Tuesday, January 20, 2009

ਕਹਾਣੀ - ਪਸ਼ਚਾਤਾਪ



ਗਲੀ ਵੱਲੋਂ ਉਚੀ ਕੰਧ ਤੋਂ ਪੈਟਰੋਲ ਦੀ ਪਹਿਲੀ ਬੋਤਲ ਵਰਾਂਡੇ ਦੇ ਕੌਲੇ ਨਾਲ ਟਕਰਾਈ ਤੇ ਬਿਖਰ ਗਈ, ਦੂਜੀ ਬੋਤਲ ਦੱਖਣ ਵਾਲੇ ਪਾਸਿਓ ਆਈ ਤੇ ਵਿਹੜੇ ਵਿੱਚ ਹੀ ਟੋਟੇ-ਟੋਟੇ ਹੋ ਗਈ, ਜਿੰਨੀ ਦੇਰ ਵਿੱਚ ਘਰ ਵਾਲੇ ਵਿਅਕਤੀਆਂ ਨੂੰ ਕੁਝ ਸਮਝ ਆਉਂਦੀ ਪੂਰਾ ਘਰ ਪੈਟਰੋਲ ਤੇ ਮਿੱਟੀ ਦੇ ਤੇਲ ਦੀ ਹਵਾੜ ਨਾਲ ਭਰ ਗਿਆ। ਕੰਧ ਦੇ ਉਤੋਂ ਦੀ ਇੱਕ ਬਲਦੀ ਮਿਸ਼ਾਲ ਦੇ ਵਿਹੜੇ 'ਚ ਡਿਗਣ ਸਾਰ ਅੱਗ ਦੀਆਂ ਲਪਟਾਂ ਕੰਧਾਂ ਤੋਂ ਉਚੀਆਂ ਹੋ ਗਈਆਂ ਕੁਝ ਦੇਰ ਚੀਕਾਂ ਵੱਜੀਆਂ ਤੇ ਬੰਦ ਹੋ ਗਈਆਂ। ਸੜੇ ਮਾਸ ਦੀ ਗੰਦ ਗਲੀ ਵਿੱਚ ਫੈਲ ਗਈ। ''''''''''''''ਭੀੜ ਵਿਚੋਂ ਕੁਝ ਗੁੰਡਿਆਂ ਨੇ, ਕਿਸੇ ਨੇਕ ਹਿੰਦੂ ਦੇ ਘਰ ਸ਼ਰਨ ਲਈ ਬੈਠੇ ਇੱਕ ਪਾਦਰੀ ਤੇ ਨੰਨ ਨੂੰ ਘੜੀਸ ਕੇ ਬਾਹਰ ਸੜਕ ਤੇ ਲੈ ਆਂਦਾ ਸੀ। ਭੀੜ ਵਿੱਚੋਂ ਹੀ ਕੁਝ ਦੰਗਈਆਂ ਨੇ ਪਾਦਰੀ ਨੂੰ ਸੜਕ 'ਤੇ ਲੰਮੇ ਪਾ ਕੇ ਠੁੱਡਾਂ ਦਸਤਿਆਂ ਤੇ ਰਾਡਾਂ ਨਾਲ ਕੁੱਟਣ ਸ਼ੁਰੂ ਕਰ ਦਿੱਤਾ। ਹਰ ਹਰ ਮਹਾਂਦੇਵ ਦੇ ਨਾਅਰਿਆਂ ਦੀ ਗੂੰਝ ਵਿੱਚ ਪਾਦਰੀ ਦੀਆਂ ਚੀਕਾਂ, ਹਾੜੇ ਤੇ ਤਰਲੇ ਗੁਆਚ ਗਏ। ਇਸੇ ਹੀ ਭੀੜ ਵਿੱਚੋਂ ਕੁਝ ਨੇ ਨੰਨ ਨੂੰ ਪਹਿਲਾਂ ਆਪਣੀਆਂ ਨਾ-ਪਾਕ ਬਾਹਵਾਂ ਵਿੱਚ ਘੁਟਿਆ, ਨੱਪਿਆ, ਤੇ ਉਸ ਨੂੰ ਮਾਰਿਆ ਕੁੱਟਿਆ। ਪਤਾ ਨਹੀਂ ਕਿੰਨੀਆਂ ਕੁ ਵਹਿਸ਼ੀ ਨਜ਼ਰਾਂ ਉਸਦੀ ਛਾਤੀ ਦੇ ਉਭਾਰਾਂ ਨੂੰ ਛੁੰਹਦੀਆਂ ਤੇ ਕਿੰਨ੍ਹੇ ਕੁ ਦਰਿੰਦੀਆਂ ਦੇ ਜਾਲਮ ਹੱਥ ਉਸਦੀਆਂ ਗੱਲ੍ਹਾਂ 'ਤੇ ਆਪਣੀਆਂ ਛਾਪਾਂ ਛੱਡ ਗਏ। ਇਹ ਸਭ ਵੀ ਉਹ ਸਹਿਣ ਕਰਦੀ ਰਹੀ, ਪਰ ਦੰਗਾਕਾਰੀਆਂ ਨੇ ਉਸਦੇ ਬਲਾਉਜ਼ ਨੂੰ ਟੋਟੇ ਟੋਟੇ ਕਰ ਦਿੱਤਾ ਸੀ। ਪਾਦਰੀ ਦੀਆਂ ਅਧਮੋਈਆਂ ਅੱਖਾਂ ਸਾਹਮਣੇ ਭੜਕੀ ਭੀੜ ਨੰਨ ਨੂੰ ਸੜਕ ਨਾਲ ਬਣੀ ਇੱਕ ਇਮਾਰਤ ਵਿੱਚ ਲੈ ਗਈ ਤੇ ਉਸ ਨਾਲ ਵਾਰੀ ਵਾਰੀ ਵਹਿਸ਼ਤ ਦੀ ਖੇਡ ਖੇਡਦੀ ਰਹੀ। ਉਸਨੇ ਡਾਢੀ ਕੋਸ਼ਿਸ਼ ਕੀਤੀ ਇਹਨਾਂ ਬੇ-ਰਹਿਮ ਸ਼ਿਕਾਰੀਆਂ ਦੇ ਪੰਜਿਆਂ ਚੋਂ ਨਿਕਲਣ ਦੀ ਪਰ ਬੇਪਛਾਣ, ਬੇਦਰਦ ਭੀੜ ਦੇ ਪੰਜਿਆਂ ਚੋਂ ਨਿਕਲਣਾ ਮੁਸ਼ਕਿਲ ਹੀ ਨਹੀਂ ਸਗੋਂ ਨਾ-ਮੁੰਮਕਿਨ ਸੀ। ਦਰਿੰਦਗੀ ਦੀ ਇਹ ਖੇਡ 2 ਘੰਟੇ ਤੱਕ ਚੱਲੀ। ਇਸ ਤੋਂ ਬਾਅਦ ਦੰਗਈਆਂ ਨੇ ਅਲਫ ਨੰਗੇ ਪਾਦਰੀ ਤੇ ਨੰਨ ਨੂੰ ਰੱਸੇ ਨਾਲ ਬੰਨ ਕੇ ਉਪਰ ਮਿੱਟੀ ਦਾ ਤੇਲ ਸਿੜਕ ਦਿੱਤਾ ਸੀ। ਇੱਕ ਚੁਸ਼ਤ ਜਿਹਾ ਬੰਦਾ ਜਲਦੀ ਜਲਦੀ ਭੀੜ ਵਿਚੋਂ ਅੱਗੇ ਆਇਆ ਤੇ ਮਾਚਿਸ ਕੱਢ ਕੇ ਅੱਗ ਲਾਉਂਣ ਲਈ ਕਾਹਲ ਕਰਨ ਲੱਗਾ, ਕੇ ਇਨੇ ਨੂੰ ਪਿਛੋਂ ਅਵਾਜ ਆਈ, ''ਰੁਕੋ....! ਇਹਨਾਂ ਨੂੰ ਇਥੇ ਨਾ ਸਾੜੋ, ਇਥੇ ਸੜਨ ਦੀ ਬਦਬੂ ਆਵੇਗੀ, ਤੇ ਵਾਤਾਵਰਨ ਖਰਾਬ ਹੋਏਗਾ, ਅਸੀਂ ਸਫਾਈ ਪਸੰਦ ਲੋਕ ਆਂ....., ਨਾਲੇ ਇਥੇ ਸਾੜਨ ਨਾਲ ਘੱਟ ਮਜਾ ਆਵੇਗਾ। ਸ਼ਹਿਰ ਦੇ ਚੌਕ 'ਚ ਲੈ ਚੱਲੋ॥,'' ਤੇ ਸਾਰੀ ਭੀੜ ਨੰਨ ਤੇ ਪਾਦਰੀ ਨੂੰ ਅੱਗੇ ਅੱਗੇ ਲਾਈ ਚੌਂਕ ਵੱਲ ਟੁਰ ਪਈ। ਹਰ ਹਰ ਮਹਾਂਦੇਵ, ਦੇ ਨਾਅਰਿਆਂ ਦੀ ਅਵਾਜ਼ ਹੋਰ ਉਚੀ ਹੋ ਗਈ। ਚੌਕਂ ਤੱਕ ਜਾਂਦਿਆਂ ਜਾਂਦਿਆਂ ਰਾਹ ਵਿੱਚ ਸਰਕਾਰੀ ਵਰਦੀ ਪਾਹਿਨ ਕੇ ਖਲੋਤੇ ਦੰਗਾਕਾਰੀਆਂ ਦੇ ਅਕਾਵਾਂ ਦੀ ਬੁਰਕੀ ਤੇ ਪਲਣ ਵਾਲੇ ਕੁੱਤਿਆਂ ਨੇ ਵੀ ਆਪਣੀਆਂ ਵਹਿਸ਼ੀ ਨਜ਼ਰਾਂ ਨਾਲ ਨੰਨ ਦੀ ਛਾਤੀ ਦੇ ਨੰਗੇ ਉਭਾਰਾਂ ਵੱਲ ਤੱਕ ਕੇ ਚਿਸਕੀਆਂ ਲਈਆਂ, ਪਰ ਕਿਸੇ ਨੇ ਉਸਨੂੰ ਕੱਜਣ ਦੀ ਹਿੰਮਤ ਨਾ ਕੀਤੀ, ਜਦੋਂ ਕੇ ਉਹਨਾਂ ਨੇ ਪੁਲਿਸ ਮੁਲਾਜਮਾਂ ਦੇ ਵੀ ਹਾੜੇ ਕੱਢੇ ਅਤੇ ਮਦਦ ਲਈ ਗੁਹਾਰ ਲਾਈ, ਪਰ......! ਹਾੜੇ ਤੇ ਤਰਲੇ ਕੱਢ-ਕੱਢ ਕੇ ਪਾਦਰੀ ਤੇ ਨੰਨ ਦੀ ਅਵਾਜ਼ ਬੰਦ ਹੋ ਗਈ। ਇੰਨੀਆਂ ਸੱਟਾਂ ਤੇ ਚਿਸਕਾਂ ਨਾਲ ਉਹਨਾਂ ਦਾ ਸਰੀਰ ਸੁੰਨ ਹੋ ਗਿਆ। ਕਿਧਰੇ ਵੀ ਕੋਈ ਰਾਹ ਨਾ ਲਭਦਾ ਵੇਖ ਉਹਨਾਂ ਨੇ ਆਪਣੇ ਆਪ ਨੂੰ ਭੀੜ ਦੇ ਸਮਰਪਣ ਕਰ ਦਿੱਤਾ, ਹੋਰ ਰਹਿ ਵੀ ਕੀ ਗਿਆ ਸੀ, ਤੇ ਉਹ ਹੋਰ ਕਰ ਵੀ ਕੀ ਸਕਦੇ ਸੀ। ਚੌਕ ਤੱਕ ਪਹੁੰਚਦਿਆਂ ਉਹ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਪਹੁੰਚ ਗਏ। ਮਿੱਟੀ ਦਾ ਤੇਲ ਇੱਕ ਵਾਰ ਫੇਰ ਉਹਨਾਂ ਉਤੇ ਸਿੜਕਿਆ ਗਿਆ। ਜਖਮਾਂ ਤੇ ਤੇਲ ਦੀ ਸੜਨ ਨੇ ਉਹਨਾਂ ਦੇ ਬੇ-ਜਾਨ ਸ਼ਰੀਰ ਵਿੱਚ ਇੱਕ ਵਾਰ ਫੇਰ ਹਲਚਲ ਪੈਦਾ ਕਰ ਦਿੱਤੀ। ਇਦੋਂ ਪਹਿਲਾਂ ਕਿ ਮਾਚਿਸ਼ ਦੀ ਚੰਗਿਆੜੀ ਉਹਨਾਂ ਦੇ ਮਾਸ ਦੀ ਗੰਦ ਚੌਕ ਵਿੱਚ ਖਿਲਾਰ ਦਿੰਦੀ, ਇੱਕ ਅਦਖੜ ਉਮਰ ਦੇ ਵਿਅਕਤੀ ਨੇ ਜ਼ੋਰ ਨਾਲ ਆਖਿਆ, ''ਇਹਨਾਂ ਨੂੰ ਕਿਉਂ ਸਾੜਦੇ ਓ....?'' ''ਇਹ ਇਸਾਈ ਨੇ, ਇਹਨਾਂ ਨੇ ਸਾਡੇ ਰਹਿਬਰ ਦਾ ਕਤਲ ਕੀਤੈ, ਸਜਾ ਤਾਂ ਮਿਲੇਗੀ ਨਾ....!'' ਭੀੜ ਵਿੱਚੋਂ ਅਨੇਕਾਂ ਅਵਾਜ਼ਾਂ ਇੱਕਸਾਰ ਵਾਤਾਵਰਨ ਵਿੱਚ ਫੈਲ ਗਈਆਂ। ਇੱਕ ਹੋਰ ਨੋ-ਜਵਾਨ ਨੇ ਪਾਦਰੀ ਦੇ ਵਾਲਾਂ ਤੋਂ ਫੜਕੇ ਉਸਦਾ ਮੁੰਹ ਉਤਾਹ ਚੁੱਕਦਿਆਂ ਤੇ ਮੋਟੀ ਸਾਰੀ ਗਾਲ੍ਹ ਕੱਢਦੇ ਆਖਿਆ, ''ਦੱਸ ਓਏ ਕਿੰਨੇ ਪੈਸੇ ਦਿੱਤੇ ਤੁਸੀਂ ਕਾਤਲਾਂ ਨੂੰ..।'' ਇੱਕ ਵਾਰ ਫਿਰ ਨਾਅਰਿਆਂ ਦੀ ਅਵਾਜ਼ ਉੱਚੀ ਹੋਈ ਤੇ ਮਾਚਿਸ਼ ਦੀ ਪਹਿਲੀ ਤੀਲ ਨਾਲ ਹੀ ਉਹਨਾਂ ਦੋਹਵਾਂ ਜਿੰਦਾਂ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਅੱਧਮੋਏ ਸਰੀਰ ਇੱਕ ਦੋ ਵਾਰ ਇਧਰ ਉਧਰ ਭੱਜੇ ਤੇ ਫਿਰ ਥੜੱਮ ਕਰਕੇ ਧਰਤੀ ਤੇ ਢਹਿ ਪਏ। ਸੜੇ ਮਾਸ ਦੀ ਗੰਦ ਗਲੀਆਂ ਵਿੱਚ ਫੈਲ ਗਈ। ਭੜਕੀ ਭੀੜ ਨੇ ਤਾੜੀਆਂ ਮਾਰੀਆਂ ਤੇ ਠਹਾਕੇ ਲਗਾਏ। ਸ਼ਾਮ ਪੈ ਚੁੱਕੀ ਸੀ ਤੇ ਹਿੰਦੂ ਤਬਕੇ ਦੇ ਜਨੂੰਨੀ ਲੋਕ ਨੇ ਇੱਕ ਦੂਜੇ ਨੂੰ ਫਿਰ ਮਿਲਣ ਦਾ ਵਾਅਦਾ ਕਰਕੇ ਆਪੋ ਆਪਣੇ ਮੁਕਾਮਾਂ ਨੂੰ ਚਾਲੇ ਪਾ ਦਿੱਤੇ। ਦੰਗਈਆਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਾਂ ਆਵੇ ਇਸ ਲਈ ਸਾਰਾ ਕੰਮ ਮੁੱਕਣ ਤੋਂ ਬਾਅਦ ਪੁਲਿਸ ਪਾਦਰੀ ਤੇ ਨੰਨ ਦੀਆਂ ਅੱਧ ਸੜਕੀਆਂ ਲਾਸ਼ਾਂ ਨੂੰ ਚੁੱਕ ਕੇ ਸਿਵਲ ਹਸਪਤਾਲ ਛੱਡ ਆਈ। ਸ਼ਾਮ ਨੂੰ ਗਲੀਆਂ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਵੀ ਕੀਤਾ ਗਿਆ ਅਤੇ ਇਸਾਈ ਲੋਕਾਂ ਨੂੰ ਆਪੋ ਆਪਣੇ ਟਿਕਾਣਿਆਂ ਤੇ ਹੀ ਦੜੇ ਰਹਿਣ ਦਾ ਹੋਕਾ ਵੀ ਲਾਇਆ ਗਿਆ ਤਾਂ ਕੇ ਦੰਗਈਆਂ ਵੱਲੋਂ ਉਹਨਾ ਨੂੰ ਮਾਰਨ ਲਈ ਜਿਆਦਾ ਖੇਚਲ ਨਾ ਕਰਨੀ ਪਵੇ। '''''''''''''ਰਾਤ ਦੀ ਖਾਮੋਸ਼ੀ ਤੋਂ ਬਾਅਦ ਸਵੇਰਾ ਫਿਰ ਤ੍ਰਬਕ ਉਠਿਆ ਸੀ। ਚੌਕਾਂ ਚੋਰਾਹਿਆਂ ਵਿੱਚ ਟਾਇਰ ਸਾੜੇ ਗਏ। ਬੇ-ਅਰਥ, ਬੇ-ਅਦਬ ਤੇ ਬੇ-ਕਿਰਕ ਭੀੜਾਂ ਕਿਸੇ ਸ਼ਿਕਾਰ ਦੀ ਭਾਲ ਵਿੱਚ ਵਾਹੋਦਾੜੀ ਇੱਧਰ ਉਧਰ ਭੱਜਣ ਲੱਗੀਆਂ। ਸ਼ਹਿਰ ਦੇ ਸਾਰੇ ਗਿਰਜ਼ਾ ਘਰਾਂ ਨੂੰ ਪਹਿਲਾਂ ਹੀ ਅੱਗ ਹਵਾਲੇ ਕਰ ਦਿੱਤਾ ਗਿਆ ਸੀ। ਚਾਰ ਚੁਫੇਰੇ ਬੇ-ਪਛਾਣ ਦੰਗਾਕਾਰੀਆਂ ਦਾ ਹੜ ਪਿਆ ਪਸਰਿਆ ਸੀ। ਧੂੰਏ ਨੂੰ ਚੀਰਦੀ ਇੱਕ ਅਵਾਜ਼ ਭੀੜ ਦੇ ਕੰਨੀ ਪਈ....., ਤੇ ਸਾਰੀ ਭੀੜ ਚਰਚ ਦੇ ਗੁਆਂਢ ਵਾਲੇ ਘਰ 'ਤੇ ਝਪਟ ਪਈ। ਘਰ ਦੀ ਔਰਤ ਤੇ ਇੱਕ ਛੋਟੀ ਬੱਚੀ ਨੂੰ ਦੰਗਈਆਂ ਨੇ ਚੁੱਕ ਲਿਆ ਅਤੇ ਮਰਦਾਂ ਨੂੰ ਦਰਖਤ ਨਾਲ ਬੰਨ ਕੇ ਘਰ ਨੂੰ ਅੱਗ ਹਵਾਲੇ ਕਰ ਦਿੱਤਾ ਗਿਆ। ਗਿਰਜਾਂ ਵਰਗੇ ਅਣਗਿਣਤ ਇਨਸਾਨਾ ਨੇ ਬੱਚੀ ਅਤੇ ਉਸਦੀ ਮਾਂ ਨੂੰ ਬੇਪੱਤ ਕਰਕੇ ਨੋਚ ਨੋਚ ਖਾ ਲਿਆ ਤੇ ਮੱਚਦੇ ਟਾਇਰਾਂ ਦੇ ਢੇਰ 'ਤੇ ਸੁੱਟ ਦਿੱਤਾ। ਮਾਸ ਦੀ ਬੋ ਇੱਕ ਵਾਰ ਫਿਰ ਗਲੀਆਂ ਵਿੱਚ ਫੈਲ ਗਈ। ਫਿਰਕੂ ਜਾਨੂੰਨੀਆਂ ਦੀ ਭੀੜ ਨੇ ਫਿਰ ਤਾੜੀਆਂ ਵਜਾਈਆਂ ਤੇ ਠਹਾਕੇ ਮਾਰੇ....! ਅਗਲਾ ਨਿਸ਼ਾਨਾ ਇੱਕ ਅਨਾਥ ਆਸ਼ਰਮ ਨੂੰ ਬਣਾਇਆ ਗਿਆ। ਆਸ਼ਰਮ ਦੇ ਪਾਦਰੀ ਨੂੰ ਭੀੜ ਨੇ ਕਮਰੇ ਚੋਂ ਧਰੂਹ ਕੇ ਬਾਹਰ ਵਿਹੜੇ ਵਿੱਚ ਲੈ ਆਂਦਾ। ਉਹਨਾਂ ਨੇ ਹੱਥ ਵਿੱਚ ਲਾਠੀਆਂ, ਲੋਹੇ ਦੇ ਡੰਡੇ, ਕੁਹਾੜੀਆਂ ਤੇ ਦਾਤਰਾਂ ਫੜੀਆਂ ਹੋਈਆਂ ਸੀ। ਪਾਦਰੀ ਨੂੰ ਕੁੱਟ ਪੈਂਦੀ ਵੇਖ ਆਸ਼ਰਮ ਦੇ ਕੁਝ ਬੱਚੇ ਤੇ ਇੱਕ ਵੀਹ-ਇੱਕੀ ਸਾਲਾਂ ਦੀ ਅਨਾਥ ਲੜਕੀ ਜੋ ਆਪਣੀ ਪੜਾਈ ਦਾ ਖਰਚਾ ਚਲਾਉਣ ਲਈ ਆਸ਼ਰਮ ਵਿੱਚ ਪਾਰਟ ਟਾਇਮ ਨੌਕਰੀ ਕਰਦੀ ਸੀ, ਪਾਦਰੀ ਨੂੰ ਬਚਾਉਂਣ ਲਈ ਬਾਹਰ ਆ ਗਏ। ਲਾਲਚੀ ਬਘਿਆੜਾਂ ਦੀ ਭੀੜ ਨੇ ਜਦ ਗੋਰੇ ਚਿੱਟੇ ਜਿਸਮ ਦੀ ਝਲਕ ਵੇਖੀ ਤਾਂ ਉਹਨਾਂ ਪਾਦਰੀ ਦੇ ਟੋਟੇ ਕਰਕੇ, ਲੜਕੀ ਨੂੰ ਕਾਬੂ ਕਰ ਲਿਆ ਤੇ ਉਸ ਨਾਲ ਵਾਰੀ ਵਾਰੀ ਦਰਿੰਦਗੀ ਦੀ ਖੇਡ ਖੇਡੀ, ਅਤੇ ਉਸਨੂੰ ਨੰਗਿਆਂ ਕਰਕੇ ਬਜਾਰ ਵਿੱਚ ਘੁੰਮਾਇਆ ਤੇ ਫਿਰ ਆਪਣੀ ਬਹਾਦਰੀ ਦਾ ਕਰਤਬ ਦਿਖਾਉਂਦਿਆਂ ਇੱਕ ਦੰਗਾਕਾਰੀ ਨੇ ਫੁਰਤੀ ਨਾਲ ਉਸ 'ਤੇ ਤੇਲ ਦੀ ਬੋਤਲ ਛਿੜਕ ਦਿੱਤੀ ਅਤੇ ਦੂਸਰੇ ਨੇ ਜਲਦੀ ਨਾਲ ਅੱਗ ਜਲਾ ਦਿੱਤੀ। ਸਭ ਕੁਝ ਏਨੀ ਜਲਦੀ-ਜਲਦੀ ਹੋ ਰਿਹਾ ਸੀ ਕਿ ਦੰਗਈਆਂ ਨੂੰ ਸਾਹ ਚੜ ਗਿਆ। ਦੂਜੇ ਪਾਸੇ ਤੋਂ ਕੁਝ ਸੇਵਾਦਾਰਾਂ ਵੱਲੋਂ ਭੀੜ ਦੀ ਥਕਾਵਟ ਦੂਰ ਕਰਨ ਲਈ ਕੇਲਿਆਂ ਦਾ ਲੰਗਰ ਵੰਡਿਆ ਗਿਆ। ਪੁਲਿਸ ਵਾਲਿਆਂ ਨੇ ਵੀ ਇਸ ਸੇਵਾ ਵਿੱਚ ਆਪਣਾ ਆਪਾ ਸਫ਼ਲ ਕਰਨ ਲਈ ਬਹੁਤ ਸਾਰੇ ਦੰਗਈਆਂ ਨੂੰ ਪਾਣੀ ਦੀਆਂ ਬੋਤਲਾਂ ਭੇਂਟ ਕਰਕੇ ਤਸੱਲੀ ਬਖਸ਼ ਸੇਵਾ ਕਰਨ ਦਾ ਸੌਭਾਗ ਪ੍ਰਾਪਤ ਕਰ ਲਿਆ ਸੀ। ਸ਼ਾਮ ਨੂੰ ਭੀੜ ਦੀ ਅਗਵਾਈ ਕਰਦਾ ਇੱਕ ਨੇਤਾ ਕਿਸਮ ਦਾ ਦੰਗਈ ਚੌਕ ਵਿੱਚ ਬਣੇ ਟ੍ਰੈਫਿਕ ਵਾਲੇ ਥੜੇ 'ਤੇ ਖਲੋ ਕੇ ਦੰਗਾਕਾਰੀਆਂ ਨੂੰ ਸੰਬੋਦਨ ਕਰਨ ਲੱਗਾ...., ''ਮੇਰੇ ਭਰਾਵੋ ਜਿਵੇਂ ਕੇ ਤੁਹਾਨੂੰ ਪਤਾ ਹੀ ਏ ਬਈ ਧਰਮ ਦੀ ਮਜਬੂਤੀ ਲਈ ਅਤੇ ਧਰਮ ਦੀ ਰੱਖਿਆ ਵਾਸਤੇ ਅਤੇ ਆਪਣੇ ਰਹਿਬਰ ਦੀ ਮੌਤ ਦੇ ਬਦਲੇ ਲਈ ਜੋ ਸਾਡੇ ਵੱਲੋਂ ਮੁਹਿਮ ਛੇੜੀ ਗਈ ਹੈ, ਉਸ ਸਬੰਧੀ ਅੱਜ ਤੀਜੇ ਦਿਨ ਵੀ ਅਸੀਂ ਕੋਈ ਜਿਆਦਾ ਨੁਕਸਾਨ ਨਹੀਂ ਕਰ ਸਕੇ। ਇੱਕ ਤਾਂ ਮਿੱਟੀ ਦੇ ਤੇਲ ਦੀ ਕਵਾਲਟੀ ਬਹੁਤੀ ਚੰਗੀ ਨਹੀ ਏ, ਜਿਸ ਕਰਕੇ ਜਲਦੀ ਅੱਗ ਨਹੀਂ ਮੱਚਦੀ, ਤੇ ਦੂਜਾ ਸਾਨੂੰ ਜਿਆਦਾ ਲੋਕ ਵੀ ਨਹੀਂ ਮਿਲ ਰਹੇ ਸਾੜਨ ਵਾਸਤੇ। ਕੱਲ ਨੂੰ ਸੰਘਣੀ ਇਸਾਈ ਅਬਾਦੀ ਵਾਲੇ ਇਲਾਕਿਆਂ ਤੇ ਹਮਲਾ ਕੀਤਾ ਜਾਵੇਗਾ, ਤੇ ਹਰ ਵਿਅਕਤੀ ਆਪਣੇ ਨਾਲ ਪੈਟਰੋਲ ਦੀ ਇੱਕ-ਇੱਕ ਬੋਤਲ ਜਰੂਰ ਲੈ ਕਿ ਆਵੇ। ਤੇ ਹਾਂ...., ਇੱਕ ਗੱਲ ਹੋਰ..., ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਹਿੰਦੂ ਦਾ ਕੋਈ ਨੁਕਸਾਨ ਨਾ ਹੋਵੇ...., ਇਸਾਈ ਔਰਤਾਂ ਦੀ ਪੱਤ ਲੁੱਟਣਾ ਧਰਮ ਦੀ ਸੇਵਾ ਬਰਾਬਰ ਹੀ ਏ..... ਹਰ ਹਰ ਮਹਾਂਦੇਵ.....!'' ਉਸਦਾ ਭਾਸਣ ਖਤਮ ਹੋਣ 'ਤੇ ਮਜਹਬੀ ਜਨੂੰਨ ਦੀ ਭਰੀ ਭੀੜ ਨੇ ਨਾਅਰੇ ਮਾਰੇ ਤੇ ਆਪੋ ਆਪਣੇ ਰਸਤਿਆਂ ਵੱਲ ਟੁਰ ਪਏ। ਫਿਰਕੂ ਜਨੂੰਨ ਤੇ ਦੰਗਿਆਂ ਕਾਰਨ ਇਲਾਕੇ ਦੇ ਇਸਾਈ ਧਰਮ ਦੇ ਲੋਕ ਜੰਗਲਾਂ ਵਿੱਚ ਸਰ਼ਨ ਲੈਣ ਅਤੇ ਬਾਹਰਲੇ ਰਾਜਾਂ ਵਿੱਚ ਜਾਣ ਲਈ ਮਜਬੂਰ ਹੋ ਗਏ ਸਨ। ਘਰਾਂ ਦੇ ਘਰ, ਚਰਚਾਂ ਅਤੇ ਆਸ਼ਰਮ ਅੱਗ ਦੀ ਭੇਟ ਚੜ ਗਏ । ਕਰੀਬ ਇੱਕ ਮਹੀਨੇ ਤੋਂ ਦੰਗਈਆਂ ਦੇ ਹਮਲੇ ਜਾਰੀ ਸਨ। ਹੁਣ ਤਾਂ ਆਲਮ ਇਹ ਸੀ ਕਿ ਪੁਲਿਸ ਮੁਲਾਜਮ ਤੇ ਸਰਕਾਰ ਦੇ ਆਦਮੀ ਵੀ ਇਹਨਾਂ ਹਮਲਾਵਰਾਂ ਦੀ ਭੀੜ ਵਿੱਚ ਸ਼ਾਮਿਲ ਹੋ ਕਿ ਧਰਮ ਦੀ ਸੇਵਾ ਵਿੱਚ ਆਪਣੇ ਆਪ ਨੂੰ ਰੰਗ ਲੈਦੇ ਸਨ। ਕੋਤਵਾਲੀ ਸ਼ਿਕਾਇਤ ਲੈ ਕੇ ਗਈ ਮਾਰੀਆ ਨੰਨ ਨਾਲ ਵੀ ਤਾਂ ਦਰੋਗੇ ਨੇ ਇਹੀ ਹਸ਼ਰ ਕੀਤਾ ਸੀ। ਤੇ ਉਸਦੀਆਂ ਚੀਕਾਂ ਕੋਤਵਾਲੀ ਦੀਆਂ ਉਚੀਆਂ ਕੰਧਾਂ ਨਾਲ ਟਕਰਾ ਕੇ ਦੰਮ ਤੋੜ ਗਈਆਂ। ਅਰਧ-ਨਗਨ ਹਾਲਤ ਵਿੱਚ ਜਦ ਉਹ ਆਪਣੀ ਫਰਿਆਦ ਦਰੋਗੇ ਨੂੰ ਲਿਖਾਕੇ ਬਾਹਰ ਨਿਕਲੀ ਤਾਂ ਸਿਪਾਹੀ ਨੇ ਦਰੋਗੇ ਨੂੰ ਕਿਹਾ ਸੀ, ''ਸਾਹਬ ਇਹ ਤਾਂ ਪਾਪ ਏ, ਘੋਰ ਪਾਪ....'' ਤਾ ਦਰੋਗੇ ਨੇ ਅੱਗੋਂ ਗਾਲ੍ਹ ਕੱਢ ਕੇ ਆਖਿਆ ਸੀ, ''ਚੱਲ ਸਾਲਾ ਪਾਪ ਦਾ, ਇਹ ਤਾਂ ਸੇਵਾ ਏ ਸੇਵਾ, ਧਰਮ ਦੀ ਸੇਵਾ...., ਤੈਨੂੰ ਪਤਾ ਨਹੀਂ ਉਹ ਇਸਾਈ ਕੁੜੀ ਸੀ...., ਜਿਨ੍ਹਾਂ ਨੇ ਸਾਡੇ ਆਗੂ ਨੂੰ ਮਾਰਿਆ ਸੀ......।'' ਹਾਲਾਂ ਕੇ ਇਹ ਸਾਬਤ ਹੋ ਚੁੱਕਾ ਸੀ ਕੇ ਹਿੰਦੂਆਂ ਦੇ ਨੇਤਾ ਦਾ ਕਤਲ ਇਸਾਈਆਂ ਨੇ ਨਹੀਂ ਸੀ ਕੀਤਾ ਸਗੋਂ ਨਕਸਲੀਆਂ ਨੇ ਕੀਤਾ ਏ, ਇਸਦੇ ਬਾਵਜੂਦ ਵੀ ਇਸਾਈਆਂ ਉਤੇ ਕਾਤਲਾਨਾ ਹਮਲੇ ਨਹੀਂ ਰੁਕੇ। ਅੱਗਜਨੀ ਹੱਤਿਆਵਾਂ ਤੇ ਬਲਾਤਕਾਰਾਂ ਦਾ ਇਹ ਸਿਲਸਲਾ ਬ-ਦਸਤੂਰ ਜਾਰੀ ਸੀ, ਨਿੱਤ ਰੋਜ਼ ਦੀ ਅੱਗਜਨੀ, ਬਲਾਤਕਾਰ ਤੇ ਕਤਲੋਗਾਰਤ ਨਾਲ ਲੋਕਾਂ ਦੇ ਹਿਰਦੇ ਵਲੂੰਦਰੇ ਗਏ। ਹਰ ਰੋਜ਼ ਹਮਲਿਆਂ ਤੋਂ ਬਾਅਦ ਨੇਤਾ ਕਿਸਮ ਦਾ ਵਿਅਕਤੀ ਚੌਕ ਦੇ ਥੜੇ ਤੋ ਖਲੋ ਕੇ ਅਗਲੇ ਦਿਨ ਦੀ ਕਾਰਵਾਈ ਦੰਗਈਆਂ ਨੂੰ ਪੜ ਕੇ ਸੁਣਾ ਦਿੰਦਾ। ਅਗਲੇ ਦਿਨ ਉਲੀਕੇ ਪ੍ਰੋਗਰਾਮ ਅਨੁੰਸਾਰ ਹਮਲਾਵਰ ਸਵੇਰ ਤੋਂ ਹੀ ਭੀੜ ਦਾ ਰੂਪ ਅਖਿਤਿਆਰ ਕਰ ਲੈਦੇ। ਇੱਕ ਅਜਿਹੀ ਭੀੜ ਜਿਸਦਾ ਕੋਈ ਚਿਹਰਾ ਨਹੀਂ ਸੀ, ਜਿਸਦੀ ਕੋਈ ਪਹਿਚਾਣ ਨਹੀਂ ਸੀ, ਜਿਸਦੀ ਕੋਈ ਸੀਮਾ ਨਹੀਂ ਸੀ ਤੇ ਜਿਸਦਾ ਕੋਈ ਅਕਾਰ ਨਹੀਂ ਸੀ। ਜੇ ਚਿਹਰਾ, ਰੂਪ ਤੇ ਪਹਿਚਾਣ ਹੈ ਵੀ ਸੀ ਤਾਂ ਵੀ ਕੋਈ ਪੁਲਿਸ ਵਾਲਾ ਜਾਂ ਸਕਰਾਰੀ ਬੰਦਾ ਉਸਨੂੰ ਪਹਿਚਾਨਣਾ ਨਹੀਂ ਸੀ ਚਾਹੁੰਦਾ, ਤੇ ਤਮਾਸ਼ਾਈ ਬਣਕੇ ਇਹ ਸਭ ਕੁਝ ਤੱਕਦਾ ਰਹਿੰਦਾ, ਸਗੋਂ ਇਥੋਂ ਤੱਕ ਕੇ ਇਹਨਾਂ ਜਾਨੂੰਨੀ ਲੋਕਾਂ ਦੀ ਮਦਦ ਕਰਨ ਨੂੰ ਅਖੋਤੀ ਧਰਮ ਦੀ ਸੇਵਾ ਮੰਨਦਾ।''''''''''ਫਿਰਕੂ ਜਾਨੂੰਨੀ ਭੀੜ ਆਪਣੇ ਨੇਤਾ ਕਿਸਮ ਦੇ ਮੋਹਰੀ ਦੇ ਭਾਸਣ ਮੁਤਾਬਿਕ ਬਣੇ ਪ੍ਰੋਗਰਾਮ ਅਨੁਸਾਰ ਨਿਕਲੇ ਸੀ। ਦੁਪਹਿਰ ਤੱਕ ਉਹਨਾਂ ਨੂੰ ਕੋਈ ਸ਼ਿਕਾਰ ਨਾ ਲੱਭਾ, ਪਰ ਸ਼ਹਿਰ ਦੇ ਦੱਖਣ ਵੱਲ ਉਹਨਾਂ ਨੂੰ ਇੱਕ ਘਰ ਵਿੱਚ ਇਸਾਈ ਇਸਤਰੀਆਂ ਹੋਣ ਦੀ ਇਤਲਾਹ ਮਿਲ ਗਈ ਸੀ। ਖ਼ਬ਼ਰ ਮਿਲਦਿਆਂ ਹੀ ਦੰਗਈਆਂ ਨੇ ਦੱਖਣ ਵੱਲ ਦਾ ਰੁਖ਼ ਕਰ ਲਿਆ। ਹਮਲਾਵਰਾਂ ਨੇ ਘਰ ਦਾ ਦਰਵਾਜਾ ਤੋੜ ਕੇ ਨਾਅਰਿਆਂ ਦੀ ਗੂੰਝ ਵਿੱਚ ਘਰ ਵਿੱਚ ਮਾਜੂਦ ਔਰਤਾਂ 'ਤੇ ਆਪਣਾ ਕਹਿਰ ਵਰਤਾਉਣਾਂ ਸ਼ੁਰੂ ਕਰ ਦਿੱਤਾ। ਤਿੰਨ ਚਾਰ ਕੁੜੀਆਂ ਨਾਲ ਸਮੂਹਿਕ ਬਲਾਕਤਾਰ ਕੀਤਾ ਗਿਆ। ਕੁਝ ਔਰਤਾਂ ਨੂੰ ਬਾਹਰ ਗਲੀ ਵਿੱਚ ਬੇ-ਪੱਤ ਕੀਤਾ ਗਿਆ। ਬਲਾਤਕਾਰ ਦਾ ਸ਼ਿਕਾਰ ਇੱਕ ਕੁੜੀ ਉਤੇ ਭੀੜ ਵਿੱਚੋਂ ਦੋ ਤਿੰਨ ਹੋਰ ਦੰਗਈ ਆ ਚੜੇ...., ਉਸ ਨੇ ਕੁਝ ਚਿਰ ਲਈ ਆਪਣੀਆਂ ਨਾਜੁਕ ਤੇ ਬੇਜਾਨ ਬਾਹਵਾਂ ਲੱਤਾਂ ਨਾਲ ਵਿਰੋਧ ਕੀਤਾ। ਉਸਦੀ ਕਿਸੇ ਇੱਕ ਵਿਰੋਧੀ ਕਾਰਵਾਈ ਨਾਲ ਹੀ ਉਸਦੀਆਂ ਗੱਲ੍ਹਾਂ ਤੇ ਬਲਾਤਕਾਰੀਆਂ ਦੀਆਂ ਚੰਡਾਂ ਵੱਜਣੀਆਂ ਸ਼ੁਰੂ ਹੋ ਜਾਂਦੀਆਂ। ਇੱਕ ਤੋਂ ਬਾਅਦ ਇੱਕ ਅਖੋਤੀ ਧਰਮੀ ਦੰਗਾਕਾਰੀ ਧਰਮ ਦੀ ਸੇਵਾ ਵਿੱਚ ਰੁੱਝ ਜਾਂਦੇ, ਤੇ ਉਚੀ ਉਚੀ ਆਖਦੇ ''ਅਸੀਂ ਧਰਮ ਦੀ ਸੇਵਾ ਪਏ ਕਰਦੇ ਆਂ, ਧਰਮ ਦੀ ਸੇਵਾ..'' ਤੇ ਨਾਲ ਹੀ ਉਚੀ ਉਚੀ ਨਾਅਰਿਆਂ ਦੀ ਅਵਾਜ਼ ਗੂੰਜਣ ਲਗਦੀ। ਕੁੜੀ ਦੁਆਲੇ ਚਿੰਬੜੇ ਭੇੜੀਆਂ ਦੀ ਡਾਰ ਵਿੱਚੋਂ ਇੱਕ ਕੜਕਦੀ ਅਵਾਜ ਆਈ, ''ਰੁਕੋ ਪਾਪ ਹੋ ਗਿਆ ਪਾਪ, ਇਹ ਹਿੰਦੂ ਏ ਹਿੰਦੂ...'' ਭੀੜ ਭੀੜ ਵਿੱਚੋਂ ਦੋ ਤਿਨ ਹੋਰ ਬੰਦੇ ਅੱਗੇ ਵਧੇ ਕੁੜੀ ਦੇ ਹੱਥ 'ਤੇ ਕੋਈ ਨਿਸਾਨ ਤੇ ਬਾਂਹ ਤੇ ਕੁਝ ਉਕਰਿਆ ਵੇਖ ਕੇ ਯਕੀਨ ਕਰਨ ਤੋਂ ਬਾਅਦ ਇੱਕ ਦੰਗਈਆਂ ਨੇ ਚੀਕ-ਚੀਕ ਕੇ ਆਖਿਆ....''ਰੁਕੋਂ ਹਿੰਦੂ ਕੁੜੀ ਏ ਇਹ...., ਸਾਡੇ ਧਰਮ ਦੀ ਕੁੜੀ ਏ.....ਇਹ ਤਾਂ ਸਾਡੇ ਕੋਲੋਂ ਘੌਰ ਅਪਰਾਧ ਹੋ ਗਿਆ ਏ.....'' ਭੀੜ ਵਿੱਚੋਂ ਕਿਸੇ ਨੇ ਖੇਸ਼ ਨਾਲ ਕੁੜੀ ਦੀਆਂ ਨੰਗੀਆਂ ਛਾਤੀਆਂ ਕੱਜਦੇ ਹੋਏ ਕਿਹਾ, ''ਹਰੀ ਓਮ, ਹਰੀ ਓਮ... ਇਹ ਤਾਂ ਗੰਭੀਰ ਅਪਰਾਧ ਹੋਇਆ ਏ...., ਧਰਮ ਦਾ ਸੱਤਿਆ ਨਾਸ਼ ਹੋ ਗਿਆ ਏ....।'' ਖੇਸ਼ ਵਿੱਚ ਲਵੇਟੀ ਕੁੜੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਭੀੜ ਸਟ੍ਰੇਚਰ ਨੂੰ ਧਰੁੰਦੀ ਲੋਥ ਨੁਮਾ ਕੁੜੀ ਨੂੰ ਹਸਪਤਾਲ ਦੇ ਵਰਾਡੇ ਵਿੱਚ ਲਿਜਾ ਰਹੀ ਸੀ। ਬੂਹੇ ਅੱਗੇ ਪਹੁੰਚ ਕੇ ਕੁੜੀ ਦੇ ਬੇ-ਜਾਨ ਜਿਸਮ ਵਿੱਚ ਕੁਝ ਕੁ ਜਾਨ ਆਈ, ਦੰਗਾਕਾਰੀਆਂ ਦੇ ਅਗੂ ਨੇ ਭੀੜ ਵੱਲ ਵੇਖਦਿਆਂ ਕਿਹਾ, ''ਇਹ ਸਾਡੇ ਧਰਮ ਦੀ ਏ ਇਸ ਲਈ ਜੀਅ-ਜਾਨ ਲਾ ਕੇ ਇਸਦੀ ਸੇਵਾ ਕਰੋ.. ਇਹੋ ਸਾਡਾ ਪਸ਼ਚਾਤਾਪ ਏ...'' ਨੀਮ ਬੇਹੋਸ਼ ਕੁੜੀ ਦੇ ਕੰਨਾ ਵਿੱਚ ਜਦ 'ਸੇਵਾ' ਸ਼ਬਦ ਪਿਆ ਤਾਂ ਉਸਨੇ ਆਪਣੇ ਨਗਨ ਜਿਸਮ ਤੋਂ ਖੇਸ਼ ਖਿਸਕਾ ਕੇ ਹੇਠਾਂ ਕਰ ਦਿੱਤਾ......!

ਰੋਜ਼ੀ ਸਿੰਘ ਫਤਿਹਗੜ ਚੂੜੀਆਂ, ਗੁਰਦਾਸਪੁਰ