਚਾ ਪੁਲਿਸ ਬੁਲਾ ਲੈਂਦਾ ਹੈ। ਵਿਦੇਸ਼ਾਂ ਵਿੱਚ ਇਨਸਾਨ ਜੰਮਣ ਵੇਲੇ ਤੋਂ ਹੀ ਅਜਾਦ ਖਿਆਲਾਂ ਅਤੇ ਅਜਾਦੀ ਦਾ ਪੂਰਾ ਨਿਘ ਮਾਨਦਾ ਹੈ। ਗੱਲ ਸਿਰਫ ਏਥੇ ਹੀ ਨਹੀ ਮੁੱਕ ਜਾਂਦੀ ਕੇ ਭਾਰਤ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਗੁਲਾਮਾਂ ਵਾਂਗ ਸਮਝਦੇ ਹਾਂ ਅਤੇ ਦੋਸਤਾਂ ਨੂੰ ਵੀ ਭਾਵਨਾਤਮਕ ਬਲੈਕਮੇਲ ਕਰਕੇ ਗੁਲਮਾਂ ਵਾਂਗ ਕੰਮ ਕਰਵਾ ਲੈਂਦੇ ਹਾਂ, ਸਗੋਂ ਇਸ ਤੋਂ ਵੀ ਅੱਗੇ ਕਈ ਹੋਰ ਪਹਿਲੂਆਂ ਨੂੰ ਵੀ ਹਾਲੇ ਫੋਲਣਾ ਬਾਕੀ ਹੈ।
ਭਾਰਤ ਸੈਂਕੜੇ ਸਾਲ ਕਦੀ ਮੁਗਲਾਂ ਅਤੇ ਕਦੀ ਅੰਗਰੇਜਾਂ ਦਾ ਗੁਲਾਮ ਰਿਹਾ ਹੈ, ਸੋ ਸਾਡੇ ਵਿਚੋਂ ਬਹੁਤਿਆਂ ਦੀ ਮਾਨਸਿਕਤਾ ਉਤੇ ਅਤੀਤ ਦੀ ਗੁਲਾਮੀ ਦੇ ਸਾਏ ਪੀੜ੍ਹੀ ਦਰ ਪੀੜ੍ਹੀ ਚਲਦੇ ਆ ਰਹੇ ਨੇ। ਅੰਗਰੇਜ ਤਾਂ ਚਲੇ ਗਏ ਤੇ ਰਹੇ ਮੁਗਲ ਵੀ ਨਹੀਂ ਪਰ ਹਾਲੇ ਵੀ ਇਥੇ ਬਹੁਤ ਸਾਰੇ ਸਰਕਾਰੀ ਅਦਾਰਿਆਂ ਵਿੱਚ ਕੁਝ ਤਾਨਾਸ਼ਾਹ ਅਫਸਰ ਅੰਗਰੇਜੀ ਅਤੇ ਮੁਗਲ ਰਾਜ ਦੀ ਤਰ੍ਹਾਂ ਸੱਪ ਵਾਂਗ ਕੁੰਡਲੀ ਮਾਰੀ ਬੈਠੇ ਹਨ। ਅਵਲ ਤਾਂ ਕੋਈ ਗਰੀਬ ਸਰਕਾਰੇ ਦਰਬਾਰੇ ਫਰਿਆਦ ਲੈ ਕੇ ਹੀ ਨਹੀਂ ਜਾਂਦਾ ਪਰ ਜੇ ਕੋਈ ਭੁੱਲ ਭੁਲੇਖੇ ਚਲਾ ਜਾਂਦਾ ਹੈ ਤਾਂ ਉਸ ਨਾਲ ਇੰਝ ਪੇਸ਼ ਆਇਆ ਜਾਂਦਾ ਹੈ ਜਿਵੇਂ ਉਹ ਮੁਜਰਮ ਹੋਵੇ ਤੇ ਗੁਲਾਮਾਂ ਵਾਂਗ ਉਸ ਨੂੰ ਆਰਡਰ ਝਾੜੇ ਜਾਂਦੇ ਨੇ ਤੇ ਫਰਿਆਦੀ ਵਿਚਾਰਾ ਆਪਣੀ ਜੇਬ ਵਿੱਚੋਂ ਪੈਸੇ ਖਰਚ ਕੇ ਅਫਸਰਾਂ ਦੀਆਂ ਮੰਗਾਂ ਪੂਰੀਆਂ ਕਰਦਾ ਹੈ ਫਿਰ ਜਾ ਕੇ ਕਿਤੇ ਉਸਦੀ ਫਰਿਆਦ ਸੁਣੀ ਜਾਂਦੀ ਹੈ, ਤੇ ਕਦੀ ਕਦੀ ਉਹ ਵੀ ਨਹੀਂ। ਪਾਤਰ ਸਹਿਬ ਦੀਆਂ ਲਾਇਨਾਂ ਨੇ:-
ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ
ਤੇ ਜਾਂ ਫਿਰ
ਏਨਾ ਉਚਾ ਤਖਤ ਸੀ ਅਦਲੀ ਰਾਜੇ ਦਾਮਜਲੂਮਾਂ ਦੀ ਉਮਰ ਹੀ ਰਾਹ ਵਿੱਚ ਬੀਤ ਗਈ।ਇਹਨਾਂ ਉਕਤ ਲਾਇਨਾ ਦੀ ਸਚਾਈ ਥਾਣਿਆਂ ਵਿੱਚ ਇਨਸਾਫ ਲੈਣ ਗਿਆ ਆਦਮੀ ਜੋ ਥਾਣੇਦਾਰ ਦੀ ਓਏ ਓਏ ਸੁਣਨ ਲਈ ਮਜਬੂਰ ਹੁੰਦਾ ਹੈ ਅਤੇ ਫਿਰ ਮੁਨਸ਼ੀ ਵੱਲੋਂ ਉਸਨੂੰ ਪੇਪਰਾਂ ਦਾ ਬੰਡਲ ਲੈ ਕੇ ਆਉਂਣ ਦਾ ਹੁਕਮ ਚਾੜ੍ਹ ਦਿੱਤਾ ਜਾਂਦੈ, ਬਾ-ਖੂਬੀ ਜਾਂਣਦੈ। ਬੱਸਾਂ ਗੱਡੀਆਂ ਵਿੱਚ ਲੋਕਾਂ ਨੂੰ ਗੁਲਾਮਾਂ ਵਾਂਗ ਤੂੜ ਤੂੜ ਕੇ ਭਰਿਆ ਜਾਂਦਾ ਏ ਤੇ ਟਿਕਟ ਦੇਣ ਲੱਗਿਆਂ ਜੇਕਰ ਕੋਈ ਖੁੱਲ੍ਹੇ ਪੈਸੇ ਨਾ ਦੇਵੇ ਜਾਂ ਟਿਕਟ ਲੈਣ ਵਿੱਚ ਦੇਰੀ ਕਰੇ ਤਾਂ ਕੰਡਕਟਰ ਵੱਲੋਂ ਇੰਝ ਵਿਵਹਾਰ ਕੀਤਾ ਜਾਂਦਾ ਹੈ ਜਿਵੇਂ ਸਾਰੀਆਂ ਸਵਾਰੀਆਂ ਉਸ ਦੀਆਂ ਗੁਲਾਮ ਨੇ । ਹਸਪਤਾਲਾਂ ਵਿੱਚ ਮਰੀਜ਼ ਘੰਟਿਆਂ ਬੱਧੀ ਡਾਕਟਰ ਦਾ ਇੰਤਜਾਰ ਕਰਦੇ ਨੇ ਅਤੇ ਜਦ ਡਾਕਟਰ ਆਉਂਦਾ ਹੈ ਤਾਂ ਲੰਬੀ ਲਾਇਨ ਵਿੱਚ ਲੱਗ ਜਾਂਦੇ ਨੇ ਗੁਲਾਮਾਂ ਵਾਂਗੂੰ ਜਿਵੇਂ ਖਰੱਬਾਂ ਮਿਲਣਾ ਹੁੰਦੈ। ਸਰਕਾਰੀ ਦਫਤਰਾਂ ਵਿੱਚ ਇਨਸਾਫ ਲਈ ਤਿੰਨ ਪਰਤਾਂ ਵਿੱਚ ਦਿੱਤੀ ਅਰਜੀ 6 ਮਹੀਨਿਆਂ ਬਾਅਦ ਦੁਬਾਰਾ ਫਰਿਆਦੀ ਦਾ ਮੂੰਹ ਚਿੜਾ ਰਹੀ ਹੁੰਦੀ ਏ। ਕੋਰਟ ਕਚਿਹਰੀਆਂ ਵਿੱਚ ਸਾਲਾਂ ਬੱਧੀ ਗਰੀਬਾਂ ਬੇਆਸਰਿਆਂ ਦੇ ਮੁਕੱਦਮਿਆਂ ਤੇ ਵਕਤ ਦੀ ਧੂੜ ਜੰਮੀ ਰਹਿੰਦੀ ਏ ਤੇ ਜਦ ਉਸ ਕੇਸ ਦਾ ਫੈਸਲਾ ਹੁੰਦਾ ਏ ਤਾਂ ਬੰਦਾ ਈ ਨਹੀ ਰਹਿੰਦਾ। ਡਾਕਖਾਨਿਆਂ, ਬੈਂਕਾਂ ਅਤੇ ਹੋਰ ਸਰਕਾਰੀ ਗ਼ੈਰ ਸਰਕਾਰੀ ਦਫ਼ਤਰਾਂ ਵਿੱਚ ਇੰਝ ਦੇ ਕਈ ਤਾਨਾਸ਼ਾਹ ਮਾਲਕ ਅਤੇ ਗਰੀਬ ਵਰਗ ਦੇ ਗੁਲਾਮ ਤੁਰੇ ਫਿਰਦੇ ਨੇ।
ਅਸਲ ਗੱਲ ਤਾਂ ਇਹ ਹੈ ਕਿ ਅਸੀਂ ਜਦ ਵੀ ਕਿਸੇ ਰੋਹਬਦਾਰ ਪਦਵੀ 'ਤੇ ਬਿਰਾਜਮਾਨ ਹੋ ਜਾਂਦੇ ਹਾਂ, ਜਾਂ ਫਿਰ ਜਦ ਸਾਡੇ ਕੋਲ ਲੋੜ ਤੋਂ ਵੱਧ ਅਧਿਕਾਰ ਅਤੇ ਪੈਸੇ ਇਕੱਠਾ ਹੋ ਜਾਂਦਾ ਹੈ ਤਾਂ ਸਾਡੀ ਸੋਚ ਵਿੱਚ ਇੱਕ ਦਮ ਤਬਦੀਲੀ ਆ ਜਾਂਦੀ ਹੈ । ਇਸ ਦਾ ਇੱਕ ਕਾਰਨ ਤੇ ਇਹ ਹੈ ਕਿ ਜਦ ਸਾਡੇ ਕੋਲ ਕੁਝ ਨਹੀਂ ਹੁੰਦਾ ਤਦ ਅਸੀਂ ਇਸ ਤਰ੍ਹਾਂ ਦੀ ਗੁਲਾਮੀ ਨੂੰ ਸਹਿਣ ਕੀਤਾ ਹੁੰਦਾ ਹੈ। ਤੇ ਜਦ ਸਾਡੇ ਕੋਲ ਇਹ ਅਧਿਕਾਰ ਅਤੇ ਸ਼ਕਤੀ ਆ ਜਾਂਦੀ ਹੈ ਤਾਂ ਅਸੀਂ ਬਦਲਾ ਲਊ ਭਾਵਨਾ ਨਾਲ ਆਪਣੇ ਤੋਂ ਘੱਟ ਸਕਤੀ ਰੱਖਣ ਵਾਲੇ ਕਈ ਹੋਰ ਲੋਕਾਂ ਨੂੰ ਆਪਣਾ ਗੁਲਾਮ ਸਮਝਣ ਲੱਗ ਜਾਂਦੇ ਹਾਂ।
ਚਲੋ ਮੰਨ ਲੈਂਦੇ ਹਾਂ ਕਿ ਇਹ ਗੱਲ ਗਲਤ ਹੈ ਕਿ ਬੱਚਿਆਂ ਨੂੰ ਗੁਲਾਮ ਨਹੀ ਸਮਝਣਾ ਚਾਹੀਦਾ, ਸਕੂਲਾਂ ਵਿੱਚ ਬੱਚਿਆਂ ਤੋਂ ਧੱਕੇ ਨਾਲ ਕੰਮ ਨਹੀ ਲੈਣਾ ਚਾਹੀਦਾ, ਯਾਰਾਂ ਦੋਸਤਾਂ ਨੂੰ ਅਤੇ ਹੋਰ ਰਿਸ਼ਤੇਦਾਰਾਂ ਤੋਂ ਭਾਵਨਾਤਮਕ ਬਲੈਕਮੇਲ (ਇੰਮੋਸ਼ਨਲ ਬਲੈਕਮੇਲ) ਕਰਕੇ ਗੁਲਾਮਾਂ ਵਾਂਗ ਕੰਮ ਨਹੀ ਲੈਣਾ ਚਾਹੀਦਾ। ਪਰ ਹਜਾਰਾਂ ਮਜਦੂਰ ਲੋਕ ਸ਼ਹਿਰਾਂ ਕਸਬਿਆਂ ਦੇ ਚੋਂਕਾਂ ਵਿੱਚ ਬਣੀਆਂ ਮਨੁੱਖੀ ਮੰਡੀਆਂ ਵਿੱਚ ਵਿਕਣ ਲਈ ਸਵੇਰ ਤੋਂ ਗਾਹਕਾਂ ਦੀ ਉਡੀਕ ਵਿੱਚ ਖਲੋਤੇ ਰਹਿੰਦੇ ਨੇ ਜਿਨ੍ਹਾਂ ਨੂੰ ਕੋਈ ਵੀ ਆਪਣੀ ਮਨ-ਮਰਜੀ ਦੇ ਰੇਟ ‘ਤੇ ਦਿਹਾੜੀ ਲਈ ਖਰੀਦ ਕੇ ਲੈ ਜਾਂਦਾ ਹੈ । ਕੀ ਉਹ ਗੁਲਾਮ ਨਹੀ....? ਘਰ ਵਿੱਚ ਬੱਚਿਆਂ ਨੂੰ ਝਿੜਕਣਾ ਸਾਡੇ ਭਾਰਤੀ ਸਮਾਜ ਦੀਆਂ ਪ੍ਰੰਪਰਾਵਾਂ ਅਤੇ ਸਭਿਆਚਾਰਕ ਦ੍ਰਿਸਟੀ ਅਧੀਨ ਹਾਲੇ ਜਾਇਜ ਮੰਨਿਆਂ ਜਾਂਦਾ ਹੈ। ਜੇ ਕੋਈ ਬੱਚਾ ਗਲਤ ਕੰਮ ਕਰਦਾ ਹੈ ਤਾਂ ਸੰਸਕਾਰਾਂ ਅਤੇ ਸੰਸਕ੍ਰਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਨੂੰ ਘਰ ਦੇ ਵੱਡੇ ਵਡੇਰਿਆਂ ਜਾਂ ਮਾਪਿਆਂ ਵੱਲੋਂ ਝਿੜਕਾਂ ਦਿੱਤੇ ਜਾਣ ਨੂੰ ਜੇ ਗ਼ੁਲਾਮੀ ਕਿਹਾ ਜਾਂਦਾ ਹੈ ਤਾਂ ਹਜਾਰਾਂ ਢਾਬਿਆਂ ਉਤੇ ਲੱਖਾਂ ਬਾਲ ਮਜਦੂਰ ਰੋਜ਼ ਕਰੋੜਾਂ ਲੋਕਾਂ ਦੀਆਂ ਗਾਲ੍ਹਾਂ ਝਿੜਕਾਂ ਤੇ ਥੱਪੜ ਸਹਿਣ ਕਰਦੇ ਨੇ, ਕੀ ਉਹ ਗ਼ੁਲਾਮ ਨਹੀ.....? ਇੱਥੇ ਹੀ ਬੱਸ ਨਹੀਂ ਕਈ ਵਾਰ ਤਾਂ ਬਜੁਰਗਾਂ, ਬਿਰਧਾਂ ਅਤੇ ਸਰੀਰਕ ਕੰਮ ਕਾਰ ਤੋਂ ਨਕਾਰਾ ਮਾਪਿਆਂ ਨੂੰ ਆਪਣੀ ਔਲਾਦ ਦੇ ਹੁਕਮ ਹੇਠ ਰਹਿਣਾ ਪੈਦਾਂ ਹੈ, ਤੇ ਉਹਨਾਂ ਦੇ ਟੁੱਕ ਤੇ ਗੁਜਾਰਾ ਕਰਨ ਪੈਦਾ ਹੈ, ਕੀ ਇਹ ਗੁਲਾਮੀ ਨਹੀਂ ..? ਅੱਜੇ ਵੀ ਕਈਂਆਂ ਔਰਤਾਂ ਨੂੰ ਆਪਣੇ ਸ਼ਰਾਬੀ ਪਤੀ ਦੇ ਮੂੰਹ 'ਚੋਂ ਅਉਂਦੀ ਮੋਏ ਕੁੱਤੇ ਵਰਗੀ ਬਦਬੂ ਦੇ ਨਾਲ ਨਾਲ ਉਸਦੀਆਂ ਗਾਲ੍ਹਾਂ ਸਹਿਣੀਆਂ ਪੈਂਦੀਆਂ ਨੇ, ਕੀ ਏ ਗੁਲਾਮੀ ਨਹੀ....? ਭਾਰਤ ਦੀਆਂ ਸੜਕਾਂ ‘ਤੇ ਹਜ਼ਾਰਾਂ ਮਜਦੂਰ ਔਰਤਾਂ ਰੋੜੀ ਬੱਜਰੀ ਪਾਉਣ ਤੋਂ ਬਾਅਦ ਸ਼ਾਮ ਨੂੰ ਠੇਕੇਦਾਰਾਂ ਅੱਗੇ ਮੰਗਣ ਵਾਲਿਆਂ ਵਾਂਗ ਹੱਥ ਫੈਲਾਈ ਮਜਦੂਰੀ ਮੰਗਦੀਆਂ ਨੇ....ਕੀ ਇਹ ਗੁਲਾਮੀ ਨਹੀਂ?
ਗੁਲਾਮ ਰੱਖਣਾ ਜਾਂ ਕਿਸੇ ਨੂੰ ਗੁਲਾਮ ਸਮਝਣਾ ਭਾਵ ਕਿ ਆਪਣੀ ਹਾਉਮੈ ਨੂੰ ਪੱਠੇ ਪਾਉਣਾ, ਜਾਂ ਆਪਣੇ ਆਪ ਨੂੰ ਉਚਾ ਦਿਖਾਉਣਾ, ਆਪਣੀ ਤਾਕਤ ਅਤੇ ਆਪਣੇ ਰੋਹਬ ਨੂੰ ਦਰਸਾਉਣਾ, ਫੋਕੀ ਆਨ ਅਤੇ ਸਾਨ ਦੀ ਚਾਹਤ ਜਾਂ ਫਿਰ ਆਪਣੀ ਆਗਿਆਨਤਾ ਅਤੇ ਖੋਖਲੇਪਨ ਦਾ ਦਿਖਾਵਾ ਹੀ ਕਿਉ ਨਾ ਹੋਵੇ ਪਰ ਅਸੀ ਸਾਰੇ ਇਹਨਾਂ ਅਲਾਮਤਾਂ ਦੇ ਕਿਸੇ ਨਾ ਕਿਸੇ ਤਰ੍ਹਾਂ ਸ਼ਿਕਾਰ ਜਰੂਰ ਹਾਂ। ਝੂਠੀ ਚੋਧਰ, ਆਪਣੇ ਆਪ ਨੂੰ ਸਰਵਉੱਚ ਦਰਸਾਉਣ ਦੀ ਚਾਹਤ ਸਾਨੂੰ ਇਸ ਭਾਵਨਾ ਵੱਲ ਲਿਜਾ ਰਹੀ ਹੈ। ਅਸੀਂ ਆਪਣੀਆਂ ਖਾਹਿਸ਼ਾਂ, ਪਰਵਿਰਤੀਆਂ ਦੇ ਗੁਲਾਮ ਹਾਂ ਅਤੇ ਇਹ ਗੁਲਾਮੀ ਸਾਨੂੰ ਅਤੇ ਸਾਡੀ ਸੋਚ ਨੂੰ ਆਪਣੇ ਸ਼ਕਤੀਸ਼ਾਲੀ ਪ੍ਰਭਾਵ ਸਦਕਾ ਆਪਣੇ ਇਸ਼ਾਰਿਆਂ ਤੇ ਨਚਾਉਂਦੀ ਹੈ ਅਤੇ ਅਸੀਂ ਇਸ ਦੇ ਪ੍ਰਭਾਵ ਹੇਠ ਅੱਗੇ ਆਪਣੇ ਤੋਂ ਘੱਟ ਸ਼ਕਤੀ ਰੱਖਣ ਵਾਲੇ ਲੋਕਾਂ ਨੂੰ ਗੁਲਾਮ ਸਮਝਣ ਲੱਗ ਜਾਂਦੇ ਹਾਂ।
ਵਿਕਸਿਤ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਇਸ ਪਰਵਿਰਤੀ ਦਾ ਫੈਲਾਅ ਬਹੁਤ ਜਿਆਦਾ ਹੈ। ਕਿਉਂਕੇ ਇਥੇ ਹਰ ਕੋਈ ਆਪਣੇ ਆਪ ਨੂੰ 'ਟੁੰਡੀ ਲਾਟ' ਹੀ ਸਮਝਦਾ ਹੈ। ਅਫਸ਼ਰਸਾਹੀ ਅਤੇ ਅਤੇ ਫੋਕੀ ਸੋਚ ਦਾ ਨਸ਼ਾ ਸਾਨੂੰ ਐਸੀ ਮਾਨਸਿਕਤਾ ਵਿੱਚੋਂ ਬਾਹਰ ਨਹੀਂ ਆਉਂਣ ਦਿੰਦਾ। ਅਸੀ ਆਪਣੀ ਨੈਤਿਕ ਜਿੰਮੇਵਾਰੀ, ਦੂਜਿਆਂ ਪ੍ਰਤੀ ਹਮਦਰਦੀ ਅਤੇ ਇਕਸਾਰਤਾ ਵਾਲਾ ਰਵੀਆ ਭੁੱਲ ਕੇ ਆਪਣੀ ਝੂਠੀ ਇੰਮੇਜ ਨੂੰ ਲੋਕਾਂ ਸਾਹਮਣੇ ਵੱਧ ਚੜ ਕੇ ਦਿਖਾਉਂਣ ਦੇ ਆਦੀ ਬਣ ਚੁੱਕੇ ਹਾਂ। ਮੈਂ ਕਈ ਵਾਰੀ ਆਪਣੇ ਕਈ ਅਜੀਜਾਂ ਦੇ ਮੂੰਹੋ ਕੋਲ ਬੈਠੇ ਕਿਸੇ ਹੋਰ ਵਿਅਕਤੀ ਲਈ ਇਹ ਸ਼ਬਦ ਸੁਣੇ ਨੇ ''ਲੈ ਇਸ ਨਲਾਇਕ ਨੂੰ ਕੁਝ ਪਤਾ ਨਹੀਂ ਸੀ ਲੱਗਦਾ, ਇਸਦਾ ਸਾਰਾ ਕੰਮ ਕੱਲ ਮਿੰਟੋ ਮਿੰਟੀ ਮੈਂ ਕਰਵਾ ਦਿੱਤਾ ਅਫਸਰਾਂ ਨੂੰ ਕਹਿ ਕੇ, ਚਲਦੀ ਏ ਆਪਣੀ ਬੜੀ....‘‘ ਇਸ ਫਿਕਰੇ ਨਾਲ ਹੀ ਉਹ ਵਿਅਕਤੀ ਜਿਸ ਲਈ ਇਹ ਬੋਲ ਕਹੇ ਗਏ ਹੁੰਦੇ ਨੇ ਉਸ ਨੂੰ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਉਹ ਉਸ ਵਿਅਕਤੀ ਦਾ ਗੁਲਾਮ ਬਣ ਗਿਆ ਹੋਵੇ ਤੇ ਸਾਰੀ ਜਿੰਦਗੀ ਉਸਦੇ ਅਹਿਸਾਨਾਂ ਦਾ ਬਦਲਾ ਨਾ ਚੁਕਾ ਸਕਦਾ ਹੋਵੇ। ਇਸੇ ਤਰ੍ਹਾਂ ਮੇਰਾ ਇੱਕ ਦੋਸਤ ਕੁੱਤੇ ਰੱਖਣ ਦਾ ਸ਼ੌਕੀਨ ਹੈ, ਮੈਂ ਇੱਕ ਦਿਨ ਉਸਨੂੰ ਕਿਹਾ ਕਿ ਤੂੰ ਇਹਨਾ ਨੂੰ ਗੁਲਾਮ ਬਣਾ ਕਿ ਰੱਖਿਆ ਹੈ, ਤੂੰ ਉਸਨੂੰ ਹੁਕਮ ਦਿੰਦਾ ਹੈਂ ਬੈਠ ਜਾ ਤੇ ਉਹ ਬੈਠ ਜਾਂਦਾ ਹੈ ਜੇ ਕਹਿੰਦਾ ਹੈਂ ਕਿ ਉਠ ਤੇ ਉਹ ਉਠ ਜਾਂਦਾ ਹੈ, ਇਹ ਤੇਰੀ ਹਉਮੇ ਦਾ ਪ੍ਰਗਟਾਵਾ ਹੁੰਦਾ ਹੈ ਦੂਜਿਆਂ ਸਾਹਮਣੇ। ਇਹ ਗੱਲ ਸੁਣ ਕੇ ਉਸਨੇ ਮੈਨੂੰ ਅੱਗੋਂ ਇਹ ਜਵਾਬ ਦਿੱਤਾ ''ਜੋ ਲੋਕ ਆਪ ਰੋਟੀ ਨੂੰ ਤਰਸਦੇ ਹੋਣ ਉਹ ਇਹ ਨਹੀ ਪਾਲ ਸਕਦੇ, ਸਗੋਂ ਲੋਕਾਂ ਨੂੰ ਦੇਖ ਕੇ ਸੜੀ ਜਾਣਗੇ‘‘ ਦੱਸੋ ਇਹ ਕੀ ਗੱਲ ਹੋਈ ਭਲਾ? ਮੇਰੇ ਖਿਆਲ ਵਿੱਚ ਕੁੱਤੇ ਪਾਲਣਾ ਕੋਈ ਜਾਨਵਰਾਂ ਪ੍ਰਤੀ ਪਿਆਰ ਨਹੀਂ ਦਰਸਾਉਂਦਾ ਸਗੋਂ ਅਮੀਰੀ ਦਾ ਦਿਖਾਵਾ, ਰਈਸਾਂ ਵਾਲੇ ਸ਼ੌਕਾਂ ਦਾ ਪ੍ਰਗਟਾਵਾ ਹੀ ਕਿਹਾ ਜਾ ਸਕਦਾ ਹੈ। ਅੱਜ ਵੀ ਹਜਾਰਾਂ ਲੋਕ ਬਿਨਾ ਛੱਤ ਦੇ ਆਪਣੀ ਜਿੰਦਗੀ ਬਸਰ ਕਰਨ ਲਈ ਮਜਬੂਰ ਨੇ, ਭਾਰਤ ਵਿੱਚ ਅਨੇਕਾਂ ਗਰੀਬ ਭੁੱਖੇ ਢਿੱਡ ਸੜਕਾਂ ਕਿਨਾਰੇ ਜਿੰਦਗੀ ਜੀਅ ਰਹੇ ਨੇ। ਅਫਰੀਕਾ ਵਰਗੇ ਕਈਂ ਦੇਸ ਕੁਪੋਸਨ ਦਾ ਸ਼ਿਕਾਰ ਨੇ, ਤੇ ਅਸੀਂ ਕੁੱਤਿਆਂ ਦੀ ਖੁਰਾਕ ਤੇ ਲੱਖਾ ਰੁਪੈ ਹਰ ਸਾਲ ਬਰਬਾਦ ਕਰ ਦਿੰਦੇ ਹਾਂ।
ਗਰੀਬ ਲੋਕ ਜੇਕਰ ਕੋਈ ਜਾਨਵਰ ਪਾਲ ਲੈਣ ਤਾਂ ਜਾਨਵਰ ਹੀ ਬੇਇਜਤੀ ਕਰੀ ਜਾਣਗੇ । ਇੱਕ ਵਾਰੀ ਕਿਸੇ ਗਰੀਬ ਨੇ ਤੋਤਾ ਪਾਲ ਲਿਆ, ਸ਼ਾਮ ਨੂੰ ਥੱਕ ਟੁੱਟ ਕੇ ਆਏ ਨੇ ਪੁਛਿਆ, ''ਗੰਗਾ ਰਾਮ ਚੂਰੀ ਖਾਣੀ ਏਂ‘‘ ਤੋਤੇ ਨੇ ਅੱਗੋਂ ਝੱਟ ਜਵਾਬ ਦਿੱਤਾ, ''ਸਾਲਿਆ ਕਦੀ ਆਪ ਖਾਧੀ ਊ‘‘ ਸੋ ਪੈਸੇ ਪ੍ਰਤੀ ਸਾਡੀ ਦੌੜ ਵੀ ਸਾਨੂੰ ਗੁਲਾਮ ਰੱਖਣ ਲਈ ਪ੍ਰੇਰਿਤ ਕਰਦੀ ਹੈ। ਅਸੀਂ ਸਾਰੇ ਹੀ ਚਾਹੁੰਦੇ ਹਾਂ ਸਾਡੇ ਨੋਕਰ ਚਾਕਰ ਹੋਣ ਜੋ ਹਰ ਵਕਤ ਸਾਡੀ ਟਹਿਲ ਸੇਵਾ ਵਿੱਚ ਲੱਗੇ ਰਹਿਣ ਅਤੇ ਜਦ ਕੋਈ ਸਾਡੇ ਘਰੇ ਆਏ ਅਸੀਂ ਉਹਨਾਂ ‘ਤੇ ਰੋਹਬ ਝਾੜ ਕੇ ਆਪਣੀ ਹੈਸੀਅਤ ਦਾ ਮੁਜਾਹਰਾ ਕਰ ਸਕੀਏ। ਇਹ ਸਭ ਕੁਝ ਸਾਡੀ ਬਿਮਾਰ ਸੋਚ ਅਤੇ ਮਾਨਸਿਕਤਾ ਦੇ ਕਾਰਨ ਹੀ ਹੈ।
ਲੋੜ ਹੈ ਆਪਣੇ ਆਪ ਨੂੰ ਬਦਲਣ ਦੀ, ਸਮਰਪਣ ਦੀ ਭਾਵਨਾ ਆਪਣੇ ਅੰਦਰ ਪੈਦਾ ਕਰਨ ਦੀ। ਨਿਮਰਤਾ ਬਿਨਾ ਅਸੀਂ ਚੰਗਾ ਵਿਵਹਾਰ ਨਹੀ ਕਰ ਸਕਦੇ। ਜੇਕਰ ਅਸੀ ਚਾਹੁੰਦੇ ਹਾਂ ਕਿ ਲੋਕ ਸਾਡੀ ਇੱਜਤ ਅਤੇ ਮਾਨ ਕਰਨ ਤਾਂ ਸਾਨੂੰ ਵੀ ਉਹਨਾਂ ਨੂੰ ਉਹਨਾਂ ਪ੍ਰਤੀ ਬਣਦਾ ਮਾਨ ਸਤਿਕਾਰ ਦੇਣਾ ਪਵੇਗਾ। ਭਾਵੇਂ ਕੋਈ ਗਰੀਬ ਹੋਵੇ ਜਾਂ ਅਮੀਰ ਸਾਰਿਆਂ ਨੂੰ ਸਿਰਫ ਇਨਸਾਨ ਸਮਝਣ ਵਾਲਾ ਆਦਮੀ ਕਦੀ ਗੁਲਾਮ ਨਹੀਂ ਹੋ ਸਕਦਾ ਅਤੇ ਨਾ ਹੀ ਕਦੀ ਗੁਲਾਮ ਰੱਖਣ ਦੀ ਸੋਚ ਸਕਦਾ ਹੈ। ਇਸ ਲਈ ਦ੍ਰਿੜ ਇਰਾਦੇ, ਨਰੋਈ ਸੋਚ, ਉਚੇ ਅਤੇ ਅਜ਼ਾਦ ਵਿਚਾਰਾਂ ਦੀ ਲੋੜ ਹੈ। ਜੇਕਰ ਅਸੀ ਚਾਹੁੰਦੇ ਆਂ ਕਿ ਸਾਡਾ ਮੁਲਕ ਫਿਰ ਤੋਂ ਸੋਨੇ ਦੀ ਚਿੜੀ ਕਹਿਲਾਏ ਤਾਂ ਇਸ ਵਿੱਚ ਸਾਨੂੰ ਵੀ ਤਾਂ ਕੁੱਝ ਸੋਨਾ ਲਾਉਣਾ ਪਵੇਗਾ ਨਾ.....! ਕੀ ਸਮਝੇ....?

*****

ਰੋਜ਼ੀ ਸਿੰਘ

Thursday, August 7, 2008

ਲਾਚਾਰੀ ਦੇ ਪਰਛਾਵੇਂ ਹੇਠ

ਮੀਂਹ ਪੈ ਕੇ ਹਟਿਆ ਸੀ। ਭਾਦੋਂ ਦੇ ਮਹੀਨੇ ਥੋੜਾ ਜਿਹਾ ਮੀਂਹ ਪੈਣ ਪਿਛੋਂ ਗਰਮੀ ਡਾਡੀ ਹੋ ਜਾਂਦੇ ਏ। ਮਜਦੂਰਾਂ ਦੀ ਰੋਜਾਨਾ ਬੈਠਣ ਵਾਲੀ ਥਾਂ ਤੇ ਕਾਫੀ ਭੀੜ ਹੁੰਦੇ ਏ। ਸ਼ਹਿਰਾਂ ਦੇ ਮਜਦੂਰਾਂ ਦੇ ਨਾਲ ਨਾਲ ਪਿੰਡਾਂ ਦੇ ਮਜਦੂਰ ਲੋਕ ਵੀ ਹੁਣ ਉਸ ਜਗ੍ਹਾ ਤੇ ਇਕੱਠੇ ਹੋਣ ਲੱਗ ਪਏ ਸਨ। ਅੱਜ ਕੱਲ ਪਿੰਡਾਂ ਵਿੱਚ ਲੋਕ ਵਿਹਲੇ ਜੋ ਹੁੰਦੇ ਨੇ, ਝੋਨੇ ਚੋਂ ਨਦੀਨ ਕੱਢਣ ਦਾ ਕੰਮ ਵੀ ਖਤਮ ਹੋ ਚੁੱਕਾ ਏ। ਜਿੰਮੀਦਾਰ ਲੋਕ ਦੁਪਿਹਰ ਵੇਲੇ ਕਿਸੇ ਰੁੱਖ ਦੀ ਛਾਂ ਹੇਠ ਬੈਠੇ ਤਾਸ਼ ਪਏ ਖੇਡਦੇ ਨੇ ਤੇ ਜਾਂ ਫਿਰ ਬਾਰਾਂ ਟਹਿਣੀ ਤੇ ਕੁਝ ਲੋਕ ਸੌਂ ਕੇ ਵਕਤ ਪਏ ਟਪਾਉਂਦੇ ਨੇ। ਪਰ ਗਰੀਬ ਤੇ ਮਾੜੇ ਲੋਕ ਸਵੇਰ ਤੋਂ ਹੀ ਸ਼ਹਿਰ ਵੱਲ ਟੁਰ ਪੈਂਦੇ ਨੇ ਮਜਦੂਰੀ ਲਈ ਤੇ ਜਾਂ ਫਿਰ ਕੁਝ ਸਾਇਕਲ ਤੇ ਕਿਸੇ ਨਾ ਕਿਸੇ ਚੀਜ ਦਾ ਫੇਰਾ ਲਾ ਆਉਂਦੇ ਨੇ ਤੇ ਸਾਰਾ ਦਿਨ ਟੁਰ ਟੁਰ ਕੇ ਚੀਜਾਂ ਵੇਚਦਿਆਂ ਸ਼ਾਮ ਤੱਕ ਉਹਨਾਂ ਦੇ ਹੱਡ ਦੁੱਖਣ ਲੱਗ ਜਾਦੇ ਨੇ। ਮਜਦੂਰ ਯੂਨੀਅਨ ਵਿੱਚ ਸਵੇਰੇ ੭ ਵਜੇ ਤੋਂ ਹੀ ਮਜਦੂਰ ਇਕੱਠੇ ਹੋਣ ਲੱਗ ਜਾਂਦੇ ਨੇ। ਸ਼ਹਿਰ ਵਿੱਚ ਅੱਡੇ ਤੋਂ ਥੋਹੜਾ ਜਿਹਾ ਅੱਗੇ ਆ ਕੇ ਬਜਾਰ ਵਿੱਚ ਇੱਕ ਚੌਕ ਦੇ ਲਾਗੇ ਚਾਗੇ ਦੀਆਂ ਦੁਕਾਨਾ ਦੇ ਥੜਿਆਂ ਤੇ ਰੋਜ ਹੀ ਮਜਦੂਰ ਬੈਠੇ ਪਏ ਨਜਰ ਆਉਦੇ ਨੇ। ਬਜਾਰ ਦੇ ਲਹਿੰਦੇ ਵੱਲ ਦੁਕਾਨਾ ਦੇ ਸਾਹਮਣੇ ਇੱਕ ਲੰਬੀ ਕੰਧ ਏ ਜਿਸ ਵਿੰਚ ਨਾਂ ਕੋਈ ਬੂਹਾ ਏ ਤੇ ਨਾ ਈ ਕੋਈ ਬਾਰੀ ਏ। ਕੰਧ ਦਾ ਪਰਛਾਵਾਂ ਗਿਆਰਾਂ ਸਾਡੇ ਗਿਆਰਾਂ ਵਜੇ ਤੱਕ ਬਜਾਰ ਵੱਲ ਪੈਂਦਾ ਏ, ਜਿਥੇ ਕਈ ਮਜਦੂਰ ਛਾਂ ਦਾ ਸਹਾਰਾ ਲਈ ਬੈਠ ਜਾਂਦੇ ਨੇ, ਜਿਨਾਂ ਵਿੱਚੋਂ ਬਹੁਤ ਸਾਰੇ ਦਿਹਾੜੀ ਮਿਲਣ ਤੇ ਆਪਣੇ ਕੰਮ ਤੇ ਚਲੇ ਜਾਂਦੇ ਨੇ ਤੇ ਕੁਝ ਤਾਂ ਠੇਕੇਦਾਰਾਂ ਨਾਲ ਪੱਕੇ ਹੀ ਲੱਗੇ ਹੁੰਦੇ ਨੇ, ਪਰ ਕੁਝ ਨੂੰ ਦਿਹਾੜੀ ਨਾ ਮਿਲਣ ਤੇ ਬਾਰਾਂ ੳਜੇ ਤੱਕ ਉਥੇ ਹੀ ਬੈਠਣਾ ਪੈਂਦਾ ਏ। ਗਰੀਬੀ ਹੱਥੋਂ ਤੰਗ ਵਿਚਾਰੇ ਉਡੀਕਦੇ ਰਹਿੰਦੇ ਨੇ ਕੇ ਕੋਈ ਅੱਧੀ ਦਿਹਾੜੀ ਤੇ ਹੀ ਲੈ ਜਾਵੇ, ਪਰ ਅਜਿਹਾ ਨਾ ਹੋਣ ਤੇ ਉਹਨਾ ਨੂੰ ਨਿਰਾਸ਼ ਘਰ ਪਰਤਨਾ ਪੈਂਦਾ ਹੈ। ਤੇ ਸ਼ਾਇਦ ਆਪਣੇ ਬੱਚਿਆਂ ਦੇ ਨਾਲ ਆਪ ਵੀ ਭੁੱਖੇ ਢਿੱਡ ਸੌਣਾ ਪੈਂਦਾ ਹੈ।
ਕੰਧ ਤੋਂ ਅਗਲੇ ਪਾਸੇ ਵਿਹਲੀ ਜਗ੍ਹਾ ਤੇ ਉਹਨਾ ਦੇ ਸਾਈਕਲ ਖੜੇ ਹੁੰਦੇ ਨੇ। ਇਹਨਾ ਵਿੱਚੋ ਬਹੁਤੇ ਸਾਇਕਲਾਂ ਦੇ ਮਡਗਾਰਡ ਵੀ ਨਹੀਂ ਨਹੀ ਹੁੰਦੇ ਅਤੇ ਇਹ ਸਾਇਕਲ ਦੁਰੋਂ ਹੀ ਉਹਨਾ ਦੀ ਗਰੀਬੀ ਤੇ ਲਾਚਾਰੀ ਦਾ ਮੁਜਾਹਰਾ ਪਏ ਕਰ ਰਹੇ ਹੁੰਦੇ ਨੇ। ਇਹਨਾ ਸਾਇਕਲਾਂ ਵਿੱਚ ਬਹੁਤਿਆਂ ਦੇ ਹੈਂਡਲ ਨਾਲ ਇਕ ਝੋਲਾ ਪਿਆ ਲਮਕਦਾ ਹੁੰਦਾ ਏ ਜੋ ਸ਼ਕਲ ਤੋ ਕੁਝ ਮੈਲਾ ਲਗਦਾ ਏ, ਝੋਲੋ ਵਿੱਚ ਕੰਮ ਵੇਲੇ ਪਾਉਣ ਵਾਲੇ ਕੱਪੜੇ ਤੇ ਪੋਣੇ ਵਿੱਚ ਬੱਝੀਆਂ ਰੋਟੀਆਂ ਹੁੰਦੀਆਂ ਨੇ। ਕੁਝ ਇੱਕ ਸਾਇਕਲਾਂ ਦੇ ਡੰਡੇ ਨਾਲ ਟਿਫਨ ਹੁੰਦਾ ਏ ਅਤੇ ਉਹਨਾ ਦੇ ਮਡਗਾਰਡ ਵੀ ਹੁੰਦੇ ਨੇ । ਅੱਜ ਚੋਥਾ ਦਿਨ ਏ, ਕੰਧ ਦੇ ਸਾਹਮਣੇ ਵਾਲੀ ਦੁਕਾਨ ਵਾਲੇ ਨੋ-ਜਵਾਨ ਨੇ ਵੇਖਿਆ ਕੇ ਉਹ ਐਨਕਾਂ ਵਾਲਾ ਬੁੱਢਾ ਅੱਜ ਫਿਰ ਬਾਰਾਂ ਵਜੇ ਤੱਕ ਉਥੇ ਹੀ ਕੰਧ ਨਾਲ ਢੋਅ ਲਾਈ ਛੋਟੇ ਹੁੰਦੇ ਜਾਂਦੇ ਪਰਛਾਵੇ ਦੀ ਛਾਵੇਂ ਕੰਧ ਦੇ ਨਾਲ ਲੱਗੀ ਬੈਠਾ ਏ।
ਉਸ ਦੀ ਨਜ਼ਰ ਖਾਸੀ ਘੱਟ ਪਈ ਲਗਦੀ ਏ ਤੇ ਉਸ ਦੀਆਂ ਐਨਕਾਂ ਬੜੀਆਂ ਮੋਟੀਆਂ ਨੇ। ਦਾਹੜੀ ਵਿੱਚ ਕੋਈ ਕੋਈ ਵਾਲ ਅਜੇ ਕਾਲਾ ਏ। ਗਲ ਪਾਈ ਕਮੀਜ ਅਤੇ ਸਾਇਕਲ ਨਾਲ ਟੰਗੀ ਕੰਮ ਵੇਲੇ ਪਾਉਣ ਵਾਲੀ ਕਮੀਜ ਵਿੱਚ ਕੋਈ ਜਿਆਦਾ ਫਰਕ ਨਹੀ ਸੀ। ਜੁੱਤੀ ਦੇ ਅਗਲੇ ਪਾਸਿਓਂ ਪੈਰਾਂ ਦੇ ਅੰਗੂਠੇ ਬਾਹਰ ਦਿਸ ਰਹੇ ਨੇ। ਉਸ ਦੇ ਮੂੰਹ ਵਿੱਚ ਸਿਰਫ ਅੱਗੇ ਅੱਗੇ ਹੀ ਤਿੰਨ ਚਾਰ ਮੈਲੇ ਜਿਹੇ ਦੰਦ ਨੇ । ਸਰੀਰ ਪੱਖੋਂ ਵੀ ਕੁਝ ਮਾੜਾ ਹੀ ਏ। ਅੱਜ ਚੋਥੇ ਦਿਨ ਵੀ ਉਸ ਨੂੰ ਦਿਹਾੜੀ ਨਹੀ ਸੀ ਮਿਲੀ। ਨਿਰਾਸ਼ਤਾ ਦੀਆਂ ਝਲਕਾਂ ਉਸ ਦੀਆਂ ਝੁਰਰੀਆਂ ਵਿੱਚੋ ਸਾਫ ਦਿਸ ਰਹੀਆਂ ਨੇ। ਉਂਵੇ ਤਾਂ ਉਸ ਤੋਂ ਵੀ ਉਮਰ ਦੇ ਬਜੁਰਗ ਮਜਦੂਰ ਉਥੇ ਹੁੰਦੇ ਨੇ, ਪਰ ਸ਼ਇਦ ਉਸ ਦੀਆਂ ਮੋਟੀਆਂ ਮੋਟੀਆਂ ਐਨਕਾਂ ਜਾਂ ਸਰੀਰ ਤੋਂ ਮਾੜਾ ਹੋਣ ਕਾਰਕੇ ਕੋਈ ਉਸਨੂੰ ਕੰਮ ਤੇ ਨਹੀ ਸੀ ਖੜਦਾ। ਭਾਵੇਂ ਉਹ ਜਵਾਨ ਮਜਦੂਰਾਂ ਨਾਲੋਂ ਜਿਆਦਾ ਕੰਮ ਕਿਉਂ ਨਾ ਕਰਦਾ ਹੋਵੇ। ਹਰ ਰੋਜ਼ ਉਹ ਉਥੇ ਬੈਠ ਕੇ ਚਲਾ ਜਾਂਦਾ। ਇਹ ਗਰੀਬੀ, ਲਾਚਾਰੀ ਤੇ ਕਮਜੋਰੀ ਪਤਾ ਨਹੀਂ ਸ਼ਾਇਦ ਸਕੀਆਂ ਭੈਣਾ ਹੁੰਦੀਆਂ ਨੇ, ਤੇ ਉਤੋਂ ਰੱਬ ਸੂਰਤ ਦੇਣ ਲੱਗਿਆਂ ਵੀ ਗਰੀਬਾਂ ਨਾਲ ਮਜਾਕ ਈ ਕਰ ਦਿੰਦਾ ਏ, ਦੁਕਾਨ ਵਾਲੇ ਮੁੰਡੇ ਨੇ ਮੰਨ ਵਿੱਚ ਸੋਚਿਆ।
ਅੱਜ ਉਹ ਡਾਢਾ ਬੇ-ਚੈਨ ਪਿਆ ਲਗਦਾ ਏ। ਜਦੋਂ ਵੀ ਕੋਈ ਬੰਦਾ ਮਜਦੂਰ ਲੈਣ ਲਈ ਆਉਂਦਾ ਤਾਂ ਉਹ ਕਾਹਲੀ ਨਾਲ ਉਸ ਵੱਲ ਵਧਦਾ, ਪਰ ਉਹ ਉਸ ਨੂੰ ਅਣਦੇਖਿਆ ਕਰਕੇ ਕਿਸੇ ਜਵਾਨ ਮਜਦੂਰ ਨੂੰ ਲੈ ਜਾਂਦਾ। ਉਹ ਖਲੋਤਾ ਹੀ ਕਦੀ ਏਦਰ ਜਾਂਦਾ ਤੇ ਕਦੀ ਉਧਰ। ਉਸ ਦੇ ਅੰਦਰ ਕੋਈ ਯੁਧ ਪਿਆ ਛਿੜਿਆ ਲਗਦਾ। ਝੱਲਿਆਂ ਵਾਂਗੂੰ ਉਹ ਆਪਣੀ ਕਿਸਮਤ ਨੂੰ ਕੋਸਦਾ ਪਿਆ ਲਗਦਾ। ਹੁਣ ਯੂਨੀਅਨ ਵਿੱਚ ਬਹੁਤ ਘੱਟ ਮਜਦੂਰ ਰਹਿ ਗਏ ਸਨ, ਬਾਕੀ ਸਾਰੇ ਕੰਮ ਤੇ ਜਾ ਚੁੱਕੇ ਨੇ ਤੇ ਜਾਂ ਫਿਰ ਗਾਹਕਾਂ ਨੂੰ ਉਡੀਕ ਉਡੀਕ ਕੇ ਘਰ ਪਰਤ ਗਏ ਨੇ। ਉਹ ਕੁਝ ਹੋਰ ਮਜਦੂਰਾਂ ਦੀ ਤਰ੍ਹਾਂ ਸੁੰਗੜਦੇ ਜਾਂਦੇ ਕੰਧ ਦੇ ਪਰਛਾਵੇਂ ਨਾਲ ਲੱਗ ਕੇ ਬੈਠ ਗਿਆ। ਸਾਢੇ ਗਿਆਰਾਂ ਵੱਜ ਚੁੱਕੇ ਨੇ। ਉਸ ਦੇ ਬਾਕੀ ਸਾਰੇ ਸਾਥੀ ਜਾ ਚੁੱਕੇ ਸੀ। ਉਹ ਕਿੰਨੀ ਦੇਰ ਉਥੇ ਬੈਠਾ ਰਿਹਾ। ਹੁਣ ਕੰਧ ਦਾ ਪਰਛਾਵਾਂ ਹੋਰ ਛੋਟਾ ਹੋ ਚੁੱਕਾ ਏ। ਉਸ ਨੇ ਆਪਣਾ ਸਾਇਕਲ ਆਪਣੇ ਕੋਲ ਖੜਾ ਕਰਕੇ ਝੋਲੇ ਵਿੱਚੋਂ ਰੋਟੀਆਂ ਵਾਲਾ ਪੋਣਾ ਖੋਲਿਆ। ਪੋਣਾ ਆਪਣੇ ਅੱਗੇ ਰੱਖ ਕੇ ਅਜੇ ਉਸ ਨੇ ਪਹਿਲੀ ਬੁਰਕੀ ਮੁੰਹ ਵਿੱਚ ਪਾਈ ਸੀ ਕੇ ਉਸ ਨੂੰ ਆਪਣੇ ਘਰ ਦਾ ਖਿਆਲ ਆ ਗਿਆ। ਉਹ ਬੁੱਤ ਬਣੀ ਸੋਚਣ ਲੱਗ ਪਿਆ। ਕੀ ਮਿਲਿਆ ਸੀ ਉਸ ਨੂੰ ਸਾਰੀ ਜਿੰਦਗੀ, ਗਰੀਬੀ, ਬਦਕਿਸਮਤੀ, ਤਲਖੀਆਂ ਭਰੀ ਹਰ ਸ਼ਾਮ, ਹਰ ਸਵੇਰ। ਤਰਲਿਆਂ ਤੇ ਲਾਚਾਰੀ ਦੇ ਪਰਛਾਵੇਂ ਹੇਠ ਬਿਤਾਈ ਏ ਉਸਨੇ ਸਾਰੀ ਹਯਾਤੀ। ਸਖਤ ਮਿਹਨਤ ਤੇ ਮੁਸ਼ੱਕਤ ਦੇ ਬਾਵਜੂਦ ਵੀ ਭਰ ਪੇਟ ਰੋਟੀ ਨਸੀਬ ਨਹੀ। ਉਸ ਸੋਚਿਆ ਕੇ ਉਸ ਨਾਲੋਂ ਤਾਂ ਅਮੀਰ ਲੋਕਾਂ ਦੇ ਕੁੱਤੇ ਚੰਗੇ ਨੇ, ਚੰਗਾ ਖਾਂਦੇ ਨੇ ਤੇ ਕਾਰਾਂ ਵਿੱਚ ਘੁੰਮਦੇ ਨੇ। ਫਿਰ ਉਸਨੂੰ ਯਾਦ ਆਇਆ ਕਿ ਅੱਜ ਤਾਂ ਇਹ ਸੁੱਕੀਆਂ ਰੋਟੀਆਂ ਉਸਦੇ ਅੱਗੇ ਨੇ, ਕੱਲ ਨੂੰ ਤਾਂ ਸ਼ਾਇਦ ਇਹ ਵੀ ਨਸੀਬ ਨਾ ਹੋਣ।
ਉਸ ਨੂੰ ਯਾਦ ਆਇਆ ਕੇ ਉਸ ਦੀ ਘਰਵਾਲੀ ਨੇ ਅੱਜ ਆਪਣੇ ਹਿਸੇ ਦੀਆਂ ਦੋ ਰੋਟੀਆਂ ਉਸ ਨੂੰ ਪੋਣੇ ਵਿੱਚ ਬੰਨ੍ਹ ਕੇ ਦਿਤੀਆਂ ਸਨ ਤੇ ਆਖਿਆ ਸੀ ਕੇ ਸ਼ਾਮ ਨੂੰ ਆਟਾ ਲੈ ਆਉਣਾ। ਉਸ ਨੂੰ ਯਾਦ ਆਇਆ ਕੇ ਅਚਾਰ ਵਾਲੇ ਕੁੱਜੇ ਵਿੱਚ ਬਚੀ ਆਖਰੀ ਫਾੜੀ ਤਾਂ ਉਹ ਅੱਜ ਲੈ ਆਇਆ ਸੀ। ਮਜਦੂਰੀ ਨਾ ਮਿਲਣ ਕਰਕੇ ਹੁਣ ਕੱਲ੍ਹ ਦੀਆਂ ਰੋਟੀਆਂ ਦਾ ਜੋਗਾੜ ਕੌਣ ਕਰੇਗਾ ਇਹ ਸੋਚਦੇ ਸੋਚਦੇ ਉਸਦੇ ਮੁੰਹ ਵਿੱਚ ਪਈ ਰੋਟੀ ਦੀ ਪਹਿਲੀ ਗਰਾਹੀ ਸੰਘ ਵਿੱਚ ਹੀ ਅਟਕ ਗਈ । ਉਸਦੇ ਗਲੇਡੂ ਨਿਕਲ ਆਏ, ਉਹ ਭੁਆਂਟਨੀ ਖਾ ਕੇ ਬੈਠਾ ਬੈਠਾ ਰੁੜਕ ਗਿਆ। ਆਸ ਪਾਸ ਦੇ ਦੁਕਾਨਦਾਰਾਂ ਨੇ ਉਸ ਨੂੰ ਚੁੱਕ ਕੇ ਡਾਕਟਰ ਕੋਲ ਖੜਿਆ। ਉਹ ਬੇ-ਸੁਰਤੀ ਵਿੱਚ ਬੜਬੜਾ ਰਿਹਾ ਸੀ, ਮਜਦੂਰੀ......ਮਜਦੂਰੀ.....? ਆਟਾ.....ਆਟਾ... ਅਚਾਰ....ਚਾਰ...!!


*******

Wednesday, November 21, 2007

ਦੋ ਗੁੱਤਾਂ (ਕਹਾਣੀ)

ਭਲਾ ਇੰਝ ਵੀ ਕਦੀ ਹੋਇਆ ਏ, ਬਈ ਕੋਈ ਤਰਸ ਦੇ ਅਧਾਰ ‘ਤੇ ਕਿਸੇ ਨੂੰ ਦਿਲ ਦੇ ਦੇਵੇ। ਬੜੀ ਅਜੀਬ ਏ ਇਹ ਗੱਲ । ਤਰਸ ਖਾ ਕੇ ਕੋਈ ਕਿਸੇ ਨੂੰ ਰੋਟੀ ਖੁਆ ਸਕਦਾ ਏ, ਪੈਸੇ ਦੇ ਸਕਦਾ ਏ ਤੇ ਉਸ ਨੂੰ ਨੋਕਰੀ ਤੇ ਰੱਖ ਸਕਦਾ ਏ, ਪਰ ਇਹ ਕੀ ਗੱਲ ਹੋਈ ਬਈ ਤਰਸ ਖਾ ਕੇ ਕੋਈ ਆਪਣਾ ਦਿਲ ਕਿਸੇ ਨੂੰ ਦੇ ਦੇਵੇ, ਕੋਝੀ ਜਹੀ ਗੱਲ ਏ ਇਹ।
ਖੌਰੇ ਕੋਣ ਪਿਆ ਦੱਸਦਾ ਸੀ ਉਸ ਜੰਗਲੀ ਜਹੇ ਬੰਦੇ ਦੀ ਗੱਲ। ਆਖਦਾ ਪਿਆ ਸੀ ਕਿ ਉਹ ਜੰਗਲੀ ਜਿਹਾ ਬੰਦਾ ਬੜਾ ਅਜੀਬ ਪਿਆ ਲਗਦੈ। ਉਹ ਢਾਬੇ ਦਾ ਕੰਮ ਕਰਦਾ ਏ, ਤੇ ਮੁਰਗੇ ਤਲਣ ਵੇਲੇ ਜਿਹੜਾ ਧੂੰਆ ਉਠਦਾ, ਉਹ, ਉਸ ਦੇ ਕਾਲੇ ਰੰਗ ਦੇ ਚਿਹਰੇ ‘ਤੇ ਵਿਛਦਾ ਜਾਂਦਾ । ਉਸ ਦੀਆਂ ਅੱਖਾਂ ਅੰਦਰ ਨੂੰ ਧੱਸੀਆਂ ਹੋਈਆਂ ਨੇ । ਸ਼ਕਲ ਇਸ ਤਰਾਂ ਦੀ ਏ ਕੇ ਵੇਖ ਕੇ ਕਚਿਆਣ ਆਣ ਲੱਗ ਜਾਂਦੀ ਏ, ਤੇ ਬੰਦਾ ਦੂਜੇ ਪਾਸੇ ਮੂੰਹ ਫੇਰਨ ਲਈ ਮਜਬੂਰ ਹੋ ਜਾਂਦਾ ਹੈ । ਖੂਰੇ ਉਸ ਦੇ ਢਾਬੇ ਤੇ ਆਉਦੇ ਗਾਹਕ ਉਸ ਦੀ ਸ਼ਕਲ ਦੀ ਮਜੂਦਗੀ ਵਿੱਚ ਕਿਵੇਂ ਮੁਰਗੇ ਦੀਆਂ ਤਲੀਆਂ ਟੰਗਾਂ ਖਾਈ ਜਾਂਦੇ ਨੇ । ਕਾਲਾ ਕਲੂਟਾ, ਜੰਗਲੀ । ਗਾਹਕਾਂ ਵਿੱਚੋਂ ਰੋਜ ਆਉਣ ਵਾਲੇ ਬੰਦੇ ਉਸ ਨੂੰ ਕਦੀ ਕਦੀ ਸ਼ਰਾਬ ਵੀ ਪਿਲਾ ਦਿੰਦੇ ਜਿਹੜੀ ਉਹਨਾਂ ਕੋਲੋਂ ਬਚ ਜਾਂਦੀ ।
ਉਂਝ ਉਸਦਾ ਢਾਬਾ ਚਲਦਾ ਬਹੁਤ ਏ । ਸ਼ਾਮ ਨੂੰ ਉਸ ਨੂੰ ਸਿਰ ਖੁਰਕਣ ਦੀ ਵਿਹਲ ਨਾ ਹੁੰਦੀ। ਸਿਰ- ਉਫ, ਜਦੋਂ ਉਸ ਦੇ ਸਿਰ ਵੱਲ ਧਿਆਨ ਜਾਂਦੈ ਤਾਂ ਇਝ ਲਗਦੈ ਪਈ ਉਹ ਪਤਾ ਨਹੀਂ ਕਿਨੀ ਦੇਰ ਦਾ ਨਹਾਤਾ ਹੀ ਨਾ ਹੋਵੇ । ਪੈਰਾਂ ਦੀਆਂ ਅੱਡੀਆਂ ਅਤੇ ਗਿੱਟਿਆਂ ‘ਤੇ ਮੈਲ ਦੀ ਇਕ ਮੋਟੀ ਪਰਤ ਜੰਮੀ ਪਈ ਏ। ਭੱਠੀ ਦੇ ਸੇਕ ਨਾਲ ਉਸ ਦਾ ਕਾਲਾ ਚਿਕਣਾਂ ਚਿਹਰਾ ਹੋਰ ਵੀ ਜਿਆਦਾ ਚਮਕਣਾ ਤੇ ਡਰਾਉਣਾ ਪਿਆ ਲਗਦਾ ਏ। ਘੋਗੜ ਕਾਂ ਵਰਗੀ ਉਸ ਦੀ ਅਵਾਜ ਹੋਰ ਵੀ ਜਿਆਦਾ ਡਰਾਉਣੀ ਏ । ਮੁੰਹ ‘ਤੇ ਹਮੇਸਾਂ ਗੰਦੀਆਂ ਗੰਦੀਆਂ ਗਾਲਾਂ । ਵਹਿਸ਼ੀਆਂ ਵਾਂਗੂੰ ਉਹ ਬਜਾਰ ਵਿੱਚ ਹਰ ਆਉਦੇ ਜਾਂਦੇ ਨੂੰ ਅੱਖਾਂ ਪਾੜ ਪਾੜ ਕੇ ਵੇਖਦਾ ਤੇ ਨਾਲੋ ਨਾਲ ਤੇਲ ਵਾਲੀ ਕੜਾਹੀ ਵਿੱਚ ਮਾਸ ਪਿਆ ਤਲਦਾ ਰਹਿੰਦਾ ।
ਜਿਥੇ ਉਹ ਰਹਿੰਦਾ ਸੀ ਉਸ ਦੇ ਸਾਹਮਣੇ ਵਾਲੇ ਖਾਲੀ ਪਏ ਮਕਾਨ ਵਿੱਚ ਨਵੇਂ ਮਾਲਕ ਆ ਗਏ ਸਨ । ਕਿਸੇ ਪਿੰਡ ਤੋਂ ਆਏ ਇਹਨਾਂ ਨਵੇ ਮਾਲਕਾਂ ਦੀ ਇਕ ਜਵਾਨ ਤੇ ਖੂਬਸੂਰਤ ਲੜਕੀ ਕਾਲਜ ਵਿੱਚ ਬੀ.ਏ ਦੇ ਆਖਰੀ ਸਾਲ ਵਿੱਚ ਪੜਦੀ ਏ । ਪਤਲੀ ਜਹੀ ਛਮਕ ਵਰਗੀ, ਬਿਜਲੀ ਵਾਂਗ ਦੌੜਦੀ ਤੇ ਉਡਾਰੀਆਂ ਲਾਉਂਦੀ । ਆਰਜੂ ...... ਕਿਨਾਂ ਪਿਆਰਾ ਨਾਮ ਏ, ਆਰਜੂ । ਸੋਹਣੀ ਏਨੀ ਕੇ ਹਰ ਕੋਈ ਉਸ ਵੱਲ ਵੇਖਦਾ ਵੇਖਦਾ ਅੱਗੇ ਕਿਸੇ ਚੀਜ ਵਿੱਚ ਜਾ ਵੱਜਦਾ । ਕਈ ਵਾਰੀ ਸ਼ਾਮ ਨੂੰ ਉਹ ਕੋਠੇ ‘ਤੇ ਆ ਚੜਦੀ, ਪਰ ਜਦੋ ਉਸ ਨੂੰ ਪਤਾ ਲਗਦਾ ਕੇ ਬਾਕੀ ਕੋਠਿਆਂ ‘ਤੇ ਚੜੇ ਲੋਕ ਸਭ ਉਸ ਵੱਲ ਪਏ ਝਾਕਦੇ ਨੇ ਤਾਂ ਉਸ ਨੂੰ ਥੱਲੇ ਜਾਣ ਲਈ ਮਜਬੂਰ ਹੋਣਾ ਪੈਂਦਾ । ਜਦ ਉਹ ਕਿਤੇ ਹੱਸਦੀ ਤਾਂ ਇਝ ਲਗਦਾ ਜਿਵੇਂ ਕੰਨਾ ਵਿੱਚ ਘੁੰਗਰੂ ਪਏ ਵੱਜਦੇ ਹੋਣ । ਚਿੱਟਾ ਦੁੱਧ ਰੰਗ, ਸੂਰਖ ਗੱਲ੍ਹਾਂ । ਕਮਾਲ ਦੀ ਕੁੜੀ ਏ ਆਰਜੂ । ਜਦ ਦੀ ਉਹ ਇਸ ਮਕਾਨ ਵਿੱਚ ਆਈ ਏ ਮੁਹੱਲੇ ਦੇ ਮੁੰਡੇ ਤਾਂ ਕੀ ਬੁੱਢੇ ਠੇਰੇ ਵੀ ਟੋਰ ਕੱਢਣ ਲੱਗ ਪਏ ਨੇ ।
ਢਾਬੇ ਵਾਲੇ ਅਤੇ ਆਰਜੂ ਦਾ ਘਰ ਬਿਲਕੁਲ ਆਹਮੋ-ਸਾਹਮਣੇ ਨੇ, ਬਸ ਵਿੱਚਕਾਰ ਇਕ ਨਿਕੀ ਜਹੀ ਗਲੀ ਏ। ਬਸ ਏਨੀ ਕੁ ਗਲੀ ਕੇ ਕੋਠੇ ਦੀ ਛੱਤ ‘ਤੇ ਚੜ ਕੇ ਬੰਦਾ ਛਾਲ ਮਾਰ ਕੇ ਗਲੀ ਪਾਰ ਕਰ ਸਕਦਾ ਏ । ਇਕ ਦਿਨ ਜਦ ਆਰਜੂ ਛੱਤ ‘ਤੇ ਚੜੀ ਤਾਂ ਉਸ ਦਾ ਧਿਆਨ ਸਾਹਮਣੇ ਘਰ ਦੀ ਛੱਤ ‘ਤੇ ਖੜੇ ਢਾਬੇ ਵਾਲੇ ‘ਤੇ ਪਿਆ। ਪਹਿਲਾ ਤਾਂ ਉਹ ਇਕ ਦਮ ਤ੍ਰਬਕ ਗਈ, ਕਿਨੀ ਦੇਰ ਉਸ ਨੂੰ ਉਸ ਅਜੀਬ ਜਹੇ ਜੰਗਲੀ ਮੁੰਡੇ ਦੀ ਸ਼ਕਲ ਹੀ ਸਮਝ ਵਿੱਚ ਨਾ ਆਈ । ਅੱਜ ਉਸ ਨੇ ਢਾਬੇ ਤੋਂ ਛੁੱਟੀ ਕੀਤੀ ਸੀ । ਆਰਜੂ ਨੂੰ ਵੇਖਣ ਤੋ ਬਾਅਦ ਉਹ ਜਦੋਂ ਹੱਸਿਆ ਤਾਂ ਸ਼ਾਮ ਦੇ ਹਨੇਰੇ ਵਿੱਚ ਉਸ ਦੇ ਕਾਲੇ ਰੰਗ ਦੇ ਮੂੰਹ ਵਿੱਚ ਸਿਰਫ ਉਸ ਦੇ ਦੰਦ ਹੋਰ ਵੀ ਕਚਿਆਣ ਭਰੇ ਦਿਖਾਈ ਦਿੱਤੇ । ਆਰਜੂ ਨੇ ਮੂੰਹ ਘੁਮਾ ਕੇ ਉਸ ਵੱਲ ਪਿਠ ਕਰ ਲਈ ਤੇ ਕੁਝ ਦੇਰ ਖੜੀ ਰਹਿਣ ਪਿਛੋਂ ਥੱਲੇ ਉਤਰ ਆਈ।
ਹੁਣ ਉਹ ਰੋਜ ਸ਼ਾਮ ਨੂੰ ਢਾਬੇ ਤੋਂ ਕੁਝ ਦੇਰ ਆਪਣੇ ਘਰ ਆ ਜਾਂਦਾ ਤੇ ਕੋਠੇ ਚੜ ਕੇ ਆਰਜੂ ਨੂੰ ਵੇਖਦਾ । ਉਸ ਨੇ ਢਾਬੇ ‘ਤੇ ਇਕ ਛੋਟਾ ਮੁੰਡਾ ਰੱਖ ਲਿਆ ਸੀ ਤਾਂ ਕੇ ਗਾਹਕ ਮੁੜ ਨਾ ਜਾਣ । ਉਹ ਰੋਜ਼ ਸ਼ਾਮ ਨੂੰ ਆਪਣੇ ਘਰ ਦੀ ਛੱਤ ‘ਤੇ ਆਣ ਚੜਦਾ ਤੇ ਘੰਟਾ ਕੁ ਪਿਆ ਉਡੀਕਦਾ ਰਹਿੰਦਾ, ਜਦੋਂ ਆਰਜੂ ਛੱਤ ‘ਤੇ ਆਉਂਦੀ ਤਾਂ ਉਹ ਉਸ ਵੱਲ ਤੱਕ ਕੇ ਹੱਸਣ ਲੱਗ ਪੈਂਦਾ । ਆਰਜੂ ਵੀ ਹੁਣ ਉਸ ਦੇ ਹਾਸੇ ਦਾ ਜਵਾਬ ਥੋੜਾ ਕੁ ਮੁਸ਼ਕਰਾ ਕੇ ਦੇ ਦਿੰਦੀ ਤੇ ਉਸ ਵੱਲ ਪਿਠ ਕਰਕੇ ਖਲੋ ਜਾਂਦੀ । ਸ਼ਾਇਦ ਉਹ ਸਮਝਦੀ ਸੀ ਕਿ ਗੁਆਂਢੀ ਏ ਤੇ ਇਸ ਨੇ ਇਥੇ ਹੀ ਰਹਿਣਾ ਹੈ, ਅਤੇ ਗੁਆਂਢੀਆਂ ਨਾਲ ਬੰਦੇ ਦਾ ਮਿਲਵਰਤਨ ਚੰਗਾ ਹੋਣਾ ਚਾਹੀਦਾ ਹੈ, ਪਰ ਉਹ ਢਾਬੇ ਵਾਲਾ ਉਸ ਦੀ ਮੁਸਕਰਾਹਟ ਨੂੰ ਕੁਝ ਹੋਰ ਹੀ ਪਿਆ ਸਮਝਦਾ, ਤੇ ਅੰਦਰ ਹੀ ਅੰਦਰ ਖੁਸ਼ ਪਿਆ ਹੁੰਦਾ ਰਹਿੰਦਾ। ਉਹ ਰੋਜ ਕੋਠੇ ‘ਤੇ ਚੜਦਾ ਤੇ ਆਰਜੂ ਨੂੰ ਵੇਖਣ ਤੋਂ ਬਿਨਾ ਉਸ ਨੂੰ ਸਬਰ ਨਾ ਆਉਂਦਾ । ਆਰਜੂ ਪਤਾ ਨਹੀਂ ਇਨਸਾਨੀਅਤ ਦੇ ਭਾਵ ਨਾਲ ਤੇ ਜਾਂ ਖੌਰੇ ਇਕ ਚੰਗੇ ਗੁਆਂਢੀ ਦੇ ਫਰਜ ਨਾਲ ਉਸ ਦੀ ਕਿਸ ਕਿਸੇ ਗੱਲ ਦਾ ਕਦੇ ਕਦੇ ਜਵਾਬ ਦੇ ਦਿੰਦੀ । ਉਹ ਢਾਬੇ ਵਾਲਾ ਮੁੰਡਾ ਹੁਣ ਕੁਝ ਜਿਆਦਾ ਹੀ ਸੱਜਣ ਫੱਬਣ ਲੱਗ ਪਿਆ, ਅੱਡੀਆਂ ਅਤੇ ਗਿੱਟਿਆਂ ਤੇ ਜੱਮੀ ਮੈਲ ਉਸ ਧੋ ਸੁੱਟੀ ਸੀ। ਵਾਲਾਂ ਨੂੰ ਉਸ ਸ਼ੈਪੂੰ ਨਾਲ ਸਾਫ ਕੀਤਾ । ਹੁਣ ਉਹ ਨਵੇਂ ਕੱਪੜੇ ਪਾ ਕੇ ਕੋਠੇ ‘ਤੇ ਚੜਦਾ ।
ਮਕਾਨ ‘ਚ ਆਏ ਨਵੇਂ ਮਾਲਕਾਂ ਦੀ ਹੁਣ ਸਾਰੀ ਗਲੀ ਵਿੱਚ ਵਾਕਫੀ ਹੋ ਗਈ ਸੀ। ਕਦੀ ਕਦੀ ਆਰਜੂ ਦੀ ਮਾਂ ਅਤੇ ਆਰਜੂ ਆਪਣੇ ਦਰਵਾਜੇ ਅੱਗੇ ਖਲੋ ਕੇ ਢਾਬੇ ਵਾਲੇ ਦੀ ਮਾਂ ਨਾਲ ਗੱਲਾਂ ਵੀ ਕਰ ਲੈਦੀਆਂ ਤੇ ਕਦੇ ਕਦੇ ਢਾਬੇ ਵਾਲੇ ਦੀ ਮਾਂ ਆਰਜੂ ਦੇ ਘਰ ਆ ਜਾਂਦੀ, ਤੇ ਉਹ ਆਪਣੀ ਮਾਂ ਨੂੰ ਬੁਲਾਉਣ ਦੇ ਬਹਾਨੇ ਆਰਜੂ ਦੇ ਘਰ ਚਲਾ ਜਾਂਦਾ ।
ਘਰ ਬਿਲਕੁਲ ਲਾਗੇ ਹੋਣ ਕਾਰਨ ਹੁਣ ਆਰਜੂ ਵੀ ਢਾਬੇ ਵਾਲੇ ਨਾਲ ਗੱਲਾਂ ਵਗੈਰਾ ਕਰ ਲੈਂਦੀ। ਢਾਬੇ ਵਾਲਾ ਆਰਜੂ ਦੀ ਇਸ ਮਿਹਰਬਾਨੀ ਨੂੰ ਕੁਝ ਹੋਰ ਸਮਝਦਾ ਤੇ ਕਈ ਵਾਰੀ ਤਾਂ ਸਵੇਰੇ ਜਦ ਉਹ ਕਾਲਜ ਜਾਂਦੀ ਤਾਂ ਉਸ ਦੇ ਪਿਛੇ ਟੁਰ ਪੈਦਾ। ਆਰਜੂ ਹੁਣ ਐਮ.ਏ. ਦੇ ਪਹਿਲੇ ਸਾਲ ਵਿੱਚ ਏ। ਇਕ ਦਿਨ ਢਾਬੇ ਵਾਲੇ ਮੁੰਡੇ ਨੇ ਆਪਣੀ ਸਾਰੀ ਹਿੰਮਤ ਜੁਟਾ ਕੇ ਉਸ ਨੂੰ ਆਖਿਆ ''ਤੁਸੀ ਦੋ ਗੁੱਤਾਂ ਕਿਉਂ ਨਹੀ ਕਰਦੇ ਤੁਹਾਨੂੰ ਬੜੀਆਂ ਸੋਹਣੀਆਂ ਲੱਗਣਗੀਆਂ" ਉਸ ਦੀ ਅਵਾਜ ਵਿੱਚ ਏਨਾ ਤਰਲਾ ਸੀ ਕਿ ਆਰਜੂ ਨੂੰ ਪਤਾ ਨਹੀਂ ਕਿਉਂ ਉਸ ਦੀਆਂ ਬਰੰਟਿਆਂ ਵਰਗੀਆਂ ਅੱਖਾਂ ‘ਤੇ ਤਰਸ ਆ ਗਿਆ ।
ਆਰਜੂ ਇਕ ਸਿਆਣੀ ਕੁੜੀ ਏ ਤੇ ਪੜੀ ਲਿਖੀ, ਉਸ ਨੇ ਸੋਚਿਆ ਕਿ ਇਨਸਾਨ ਤਾਂ ਇਨਸਾਨ ਹੀ ਹੁੰਦੈ ਤੇ ਇਨਸਾਨ ਦਾ ਦਿਲ......! ਉਸ ਨੇ ਸੋਚਿਆ ਕਿ ਇਸ ਦੀਆਂ ਆਪਣੀਆਂ ਕੁਝ ਭਾਵਨਾਵਾਂ ਹੋਣਗੀਆਂ ਭਾਵੇਂ ਕਿ ਉਹ ਕਾਲਾ ਹੈ ਤੇ ਸ਼ਕਲ ਤੋਂ ਜੰਗਲੀ ਏ ਪਰ ਉਸ ਦੇ ਇਸ ਤਰਾਂ ਦਾ ਹੋਣ ਵਿੱਚ ਉਸ ਦਾ ਆਪਣਾ ਤਾਂ ਕੋਈ ਕਸੂਰ ਨਹੀਂ ਏ । ਆਰਜੂ ਨੇ ਸੋਚਿਆ ਕੇ ਉਸ ਦਾ ਦਿਲ ਖੁਸ਼ ਕਰਨ ਲਈ ਉਹ ਦੋ ਗੁੱਤਾਂ ਜਰੂਰ ਕਰੇਗੀ। ਅਗਲੇ ਦਿਨ ਜਦ ਆਰਜੂ ਛੱਤ ਤੇ ਚੜੀ ਤਾਂ ਉਸ ਨੇ ਦੋ ਗੁੱਤਾਂ ਕੀਤੀਆਂ ਹੋਈਆਂ ਸੀ। ਜਦ ਢਾਬੇ ਵਾਲੇ ਨੇ ਉਸ ਨੂੰ ਵੇਖਿਆ ਤਾਂ ਅੰਦਰ ਹੀ ਅੰਦਰ ਉਸ ਦੇ ਦਿਲ ਦਿਮਾਗ ਵਿੱਚ ਸ਼ਹਿਨਾਈਆਂ ਵੱਜਣ ਲੱਗ ਪਈਆਂ । ਉਹ ਜਦੋਂ ਹੱਸਿਆ ਤਾਂ ਵੜਾਛਾਂ ਤੱਕ ਉਸ ਦੇ ਮੈਲੇ ਸਫੇਦ ਦੰਦ ਬਾਹਰ ਤੱਕ ਦਿਖਾਈ ਦਿੱਤੇ ਜਿਹੜੇ ਕੇ ਤਮਾਕੂ ਤੇ ਪਾਨ ਖਾ ਖਾ ਕੇ ਪੀਲੇ ਹੋਏ ਪਏ ਸੀ।
ਹੁਣ ਜਦ ਆਰਜੂ ਕਾਲਜ ਲਈ ਤਿਆਰ ਹੋ ਕੇ ਘਰੋਂ ਟੁਰਦੀ ਤਾਂ ਉਹ ਉਸ ਦੇ ਪਿਛੇ ਕਾਲਜ ਦੇ ਗੇਟ ਤੱਕ ਵੀ ਚਲੇ ਜਾਂਦਾ । ਉਸ ਦੇ ਇਸ ਤਰਾਂ ਕਰਨ ਨਾਲ ਆਰਜੂ ਦੀਆਂ ਸਹੇਲੀਆਂ ਉਸ ਨੂੰ ਸਤਾਉਣ ਲਈ ਕਈ ਵਾਰੀ ਕਹਿ ਦਿੰਦੀਆਂ ‘‘ਆਰਜੂ ਤੇਰਾ ਬੁਆਏ ਫਰੈਂਡ ਬੜਾ ਘੈਂਟਂ ਏ‘‘ ਉਹ ਹਸ ਕਿ ਟਾਲ ਛੱਡਦੀ। ਛੁੱਟੀ ਟਾਇਮ ਵੀ ਉਹ ਉਸ ਦੇ ਕਾਲਜ ਕੋਲ ਆ ਜਾਂਦਾ । ਉਸ ਦੇ ਮਨ ਵਿੱਚ ਪਤਾ ਨਹੀ ਕੀ ਕੀ ਉਬਾਲੇ ਪਿਆ ਮਾਰ ਰਿਹਾ ਸੀ ।
ਕੀ ਆਰਜੂ ਉਸ ਨੂੰ ਪਸੰਦ ਕਰਦੀ ਏ ? ਕੀ ਉਹ ਉਸ ਨੂੰ ਮੁਹੱਬਤ ਕਰਦੀ ਏ ? ਉਹ ਸ਼ੀਸੇ ਮੁਹਰੇ ਖਲੋਂਦਾ ਤਾਂ ਉਸ ਦਾ ਜੀ ਕਰਦਾ ਕੇ ਉਹ ਸ਼ੀਸ਼ੇ ਨੂੰ ਪਾੜ ਕੇ ਉਸ ਵਿੱਚ ਵਿਖਾਈ ਦਿੰਦੀ ਸ਼ਕਲ ਨੂੰ ਵਲੂੰਦਰ ਦੇਵੇ । ਉਹ ਮੂੰਹ ਵਿੱਚ ਪਤਾ ਨਹੀ ਕੀ ਕੁਝ ਪਿਆ ਬੋਲਦਾ ਤੇ ਫਿਰ ਢਾਬੇ ਤੇ ਚਲਾ ਜਾਂਦਾ। ਕਿੰਨੇ ਸਾਲ ਬੀਤ ਗਏ ਉਹ ਨਿਤ ਆਰਜੂ ਨੂੰ ਖੁਦਾ ਵਾਂਗ ਚਾਹੁੰਦਾ ਪਰ .....! ਆਰਜੂ ਦੀ ਪੜਾਈ ਖਤਮ ਹੋ ਗਈ ਏ। ਤੇ ਹੁਣ ਉਸ ਦਾ ਵਿਆਹ ਏ। ਇਕ ਦਿਨ ਜਦ ਆਰਜੂ ਛੱਤ ਤੇ ਵਾਲ ਖੁੱਲੇ ਛੱਡ ਕੇ ਖੜੀ ਤਾਂ ਢਾਬੇ ਵਾਲੇ ਨੇ ਉਸ ਨੂੰ ਕੋਲ ਆ ਕੇ ਕਿਹਾ ‘‘ ਤੁਸੀ ਦੋ ਗੁੱਤਾਂ ਕਿਉਂ ਨਹੀ ਕਰ ਲੈਦੇ‘‘ ਆਰਂਜੂ ਨੇ ਪਿਛੇ ਵੇਖਿਆ ਤਾਂ ਉਸ ਨੂੰ ਸ਼ਾਮ ਦੇ ਗਹਿਰੇ ਜਹੇ ਚਾਨਣ ਵਿੱਚ ਉਸ ਦਾ ਜੰਗਲੀ ਚਿਹਰਾ ਵਿਖਾਈ ਦਿੱਤਾ। ਉਸ ਦੀਆਂ ਅੱਖਾਂ ਵਿੱਚ ਅਜੀਬ ਤਰਾਂ ਦੀ ਰੋਸ਼ਨੀ ਪਈ ਝਲਕ ਰਹੀ ਸੀ। ਆਰਜੂ ਨੇ ਉਸ ਨੂੰ ਬੜੀ ਹਮਦਰਦੀ ਨਾਲ ਕਿਹਾ ‘‘ ਤੂੰ ਪਾਗਲ ਏਂ ਐਵੇ ਆਪਣਾ ਵਕਤ ਪਿਆ ਬਰਬਾਦ ਕਰਦਾ ਏਂ । ਤੇਰਾ ਮੇਰਾ ਮੇਲ ਈ ਕੀ ਏ । ਤੂੰ ਇਕ ਚੰਗਾ ਮੁੰਡਾ ਏ, ਤੂੰ ਸੋਹਣਾ ਨਹੀਂ ਇਸ ਵਿੱਚ ਤੇਰਾ ਕੋਈ ਕਸੂਰ ਨਹੀਂ ਇਸ ਲਈ ਮੈਨੂੰ ਤੇਰੇ ਨਾਲ ਹਮਦਰਦੀ ਏ । ਮੈਂ ਤੇਰੇ ਲਈ ਦੋ ਗੁੱਤਾਂ ਕਾਹਦੇ ਲਈ ਕਰਾਂ।‘‘ ਢਾਬੇ ਵਾਲਾ ਕੁਝ ਦੇਰ ਚੁੱਪ ਰਹਿ ਕੇ ਬੋਲਿਆ ‘‘ਪਹਿਲਾਂ ਵੀ ਤਾਂ ਤੁਸੀ ਮੇਰੇ ਕਹੇ ਤੇ ਦੋ ਗੁੱਤਾਂ ਕੀਤੀਆਂ ਸੀ‘‘
‘‘ ਉਹ ਤਾਂ ਮੈਨੂੰ ਤੇਰੇ ਤੇ ਤਰਸ ਆ ਗਿਆ ਸੀ।‘‘ ਆਰਜੂ ਨੇ ਸਹਿ ਸੁਭਾਅ ਹੀ ਆਖਿਆ। ਇਹ ਸੁਣ ਕੇ ਢਾਬੇ ਵਾਲਾ ਮੁੰਡਾ ਸੁੰਨ ਹੋ ਗਿਆ । ਉਸ ਨੂੰ ਇੰਝ ਲੱਗਾ ਜਿਵੇਂ ਸਾਰੀ ਦੁਨੀਆਂ ਦੇ ਨਾਲ ਸ਼ਾਮ ਦਾ ਢਲਦਾ ਸੂਰਜ ਵੀ ਉਸ ਨੂੰ ਤਰਸ ਦੇ ਅਧਾਰ ਤੇ ਹੀ ਵੇਖ ਰਿਹਾ ਏ।
*******
ਰੋਜ਼ੀ ਸਿੰਘ
ਸੋ-ਫਾਇਨ ਕੰਪਿਊਟਰ ਇੰਸਟੀਚਿਊਟ
ਫਤਿਹਗੜ ਚੂੜੀਆਂ

ਪਾਪਾਂ-ਸਰਾਪਾਂ ਦੀ ਦੁਮੇਲ 'ਤੇ


-ਪਾਪਾਂ-ਸਰਾਪਾਂ ਦੀ ਦੁਮੇਲ 'ਤੇ


ਖੋਰੇ ਓਹ ਕੈਸਾ ਬੰਦਨ ਸੀ, ਕੈਸੀ ਵੇਦਨਾਂ ਜੋ ਅੱਜ ਤਾਂਈ ਵੀ ਮੇਰੇ ਅਚੇਤ ਮੰਨ ਦੇ ਕਿਸੇ ਖੂਝੇ ਵਿੱਚ ਹਟਕੋਰੇ ਪਈ ਭਰਦੀ ਏ, ਤੇ ਮੈਂ ਤੜਫ ਜਾਨਾਂ ਵਾਂ, ਮੇਰੇ ਜਜਬਾਤ ਉਬਾਲੇ ਪਏ ਮਾਰਦੇ ਤੇ ਅੱਖਾਂ ਵਿੱਚੋ ਹੰਝੂ ਨਿਕਲ ਤੁਰਦੇ। ਇਹ ਦਰਦਾਂ ਦਾ ਇਹ ਖਲਾਅ ਕਿਸ ਭਾਵਨਾਂ ਕਰਕੇ ਸੀ ਮੈਨੂੰ ਚੰਗੀ ਤਰਾਂ ਪਤਾ ਸੀ, ਪਰ ਉਸ ਦੇ ਦਿਲ ਵਿੱਚ ਖੋਰੇ ਕੀ ਪਿਆ ਪਨਪਦਾ ਏ।
ਮੈਂ ਕਈ ਵਾਰੀ ਸੋਚਨਾਂ ਕਿ ਮੈਂ ਕੋਈ ਚੰਗਾ ਬੰਦਾ ਨਈਂ, ਤੇ ਨਾਂ ਈ ਮੈਂ ਕਿਸੇ ਨੂੰ ਕੁਝ ਦੇ ਸਕਨਾਂ ਵਾਂ। ਮੈਂ ਤਾਂ ਆਪਣੀ ਭੁੱਖ ਲਈ ਦੂਜਿਆਂ ਦੀਆਂ ਰੋਟੀਆਂ ਵੀ ਝਪਟ ਲੈਣਾਂ ਚਾਹਨਾਂ ਵਾਂ। ਫਿਰ ਮੈ ਸੋਚਨਾਂ ਨਈਂ............! ਇਵੇਂ ਤਾਂ ਹਰ ਕੋਈ ਕਰਦੈ........? ਫਿਰ ਆਖਦਾਂ ਨਈਂ ਇਵੇਂ ਹਰ ਕੋਈ ਨਹੀ ਕਰਦਾ । ਏ ਤਾਂ ਮੈਂ ਈ ਆਂ ਘਟੀਆ ਜਿਹਾ ਬੰਦਾ ਜਿਹੜਾ ਕਿਸੇ ਹੋਰ ਦੇ ਪਿਆਰ ਨੂੰ ਵੀ ਝਪਟ ਲੈਣਾਂ ਚਾਹੁੰਦਾ ਹਾਂ ਰੋਟੀਆਂ ਵਾਂਗ.........! ਹਾਂ ਕਿਸੇ ਹੋਰ ਦੇ ਪਿਆਰ ਨੂੰ ਵੀ ...........!!
ਪਰ ਉਹ ਕਿਸੇ ਹੋਰ ਦਾ ਪਿਆਰ ਕਿਵੇਂ ਹੋ ਸਕਦੀ ਏ........? ਹੋ ਵੀ ਸਕਦੈ ਏ ਪਈ ਉਹ ਕਿਸੇ ਹੋਰ ਨੂੰ ਚਾਹਦੀ ਹੋਵੇ। ਉਸ ਨੇ ਕਿਹੜਾ ਮੈਨੂੰ ਕਦੀ ਆਖਿਐ ਸੀ ਕਿ ਮੈ ਤੈਨੂੰ ਚਾਹਨੀ ਆਂ, ਤੈਨੂੰ ਪਿਆਰ ਕਰਦੀ ਆਂ । ਇਹ ਤਾਂ ਬੱਸ ਮੇਰਾ ਆਪਣਾ ਭਰਮ ਸੀ, ਜਾਂ ਵਹਿਮ ਸੀ ਜਾਂ ਭੂਲੇਖਾ। ਪਰ ਮੈਂ ਜਦ ਵੀ ਓਸਦੀਆਂ ਦਿਲਕਸ਼ ਅੱਖਾਂ ਵਿੱਚ ਤੱਕਦਾਂ ਤਾਂ ਮੈਨੂੰ ਓਸ ਦੀਆਂ ਅੱਖਾਂ ਕੁਝ ਕਹਿੰਦੀਆਂ ਪਈਆਂ ਹੁੰਦੀਆਂ। ਸ਼ਾਇਦ ਇਹ ਕਿ ਮੈਂ ਤੇਰੀ ਆਂ ਸਿਰਫ ਤੇਰੀ। ਤੇ ਜਾਂ ਇਹ ਕਿ ਤੂੰ ਕਦ ਮੈਨੂੰ ਚੰਗੀ ਤਰ੍ਹਾਂ ਜੀਣ ਦੇਵੇਗਾਂ ਮੇਰੀ ਆਪਣੀ ਮਰਜੀ ਨਾਲ।
ਕਈ ਵਾਰੀ ਮੈਂ ਜਦੋ ਓਸ ਨੂੰ ਮਿਲਦਾ ਤਾਂ ਉਹ ਖੁਸ਼ੀ ਵਿੱਚ ਸਭੋ ਕੁਝ ਭੁੱਲ ਜਾਂਦੀ ਤੇ ਮੇਰੇ ਇਰਦ ਗਿਰਦ ਘੁੰਮਦੀ ਲਾਟੂ ਵਾਂਗ ਤੇ ਮੈਨੂੰ ਇੰਝ ਮਹਿਸੂਸ ਹੁੰਦਾ ਜਿਵੇ ਉਹ ਹੁਣੇ ਮੈਨੂੰ ਆਪਣੇ ਗਲ ਨਾਲ ਲਾ ਲਵੇਗੀ । ਕਦੇ ਮੈਂ ਬੇ-ਸਬਰਾ ਹੋ ਕਿ ਓਸ ਦੀ ਬਾਂਹ ਫੜ ਲੈਦਾ ਤੇ ਅਕਸਰ ਅੰਗਰੇਜੀ ਵਿੱਚ ਆਖਦਾ ''ਢਰਚ’ਗਕ ;ਰਰਾਜਅਪ ਤਰ ਤਮਕਕਵ‘‘ ਉਸ ਦੀ ਬਾਂਹ ਵਿਚਲੀਆਂ ਲਾਲ ਹਰੀਆਂ ਚੂੜੀਆਂ ਕੰਬ ਜਾਂਦੀਆਂ, ਤੇ ਜਦ ਮੇਰੇ ਹੋਂਟ ਓਸ ਦੇ ਹੋਟਾਂ ਦੇ ਕਰੀਬ ਜਾਣ ਦੀ ਕੋਸ਼ਿਸ ਕਰਦੇ ਤਾਂ ਉਹ ਇਕਦਮ ਭੁੜਕ ਕੇ ਪਰੇ ਜਾ ਬਹਿੰਦੀ। ਉਹ ਮੈਨੂੰ ਕਿਨੀ ਵਾਰ, ਸਗੋਂ ਹਰ ਵਾਰ ਆਖਦੀ ''ਤੂੰ ਭੈੜੀਆਂ ਆਦਤਾਂ ਵਾਲਾ ਇਕ ਚੰਗਾ ਇਨਸਾਨ ਏ।‘‘ (ਯੂ ਆਰ ਏ ਗੁੱਡ ਮੈਨ ਵਿੱਦ ਬੈਡ ਹੈਬਿਟਸ) ਉਸ ਦਾ ਪਤਲਾ ਜਿਹਾ ਸਰੀਰ ਬਿਜਲੀ ਵਾਂਗ ਦੋੜਦਾ, ਭੋਲੇ ਜਹੇ ਗੁਲਬੀ ਚਿਹਰੇ ‘ਤੇ ਵਾਲਾਂ ਦੀਆਂ ਕੁਝ ਕੁ ਲੜੀਆਂ ਪਈਆਂ ਖੇਡਦੀਆਂ ਤੇ ਓਸ ਦੀਆਂ ਅੱਖਾਂ ਲਿਸ਼ਕੋਰੇ ਪਈਆਂ ਮਾਰਦੀਆਂ। ਮੈਂ ਚਾਂਹਦਾ ਓਸ ਨੂੰ ਆਪਣੀਆਂ ਬਾਹਵਾਂ ਵਿੱਚ ਘੁੱਟ ਲਵਾਂ ਤੇ ਆਖਾਂ ''ਕੀ ਕਰਾਂ ਕੰਟਰੋਲ ਨਹੀਂ ਹੁੰਦਾ।‘‘ ਪਰ ਮੈ ਕੁਝ ਨਾ ਕਰਦਾ। ਬਸ ਕਦੇ ਕਦੇ ਮੇਰੀ ਖਾਹਿਸ਼ ਹੁੰਦੀ ਕੇ ਮੈਂ ਉਸ ਦੇ ਪਤਲੇ ਤੇ ਗੋਰੇ ਪੈਰ ਚੁੰਮ ਲਵਾਂ। ਕਦੀ ਕਦੀ ਉਹ ਮੈਨੂੰ ਫੋਨ ਕਰਦੀ ਤੇ ਆਖਦੀ:
-''ਕੀ ਪਿਆ ਕਰਦੈ ਏ...........?‘‘ ਤੇ ਮੈਂ ਅਚੇਤ ਹੀ ਆਖ ਦਿੰਦਾ
-''ਤੈਨੂੰ ਯਾਦ ਪਿਆ ਕਰਨਾ ਵਾਂ।‘‘
ਉਹ ਹਮੇਸ਼ਾਂ ਮੈਨੂੰ ਆਖਦੀ ''ਤੇਰੀਆਂ ਗੱਲਾਂ ਮੇਰੀ ਅਕਲ ਵਿੱਚ ਨਈਂ ਵੜਦੀਆਂ। ਖੋਰੇ ਕੀ ਪਿਆ ਕਹਿੰਦਾ ਰਹਿਨਾਂ ਏਂ...........?‘‘ ਪਰ ਅਸਲ ਗੱਲ ਤਾਂ ਇਹ ਸੀ ਪਈ ਮੈਨੂੰ ਕਦੇ ਓਸ ਦੀ ਸਮਝ ਨਈਂ ਸੀ ਆਈ। ਮੈਂ ਏਸੇ ਦੁਚਿਤੀ ਵਿਚ ਰਹਿੰਦਾ ਕੇ ਉਹ ਸਿਰਫ ਮੇਰੀ ਦੋਸਤ ਏ ਜਾਂ ਉਹ ਮੈਨੂੰ ਸੱਚ ਮੁੱਚ ਚਾਂਹਦੀ ਏ। ਕੀ ਹੈ ਉਸ ਦੇ ਦਿਲ ਵਿੱਚ ਮੇਰਾ ਰਿਸਤਾ ......? ਇਕ ਦੋਸਤ ਦਾ, ਇਕ ਪ੍ਰੇਮੀਕਾ ਦਾ ਤੇ ਜਾਂ ਫਿਰ ਇਕ ਭੈਣ ਭਰਾ ਦਾ......? ਘੁਟਨ ਹੋਣ ਲੱਗ ਪਈ ਏ ਮੈਨੂੰ ਇਸ ਘੁਮਣਘੇਰੀ ਦੀ ਦਲਦਲ ਵਿੱਚੋ। ਜੇ ਉਹ ਮੈਨੂੰ ਚਾਂਹਦੀ ਏ ਤਾਂ ਮੈਨੂੰ ਆਖ ਕਿਊਂ ਨਈਂ ਦਿੰਦੀ........? ਜਦ ਉਹ ਮੈਨੂੰ ਮਿਲਦੀ ਤਾਂ ਓਸ ਦੇ ਪਤਲੇ ਪਤਲੇ ਬੁੱਲ੍ਹਾਂ ‘ਚੋਂ ਹਾਸਾ ਪਿਆ ਕਿਰਦਾ ਹੁੰਦਾ ਤੇ ਉਹ ਆਪਣੀ ਸੁਰੀਲੀ ਅਵਾਚ ਵਿਚ ਇਕੋ ਸਾਹੇ ਕਿਨਾਂ ਕੁਝ ਆਖ ਦਿੰਦੀ। ਉਹ ਅਕਸਰ ਮੈਨੂੰ ਆਖਦੀ ''ਮੈ ਤੇਰੇ ਨਾਲ ਕਿਨੀਆਂ ਗੱਲਾਂ ਕਰਨਾਂ ਚਾਹਨੀ ਆਂ। ਢੇਰ ਸਾਰੀਆਂ, ਮੈਂ ਇਨੇ ਦਿਨਾਂ ਦੀਆਂ ਕੱਠੀਆਂ ਕੀਤੀਆਂ ਨੇ।‘‘ ਪਰ ਕੁਝ ਹੀ ਪਲਾਂ ਵਿੱਚ ਸਾਡੀਆਂ ਸਾਰੀਆਂ ਗੱਲਾਂ ਮੁੱਕ ਜਾਂਦੀਆਂ ਤੇ ਕਹਿਣ ਨੂੰ ਕੁਝ ਬਚਦਾ ਹੀ ਨਾ। ਉਹ ਮੇਰੀ ਡਾਇਰੀ ਤੋਂ ਮੇਰੀਆਂ ਕੁਝ ਅਧੁਰੀਆਂ ਤੇ ਕੁਝ ਪੂਰੀਆਂ ਕਵਿਤਾਵਾਂ, ਗ਼ਜ਼ਲਾਂ ਜਾਂ ਕਹਾਣੀਆਂ ਪੜਨ ਲੱਗ ਜਾਂਦੀ। ਜਿਹੜੀ ਓਸ ਨੂੰ ਪਸੰਦ ਆ ਜਾਂਦੀ ਉਹ ਝੱਟ ਆਖਦੀ '' ਇਹ ਤੂੰ ਮੇਰੇ ਲਈ ਲਿਖੀ ਏ ਨਾ‘‘ ਤੇ ਮੈਂ ਆਖਦਾ ''ਹਾਂ ਤੇਰੇ ਲਈ ਹੀ ਤੇ ਲਿਖੀ ਏ।‘‘ ਭਾਵੇ ਮੈਂ ਉਸ ਲਈ ਲਿਖੀ ਹੁੰਦੀ ਜਾਂ ਨਹੀਂ।
-''ਫਿਰ ਤੂੰ ਇਸ ਨੂੰ ਪੁਰੀ ਕਿਉਂ ਨਈਂ ਕਰਦਾ।‘‘ ਉਹ ਆਖਦੀ।
-''ਤੂੰ ਜੋ ਨਈਂ ਸੀ ਮੇਰੇ ਕੋਲ ਫਿਰ ਇਹ ਪੁਰੀ ਕਿਵੇਂ ਹੁੰਦੀ।‘‘ ਮੈਂ ਸਹਿਜ ਹੀ ਬੋਲ ਪੈਂਦਾ।
ਕਈਂ ਵਾਰੀ ਮੈਂ ਸੋਚਨਾਂ ਵਾਂ ਕਿ ਸ਼ਾਇਦ ਮੈਂ ਉਸੇ ਲਈ ਹੀ ਲਿਖੀਆਂ ਨੇ ਇਹ ਗ਼ਜ਼ਲਾਂ, ਕਵਿਤਾਵਾਂ ਤੇ ਕਈ ਕੁਝ ਹੋਰ.......! ਹਾਂ ਸਾਇਦ ਉਸੇ ਲਈ। ਉਸ ਲਈ ਨਈਂ ਤਾਂ ਫਿਰ ਕਿਸ ਲਈ ? ਆਸ਼ਾ, ਨੀਤੂ ਵਿੱਪਨ, ਮਧੂ ਜਾਂ ਫਿਰ ਆਰਤੀ ਲਈ.........? ਨਈਂ ਮੈਂ ਉਹਨਾਂ ਲਈ ਕਿਉਂ ਲਿਖਾਂਗਾ। ਉਹ ਤਾਂ ਬੜੀ ਦੇਰ ਹੋ ਗਈ ਮੈਨੂੰ ਕਦੀ ਮਿਲੀਆਂ ਵੀ ਨਈਂ। ਇਹ ਸਿਰਫ ਉਸੇ ਲਈ ਨੇ ਜਿਹੜੀ ਅਕਸਰ ਮੈਨੂੰ ਆਖਦੀ ਏ: ''ਤੂੰ ਭੈੜੀਆਂ ਆਦਤਾਂ ਵਾਲਾ ਇਕ ਚੰਗਾ ਇਨਸਾਨ ਏ‘‘( ਢਰਚ ਪਰਰਦ ਠਮਜਵੀ ਲ਼ਦ ੀ) ਤੇ ਕਈ ਵਾਰੀ ਮੈਨੂੰ ਇੰਝ ਲਗਦੈ ਕਿ ਸ਼ਾਇਦ ਉਹ ਸੋਚਦੀ ਹੋਵੇ ਕਿ ਮੈ ਚਲੂ ਜਿਹਾ ਬੰਦਾ ਵਾਂ.....! ਹੋ ਵੀ ਸਕਦੈ, ਪਰ ਮੈ ਓਸ ਤੋਂ ਸਿਵਾ ਕਿਸੇ ਹੋਰ ਨੂੰ ਇਹ ਨਹੀਂ ਕਿਹਾ ''ਯੂ ਆਰ ਲੁਕਿੰਗ ਸੋ ਸਵੀਟ।‘‘ ਪਰ ਜਦ ਉਹ ਬੜੀ ਖੁਸ਼ੀ ਵਿੱਜ ਹੁੰਦੀ ਤਾਂ ਕਿਨੀ ਵੇਰ ਮੈਨੂੰ ਚੁੰਮ ਲੈਂਦੀ ਤੇ ਮੈਂ ਆਪਣੀਆਂ ਸੋਚਾਂ ਦੀਆਂ ਘੁਮਣਘੇਰੀਆਂ ਵਿੱਚ ਫਸਿਆ ਸੋਚਦਾਂ ਕਿ ਇਹ ਮੇਰੇ ਵਾਸਤੇ ਇਸ ਤਰਾਂ ਕਿਵੇਂ ਸੋਚ ਸਕਦੀ ਏ ਕਿ ਮੈਂ ਚਾਲੂ ਜਿਹਾ ਬੰਦਾ ਵਾਂ। ਮੇਰੇ ਸੋਚਦੇ-ਸੋਚਦੇ ਉਹ ਮੇਰੀ ਗੱਲ ‘ਤੇ ਇਕ ਹੋਰ ਚੁੰਮਣ ਜੜ ਦਿੰਦੀ, ਤੇ ਮੈ ਓਸ ਨੂੰ ਮਧਮ ਜਹੀ ਅਵਾਜ ਵਿੱਚ ਆਖਦਾ, ''ਮੈ ਤੇਰੇ ਪੈਰ ਚੁੰਮ ਲਵਾਂ‘‘ ਤੇ ਜਦ ਮੈਂ ਉਸ ਦੇ ਪੈਰ ਫੜਦਾ ਤਾਂ ਓਸ ਦੇ ਪੈਰਾਂ ਵਿੱਚ ਪਾਈਆਂ ਝਾਂਜਰਾਂ ਤ੍ਰਬਕ ਜਾਂਦੀਆਂ ।
''ਤੂੰ ਸ਼ੁਦਾਈ ਏਂ, ਕੁੜੀਆਂ ਦੇ ਪੈਰਾਂ ਨੂੰ ਹੱਥ ਨਈਂ ਲਾਈਦਾ‘‘ ਤੇ ਉਹ ਪਰੇ ਜਹੇ ਬੈਠ ਜਾਂਦੀ, ਤੇ ਮੈ ਡਿਕਸ਼ਨਰੀ ਵਿੱਚ ਅੰਗਰੇਜੀ ਦੇ ਕਿਸੇ ਔਖੇ ਸ਼ਬਦ ਦੇ ਅਰਥ ਲੱਭਣ ਵਾਂਗ ਆਪਣੀ ਸੋਚ ਦੇ ਸ਼ਬਦਕੋਸ਼ ਦੇ ਵਰਕੇ ਪਿਆ ਫੋਲਦਾਂ, ਪਰ ਮੈਨੂੰ ਓਸ ਦੇ ਅਰਥ ਨਈਂ ਮਿਲਦੇ। ਉਹ ਹਮੇਸ਼ਾਂ ਮੇਰੇ ਲਈ ਇਕ ਬੂਝਾਰਤ ਜਹੀ ਬਣੀ ਰਹਿੰਦੀ। ਉਹ ਕਦੇ ਮੈਨੂੰ ਕਿਸੇ ਟੀ.ਵੀ. ਸੀਰੀਅਲ ਦੇ ਕਿਸੇ ਭੈੜੇ ਜਹੇ ਕਰੈਕਟਰ ਨਾਲ ਮਿਲਾ ਦਿੰਦੀ ਤੇ ਕਦੇ ਕਿਸੇ ਡਰਾਮੇ ਦੇ ਹੀਰੋ ਨਾਲ।
ਇਕ ਵਾਰ ਪਤਾ ਨਈਂ ਓਸ ਮੈਨੂੰ ਕਿਉਂ ਆਖਿਆ ਸੀ, ''ਇਕ ਸਮਾਂ ਸੀ ਜਦੋਂ ਮੈਂ ਤੈਨੂੰ ਪਿਆਰ ਕਰਦੀ ਸਾਂ, ਪਰ ਉਦੋਂ ਮੈਂ ਤੈਨੂੰ ਤੇ ਤੂੰ ਮੈਨੂੰ ਜਾਣਦੇ ਨਈਂ ਸਾਂ।‘‘
