
ਫਿਰ ਇਕ ਦਿਨ ਇਸ ਰੰਗਲੇ, ਮਾਣਮੱਤੇ ਪੰਜਾਬ ਤੇ ਕਾਲੀ ਹਨੇਰੀ ਝੁੱਲੀ ਤੇ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ । ਲੋਕ ਇਕ ਦਾਇਰੇ ਵਿੱਚ ਸਿਮਟ ਗਏ। ਸੰਨ 47 ਤੋਂ ਬਾਅਦ ਇੱਕ ਵਾਰ ਫਿਰ ਧਰਮ ਅਤੇ ਜਾਤ-ਪਾਤ ਦੇ ਨਾਅਤੇ ਫਿਰਕਾਪਰਸਤੀ ਦੀ ਅੱਗ ਘਰ ਘਰ ਵਿੱਚ ਆ ਵੜੀ ਤੇ ਹਰ ਬੰਦੇ ਨੂੰ ਸਿਰਫ ਆਪਣਾ ਦੁੱਖ ਹੀ ਦਿਖਾਈ ਦੇਣ ਲੱਗ ਪਿਆ। ਸਾਂਝੀਵਾਲਤਾ ਦਾ ਨਾਅ ਲੋਕਾਂ ਦੇ ਦਿਲਾਂ ਤੋਂ ਮਿਟਣ ਲੱਗ ਪਿਆ। ਲੋਕ ਇਕ ਦੂਜੇ ਨੂੰ ਆਪਣਾ ਦੁਸਮਣ ਸਮਝਣ ਲੱਗ ਪਏ । ਪਿੰਡਾਂ ਦੀਆਂ ਸੱਥਾਂ ਉਝੜ ਗਈਆਂ ਤੇ ਧੜੇਬੰਦੀਆਂ ਪੈਦਾ ਹੋ ਗਈਆਂ। ਅੱਤਵਾਦ ਦੀ ਇਸ ਕਾਲੀ ਹਨੇਰੀ ਵਿੱਚ ਕਈ ਮਾਸੂਮ ਜਾਨਾ ਦੀਆਂ ਲਾਸ਼ਾਂ ਲੋਕਾਂ ਨੇ ਆਪਣੀ ਅੱਖੀ ਤੜਫਦੀਆਂ ਵੇਖੀਆਂ। ਭਰਾ ਭਰਾ ਦਾ ਦੁਸ਼ਮਣ ਹੋ ਗਿਆ। ਕਈ ਸਾਲ ਇਹ ਸੰਤਾਪ ਹੰਡਾਉਣ ਤੋਂ ਬਾਅਦ ਪੰਜਾਬ ਇਕ ਵਾਰ ਫਿਰ ਕੁਝ ਹੋਸ਼ ਵਿੱਚ ਆਉਣ ਲੱਗਾ, ਕੁਝ ਸ਼ਾਂਤੀ ਹੋਈ, ਪਰ ਪਿਛਲਾ ਲੰਮਾਂ ਸਮਾਂ ਦਹਿਸ਼ਤ ਦੇ ਸਾਏ ਹੇਠ ਰਹਿਣ ਕਰਕੇ ਲੋਕਾਂ ਦੀ ਮਾਨਸਿਕ, ਆਰਥਿਕ ਅਤੇ ਸਮਾਜਿਕ ਦਸ਼ਾ ਡਾਡੀ ਵਿਗੜ ਚੁੱਕੀ ਸੀ। ਆਪਣੀ ਆਰਥਿਕ ਦਸਾ ਨੂੰ ਸੁਧਾਰਨ ਲਈ ਲੋਕਾਂ ਵਿੱਚ ਪੈਸਾ ਕਮਾਉਣ ਦੀ ਹੋੜ ਲੱਗ ਪਈ। ਨੋਜਵਾਨ ਕਿਸੇ ਨਾ ਕਿਸੇ ਜਾਇਜ ਜਾਂ ਨਜਾਇਜ ਹੀਲੇ ਬਾਹਰਲੇ ਦੇਸ਼ਾਂ ਵੱਲ ਦੌੜਨ ਲੱਗ ਪਏ । ਇਸ ਦੋੜ ਵਿੱਚ ਕਾਂਈ ਜਿੰਦਗੀਆਂ ਸਮੁੰਦਰ ਦੀ ਭੇਟ ਚੜ ਗਈਆਂ ਤੇ ਕਈ ਬੇਗਾਨੀ ਧਰਤੀ ਤੇ ਗੋਲੀਆਂ ਤੇ ਭੁੱਖ ਦਾ ਸਿ਼ਕਾਰ ਹੋ ਗਈਆਂ । ਕਈਂ ਮਾਵਾਂ ਨੂੰ ਤਾਂ ਆਪਣੇ ਪੁੱਤਾਂ ਦੀਆਂ ਲਾਸ਼ਾਂ ਤੱਕ ਵੇਖਣੀਆਂ ਨਸੀਬ ਨਾ ਹੋਈਆਂ।
ਪੈਸੇ ਦੀ ਇਸ ਅੰਨ੍ਹੀ ਦੌੜ ਵਿੱਚ ਕਿਸੇ ਕੋਲ ਕਿਸੇ ਦਾ ਦੁੱਖ ਸੁੱਖ ਸੁਨਣ ਨੂੰ ਵਕਤ ਹੀ ਕਿਥੇ ਰਿਹਾ ਸੀ। ਹਰ ਬੰਦਾ ਆਪਣੇ ਆਪੇ ਵਿੱਚ ਰਹਿਣ ਲੱਗ ਪਿਆ। ਪੈਸਾ ਕਮਾਉਣ ਦੀ ਇਸ ਦੋੜ ਨੇ ਲੋਕਾਂ ਦੇ ਦਿਲਾਂ ਵਿੱਚ ਤਰੇੜਾਂ ਪਾ ਦਿਤੀਆਂ ਤੇ ਤਰੇੜਾਂ ਹੋਲੀ ਹੋਲੀ ਦਰਾੜਾਂ ਦਾ ਰੂਪ ਧਾਰਨ ਕਰ ਗਈਆਂ। ਸਭ ਰਿਸਤੇਦਾਰੀਆਂ, ਸੱਜਣ ਮਿਤਰ ਵਿਸਰਨ ਲੱਗੇ । ਮਾਹੋਲ ਇਹ ਹਸ ਗਿਆ ਕਿ ਹਰ ਜਾਇਜ ਨਜਾਇਜ ਤਰੀਕੇ ਨਾਲ ਪੈਸਾ ਇਕੱਠਾ ਕੀਤਾ ਜਾਣ ਲੱਗਾ । ਕੁਝ ਨੀਲੇ ਨੋਟਾ ਲਈ ਕਤਲ ਵਰਗੀਆਂ ਵੱਡੀਆਂ ਵਾਰਦਾਤਾਂ ਹੋਣ ਲੱਗੀਆਂ ਨੇ। ਬੰਦੇ ਦੀ ਕੀਮਤ ਮਾਹਿਜ ਕੁਝ ਨੀਲੇ ਨੋਟ ਹੀ ਰਹਿ ਗਈ ਬਸ... ਹੋਰ ਕੁਝ ਨਹੀ। ਕੋਈ ਭੈਣ ਨਹੀ ਕੋਈ ਭਰਾ ਨਹੀ, ਬਸ ਪੈਸਾ। ਇਸ ਤਰਾਂ ਦੇ ਸਮੇ ਵਿੱਚ ਕਈ ਅਣਆਈਆਂ ਮੋਤਾਂ ਹੋਈਆਂ ਜਿਨਾ ਪਿਛੇ ਮਕਸਦ ਬਸ ਪੈਸਾ ਸੀ।