''ਤੂੰ ਮੈਨੂੰ ਕਿਹਾ ਕਿਉਂ ਨਾ ਉਦੋਂ......!‘‘ ਮੈ ਉਤਸੁਕਤਾ ਨਾਲ ਪੁਛਦਾ।
''ਮੈਂ ਸੋਚਨੀ ਸਾਂ ਖੋਰੇ ਤੂੰ ਮੈਨੂੰ ਚਾਂਹਨਾ ਵੇਂ ਕੇ ਨਈਂ ਚਾਂਹਦਾ।‘‘
''ਤੇ ਹੁਣ।‘‘ ਮੈ ਆਖਦਾ।
''ਹੁਣ ਅਸੀ ਚੰਗੇ ਦੋਸਤ ਹਾਂ ਬਸ‘‘ ਤੇ ਉਹ ਚੁੱਪ ਹੋ ਜਾਂਦੀ । ਪਰ ਮੈਨੂੰ ਇਕੱਲਾ ਦੋਸਤੀ ਤੱਕ ਸਬਰ ਨਈਂ ਸੀ। ਮੈਂ ਤਾਂ ਸ਼ਾਇਦ ਉਸ ਨੂੰ ਅੰਦਰੋਂ ਅੰਦਰ ਆਪਣੀ ਵਹੁਟੀ ਪਿਆ ਬਣਾਂਦਾ ਸਾਂ। ਕਈ ਵਾਰ ਮੈਂ ਸੁਪਨੇ ਵਿੰਚ ਓਸ ਨੂੰ ਗੋਟੇ ਵਾਲੀ ਚੁੰਨੀ ਵਿੱਚ ਲਵੇਟੀ ਨੂੰ ਆਪਣੇ ਸਾਹਮਣੇ ਬੈਠੀ ਵੇਖਿਐ। ਤੇ ਜਦ ਮੈਂ ਓਸ ਨੂੰ ਛੁਹਣਾ ਚਾਂਹਦਾ ਤੇ ਉਹ ਹਵਾ ‘ਚ ਰਲ ਜਾਂਦੀ। ਮੈਂ ਕਿਉਂ ਭਲਾ ਓਸ ਨੂੰ ਚਾਂਹਨਾਂ ਵਾਂ.........? ਤੇ ਉਹ ਕਿਉਂ ਮੈਨੂੰ ਝੋਲੇ ਪਈ ਦਿੰਦੀ ਏ.....? ਇਹ ਕਿਸ ਕਿਸਮ ਦੀ ਮੁਹੱਬਤ ਸੀ....? ਮੈਂ ਉਠ ਕਿ ਬੈਠ ਜਾਂਦਾਂ ਤੇ ਇਹ ਸਵਾਲ ਮੇਰੇ ਜਿਹਨ ਵਿੱਚ ਫਿਲਮ ਵਾਂਗ ਘੁੰਮਣ ਲਗਦੇ । ਉਹ ਛਲਾਵਾ ਬਣ ਫਿਰ ਆਂਦੀ ਤੇ ਆਖਦੀ ''ਬੜਾ ਚਾਹਨਾਂ ਵੇਂ ਨਾ ਤੂੰ ਮੈਨੂੰ ਆਜਾ ਘੁੱਟ ਲੈ ਮੈਨੂੰ ਆਪਣੀਆਂ ਬਾਹਵਾਂ ਵਿੱਚ।‘‘ ਤੇ ਮੈ ਖਿਆਲਾਂ ਵਿੱਚ ਓਸ ਦੇ ਪਿਛੇ ਪਿਆ ਦੋੜਨਾਂ। ਉਹ ਕਦੀ ਓਸ ਗਲੀ ਵਿੱਚ, ਕਦੀ ਓਸ ਮੋੜ ਤੇ ਮੈਨੂੰ ਅਵਾਜਾਂ ਪਈ ਮਾਰਦੀ। ਮੈਂ ਥੱਕ ਹਾਰ ਜਾਂਦਾ ਤੇ ਫਿਰ ਬਿਸਤਰੇ ‘ਤੇ ਢੇਰੀ ਹੋ ਜਾਂਦਾ। ਇਕ ਪਲ ਵਿੱਚ ਉਹ ਮੇਰੇ ਲਈ ਸਭ ਕੁਝ ਹੁੰਦੀ ਤੇ ਅਗਲੇ ਪਲ ਕੁਝ ਵੀ ਨਾ। ਮੈਂ ਉਸ ਨੂੰ ਬੜੀ ਵਾਰ ਆਖਦਾਂ ਕਿ ਮੈ ਤੈਨੂੰ ਬੜਾ ਮਿਸ ਕਰਦਾਂ ਤੇ ਉਹ ਆਖਦੀ ਮੈਨੂੰ ਪਤੈ ਤੇ ਕਈ ਵਾਰ ਆਖਦੀ ‘‘ਤੂੰ ਮੇਰਾ ਲਗਦਾ ਈ ਕੀ ਏਂ ਜੋ ਤੂੰ ਮੈਨੂੰ ਮਿਸ ਕਰਦੈ । ਕੀ ਰਿਸਤਾ ਏ ਤੇਰਾ ਮੇਰਾ।‘‘
''ਦੋਸਤੀ ਦਾ ।‘‘ ਮੈਂ ਆਖਦਾ।
''ਦੋਸਤੀ ਦੇ ਰਿਸਤੇ ਨੂੰ ਅਸਾਡਾ ਸਮਾਜ ਨਈਂ ਕਬੂਲਦਾ।‘‘ ਉਹ ਮੂੰਹ ਭੂਆਂ ਕਿ ਆਖਦੀ। ਹਾਲਾਂ ਕਿ ਉਹ ਸਰਾਰਤ ਨਾਲ ਆਖਦੀ ਤੇ ਮੈਂ ਗੰਭੀਰ ਹੋ ਜਾਂਦਾ ਤੇ ਢਿਲੇ ਬੁੱਲ ਕਰਕੇ ਆਖਦਾ '' ਤੇ ਫੇਰ ਕੀ ਮੈਂ ਤੈਨੂੰ ਯਾਦ ਨਾ ਕਰਿਆ ਕਰਾਂ।‘‘ ਤੇ ਉਹ ਮੇਰਾ ਹੱਥ ਫੜ ਕੇ ਆਖਦੀ '' ਤੂੰ ਰੋਣ ਵਾਲਾ ਮੁੰਹ ਨਾ ਬਣਾਇਆ ਕਰ, ਮੈਨੂੰ ਤੇਰੇ ‘ਤੇ ਤਰਸ ਤੇ ਸ਼ਾਇਦ ਪਿਆਰ ਆਣ ਲਗਦੈ।‘‘ ਮੈਂ ਓਸ ਦੇ ਪੈਰਾਂ ਵੰਲ ਇਸ਼ਾਰਾ ਕਰਕੇ ਆਖਦਾ '' ਤੇਰੇ ਪੈਰ ਚੁੰਮ ਲਵਾਂ।‘‘
ਪਤਾ ਨਈਂ ਕਿਉਂ ਮੈਨੂੰ ਓਸ ਦੇ ਪੈਰ ਬੜੇ ਸੋਹਣੇ ਲਗਦੇ, ਕੂਲੇ ਕੂਲੇ, ਚਿੱਟੇ ਚਿੱਟੇ । ਓਸ ਦੇ ਪੈਰਾਂ ‘ਤੇ ਅਕਸਰ ਓਸ ਦੀ ਜੁੱਤੀ ਦੀਆਂ ਬਰੀਕ ਬਰੀਕ ਤਨੀਆਂ ਦੇ ਨਿਸਾਪਏ ਹੁੰਦੇ ਜਿਹੜੇ ਓਸ ਦੇ ਗੋਰੇ ਗੋਰੇ ਕੂਲੇ ਪੈਰਾਂ ਤੇ ਬੜੇ ਫੱਬਦੇ। ਉਹ ਜਦੋ ਕਿਚਲੇ ਜਾਂਦੀ ਤਾਂ ਮੈਨੂੰ ਮਾਸਾ ਚੰਗਾ ਨਾ ਲਗਦਾ। ਅਸਲ ਵਿੱਚ ਮੈਂ ਚਾਹਦਾਂ ਸੀ ਕਿ ਓਸ ਨੂੰ ਹੋਰ ਕੋਈ ਨਾ ਵੇਖੇ ਮੇਰੇ ਸਿਵਾ। ਜਦ ਉਹ ਦਰਗਾਹ ਤੇ ਤੇਲ ਪਾਉਣ ਲਈ ਆਂਦੀ ਤਾਂ ਵੀ ਮੈਂ ਉਸ ਵੱਲ ਤੱਕਦੀਆਂ ਨਜਰਾਂ ਨੂੰ ਪਿਆ ਦੇਖਦਾ ਰਹਿੰਦਾ। ਕਿਸੇ ਦੀਆਂ ਨਜਰਾਂ ਕੁਝ ਪਈਆਂ ਕਹਿੰਦੀਆਂ ਤੇ ਕਿਸੇ ਦੀਆਂ ਕੁਝ, ਪਰ ਸਾਰਿਆਂ ਦੀਆਂ ਨਹੁੰਦੀਆਂ ਓਸੇ ‘ਤੇ। ਉਸ ਦੀ ਸੰਧਲੀ ਮਹਿਕ, ਪਹੁ ਫੁਟਾਲੇ ਵਰਗੀ ਮੁਸਕਾਨ ਤੇ ਤਾਰਿਆਂ ਵਾਂਗ ਚਮਕਾਰੇ ਮਾਰਦੇ ਨੈਣ ਮੈਨੂੰ ਗੁਮਰਾਹ ਪਏ ਕਰਦੇ।
ਬਹੁਤੇ ਵਾਰੀ ਜਦੋ ਕੋਈ ਮੈਨੂੰ ਮਿਲਦਾ ਤਾਂ ਮੈਂ ਜਲਦੀ ਹੀ ਉਸ ਨੂੰ ਭੁੱਲ ਜਾਂਦਾ, ਪਰ ਉਹ ਤਾਂ ਭੁੱਲਣ ਵਾਲੀ ਚੀਜ ਨਈ ਸੀ। ਸਗੋਂ ਮੈ ਜਿਨਾਂ ਓਸ ਨੂੰ ਭੁੱਲਣਾਂ ਚਾਂਹਦਾ ਉਹ ਹੋਰ ਮੇਰੇ ਚੇਤਿਆਂ ਵਿੱਚ ਡੂੰਘਾ ਲਹਿ ਜਾਂਦੀ। ਇਹ ਕੈਸੀ ਮੁਹੱਬਤ ਏ ਮੈ ਅਜੀਬ ਦੁਬਿਦਾ ਵਿੱਚ ਪਿਆ ਸੋਚਦਾਂ । ਅਸਲ ਵਿੱਚ ਮੁਹੱਬਤ ਦੀ ਪਕੀਜਗੀ ਇਸ ਗੱਲ ਵਿੱਚ ਨਈ ਕਿ ਤੁਸੀ ਕਿਸ ਹੱਦ ਤੱਕ ਕਿਸੇ ਨੂੰ ਪਿਆਰ ਕਰਦੇ ਹੋ, ਸਗੋ ਇਸ ਗੱਲ ਵਿੱਚ ਹੈ ਕਿ ਤੁਹਾਡਾ ਪਿਆਰ ਕਿਥੋ ਤੱਕ ਹੈ। ਪਿਆਰ ਦਾ ਅਰਥ ਹਾਂਸਲ ਕਰਨਾਂ ਨਈਂ, ਪਿਆਰ ਦਾ ਅਰਥ ਹੈ ਦੇ ਦੇਣਾ, ਕੁਰਬਾਨ ਕਰਨਾਂ। ਇਹ ਪਤਾ ਨਈ ਖੋਰੇ ਮੈਂ ਕਿਥੋਂ ਸੁਣਿਆਂ ਸੀ। ਕੀ ਮੈਂ ਕੁਝ ਕੁਰਬਾਨ ਕਰ ਸਕਨਾਂ ਵਾਂ ......? ਕੀ ਮੈਂ ਕਿਸੇ ਨੂੰ ਕੁਝ ਦੇ ਸਕਨਾਂ ਵਾਂ.....? ਸ਼ਾਇਦ ਮੇਰੇ ਲਈ ਪਿਆਰ ਦਾ ਅਰਥ ਸਿਰਫ ਹਾਂਸਲ ਕਰਨਾ ਹੀ ਹੈ। ਮੈਂ ਜਦੋ ਓਸ ਦੇ ਘਰ ਓਸ ਨੂੰ ਮਿਲਣ ਜਾਂਦਾ ਤਾਂ ਕੋਈ ਨਾ ਕੋਈ ਓਸ ਦੇ ਵਿਆਹ ਦੀ ਗੱਲ ਛੇੜ ਦਿੰਦਾ। ਮੈਨੂੰ ਬੜਾ ਗੁੱਸਾ ਆਉਂਦਾ ਤੇ ਮੇਰੇ ਅੰਦਰੋਂ ਸੇਕ ਪਿਆ ਨਿਕਲਦਾ। ਮੈਂ ਕਿਸ ਨਾਤੇ ਨਾਲ ਜਾਂਦਾ ਸੀ ਮਿਲਣ ਓਸ ਨੂੰ .......? ਕਿਸ ਨਾਤੇ ਨਾਲ.......!!
ਉਹ ਉਦਾਸ ਹੁੰਦੀ ਤਾਂ ਮੈਨੂੰ ਦੁੱਖ ਹੁੰਦਾ, ਬਿਮਾਰ ਹੁੰਦੀ ਤਾਂ ਮੇਰੇ ਅਹਿਸਾਸਾਂ ਵਿੱਚ ਆਣ ਕਿ ਆਖਦੀ ''ਮੈਂ ਤੜਫਦੀ ਪਈ ਆਂ ਤੇ ਤੂੰ ਇਥੇ ਸਾਫਟ ਡਰਿੰਕ ਦੀਆਂ ਚੁਸਕੀਆਂ ਭਰ ਰਿਹੈ। ਤੈਨੂੰ ਤਾਂ ਚਾਹੀਦਾ ਸੀ ਮੇਰੇ ਕੋਲ ਹੁੰਦਾ, ਮੇਰਾ ਸਿਰ ਪਲੋਸਦਾ ਤੇ ਢੇਰ ਸਾਰੀਆਂ ਗੱਲਾਂ ਕਰਦਾ।‘‘ ਮੈ ਯਕਦਮ ਤ੍ਰਬਕ ਜਾਂਦਾ ਤੇ ਮੇਰੇ ਮੁੰਹ ਵਿੱਚ ਪਈ ਸੈਡਵਿੱਚ ਮੇਰੇ ਗਲੇ ਵਿੱਚ ਅਟਕ ਜਾਂਦੀ। ਕਦੀ ਕਦੀ ਉਹ ਮੈਨੂੰ ਮੇਰਾ ਅਸਲੀ ਚਿਹਰਾ ਦਿਖਾਉਣ ਲਈ ਪਤਾ ਨਈ ਕਿਡਾ ਵੱਡਾ ਲੈਕਚਰ ਦਿੰਦੀ ਤੇ ਕਦੀ ਕਦੀ ਓਸ ਦਾ ਵੀ ਜਿਕਰ ਕਰਦੀ ਜਿਸ ਨੂੰ ਸ਼ਾਇਦ ਓਹ ਚਾਂਦੀ ਸੀ। ਮੈ ਮੁੰਹ ਵੱਟ ਕਿ ਬੈਠ ਜਾਂਦਾ ਤੇ ਉਹ ਆਖਦੀ ''ਸੱਚ ਕੋੜਾ ਹੁੰਦੇ ਏ ਨਾ।‘‘ ਤੇ ਫਿਰ ਇਕ ਦਮ ਗੱਲ ਬਦਲ ਕੇ ਹੱਸਣ ਲਗਦੀ ਤੇ ਮੈਂ ਵੀ ਹੱਸਣ ਲਗਦਾ। ਅਸਲ ਵਿੱਚ ਉਹ ਮੈਨੂੰ ਨਰਾਜ ਨਈਂ ਸੀ ਵੇਖਣਾਂ ਚਾਂਹਦੀ ਤੇ ਆਪਣੀ ਮਰਜੀ ਦੇ ਖਿਲਾਫ ਜਾਂ ਹੋ ਸਕਦੈ ਮਰਜੀ ਨਾਲ ਮੈਨੂੰ ਮਿਲਣ ਆਂਦੀ ਤੇ ਗੱਲਾਂ ਕਰਦੀ।
ਪਰ ਪਿਛਲੇ ਕਈ ਸਾਲਾਂ ਤੋਂ ਓਸ ਦਾ ਕੋਈ ਪਤਾ ਨਈਂ। ਉਹ ਅਚਾਨਕ ਇਕ ਦਿਨ ਪਤਾ ਨਈ ਕਿਥੇ ਚਲੇ ਗਈ। ਓਸਦੇ ਘਰ ਜਾਨਾਂ ਤਾਂ ਪਤਾ ਲਗਦਾ ਕੇ ਉਹ ਦੂਰ ਆਪਣੇ ਰਿਸਤੇਦਾਰਾਂ ਕੋਲ ਏ। ਕਦੀ ਪਤਾ ਲਗਦਾ ਕੇ ਓਸ ਵਿਆਹ ਕਰਵਾ ਲਿਆ ਏ। ਦਿਲ ਡਾਡਾ ਉਦਾਸ ਹੁੰਦਾ, ਮੰਨ ਖਿਝਿਆ ਰਹਿੰਦਾ। ਮੈਨੂੰ ਉਸ ਦੇ ਚਿਟੇ ਚਿੱਟੇ ਕੂਲੇ ਪੈਰ ਬੜੇ ਯਾਦ ਆਂਦੇ। ਇਨੇ ਸਾਲ ਤਾਂ ਇਕ ਮੁੱਦਤ ਹੁੰਦੀ ਏ। ਅਜੀਬ ਮੋੜ ਸੀ ਇਹ। ਮੈ ਉਸ ਨੂੰ ਭਾਲ ਦੀ ਬੜੀ ਵਾਹ ਲਾਈ ਪਰ ...........?
ਹੋਲੀ ਹੋਲੀ ਓਸ ਦਾ ਅਕਸ ਮੇਰੇ ਦਰਪਣ ਤੋਂ ਗਵਾਚਣ ਲੱਗਾ। ਕੁਝ ਸਾਲ ਬਾਅਦ ਮੇਰੀ ਸ਼ਾਦੀ ਹੋ ਗਈ ਤੇ ਮੈਂ ਆਪਣੀ ਬੀਵੀ ਨਾਲ ਸੈਰ ਕਰਨ ਚਲਾ ਗਿਆ। ਮਸੂਰੀ ਦੀ ਇਕ ਸੜਕ ਤੋ ਮੋੜ ਮੁੜਦੇ ਹੀ ਇਕ ਔਰਤ ਜੋ ਬੈਸਾਖੀਆਂ ਦੇ ਸਹਾਰੇ ਤੁਰ ਰਹੀ ਸੀ ਮੇਰੀ ਗੱਡੀ ਨਾਲ ਟਕਰਾਈ ਤੇ ਡਿਗ ਪਈ । ਮੈ ਗੱਡੀ ਰੋਕੀ ਤੇ ਅਸੀ ਦੋਹਵੇ ਮੀਂਆਂ ਬੀਵੀ ਉਸ ਨੂੰ ਚੁੱਕਣ ਲਈ ਬਾਹਰ ਆਏ। ਜਦ ਮੈਨੂੰ ਉਸ ਦੀ ਸਕਲ ਦਿਸੀ ਤਾਂ ਮੇਰੀ ਧਾਹ ਨਿਕਲ ਗਈ ਉਹ ਤਾਂ ਓਹੋ ਸੀ, ਉਸ ਦੀਆਂ ਨੀਲੀਆਂ ਅੱਖਾਂ ਵਿੱਚ ਸੈਲਾਬ ਉਮੜ ਆਇਆ, ਮੈਂ ਜਦ ਉਸ ਦੇ ਪੈਰਾਂ ਵੱਲ ਤੱਕਿਆ ਤਾਂ ਮੇਰੇ ਨੈਣ ਭਰ ਆਏ। ਉਸ ਦਾ ਇਕ ਪੈਰ ਕੱਟਿਆ ਹੋਇਆ ਸੀ। ਉਹ ਜਲਦੀ ਨਾਲ ਬੈਸਾਖੀਆਂ ਦੇ ਸਹਾਰੇ ਤੁਰ ਪਈ । ਮੇਰਾ ਜੀ ਕੀਤਾ ਕਿ ਮੈ ਉਸ ਦੀਆਂ ਬੈਸਾਖੀਆਂ ਵਗਾ ਮਾਰਾਂ ਤੇ ਉਸ ਨੂੰ ਆਪਣੀਆਂ ਬਾਹਵਾਂ ਵਿੱਚ ਚੁੱਕ ਕਿ ਨਾਲ ਲੈ ਜਾਂਵਾਂ, ਪਰ ਮੈਂ ਕੁਝ ਨਾ ਕਰ ਸਕਿਆ ਬਸ ਬੁੱਤ ਬਣ ਗਿਆ। ਮੈਨੂੰ ਲੱਗਾ ਕਿ ਜਿਵੇ ਮੈ ਆਪਣੀ ਜਿੰਦਗੀ ਦੇ ਪਾਪਾਂ-ਸਰਾਪਾਂ ਦੀ ਦੁਮੇਲ ‘ਤੇ ਖਲੋਤਾ ਹੋਵਾਂ ।
*******
ਰੋਜ਼ੀ ਸਿੰਘ
ਸੋ-ਫਾਇਨ ਕੰਪਿਊਟਰ ਇੰਸਟੀਚਿਊਟ
ਫਤਿਹਗੜ ਚੂੜੀਆਂ
98720-14321



Saturday, November 17, 2007

ਮਧਾਣੀਆਂ ਹਾਏ ਓ ਮੇਰੇ ਡਾਢਿਆ ਰੱਬਾ.......

ਗੁਰੂ ਘਰ ਦੇ ਸਪੀਕਰ ਵਿੱਚੋਂ ਭਾਈ ਜੀ ਦੁਆਰਾ ਗਾਇਨ ਕੀਤੀ ਜਾ ਰਹੀ ਇਲਾਹੀ ਬਾਣੀ ਦੀ ਮਿੱਠੀ ਮਿੱਠੀ ਰਸਭਿੰਨੀ ਅਵਾਜ਼ ਕੰਨਾਂ ਵਿੱਚ ਪੈ ਰਹੀ ਏ। ਸਿਆਲਾਂ ਦੀ ਠਿਠੁਰਦੀ ਰੁੱਤ ਵਿੱਚ ਧਰਤੀ ਦੇ ਚਾਰ ਚੁਫੇਰੇ ਕਿਤੇ ਹਲਕੀ ਕਿਤੇ ਗਹਿਰੀ ਧੁੰਦ ਲਿਪਟੀ ਹੋਈ ਏ। ਮਰਦ ਲੋਕ ਪਸ਼ੂਆਂ ਨੂੰ ਢਾਰੇ ਵਿੱਚੋਂ ਖੋਲ੍ਹ ਬਾਹਰ ਖੁਰਲੀਆਂ ‘ਤੇ ਬੰਨ ਕੇ ਚਾਰਾ ਰਲ਼ਾ ਰਹੇ ਨੇ। ਕੁਝ ਤੀਵੀਆਂ ਮੱਝਾਂ ਗਾਵਾਂ ਦੀਆਂ ਧਾਰਾਂ ਪਈਆਂ ਕੱਢਦੀਆਂ ਨੇ ਤੇ ਕੁਝ ਕਟੂਆਂ-ਵਛੜੂਆਂ ਨੂੰ ਝੁੱਲ੍ਹ ਦੇ ਕੇ ਠੰਡ ਤੋਂ ਬਚਾ ਰਹੀਆਂ ਨੇ। ਬਜ਼ੁਰਗ ਔਰਤਾਂ ਥਾਲ਼ੀ ਵਿੱਚ ਰਸਦ ਪਾ ਕੇ ਗੁਰੂ ਘਰ ਜਾਣ ਦੀ ਤਿਆਰੀ ਕਰ ਰਹੀਆਂ ਨੇ, ਤੇ ਛੋਟੇ ਜਵਾਕ ਹਾਲੇ ਮਸਤ ਸੁੱਤੇ ਪਏ ਨੇ। ਕਿਸੇ ਪਾਸੇ ਚਾਂਵੇ ਚੁੱਲ੍ਹੇ ਨੂੰ ਸਬਾਤ ਵਿੱਚ ਧਰ ਕੋਈ ਤੀਵੀਂ ਬਜੁਰਗਾਂ ਲਈ ਚਾਹ ਦਾ ਓਹੜ ਪੋਹੜ ਕਰ ਰਹੀ ਏ ਤੇ ਕੁਝ ਸੁਆਣੀਆਂ ਰਾਤ ਦੇ ਜਾਗ ਲਾਏ ਦੁੱਧ ਤੋਂ ਬਣੇ ਦਹੀਂ ਨੂੰ ਚਾਟੀ ਵਿੱਚ ਪਾ ਰਿੜਕਣ ਲਈ ਤਿਆਰੀ ਕਰ ਰਹੀਆਂ ਨੇ। ਇਹ ਨਜ਼ਾਰਾ ਅੱਜ ਤੋਂ ਦਹਾਕਾ ਦੋ ਦਹਾਕੇ ਪਹਿਲਾਂ ਦੇ ਪੰਜਾਬ ਦੇ ਕਿਸੇ ਘੁੱਗ ਵਸਦੇ ਪਿੰਡ ਦਾ ਏ। ਹਾੜ ਸਿਆਲ ਪਿੰਡਾਂ ਵਿੱਚ ਹਰ ਘਰ ਦਾ ਤਕਰੀਬਨ ਇਹੋ ਜਿਹਾ ਦ੍ਰਿਸ਼ ਹੁੰਦਾ ਸੀ। ਗਰਮੀਆਂ ਵਿੱਚ ਤੜਕਸਾਰ ਹਾਲੀ ਬਲਦ ਹੱਕ ਕੇ ਖੇਤਾਂ ਵੱਲ ਚਾਲੇ ਪਾ ਦਿੰਦੇ ਤੇ ਸੁਆਣੀਆਂ ਘਰਾਂ ਦੇ ਕਈ ਕੰਮਾਂ ਵਿੱਚ ਰੁੱਝ ਜਾਂਦੀਆਂ। ਇਹਨਾਂ ਕੰਮਾਂ ਤੋਂ ਇਲਾਵਾ ਸਵੇਰੇ ਸਵਖਤੇ ਸੁਆਣੀਆਂ ਦੇ ਕਈ ਹੋਰ ਕੰਮ ਵੀ ਹੁੰਦੇ ਜਿਵੇਂ ਚਰਖੇ ਕੱਤਣਾ, ਕਪਾਹ ਵੇਲਣੀ, ਫੁਲਕਾਰੀਆਂ ਸੋਪ ਕੱਢਣਾ, ਧਾਰਾਂ ਕੱਢਣੀਆਂ ਆਦਿ। ਪਰ ਅੱਜ ਇਥੇ ਆਪਣੇ ਵਿਰਸੇ ਨੂੰ ਵਿਸਰ ਚੁੱਕੀ ਨਵੀਂ ਪੀੜੀ ਅਤੇ ਖਾਸ ਕਰਕੇ ਪੰਜਾਬਣਾਂ ਨੂੰ ਵਿਰਾਸਤ ਦੇ ਇੱਕ ਖਾਸ ਅੰਗ ਤੋਂ ਜਾਣੂ ਕਰਵਾਇਆ ਜਾ ਰਿਹਾ ਏ। ਇਹ ਅੰਗ ਹੈ ਦੁੱਧ ਰਿੜਕਣ ਵਾਲੀ ਮਧਾਣੀ ਤੇ ਉਸ ਨਾਲ ਸਬੰਧਿਤ ਸਾਜੋ ਸਮਾਨ। ਲੇਖ ਦਾ ਸਿਰਲੇਖ ਪੜ ਕੇ ਤੁਸੀ ਕਹੋਗੇ ਗੱਲ ਕੀ ਏ ਤੇ ਕਿਧਰ ਨੂੰ ਲੈ ਤੁਰਿਆ ਏ। ਪਰ ਸਿਰਲੇਖ ਵਾਲੇ ਗੀਤ ਦਾ ਇਸ ਲੇਖ ਨਾਲ ਖਾਸਾ ਸਬੰਧ ਏ। ਪੰਜਾਬੀ ਹਮੇਸ਼ਾਂ ਤੋਂ ਹੀ ਸਾਦਾ ਖਾਣ, ਸਾਦਾ ਪਹਿਨਣ ਅਤੇ ਸਾਦਾ ਜੀਵਨ ਜਿਉਣ ਦੇ ਆਦੀ ਰਹੇ ਹਨ। ਪਹਿਲੇ ਜਮਾਨੇ ਵਿੱਚ ਮਾਵਾਂ ਆਪਣੇ ਬੱਚਿਆਂ ਦੀ ਘਰ ਦੇ ਦੁੱਧ ਅਤੇ ਦੁੱਧ ਤੋਂ ਬਣੇ ਦਹੀਂ ਮੱਖਣ ਤੇ ਲੱਸੀ ਨਾਲ ਪਰਵਰਿਸ਼ । ਇਹ ਮੱਖਣ ਤੇ ਲੱਸੀ ਇੱਕ ਖਾਸ ਕਿਸਮ ਦੇ ਲੱਕੜ ਦੇ ਬਣੇ ਸੰਦ, ਜਿਸ ਨੂੰ ਮਧਾਣੀ ਕਿਹਾ ਜਾਂਦੈ, ਨਾਲ ਬਣਦੇ ਸਨ। ਮਧਾਣੀ ਲੱਕੜ ਦੇ ਇੱਕ ਡਿਜ਼ਾਇਨ ਵਾਲੇ ਢਾਈ ਫੁੱਟ ਲੰਬੇ ਅਤੇ ਮੋਟੇ ਡੰਡੇ ਜਿਸ ਵਿੱਚ ਵੱਢੇ ਪਏ ਹੁੰਦੇ ਨੇ ਦੇ ਅੱਗੇ ਇੱਕ ਲੱਕੜ ਦਾ ਫੁੱਲ ਲਗਾ ਕੇ ਤਰਖਾਣਾ ਦੁਆਰਾ ਤਿਆਰ ਕੀਤੀ ਜਾਂਦੀ ਸੀ। ਦਹੀਂ ਨੂੰ ਚਾਟੀ ਵਿੱਚ ਪਾ ਕੇ ਲੱਕੜ ਦੀ ਹੀ ਬਣੀ ‘ਕੜਵੰਝੀ‘ ਉਪਰ ਟਿਕਾ ਲਿਆ ਜਾਂਦਾ ਅਤੇ ਚਾਟੀ ਵਿੱਚ ਮਧਾਣੀ ਨੂੰ ਪਾ ਕੇ ਇੱਕ ਖਾਸ ਕਿਸਮ ਦੇ ਅਕਾਰ ਵਾਲੇ ‘ਕੁੜ‘ ਜਿਸਦਾ ਅਕਾਰ ਅੰਗਰੇਜ਼ੀ ਦੇ ਯੂ ਵਰਗਾ ਹੁੰਦਾ ਹੈ ਵਿੱਚ ਫਸਾ ਦਿੱਤਾ ਜਾਂਦਾ, ਅਤੇ ਉਸ ‘ਕੁੜ‘ ਨੂੰ ਰੱਸੀ ਦੀ ਮਦਦ ਨਾਲ ‘ਕੜਵੰਜੀ‘ ਦੇ ਡੰਡੇ ਨਾਲ ਬੰਨ ਦਿੱਤਾ ਜਾਂਦਾ। ਮਧਾਣੀ ਨੂੰ ਵੀ ਉੱਪਰਲੇ ਹਿੱਸੇ ਤੋਂ ‘ਨੇਤਰਨੇ‘ (ਇੱਕ ਕਿਸਮ ਦੀ ਰੱਸੀ) ਨਾਲ ਕੜਵੰਜੀ ਦੇ ਡੰਡੇ ਨਾਲ ਬੰਨ ਲਿਆ ਜਾਂਦਾ। ਮਧਾਣੀ ਦੇ ਦੁਆਲੇ ‘ਲੱਜ‘ ਜਾਂ ‘ਰਿੜਕਣਾ‘ ਲਪੇਟ ਕੇ ਦੋਹਵਾਂ ਬਾਹਵਾਂ ਨਾਲ ਸੁਆਣੀਆਂ ਵਾਰੀ ਵਾਰੀ ਖਿਚਦੀਆਂ ਜਿਸ ਨਾਲ ਮਧਾਣੀ ਚਾਟੀ ਵਿੱਚ ਕਦੀ ਉਲਟੀ ਕਦੀ ਸਿੱਧੀ ਘੁੰਮਦੀ, ਅਤੇ ਦਹੀਂ ਰਿੜਕਣਾ ਸ਼ੁਰੂ ਹੋ ਜਾਂਦਾ। ਇਹ ਸਾਰਾ ਸਮਾਨ ਬੜੇ ਨਿਯਮਬੱਧ ਢੰਗ ਨਾਲ ਆਪਸ ਵਿੱਚ ਜੁੜਿਆ ਹੁੰਦਾ। ਮਧਾਣੀ ਸਾਡੇ ਸਾਹਿਤ, ਸਾਡੇ ਸਭਿਆਚਾਰ ਅਤੇ ਸਾਡੇ ਪੰਜਾਬੀ ਸਮਾਜ ਦਾ ਇੱਕ ਖਾਸ ਅੰਗ ਰਹੀ ਹੈ। ਇਸ ਨਾਲ ਸਬੰਧਿਤ ਪੰਜਾਬੀ ਸਹਿਤ ਅਤੇ ਗੀਤਕਾਰੀ ਵਿੱਚ ਬਹੁਤ ਵੰਨਗੀਆਂ ਮਿਲਦੀਆਂ ਨੇ। ਪੰਜਾਬ ਦੀ ‘ਕੋਇਲ‘ ਗਾਇਕਾ ਸਵ: ਸੁਰਿੰਦਰ ਕੌਰ ਜੀ ਵੱਲੋਂ ਗਾਇਆ ਗੀਤ ‘‘ਮਧਾਣੀਆਂ ਹਾਏ ਓ ਮੇਰੇ ਡਾਢਿਆ ਰੱਬਾ ਕਿੰਨਾਂ ਜੰਮੀਆਂ ਕਿੰਨਾਂ ਨੇ ਲੈ ਜਾਣੀਆਂ” ਅੱਜ ਵੀ ਜਦ ਕੰਨੀ ਪੈਂਦਾ ਏ ਤਾਂ ਰੂਹ ਅੰਦਰ ਤੱਕ ਨਮ ਹੋ ਜਾਂਦੀ ਏ। ਮਧਾਣੀ ਦਾ ਚੂੜੀਆਂ ਅਤੇ ਗੋਰੀਆਂ ਮਖਮਲੀ ਕਲਾਈਆਂ ਨਾਲ ਵੀ ਖਾਸਾ ਸਬੰਧ ਏ। ਪੰਜਾਬ ਦੇ ਖੇਤਾਂ ਦੀ ‘ਬੁਲਬੁਲ‘ ਤੇ ਮਾਣਮੱਤੀ ਗੋਰੀ ਜਦ ਸਵੇਰੇ ਸਵਖਤੇ ਉਠ ਦੁਧ ਵਿੱਚ ਰਿੜਕਣਾ ਪਾਉਂਦੀ ਸੀ ਤਾਂ ਸੂਰਜ ਵੀ ਡਰ ਡਰ ਕੇ ਨਿੱਕਲਦਾ। ਮਧਾਣੀ ਨੂੰ ਵਾਰੀ ਵਾਰੀ ਘੁਮਾਉਂਦੀ ਕਿਸੇ ਮੁਟਿਆਰ ਦੇ ਬਾਹਵਾਂ ਵਿੱਚ ਪਾਈਆਂ ਰੰਗ ਬਰੰਗੀਆਂ ਚੂੜੀਆਂ ਜਦ ਛਣਕਦੀਆਂ ਤਾਂ ਇੱਕ ਅਨੰਦਮਈ ਸੰਗੀਤ ਅਲਾਪਦੀਆਂ ਦੁੱਧ ਰਿੜਕਦੀ ਕੋਈ ਮੁਟਿਆਰ ਕਈ ਵਾਰੀ ਇਸ ਸੰਗੀਤ ਵਿੱਚ ਉਲਝੀ ਪ੍ਰਦੇਸ਼ ਗਏ ਆਪਣੇ ਮਾਹੀ ਦੀ ਉਡੀਕ ਵਿੱਚ, ਆਪ-ਮੁਹਾਰੇ ਹੀ ਕੋਈ ਧੁੰਨ ਛੇੜ ਲੈਂਦੀ।ਮੇਰੀ ਰੰਗਲੀ ਮਧਾਣੀ ਬਾਹਵਾਂ ਗੋਰੀਆਂ,ਮੈਂ ਚਾਈਂ ਚਾਈਂ ਦੁੱਧ ਰਿੜਕਾਂਛੇਤੀ ਛੇਤੀ ਆਜਾ ਮੇਰੇ ਢੋਲ ਪਰਦੇਸੀਆ ਵੇਤੇਰੀ ਮਾਂ ਦੇਵੇ ਮੈਨੂੰ ਝਿੜਕਾਂ। ਦਹੀਂ ਤੋਂ ਬਣੀ ਚਾਟੀ ਦੀ ਲੱਸੀ ਦਾ ਸਵਾਦ ਹੀ ਜਹਾਨੋਂ ਵੱਖਰਾ ਹੁੰਦਾ ਸੀ, ‘‘ਸਾਡੇ ਪਿੰਡ ਦੀ ਲੱਸੀ ਦਾ ਘੁੱਟ ਪੀ ਕੇ ਨੀ ਲਿਮਕੇ ਨੂੰ ਭੁੱਲ ਜਾਵੇਂਗੀ” ਸੱਚੀ ਹੀ ਲੱਸੀ ਦਾ ਮੁਕਾਬਲਾ ਲਿਮਕਾ ਜਾਂ ਕੋਈ ਹੋਰ ਸੌਫਟ ਡ੍ਰਿੰਕ ਭਲਾ ਕਿਵੇਂ ਕਰ ਸਕਦੇ ਨੇ। ਪੁਰਾਣੇ ਸਮਿਆਂ ਵਿੱਚ ਇੱਕ ਲੋਕ ਬੋਲੀ ਬੜੀ ਮਸ਼ਹੂਰ ਸੀ:- ਛੜੇ ਜੇਠ ਨੂੰ ਲੱਸੀ ਨਈਂ ਦੇਣੀਦਿਓਰ ਭਾਵੇਂ ਮੱਝ ਚੁੰਘ ਜਾਏ। ਇਸ ਲੱਸੀ ਕਰਕੇ ਕਈ ਜੇਠ ਵਿਚਾਰੇ ਭਾਬੀਆਂ ਦੇ ਤਰਲੇ ਕੱਢਦੇ ਫਿਰਦੇ ਸੀ। ਇਹ ਕਮਾਲ ਮਧਾਣੀ ਨਾਲ ਬਣੀ ਚਾਟੀ ਦੀ ਲੱਸੀ ਦਾ ਹੀ ਸੀ। ਦੁੱਧ ਰਿੜਕਣ ਜਾਂ ਮਧਾਣੀ ਨਾਲ ਸਬੰਧਿਤ ਸਾਡੀਆਂ ਬਹੁਤ ਸਾਰੀਆਂ ਲੋਕ ਬੋਲੀਆਂ ਵੀ ਸਾਹਿਤ ਵਿੱਚ ਮੌਜੂਦ ਨੇ ਜਿਵੇਂ ਚੂੜੇ ਵਾਲੀ ਦੁੱਧ ਰਿੜਕੇਵਿੱਚੋਂ ਮੱਖਣ ਝਾਤੀਆਂ ਮਾਰੇਕੈਂਠੇ ਵਾਲਾ ਧਾਰ ਕੱਢਦਾਦੁੱਧ ਰਿੜਕੇ ਝਾਂਜਰਾਂ ਵਾਲੀ। ਮੈਨੂੰ ਚੂੜੀਆਂ ਚੜਾਦੇ ਚੰਨ ਵੇਮੈਂ ਚਾਈਂ ਚਾਈਂ ਦੁੱਧ ਰਿੜਕਾਂ ਹੁਣ ਬਹੁਤ ਘੱਟ ਅਜਿਹੇ ਪਿੰਡ ਰਹਿ ਗਏ ਹੋਣਗੇ ਜਿਥੇ ਉਪਰੋਕਤ ਸਾਜ਼ੋ ਸਮਾਨ ਵਰਤਿਆ ਜਾਂਦਾ ਹੈ। ਬਹੁਤੇ ਪਿੰਡਾਂ ਵਿੱਚ ਵੀ ਹੁਣ ਸ਼ਹਿਰਾਂ ਵਾਲੀਆਂ ਸਾਰੀਆਂ ਸਹੂਲਤਾਂ ਉਪਲਬਧ ਹੋ ਗਈਆਂ ਨੇ। ਮਧਾਣੀ ਦੀ ਥਾਂ ਹੁਣ ਬਿਜਲੀ ਨਾਲ ਚੱਲਣ ਵਾਲੀ ਮਸ਼ੀਨ ਆ ਗਈ ਏ। ਸਾਰਾ ਕੁਝ ਮਾਡਰਨ ਅਤੇ ਇਲੈਕਟ੍ਰਾਨਿਕ ਹੋ ਗਿਆ ਏ। ਪਰ ਅਜੇ ਵੀ ਕਿਧਰੇ ਕਿਤੇ ਦੂਰ ਦੁਰਾਡੇ ਅਜਿਹੇ ਪਿੰਡ ‘ਚ ਜਾਣ ਦਾ ਮੌਕਾ ਮਿਲੇ ਤਾਂ ਉਥੇ ਅਜਿਹੀਆਂ ਪੁਰਾਤਨ ਚੀਜ਼ਾਂ ਤੇ ਪੁਰਾਣਾ ਸਭਿਆਚਾਰ ਵੇਖ ਕੇ ਆਪਣੇ ਪਿੰਡ ਦੀ ਯਾਦ ਉਮੜ ਆਉਂਦੀ ਏ, ਜਿਥੇ ਕਦੇ ਸੁਆਣੀਆਂ ਦੁੱਧ ਰਿੜਕਣ ਸਮੇ ਆਪਣੀ ਹੀ ਮਸਤੀ ਵਿੱਚ ਅਤੀਤ ਨੂੰ ਯਾਦ ਕਰ ਕੇ ਇਹ ਧੁਨ ਛੇੜ ਲੈਂਦੀਆਂ ਸਨ:-ਮਧਾਣੀਆਂ ਹਾਏ ਓ ਮੇਰੇ ਡਾਢਿਆ ਰੱਬਾਕਿੰਨ੍ਹਾਂ ਜੰਮੀਆਂ, ਕਿੰਨ੍ਹਾਂ ਨੇ ਲੈ ਜਾਣੀਆਂ ।

ਸਿਰ ਦਿੱਤਿਆਂ ਬਾਜ ਨਾ ਇਸ਼ਕ ਪੱਕੇ......


ਇਸ਼ਕ, ਜਿਸਨੂੰ ਪਿਆਰ, ਮੁਹੱਬਤ, ਮੋਹ, ਪ੍ਰੇਮ, ਅਨੁਰਾਗ ਅਦਿ ਨਾਵਾਂ ਨਾਲ ਵੀ ਸੱਦਿਆ ਜਾਂਦਾ ਏ। ਇਹ ਤਿੰਨਾਂ ਅੱਖਰਾਂ ਦਾ ਸ਼ਬਦ ਆਪਣੇ ਅੰਦਰ ਅਤਿਅੰਤ ਵਿਸ਼ਾਲਤਾ ਅਤੇ ਪੀਡੇ ਰਹੱਸ ਸਮੋਈ ਬੈਠਾ ਏ। ਇਸ਼ਕ ਇੱਕ ਲਗਨ ਏ ਜਿਹੜੀ ਧੁਰ ਦਰਗਾਹੋਂ ਵਜਦੇ ਅਨੰਤ ਦੀ ਧੁਨੀ ਹੈ । ਮੁਹੱਬਤ ਦਿਲ ਦੀਆਂ ਸੁਲ਼ਗਦੀਆਂ ਭਾਵਨਾਵਾਂ, ਮਚਲਦੇ ਖਿਆਲਾਂ ਅਤੇ ਮੂੰਹਜੋਰ ਖਾਹਿਸ਼ਾਂ ਨੂੰ ਕਿਸੇ ਮਹਿਫੂਜ਼ ਜਗ੍ਹਾ ‘ਤੇ ਪਨਾਹ ਦੇਣ ਦਾ ਨਾ ਏ। ਪਿਆਰ ਬਿਨਾਂ ਮਨੁੱਖ ਦੀ ਜਿੰਦਗੀ ਸਿਵਿਆਂ ਦੇ ਨਿਆਈਂ ਹੈ । ਪਿਆਰ ਇਸ਼ਕ ਜਿੰਦਗੀ ਦਾ ਧੁਰਾ ਹੈ ਜਿਸ ਦੁਆਲੇ ਕਈ ਸੰਸਾਰਕ ਬੰਧਨ ਤੇ ਰਿਸ਼ਤੇ ਬੱਝੇ ਪਏ ਨੇ। ਪਿਆਰ, ਇਸ਼ਕ ਮੁਹੱਬਤ ਇੱਕ ਰਸ ਹੈ ਜਿਸ ਤੋਂ ਵੱਧ ਰਸਭਿਨਾਂ ਕੋਈ ਹੋਰ ਦੁਨਿਆਵੀ ਰਸ ਨਹੀਂ ਹੈ। ਸਾਇੰਸ ਮੁਤਾਬਿਕ ਇਸ਼ਕ ਇੱਕ ਮਨੋਵਿਗਿਆਨਿਕ ਪ੍ਰਸਥਿਤੀ ਹੈ ਜਿਸ ਤੋਂ ਕੋਈ ਨਹੀਂ ਬਚ ਸਕਦਾ। ਪੰਜਾਂ ਪਾਣੀਆਂ ਦੀ ਧਰਤੀ ਪੰਜਾਬ ਜਿਥੇ ਦਸਾਂ ਗੁਰੂਆਂ ਨੇ ਅਵਤਾਰ ਧਾਰਿਆ ਉਥੇ ਅਜਿਹੇ ਪੀਰ ਪੈਗੰਬਰ ਵੀ ਹੋਏ ਜਿਨਾਂ ਰੱਬ ਨਾਲ ਸੱਚੇ ਇਸ਼ਕ ਦੀਆਂ ਗੰਢਾਂ ਨੂੰ ਪੀਡਿਆਂ ਕਰਕੇ ਇਸ਼ਕ ਦੀ ਪਵਿੱਤਰਤਾ ਨੂੰ ਏਨਾ ਪਕੇਰਾ ਕਰ ਦਿੱਤਾ ਕਿ ਰਹਿੰਦੀ ਦੁਨੀਆਂ ਤੱਕ ਉਹਨਾਂ ਦਾ ਨਾਮ ਚੇਤਿਆਂ ਵਿੱਚ ਰੁਮਕਦਾ ਰਹੇਗਾ। ਇਸ ਤੋਂ ਇਲਾਵਾ ਸੂਫ਼ੀ ਕਵੀਆਂ ਨੇ ਇਸ਼ਕ ਵਿੱਚ ਰੰਗੀਆਂ ਲਿਖਤਾਂ ਲਿਖ ਕੇ ਇਸ਼ਕ ਦੇ ਇਤਿਹਾਸ ਨੂੰ ਇਕ ਨਵਾਂ ਮੋੜ ਦਿੱਤਾ। ਬਾਬਾ ਬੁੱਲ੍ਹੇ ਸ਼ਾਹ, ਸੁਲਤਾਨ ਬਾਹੂ, ਸ਼ਾਹ ਹੁਸੈਨ, ਵਾਰਿਸ ਸਾਹ ਅਦਿ ਦੀਆਂ ਕਾਫੀਆਂ ਅਤੇ ਸਲੋਕ ਅਦਿ ਸੁਨਣ ਤੇ ਇੰਝ ਲਗਦਾ ਹੈ ਜਿਵੇਂ ਕੋਈ ਦਰਗਾਹ ਤੋਂ ਆਇਆ ਪ੍ਰੇਮ ਦੂਤ ਇਸ਼ਕ ਦਾ ਮੰਤਰ ਪੜਾ ਰਿਹਾ ਹੋਵੇ ।ਇਹਨਾਂ ਮਹਾਨ ਸੂਫੀਆਂ ਨੇ ਇਸ਼ਕ ਨੂੰ ਖੁਦਾ ਤੱਕ ਪਹੁੰਚਣ ਦਾ ਅਸਲ ਮਾਰਗ ਦੱਸਦਿਆਂ ਇਸ਼ਕ ਨੂੰ ਦੋ ਭਾਗਾਂ ਵਿੱਚ ਵੰਡਿਆ । ਇਕ ਇਸ਼ਕ ਹਕੀਕੀ ਅਤੇ ਦੂਜਾ ਇਸ਼ਕ ਮਜਾਜੀ । ਖੁਦਾ ਨਾਲ ਕੀਤੇ ਇਸ਼ਕ ਨੂੰ ਇਸ਼ਕ ਹਕੀਕੀ ਅਤੇ ਦੁਨਿਆਵੀ ਇਸ਼ਕ ਨੂੰ ਇਸ਼ਕ ਮਜਾਜੀ ਦਾ ਦਰਜਾ ਦਿੱਤਾ ਗਿਆ । ਪੰਜਾਬ ਦੀ ਧਰਤੀ ਨੂੰ ਜਿਥੇ ਉਕਤ ਗੁਰੂਆਂ ਪੀਰਾਂ ਅਤੇ ਸੂਫੀਆਂ ਦੀ ਚਰਨ ਛੋਹ ਪ੍ਰਾਪਤ ਹੈ ਉਥੇ ਇਸ ਧਰਤੀ ‘ਤੇ ਅਜਿਹੇ ਆਸ਼ਕ ਵੀ ਹੋਏ ਨੇ ਜਿਨ੍ਹਾ ਆਪਣੀ ਹਸਤੀ ਨੂੰ ਮਿਟਾ ਕੇ ਇਸ਼ਕ ਦੀ ਮੰਜਿਲ ਨੂੰ ਪਾਇਆ ਅਤੇ ਇਸ਼ਕ ਦੀ ਰਵਾਇਤ ਤੇ ਸਚਾਈ ਨੂੰ ਕਾਇਮ ਰੱਖਿਆ ।ਇਸ਼ਕ ਉਹ ਸੀ ਜਿਹੜਾ ਰਾਝੇ ਨੇ ਹੀਰ ਨਾਲ, ਲੈਲਾਂ ਨੇ ਮਜਨੂੰ ਨਾਲ, ਪੁੰਨੂੰ ਨੇ ਸੱਸੀ ਨਾਲ, ਸੀਰੀ ਨੇ ਫਰਹਾਦ ਨਾਲ, ਸਹਿਤੀ ਨੇ ਮੁਰਾਦ ਨਾਲ, ਮਿਰਜੇ ਨੇ ਸਹਿਬਾਂ ਨਾਲ ਅਤੇ ਰੋਮੀਓ ਨੇ ਜੂਲੀਅਟ ਨਾਲ ਕੀਤਾ। ਇਸ਼ਕ ਵਿੱਚ ਬੱਝਾ ਆਦਮੀ ਆਪਣੇ ਆਪ ਨੂੰ ਭੁੱਲ ਕੇ ਦੂਜੇ ਦੇ ਅਰਪਨ ਹੋ ਜਾਂਦਾ ਹੈ ਜਿਵੇ ਕੇ :ਰਾਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈਸੱਦੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ।ਇਸ਼ਕ ਨਚਾਉਂਦਾ ਹੈ ਅਜਿਹਾ ਨਾਚ ਜੋ ਮਸਤ ਹੈ, ਅਨੰਦਤ ਹੈ ਤੇ ਇਸਕ ਨਾਚ ਵਿੱਚ ਨੱਚਦਾ ਆਸ਼ਕ ਬਾਬਾ ਬੁੱਲੇ ਸ਼ਾਹ ਵਾਂਗ ਆਪਣੇ ਤਵੀਬ ਨੂੰ ਪੁਕਾਰਦਾ ਹੈ :ਤੇਰੇ ਇਸ਼ਕ ਨਚਾਇਆ, ਕਰਕੇ ਥਈਆ ਥਈਆਝਪਦੇ ਬੋਹੜੀ ਵੇ ਤਵੀਬਾ ਨਹੀਂ ਤੇ ਮੈਂ ਮਰ ਗਈਆ।ਇਸ਼ਕ ਵਿੱਚ ਆਸ਼ਕ ਦੀ ਦਸ਼ਾ ਰੇਗਸਤਾਨ ਵਿੱਚ ਪਾਣੀ ਲਈ ਭਟਕਦੇ ਉਸ ਪਰਿੰਦੇ ਜਹੀ ਹੋ ਜਾਂਦੀ ਏ ਜਿਹੜਾ ਪਾਣੀ ਦੀ ਇਕ ਬੂੰਦ ਲਈ ਕੁਰਲਾ ਰਿਹਾ ਹੁੰਦਾ ਏ ।ਇਸ਼ਕ ਜਿੰਨਾ ਨੂੰ ਲੱਗ ਜਾਂਦੇ, ਸੁੱਕ ਜਾਂਦੇ ਨੇ ਵਾਂਗ ਉਹ ਕਾਨਿਆਂ ਦੇਕੁਝ ਸੁੱਕ ਜਾਂਦੇ ਕੁਝ ਮੁੱਕ ਜਾਂਦੇ ਰਹਿੰਦੇ ਮਾਰ ਲੈਦੇ ਲੋਕ ਨਾਲ ਤਾਨਿਆਂ ਦੇ ।ਇਸ਼ਕ ਦੇ ਰਹੱਸ ਨੂੰ ਲੱਭ ਸਕਣਾ ਹਰ ਇਕ ਦੇ ਵੱਸ ਨਹੀਂ ਏ। ਇਹ ਇਕ ਅਜਿਹਾ ਅਹਿਸਾਸ ਏ ਜੋ ਇਨਸਾਨ ਵਿੱਚ ‘ਮੈਂ ‘ ਨੂੰ ਖਤਮ ਕਰ ਦਿੰਦਾ ਏ ।ਕਹਿੰਦੇ ਨੇ ਇਸ਼ਕ, ਮੁਸ਼ਕ ਤੇ ਖੁਰਕ ਕਦੇ ਛੁਪਾਇਆਂ ਨਹੀਂ ਛੁਪਦੇ, ਤੇ ਸੱਚੇ ਪ੍ਰੇਮੀ ਆਪਣੇ ਇਸ਼ਕ ਨੂੰ ਧਰਮ ਵਾਂਗ ਪਾਲ਼ਦੇ ਤੇ ਫਰਜ਼ ਵਾਂਗ ਨਿਭਾਉਂਦੇ ਨੇ । ਭਾਵੇ ਉਹ ਇਸ਼ਕ ਹਕੀਕੀ ਹੋਵੇ ਜਾਂ ਮਜਾਜੀ। ਇਸ਼ਕ ਧਰਮ ਦੇ ਕਰਮ ਕਾਂਡਾਂ, ਸਮੇ ਸਥਾਨ ਦੀ ਸੀਮਾ, ਉਮਰ, ਜਾਤ-ਪਾਤ ਦੇ ਅਨੁਪਾਤਾਂ ਤੋਂ ਕਿਤੇ ਉਪਰ ਦੀ ਗੱਲ ਏ । ਇਸ਼ਕ ਵਿੱਚ ਘਰ ਫੂਕ ਤਮਾਸ਼ਾ ਦੇਖਣਾ ਪੈਂਦਾ ਏ । ਸੱਚੇ ਇਸ਼ਕ ਵਿੱਚ ਰੰਗੇ ਪ੍ਰੇਮੀ ਹਰ ਵਕਤ ਮਿਲਾਪ ਦਾ ਰਾਗ ਅਲਾਪਦੇ ਨੇ ਉਹਨਾਂ ਲਈ ਪੂਰੀ ਦੁਨੀਆਂ ਦੇ ਮਨੁੱਖ ਅਤੇ ਜੀਵ ਅੰਨ੍ਹੇ ਹੁੰਦੇ ਨੇ।ਲੱਭਦੇ ਬਹਾਨਾ ਕੋਈ ਵੰਨ ਤੇ ਸੁਵੰਨਾ ਏਆਸ਼ਕਾਂ ਦੇ ਭਾਣੇ ਹੁੰਦਾ ਸਾਰਾ ਜੱਗ ਅੰਨਾ ਏਪਿਆਰ, ਇਸ਼ਕ ਮੁਹੱਬਤ ਇਕ ਅਜਿਹਾ ਜਜ਼ਬਾ ਏ ਜੋ ਵਿਸ਼ਵਾਸ ਦੀਆਂ ਨੀਹਾਂ ‘ਤੇ ਟਿਕੀਆਂ ਰੇਤ ਦੀਆਂ ਦੀਵਾਰਾਂ ਵਾਂਗ ਹੈ। ਜਿਸ ਨੂੰ ਭੋਰਾ ਕੁ ਵੀ ਠੋਕਰ ਲੱਗੀ ਨਹੀਂ ਕੇ ਸਭ ਕੁਝ ਚਕਨਾਚੂਰ ਹੋ ਜਾਂਦਾ ਏ । ਇਸ਼ਕ ਵਿੱਚ ਜਿਥੇ ਮਿਲਾਪ ਦਾ ਅਨੰਦ ਹੈ ਉਥੇ ਵਿਛੋੜਿਆਂ ਦੀ ਅੱਗ ਵਿੱਚ ਵੀ ਸੜਨਾ ਪੈਂਦਾ ਏ। ਇਸ਼ਕ ਦੀ ਕਸਕ ਨੂੰ ਉਹ ਹੀ ਸਮਝ ਸਕਦੇ ਨੇ ਜੋ ਖੁਦ ਇਸ ਤੜਪ ਨੂੰ ਹੰਢਾ ਚੁੱਕੇ ਹੋਣ ਜਾਂ ਹੰਢਾ ਰਹੇ ਹੋਣ । ਇਸ਼ਕ ਚਾਹੇ ਹਕੀਕੀ ਹੋਵੇ ਜਾਂ ਮਜਾਜੀ ਇਸ ਨੂੰ ਕੰਡਿਆਂ ਦੀ ਸੇਜ ‘ਤੇ ਸੌਂ ਕਿ ਹੀ ਪਾਇਆ ਜਾ ਸਕਦਾ ਏ। ਤੇ ਜਿੰਨਾ ਦੇ ਇਸ਼ਕ ਹੱਡੀਂ ਰਚ ਜਾਵੇ ਉਹਨਾਂ ਲਈ ਕੰਡਿਆਂ ਦੀ ਸੇਜ ਵੀ ਮਹਿਕਦੇ ਕੋਮਲ ਗੁਲਾਬਾਂ ਵਰਗੀ ਹੋ ਜਾਂਦੀ ਏ । ਸੱਚੇ ਆਸ਼ਕਾਂ ਲਈ ਇਸ਼ਕ ਕਬਜਾ ਨਹੀਂ ਕੁਰਬਾਨੀ ਹੋ ਨਿਬੜਦਾ ਏ। ਇਸ਼ਕ ਇਕ ਦੂਜੇ ਦੀਆਂ ਭਾਵਨਾਵਾ, ਜਜਬਿਆਂ ਤੇ ਵਲਵਲਿਆਂ ਨੂੰ ਸਮਝਣ ਦਾ ਨਾਮ ਏ । ਕਈ ਵਾਰੀ ਪ੍ਰੇਮੀ ਦੀ ਬੇ-ਵਫਾਈ ਇਨਸਾਨ ਲਈ ਘਾਤਕ ਸਿੱਧ ਹੋ ਜਾਂਦੀ ਏ ਤੇ ਮਜਬੂਰਨ ਸੁਖਵਿੰਦਰ ਅੰਮ੍ਰਿਤ ਵਾਂਗ ਕਹਿਣਾ ਪੈਦਾਂ ਏ :ਐਵੇਂ ਗੈਰਾਂ ਨਾਲ ਮਿੱਠਾ ਮਿੱਠਾ ਬੋਲ ਹੋ ਗਿਆਸਾਥੋਂ ਜਿੰਦਗੀ ‘ਚ ਆਪੇ ਜ਼ਹਿਰ ਘੋਲ ਹੋ ਗਿਆ ਰਹੂ ਉਂਗਲਾਂ ਦੇ ਪੋਟਿਆਂ ‘ਚੋਂ ਲਹੂ ਸਿਮਦਾਸਾਥੋਂ ਹੀਰਿਆਂ ਭੁਲੇਖੇ ਕੱਚ ਫੋਲ ਹੋ ਗਿਆ ।ਅੱਜ ਹਰ ਬੰਦਾ ਸਿਰਫ ਇਮਾਨ ਅਤੇ ਸ਼ੋਹਰਤ ਦੀ ਸਲਾਮਤੀ ਚਾਹੁੰਦਾ ਹੈ । ਇਸ ਕਠੋਰ ਤੇ ਬੇ-ਲਿਹਾਜ ਜਮਾਨੇ ਵਿੱਚ ਇਸ਼ਕ ਦੀ ਸਲਾਮਤੀ ਦੀ ਉਮੀਦ ਕਰਨਾ ਬੇਫਜੂਲ ਈ ਲਗਦੈ। ਸੁਲਤਾਨ ਬਾਹੂ ਦੇ ਦੋਹੇ ਵਿਚਲੀ ਸਚਾਈ ਇਸ ਦੀ ਗਵਾਹੀ ਭਰਦੀ ਹੈ। ਇਮਾਨ ਸਲਾਮਤ ਹਰ ਕੋਈ ਮੰਗੇਇਸ਼ਕ ਸਲਾਮਤ ਕੋਈਮੰਗਣ ਇਮਾਨ ਸ਼ਰਮਾਵਣ ਇਸ਼ਕੋਂਮੇਰੇ ਦਿਲ ਨੂੰ ਗੈਰਤ ਹੋਈ ਮੇਰਾ ਇਸ਼ਕ ਸਲਾਮਤ ਰੱਖੀਂ ਮੀਆਂ ਬਾਹੂਇਮਾਨੋਂ ਗਈ ਤਾਂ ਕੋਈ । ਅੱਜ ਬੜੇ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਏ ਕਿ ਅੱਜ ਇਸ਼ਕ ਨੂੰ ਮਹਿਜ ਸਰੀਰਕ ਖੇਡ ਬਣਾ ਲਿਆ ਗਿਆ ਏ। ਦੋ ਘੜੀ ਦੇ ਸਰੀਰਕ ਅਨੰਦ ਲਈ ਇਸ ਪਵਿੱਤਰ ਜਜ਼ਬੇ ਨੂੰ ਅਪਮਾਨਿਤ ਕੀਤਾ ਜਾ ਰਿਹਾ ਏ । ਸੱਚੇ ਇਸ਼ਕ ਦੀ ਜਗ੍ਹਾ ਦੁਨਿਆਵੀ ਪਿਆਰ ਨੇ ਲੈ ਲਈ ਏ । ਸਰੀਰਕ ਪਿਆਰ ਦੀ ਭੁੱਖ ਰੁਹਾਨੀ ਪਿਆਰ ‘ਤੇ ਹਾਵੀ ਹੋ ਰਹੀ ਏ। ਜਿਥੇ ਪਹਿਲੇ ਸੱਚੇ ਸੁੱਚੇ ਆਸ਼ਕਾਂ ਨੇ ਇਸ਼ਕ ਦੇ ਜ਼ਰੀਏ ਖੁਦਾ ਨੂੰ ਪਾ ਲਿਆ ਉਥੇ ਅੱਜ ਦੀ ਪੀੜੀ ਇਸ ਵਿਰਾਸਤ ਤੇ ਇਤਿਹਾਸ ਨੂੰ ਭੁੱਲ ਕਿ ਜਿਸਮਾਂ ਦੀ ਭੁੱਖ ਪਿਛੇ ਦੌੜ ਰਹੀ ਏ। ਪਰ ਦੋ ਘੜੀ ਦਾ ਸਰੀਰਕ ਮਿਲਾਪ ਕਦੀ ਇਸ਼ਕ ਦਾ ਇਤਿਹਾਸ ਨਹੀ ਬਣ ਸਕਦਾ। ਇਸ਼ਕ ਵਿੱਚ ਤਾਂ ਸਭ ਕੁਝ ਗਵਾਉਣਾ ਪੈਂਦਾ ਏ, ਲੁਟਾਉਣਾ ਪੈਂਦਾ ਏ ਤਾਂ ਹੀ ਤਾਂ ਵਾਰਿਸ ਸ਼ਾਹ ਨੇ ਕਿਹਾ ਏ ।ਸਿਰ ਦਿੱਤਿਆਂ ਬਾਜ ਨਾ ਇਸ਼ਕ ਪੱਕੇ ਇਹ ਨਹੀਂ ਸੁਖੱਲੀਆਂ ਯਾਰੀਆਂ ਨੇ,ਓਹਦੇ ਜਖ਼ਮ ਨਾ ਹਸ਼ਰ ਤੱਕ ਹੋਣ ਰਾਜੀਜਿਨੂੰ ਲੱਗੀਆਂ ਇਸ਼ਕ ਕਟਾਰੀਆਂ ਨੇ