ਹੁਣ ਇਸ ਤਰਾਂ ਦਾ ਵਾਤਾਵਰਣ ਏ ਬਈ ਕੋਈ ਸੜਕ ਤੇ ਦੁਰਘਟਨਾ ਦਾ ਸਿਕਾਰ ਹੋ ਜਾਵੇ ਤਾਂ ਕੋਈ ਹੱਥ ਨਹੀ ਲਾਉਦਾ ਤੇ ਬੰਦਾ ਤੜਫਦਾ ਮਰ ਜਾਂਦਾ ਏ । ਤੇ ਜੇ ਕੋਈ ਓਸ ਦੀ ਜਾਨ ਬਚਾਉਂਣ ਦੀ ਗਲਤੀ ਕਰ ਵੀ ਲੈਦਾ ਤਾਂ ਪੁਲਿਸ ਫਿਰ ਜਿਹੜੀ ਓਸ ਬੰਦੇ ਦੀ ਜਾਣ ਖਾਂਦੀ ਏ ....ਅੱਲ੍ਹਾ ਅੱਲ੍ਹਾ । ਪਿਛੇ ਜਿਹੇ ਇਸੇ ਤਰਾਂ ਦੀ ਇਕ ਖਬਰ ਮਿਲੀ ਬਈ ਐਕਸੀਡੈਂਟ ਦਾ ਸਿਕਾਰ ਕੋਈ ਬੰਦਾ 8 ਘੰਟੇ ਸੜਕ ਤੇ ਪਿਆ ਰਿਹਾ ਫਿਰ ਕਿਤੇ ਜਾ ਕੇ ਪੁਲਿਸ ਨੇ ਓਸ ਨੂੰ ਹਸਪਤਾਲ ਪਹੁੰਚਾਇਆ, ਜਿਥੇ ਜਾ ਕੇ ਓਸ ਦੰਮ ਤੋੜ ਦਿਤਾ।
ਪਤਾ ਨਈ ਕਿਥੇ ਗਈ ਏ ਇਨਸਾਨੀਅਤ ?, ਕਿਥੇ ਗਏ ਨੇ ਉਹ ਲੋਕ ?, ਜਿਹੜੇ ਕਿਸੇ ਦੇ ਝਰੀਟ ਤੱਕ ਲੱਗਣ ਤੇ ਹੀ ਦੌੜ ਉਠਦੇ ਸੀ ? ਹੁਣ ਤਾਂ ਗੁਆਂਢ ਵਿੱਚ ਕੀ, ਘਰ ਦੇ ਹੀ ਕਿਸੇ ਕਮਰੇ ਵਿੱਚ ਰਾਤ ਭਾਵੇਂ ਕੋਈ ਮੈਂਬਰ ਤਕਲੀਫ ਨਾਲ ਤੜਫਦਾ ਹੋਏ ਪਰ ਬਾਕੀ ਘਰ ਦੇ ਜੀਅ ਆਪਣੇ ਆਪਣੇ ਕਮਰਿਆਂ ਵਿੱਚ ਅਰਾਮ ਨਾਲ ਸੁੱਤੇ ਪਏ ਹੁੰਦੇ ਨੇ । ਭਾਵੇ ਬਾਹਰੀ ਤੌਰ ਤੇ ਜਾਂ ਕਹਿ ਲਵੋ ਕਿ ਕਾਗਜਾਂ ਵਿੱਚ ਸਾਰਾ ਮਾਹੌਲ ਠੀਕ ਏ, ਪਰ ਜਿਸ ਨੂੰ ਲਗਦੀ ਏ ਪਤਾ ਓਸ ਨੂੰ ਈ ਹੁੰਦਾ ਏ, ਦੂਜਾ ਨੂੰ ਕੀ ਪਤਾ ? ਇਸ ਵੇਲੇ ਮੈਨੂੰ ਪਾਤਰ ਸਾਹਿਬ ਦੀਆਂ ਲਿਖੀਆਂ ਸਤਰਾਂ ਵਾਰ-ਵਾਰ ਚੇਤੇ ਆਉਦੀਆਂ ਨੇ:-
ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ
ਇਹ ਨਾ ਸਮਝ ਕੇ ਸ਼ਹਿਰ ਦੀ ਹਾਲਤ ਬੁਰੀ ਨਹੀਂ
ਰੋਜ਼ੀ ਸਿੰਘ
ਸੋ-ਫਾਇਨ ਕੰਪਿਉਟਰ ਇੰਸਟੀਚਿਊਟ
ਫਤਿਹਗੜ੍ਹ ਚੂੜੀਆਂ ਗੁਰਦਾਸਪੁਰ ।