Saturday, March 17, 2007

ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ

ਮੈਂ ਹਾਲੇ ਉਦੋਂ ਬਹੁਤ ਛੋਟਾ ਸੀ, ਸਾਡੇ ਪਿੰਡ ਦੇ ਇਕ ਬੰਦੇ ਦਾ ਕਿਤੇ ਐਕਸੀਡੈਂਟ ਹੋ ਗਿਆ, ਖਾਸੀਆਂ ਸੱਟਾ ਲੱਗੀਆਂ ਓਸ ਨੂੰ । ਜਿਥੇ ਐਕਸੀਡੈਂਟ ਹੋਇਆ ਸੀ, ਓਸ ਦੇ ਲਾਗਲੇ ਪਿੰਡ ਦੇ ਲੋਕਾਂ ਨੇ ਓਸ ਨੂੰ ਚੁੱਕ ਕੇ ਹਸਪਤਾਲ ਦਾਖਲ ਕਰਵਾਇਆ ਤੇ ਸ਼ਾਮ ਨੂੰ ਓਸ ਨੂੰ ਘਰ ਛੱਡਣ ਵੀ ਆਏ। ਓਸ ਪਿੰਡ ਦੇ ਲੋਕਾ ਨੇ ਇਨਸਾਨੀਅਤ ਦੇ ਨਾਤੇ ਓਸ ਬੰਦੇ ਨੂੰ ਕਈ ਕੁਝ ਖਾਣ ਵਾਸਤੇ ਵੀ ਦਿੱਤਾ ਅਤੇ ਓਸ ਦੇ ਪਰਿਵਾਰ ਵਾਲਿਆਂ ਨਾਲ ਹਮਦਰਦੀ ਵੀ ਪ੍ਰਗਟਾਈ। ਓਸ ਵੇਲੇ ਹਾਲਾਤ ਏਨੇ ਵਧੀਆ ਸਨ ਕਿ ਆਂਢ-ਗੁਆਢ 'ਚ ਕਿਸੇ 'ਤੇ ਭੀੜ ਬਣਨੀ ਤਾਂ ਸਾਰਾ ਪਿੰਡ ਇੱਕਠਾ ਹੋ ਜਾਂਦਾ ਤੇ ਇੰਝ ਜਾਪਦਾ ਕਿ ਇਹ ਦੁੱਖ ਇੱਕਲਾ ਓਸ ਬੰਦੇ ਦਾ ਨਹੀ, ਸਗੋਂ ਸਾਰੇ ਪਿੰਡ ਦਾ ਸਾਂਝਾ ਦੁੱਖ ਏ। ਇਸ ਤਰ੍ਹਾਂ ਦੇ ਮਾਹੌਲ ਵਿੱਚ ਪੀੜਤ ਬੰਦੇ ਦਾ ਹੌਸਲਾ ਵੀ ਬਣਿਆਂ ਰਹਿੰਦਾ ਤੇ ਓਸ ਦਾ ਦੁੱਖ ਦੂਰ ਹੋਣ ਲੱਗਿਆਂ ਭੋਰਾ ਵੀ ਦੇਰ ਨਾ ਲੱਗਦੀ। ਪਿੰਡ ਵਿੱਚ ਕਿਸੇ ਗਰੀਬ-ਗੁਰਬੇ ਦੀ ਲੜਕੀ ਦਾ ਵਿਆਹ ਹੋਣਾ ਤਾਂ ਸਾਰੇ ਪਿੰਡ ਨੇ ਰਲ-ਮਿਲ ਕੇ ਸਮਾਂ ਲੰਘਾਉਣਾ। ਸਗਣ ਵਾਲੇ ਦਿਨ ਸਭ ਲੋਕਾਂ ਨੇ ਸਰਦੀ ਬਣਦੀ ਰਸਤ, ਦੁੱਧ ਘਿਓ, ਆਟਾ, ਚੋਲ ਵਗੈਰਾ ਵਿਆਹ ਵਾਲੇ ਪਰਿਵਾਰ ਨੂੰ ਦੇਣੇ। ਮਹਿਮਾਨਾ ਦੇ ਬੈਠਣ ਸੌਣ ਲਈ ਸਾਮ ਨੂੰ ਮੁੰਡੇ ਖੁਡਿਆਂ ਦੀ ਡਿਉਟੀ ਘਰੋ ਘਰੀ ਬਿਸਤਰੇ ਤੇ ਮੰਜੇ ਇਕੱਠੇ ਕਰਨ ਤੇ ਲੱਗ ਜਾਂਣੀ ਤੇ ਹਰੇਕ ਘਰੋਂ ਨਵੇ ਬਿਸਤਰੇ, ਦਰੀਆਂ, ਤਲਾਈਆਂ, ਖੇਸ, ਰਜਾਈਆਂ ਚਾਦਰਾਂ ਮਿਲਣੀਆਂ ਤਾਂ ਕਿ ਮਹਿਮਾਨਾ ਦੀ ਸੇਵਾ ਵਿੱਚ ਕੋਈ ਕਸਰ ਨਾ ਰਹਿ ਜਾਏ। ਕਿਉਕਿ ਮਹਿਮਾਨ ਸਿਰਫ ਵਿਆਹ ਵਾਲੇ ਘਰ ਦੇ ਨਹੀ ਸਨ ਹੁੰਦੇ, ਸਾਰੇ ਪਿੰਡ ਦੇ ਸਾਂਝੇ ਹੁੰਦੇ ਸਨ। ਫਸਲ-ਵਾੜੀ ਵੀ ਸਾਂਝੀਆਂ ਮੰਗਾਂ ਪਾ ਕੇ ਨੇਪਰੇ ਚਾੜ੍ਹ ਲੈਣੀ। ਪਿੰਡ ਵਿੱਚ ਇੰਝ ਜਾਪਦਾ, ਜਿਵੇਂ ਸਾਰੇ ਲੋਕ ਇੱਕ ਵਿਹੜੇ ਦੇ ਵਸੀ ਹੋਣ। ਹਰ ਪਾਸੇ ਖੁਸ਼ਹਾਲੀ ਤੇ ਰੌਣਕ ਵਾਲਾ ਮਾਹੌਲ ਬਣਿਆ ਰਹਿੰਦਾ । ਚਿੰਤਾ ਤਾਂ ਸ਼ਾਇਦ ਉਦੋਂ ਬਣੀ ਹੀ ਨਹੀ ਸੀ, ਜੇ ਬਣੀ ਵੀ ਸੀ, ਤਾਂ ਓਸ ਨੂੰ ਵਧਣ ਦਾ ਕੋਈ ਰਾਹ ਨਹੀਂ ਸੀ ਮਿਲਦਾ। ਹਰ ਇਕ ਦਾ ਦੁੱਖ ਸਾਂਝਾ ਹੁੰਦਾ ਸੀ।
ਫਿਰ ਇਕ ਦਿਨ ਇਸ ਰੰਗਲੇ, ਮਾਣਮੱਤੇ ਪੰਜਾਬ ਤੇ ਕਾਲੀ ਹਨੇਰੀ ਝੁੱਲੀ ਤੇ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ । ਲੋਕ ਇਕ ਦਾਇਰੇ ਵਿੱਚ ਸਿਮਟ ਗਏ। ਸੰਨ 47 ਤੋਂ ਬਾਅਦ ਇੱਕ ਵਾਰ ਫਿਰ ਧਰਮ ਅਤੇ ਜਾਤ-ਪਾਤ ਦੇ ਨਾਅਤੇ ਫਿਰਕਾਪਰਸਤੀ ਦੀ ਅੱਗ ਘਰ ਘਰ ਵਿੱਚ ਆ ਵੜੀ ਤੇ ਹਰ ਬੰਦੇ ਨੂੰ ਸਿਰਫ ਆਪਣਾ ਦੁੱਖ ਹੀ ਦਿਖਾਈ ਦੇਣ ਲੱਗ ਪਿਆ। ਸਾਂਝੀਵਾਲਤਾ ਦਾ ਨਾਅ ਲੋਕਾਂ ਦੇ ਦਿਲਾਂ ਤੋਂ ਮਿਟਣ ਲੱਗ ਪਿਆ। ਲੋਕ ਇਕ ਦੂਜੇ ਨੂੰ ਆਪਣਾ ਦੁਸਮਣ ਸਮਝਣ ਲੱਗ ਪਏ । ਪਿੰਡਾਂ ਦੀਆਂ ਸੱਥਾਂ ਉਝੜ ਗਈਆਂ ਤੇ ਧੜੇਬੰਦੀਆਂ ਪੈਦਾ ਹੋ ਗਈਆਂ। ਅੱਤਵਾਦ ਦੀ ਇਸ ਕਾਲੀ ਹਨੇਰੀ ਵਿੱਚ ਕਈ ਮਾਸੂਮ ਜਾਨਾ ਦੀਆਂ ਲਾਸ਼ਾਂ ਲੋਕਾਂ ਨੇ ਆਪਣੀ ਅੱਖੀ ਤੜਫਦੀਆਂ ਵੇਖੀਆਂ। ਭਰਾ ਭਰਾ ਦਾ ਦੁਸ਼ਮਣ ਹੋ ਗਿਆ। ਕਈ ਸਾਲ ਇਹ ਸੰਤਾਪ ਹੰਡਾਉਣ ਤੋਂ ਬਾਅਦ ਪੰਜਾਬ ਇਕ ਵਾਰ ਫਿਰ ਕੁਝ ਹੋਸ਼ ਵਿੱਚ ਆਉਣ ਲੱਗਾ, ਕੁਝ ਸ਼ਾਂਤੀ ਹੋਈ, ਪਰ ਪਿਛਲਾ ਲੰਮਾਂ ਸਮਾਂ ਦਹਿਸ਼ਤ ਦੇ ਸਾਏ ਹੇਠ ਰਹਿਣ ਕਰਕੇ ਲੋਕਾਂ ਦੀ ਮਾਨਸਿਕ, ਆਰਥਿਕ ਅਤੇ ਸਮਾਜਿਕ ਦਸ਼ਾ ਡਾਡੀ ਵਿਗੜ ਚੁੱਕੀ ਸੀ। ਆਪਣੀ ਆਰਥਿਕ ਦਸਾ ਨੂੰ ਸੁਧਾਰਨ ਲਈ ਲੋਕਾਂ ਵਿੱਚ ਪੈਸਾ ਕਮਾਉਣ ਦੀ ਹੋੜ ਲੱਗ ਪਈ। ਨੋਜਵਾਨ ਕਿਸੇ ਨਾ ਕਿਸੇ ਜਾਇਜ ਜਾਂ ਨਜਾਇਜ ਹੀਲੇ ਬਾਹਰਲੇ ਦੇਸ਼ਾਂ ਵੱਲ ਦੌੜਨ ਲੱਗ ਪਏ । ਇਸ ਦੋੜ ਵਿੱਚ ਕਾਂਈ ਜਿੰਦਗੀਆਂ ਸਮੁੰਦਰ ਦੀ ਭੇਟ ਚੜ ਗਈਆਂ ਤੇ ਕਈ ਬੇਗਾਨੀ ਧਰਤੀ ਤੇ ਗੋਲੀਆਂ ਤੇ ਭੁੱਖ ਦਾ ਸਿ਼ਕਾਰ ਹੋ ਗਈਆਂ । ਕਈਂ ਮਾਵਾਂ ਨੂੰ ਤਾਂ ਆਪਣੇ ਪੁੱਤਾਂ ਦੀਆਂ ਲਾਸ਼ਾਂ ਤੱਕ ਵੇਖਣੀਆਂ ਨਸੀਬ ਨਾ ਹੋਈਆਂ।
ਪੈਸੇ ਦੀ ਇਸ ਅੰਨ੍ਹੀ ਦੌੜ ਵਿੱਚ ਕਿਸੇ ਕੋਲ ਕਿਸੇ ਦਾ ਦੁੱਖ ਸੁੱਖ ਸੁਨਣ ਨੂੰ ਵਕਤ ਹੀ ਕਿਥੇ ਰਿਹਾ ਸੀ। ਹਰ ਬੰਦਾ ਆਪਣੇ ਆਪੇ ਵਿੱਚ ਰਹਿਣ ਲੱਗ ਪਿਆ। ਪੈਸਾ ਕਮਾਉਣ ਦੀ ਇਸ ਦੋੜ ਨੇ ਲੋਕਾਂ ਦੇ ਦਿਲਾਂ ਵਿੱਚ ਤਰੇੜਾਂ ਪਾ ਦਿਤੀਆਂ ਤੇ ਤਰੇੜਾਂ ਹੋਲੀ ਹੋਲੀ ਦਰਾੜਾਂ ਦਾ ਰੂਪ ਧਾਰਨ ਕਰ ਗਈਆਂ। ਸਭ ਰਿਸਤੇਦਾਰੀਆਂ, ਸੱਜਣ ਮਿਤਰ ਵਿਸਰਨ ਲੱਗੇ । ਮਾਹੋਲ ਇਹ ਹਸ ਗਿਆ ਕਿ ਹਰ ਜਾਇਜ ਨਜਾਇਜ ਤਰੀਕੇ ਨਾਲ ਪੈਸਾ ਇਕੱਠਾ ਕੀਤਾ ਜਾਣ ਲੱਗਾ । ਕੁਝ ਨੀਲੇ ਨੋਟਾ ਲਈ ਕਤਲ ਵਰਗੀਆਂ ਵੱਡੀਆਂ ਵਾਰਦਾਤਾਂ ਹੋਣ ਲੱਗੀਆਂ ਨੇ। ਬੰਦੇ ਦੀ ਕੀਮਤ ਮਾਹਿਜ ਕੁਝ ਨੀਲੇ ਨੋਟ ਹੀ ਰਹਿ ਗਈ ਬਸ... ਹੋਰ ਕੁਝ ਨਹੀ। ਕੋਈ ਭੈਣ ਨਹੀ ਕੋਈ ਭਰਾ ਨਹੀ, ਬਸ ਪੈਸਾ। ਇਸ ਤਰਾਂ ਦੇ ਸਮੇ ਵਿੱਚ ਕਈ ਅਣਆਈਆਂ ਮੋਤਾਂ ਹੋਈਆਂ ਜਿਨਾ ਪਿਛੇ ਮਕਸਦ ਬਸ ਪੈਸਾ ਸੀ।
ਹੁਣ ਇਸ ਤਰਾਂ ਦਾ ਵਾਤਾਵਰਣ ਏ ਬਈ ਕੋਈ ਸੜਕ ਤੇ ਦੁਰਘਟਨਾ ਦਾ ਸਿਕਾਰ ਹੋ ਜਾਵੇ ਤਾਂ ਕੋਈ ਹੱਥ ਨਹੀ ਲਾਉਦਾ ਤੇ ਬੰਦਾ ਤੜਫਦਾ ਮਰ ਜਾਂਦਾ ਏ । ਤੇ ਜੇ ਕੋਈ ਓਸ ਦੀ ਜਾਨ ਬਚਾਉਂਣ ਦੀ ਗਲਤੀ ਕਰ ਵੀ ਲੈਦਾ ਤਾਂ ਪੁਲਿਸ ਫਿਰ ਜਿਹੜੀ ਓਸ ਬੰਦੇ ਦੀ ਜਾਣ ਖਾਂਦੀ ਏ ....ਅੱਲ੍ਹਾ ਅੱਲ੍ਹਾ । ਪਿਛੇ ਜਿਹੇ ਇਸੇ ਤਰਾਂ ਦੀ ਇਕ ਖਬਰ ਮਿਲੀ ਬਈ ਐਕਸੀਡੈਂਟ ਦਾ ਸਿਕਾਰ ਕੋਈ ਬੰਦਾ 8 ਘੰਟੇ ਸੜਕ ਤੇ ਪਿਆ ਰਿਹਾ ਫਿਰ ਕਿਤੇ ਜਾ ਕੇ ਪੁਲਿਸ ਨੇ ਓਸ ਨੂੰ ਹਸਪਤਾਲ ਪਹੁੰਚਾਇਆ, ਜਿਥੇ ਜਾ ਕੇ ਓਸ ਦੰਮ ਤੋੜ ਦਿਤਾ।
ਪਤਾ ਨਈ ਕਿਥੇ ਗਈ ਏ ਇਨਸਾਨੀਅਤ ?, ਕਿਥੇ ਗਏ ਨੇ ਉਹ ਲੋਕ ?, ਜਿਹੜੇ ਕਿਸੇ ਦੇ ਝਰੀਟ ਤੱਕ ਲੱਗਣ ਤੇ ਹੀ ਦੌੜ ਉਠਦੇ ਸੀ ? ਹੁਣ ਤਾਂ ਗੁਆਂਢ ਵਿੱਚ ਕੀ, ਘਰ ਦੇ ਹੀ ਕਿਸੇ ਕਮਰੇ ਵਿੱਚ ਰਾਤ ਭਾਵੇਂ ਕੋਈ ਮੈਂਬਰ ਤਕਲੀਫ ਨਾਲ ਤੜਫਦਾ ਹੋਏ ਪਰ ਬਾਕੀ ਘਰ ਦੇ ਜੀਅ ਆਪਣੇ ਆਪਣੇ ਕਮਰਿਆਂ ਵਿੱਚ ਅਰਾਮ ਨਾਲ ਸੁੱਤੇ ਪਏ ਹੁੰਦੇ ਨੇ । ਭਾਵੇ ਬਾਹਰੀ ਤੌਰ ਤੇ ਜਾਂ ਕਹਿ ਲਵੋ ਕਿ ਕਾਗਜਾਂ ਵਿੱਚ ਸਾਰਾ ਮਾਹੌਲ ਠੀਕ ਏ, ਪਰ ਜਿਸ ਨੂੰ ਲਗਦੀ ਏ ਪਤਾ ਓਸ ਨੂੰ ਈ ਹੁੰਦਾ ਏ, ਦੂਜਾ ਨੂੰ ਕੀ ਪਤਾ ? ਇਸ ਵੇਲੇ ਮੈਨੂੰ ਪਾਤਰ ਸਾਹਿਬ ਦੀਆਂ ਲਿਖੀਆਂ ਸਤਰਾਂ ਵਾਰ-ਵਾਰ ਚੇਤੇ ਆਉਦੀਆਂ ਨੇ:-
ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ
ਇਹ ਨਾ ਸਮਝ ਕੇ ਸ਼ਹਿਰ ਦੀ ਹਾਲਤ ਬੁਰੀ ਨਹੀਂ
ਰੋਜ਼ੀ ਸਿੰਘ
ਸੋ-ਫਾਇਨ ਕੰਪਿਉਟਰ ਇੰਸਟੀਚਿਊਟ
ਫਤਿਹਗੜ੍ਹ ਚੂੜੀਆਂ ਗੁਰਦਾਸਪੁਰ ।