Saturday, November 17, 2007

ਮਧਾਣੀਆਂ ਹਾਏ ਓ ਮੇਰੇ ਡਾਢਿਆ ਰੱਬਾ.......

ਗੁਰੂ ਘਰ ਦੇ ਸਪੀਕਰ ਵਿੱਚੋਂ ਭਾਈ ਜੀ ਦੁਆਰਾ ਗਾਇਨ ਕੀਤੀ ਜਾ ਰਹੀ ਇਲਾਹੀ ਬਾਣੀ ਦੀ ਮਿੱਠੀ ਮਿੱਠੀ ਰਸਭਿੰਨੀ ਅਵਾਜ਼ ਕੰਨਾਂ ਵਿੱਚ ਪੈ ਰਹੀ ਏ। ਸਿਆਲਾਂ ਦੀ ਠਿਠੁਰਦੀ ਰੁੱਤ ਵਿੱਚ ਧਰਤੀ ਦੇ ਚਾਰ ਚੁਫੇਰੇ ਕਿਤੇ ਹਲਕੀ ਕਿਤੇ ਗਹਿਰੀ ਧੁੰਦ ਲਿਪਟੀ ਹੋਈ ਏ। ਮਰਦ ਲੋਕ ਪਸ਼ੂਆਂ ਨੂੰ ਢਾਰੇ ਵਿੱਚੋਂ ਖੋਲ੍ਹ ਬਾਹਰ ਖੁਰਲੀਆਂ ‘ਤੇ ਬੰਨ ਕੇ ਚਾਰਾ ਰਲ਼ਾ ਰਹੇ ਨੇ। ਕੁਝ ਤੀਵੀਆਂ ਮੱਝਾਂ ਗਾਵਾਂ ਦੀਆਂ ਧਾਰਾਂ ਪਈਆਂ ਕੱਢਦੀਆਂ ਨੇ ਤੇ ਕੁਝ ਕਟੂਆਂ-ਵਛੜੂਆਂ ਨੂੰ ਝੁੱਲ੍ਹ ਦੇ ਕੇ ਠੰਡ ਤੋਂ ਬਚਾ ਰਹੀਆਂ ਨੇ। ਬਜ਼ੁਰਗ ਔਰਤਾਂ ਥਾਲ਼ੀ ਵਿੱਚ ਰਸਦ ਪਾ ਕੇ ਗੁਰੂ ਘਰ ਜਾਣ ਦੀ ਤਿਆਰੀ ਕਰ ਰਹੀਆਂ ਨੇ, ਤੇ ਛੋਟੇ ਜਵਾਕ ਹਾਲੇ ਮਸਤ ਸੁੱਤੇ ਪਏ ਨੇ। ਕਿਸੇ ਪਾਸੇ ਚਾਂਵੇ ਚੁੱਲ੍ਹੇ ਨੂੰ ਸਬਾਤ ਵਿੱਚ ਧਰ ਕੋਈ ਤੀਵੀਂ ਬਜੁਰਗਾਂ ਲਈ ਚਾਹ ਦਾ ਓਹੜ ਪੋਹੜ ਕਰ ਰਹੀ ਏ ਤੇ ਕੁਝ ਸੁਆਣੀਆਂ ਰਾਤ ਦੇ ਜਾਗ ਲਾਏ ਦੁੱਧ ਤੋਂ ਬਣੇ ਦਹੀਂ ਨੂੰ ਚਾਟੀ ਵਿੱਚ ਪਾ ਰਿੜਕਣ ਲਈ ਤਿਆਰੀ ਕਰ ਰਹੀਆਂ ਨੇ। ਇਹ ਨਜ਼ਾਰਾ ਅੱਜ ਤੋਂ ਦਹਾਕਾ ਦੋ ਦਹਾਕੇ ਪਹਿਲਾਂ ਦੇ ਪੰਜਾਬ ਦੇ ਕਿਸੇ ਘੁੱਗ ਵਸਦੇ ਪਿੰਡ ਦਾ ਏ। ਹਾੜ ਸਿਆਲ ਪਿੰਡਾਂ ਵਿੱਚ ਹਰ ਘਰ ਦਾ ਤਕਰੀਬਨ ਇਹੋ ਜਿਹਾ ਦ੍ਰਿਸ਼ ਹੁੰਦਾ ਸੀ। ਗਰਮੀਆਂ ਵਿੱਚ ਤੜਕਸਾਰ ਹਾਲੀ ਬਲਦ ਹੱਕ ਕੇ ਖੇਤਾਂ ਵੱਲ ਚਾਲੇ ਪਾ ਦਿੰਦੇ ਤੇ ਸੁਆਣੀਆਂ ਘਰਾਂ ਦੇ ਕਈ ਕੰਮਾਂ ਵਿੱਚ ਰੁੱਝ ਜਾਂਦੀਆਂ। ਇਹਨਾਂ ਕੰਮਾਂ ਤੋਂ ਇਲਾਵਾ ਸਵੇਰੇ ਸਵਖਤੇ ਸੁਆਣੀਆਂ ਦੇ ਕਈ ਹੋਰ ਕੰਮ ਵੀ ਹੁੰਦੇ ਜਿਵੇਂ ਚਰਖੇ ਕੱਤਣਾ, ਕਪਾਹ ਵੇਲਣੀ, ਫੁਲਕਾਰੀਆਂ ਸੋਪ ਕੱਢਣਾ, ਧਾਰਾਂ ਕੱਢਣੀਆਂ ਆਦਿ। ਪਰ ਅੱਜ ਇਥੇ ਆਪਣੇ ਵਿਰਸੇ ਨੂੰ ਵਿਸਰ ਚੁੱਕੀ ਨਵੀਂ ਪੀੜੀ ਅਤੇ ਖਾਸ ਕਰਕੇ ਪੰਜਾਬਣਾਂ ਨੂੰ ਵਿਰਾਸਤ ਦੇ ਇੱਕ ਖਾਸ ਅੰਗ ਤੋਂ ਜਾਣੂ ਕਰਵਾਇਆ ਜਾ ਰਿਹਾ ਏ। ਇਹ ਅੰਗ ਹੈ ਦੁੱਧ ਰਿੜਕਣ ਵਾਲੀ ਮਧਾਣੀ ਤੇ ਉਸ ਨਾਲ ਸਬੰਧਿਤ ਸਾਜੋ ਸਮਾਨ। ਲੇਖ ਦਾ ਸਿਰਲੇਖ ਪੜ ਕੇ ਤੁਸੀ ਕਹੋਗੇ ਗੱਲ ਕੀ ਏ ਤੇ ਕਿਧਰ ਨੂੰ ਲੈ ਤੁਰਿਆ ਏ। ਪਰ ਸਿਰਲੇਖ ਵਾਲੇ ਗੀਤ ਦਾ ਇਸ ਲੇਖ ਨਾਲ ਖਾਸਾ ਸਬੰਧ ਏ। ਪੰਜਾਬੀ ਹਮੇਸ਼ਾਂ ਤੋਂ ਹੀ ਸਾਦਾ ਖਾਣ, ਸਾਦਾ ਪਹਿਨਣ ਅਤੇ ਸਾਦਾ ਜੀਵਨ ਜਿਉਣ ਦੇ ਆਦੀ ਰਹੇ ਹਨ। ਪਹਿਲੇ ਜਮਾਨੇ ਵਿੱਚ ਮਾਵਾਂ ਆਪਣੇ ਬੱਚਿਆਂ ਦੀ ਘਰ ਦੇ ਦੁੱਧ ਅਤੇ ਦੁੱਧ ਤੋਂ ਬਣੇ ਦਹੀਂ ਮੱਖਣ ਤੇ ਲੱਸੀ ਨਾਲ ਪਰਵਰਿਸ਼ । ਇਹ ਮੱਖਣ ਤੇ ਲੱਸੀ ਇੱਕ ਖਾਸ ਕਿਸਮ ਦੇ ਲੱਕੜ ਦੇ ਬਣੇ ਸੰਦ, ਜਿਸ ਨੂੰ ਮਧਾਣੀ ਕਿਹਾ ਜਾਂਦੈ, ਨਾਲ ਬਣਦੇ ਸਨ। ਮਧਾਣੀ ਲੱਕੜ ਦੇ ਇੱਕ ਡਿਜ਼ਾਇਨ ਵਾਲੇ ਢਾਈ ਫੁੱਟ ਲੰਬੇ ਅਤੇ ਮੋਟੇ ਡੰਡੇ ਜਿਸ ਵਿੱਚ ਵੱਢੇ ਪਏ ਹੁੰਦੇ ਨੇ ਦੇ ਅੱਗੇ ਇੱਕ ਲੱਕੜ ਦਾ ਫੁੱਲ ਲਗਾ ਕੇ ਤਰਖਾਣਾ ਦੁਆਰਾ ਤਿਆਰ ਕੀਤੀ ਜਾਂਦੀ ਸੀ। ਦਹੀਂ ਨੂੰ ਚਾਟੀ ਵਿੱਚ ਪਾ ਕੇ ਲੱਕੜ ਦੀ ਹੀ ਬਣੀ ‘ਕੜਵੰਝੀ‘ ਉਪਰ ਟਿਕਾ ਲਿਆ ਜਾਂਦਾ ਅਤੇ ਚਾਟੀ ਵਿੱਚ ਮਧਾਣੀ ਨੂੰ ਪਾ ਕੇ ਇੱਕ ਖਾਸ ਕਿਸਮ ਦੇ ਅਕਾਰ ਵਾਲੇ ‘ਕੁੜ‘ ਜਿਸਦਾ ਅਕਾਰ ਅੰਗਰੇਜ਼ੀ ਦੇ ਯੂ ਵਰਗਾ ਹੁੰਦਾ ਹੈ ਵਿੱਚ ਫਸਾ ਦਿੱਤਾ ਜਾਂਦਾ, ਅਤੇ ਉਸ ‘ਕੁੜ‘ ਨੂੰ ਰੱਸੀ ਦੀ ਮਦਦ ਨਾਲ ‘ਕੜਵੰਜੀ‘ ਦੇ ਡੰਡੇ ਨਾਲ ਬੰਨ ਦਿੱਤਾ ਜਾਂਦਾ। ਮਧਾਣੀ ਨੂੰ ਵੀ ਉੱਪਰਲੇ ਹਿੱਸੇ ਤੋਂ ‘ਨੇਤਰਨੇ‘ (ਇੱਕ ਕਿਸਮ ਦੀ ਰੱਸੀ) ਨਾਲ ਕੜਵੰਜੀ ਦੇ ਡੰਡੇ ਨਾਲ ਬੰਨ ਲਿਆ ਜਾਂਦਾ। ਮਧਾਣੀ ਦੇ ਦੁਆਲੇ ‘ਲੱਜ‘ ਜਾਂ ‘ਰਿੜਕਣਾ‘ ਲਪੇਟ ਕੇ ਦੋਹਵਾਂ ਬਾਹਵਾਂ ਨਾਲ ਸੁਆਣੀਆਂ ਵਾਰੀ ਵਾਰੀ ਖਿਚਦੀਆਂ ਜਿਸ ਨਾਲ ਮਧਾਣੀ ਚਾਟੀ ਵਿੱਚ ਕਦੀ ਉਲਟੀ ਕਦੀ ਸਿੱਧੀ ਘੁੰਮਦੀ, ਅਤੇ ਦਹੀਂ ਰਿੜਕਣਾ ਸ਼ੁਰੂ ਹੋ ਜਾਂਦਾ। ਇਹ ਸਾਰਾ ਸਮਾਨ ਬੜੇ ਨਿਯਮਬੱਧ ਢੰਗ ਨਾਲ ਆਪਸ ਵਿੱਚ ਜੁੜਿਆ ਹੁੰਦਾ। ਮਧਾਣੀ ਸਾਡੇ ਸਾਹਿਤ, ਸਾਡੇ ਸਭਿਆਚਾਰ ਅਤੇ ਸਾਡੇ ਪੰਜਾਬੀ ਸਮਾਜ ਦਾ ਇੱਕ ਖਾਸ ਅੰਗ ਰਹੀ ਹੈ। ਇਸ ਨਾਲ ਸਬੰਧਿਤ ਪੰਜਾਬੀ ਸਹਿਤ ਅਤੇ ਗੀਤਕਾਰੀ ਵਿੱਚ ਬਹੁਤ ਵੰਨਗੀਆਂ ਮਿਲਦੀਆਂ ਨੇ। ਪੰਜਾਬ ਦੀ ‘ਕੋਇਲ‘ ਗਾਇਕਾ ਸਵ: ਸੁਰਿੰਦਰ ਕੌਰ ਜੀ ਵੱਲੋਂ ਗਾਇਆ ਗੀਤ ‘‘ਮਧਾਣੀਆਂ ਹਾਏ ਓ ਮੇਰੇ ਡਾਢਿਆ ਰੱਬਾ ਕਿੰਨਾਂ ਜੰਮੀਆਂ ਕਿੰਨਾਂ ਨੇ ਲੈ ਜਾਣੀਆਂ” ਅੱਜ ਵੀ ਜਦ ਕੰਨੀ ਪੈਂਦਾ ਏ ਤਾਂ ਰੂਹ ਅੰਦਰ ਤੱਕ ਨਮ ਹੋ ਜਾਂਦੀ ਏ। ਮਧਾਣੀ ਦਾ ਚੂੜੀਆਂ ਅਤੇ ਗੋਰੀਆਂ ਮਖਮਲੀ ਕਲਾਈਆਂ ਨਾਲ ਵੀ ਖਾਸਾ ਸਬੰਧ ਏ। ਪੰਜਾਬ ਦੇ ਖੇਤਾਂ ਦੀ ‘ਬੁਲਬੁਲ‘ ਤੇ ਮਾਣਮੱਤੀ ਗੋਰੀ ਜਦ ਸਵੇਰੇ ਸਵਖਤੇ ਉਠ ਦੁਧ ਵਿੱਚ ਰਿੜਕਣਾ ਪਾਉਂਦੀ ਸੀ ਤਾਂ ਸੂਰਜ ਵੀ ਡਰ ਡਰ ਕੇ ਨਿੱਕਲਦਾ। ਮਧਾਣੀ ਨੂੰ ਵਾਰੀ ਵਾਰੀ ਘੁਮਾਉਂਦੀ ਕਿਸੇ ਮੁਟਿਆਰ ਦੇ ਬਾਹਵਾਂ ਵਿੱਚ ਪਾਈਆਂ ਰੰਗ ਬਰੰਗੀਆਂ ਚੂੜੀਆਂ ਜਦ ਛਣਕਦੀਆਂ ਤਾਂ ਇੱਕ ਅਨੰਦਮਈ ਸੰਗੀਤ ਅਲਾਪਦੀਆਂ ਦੁੱਧ ਰਿੜਕਦੀ ਕੋਈ ਮੁਟਿਆਰ ਕਈ ਵਾਰੀ ਇਸ ਸੰਗੀਤ ਵਿੱਚ ਉਲਝੀ ਪ੍ਰਦੇਸ਼ ਗਏ ਆਪਣੇ ਮਾਹੀ ਦੀ ਉਡੀਕ ਵਿੱਚ, ਆਪ-ਮੁਹਾਰੇ ਹੀ ਕੋਈ ਧੁੰਨ ਛੇੜ ਲੈਂਦੀ।ਮੇਰੀ ਰੰਗਲੀ ਮਧਾਣੀ ਬਾਹਵਾਂ ਗੋਰੀਆਂ,ਮੈਂ ਚਾਈਂ ਚਾਈਂ ਦੁੱਧ ਰਿੜਕਾਂਛੇਤੀ ਛੇਤੀ ਆਜਾ ਮੇਰੇ ਢੋਲ ਪਰਦੇਸੀਆ ਵੇਤੇਰੀ ਮਾਂ ਦੇਵੇ ਮੈਨੂੰ ਝਿੜਕਾਂ। ਦਹੀਂ ਤੋਂ ਬਣੀ ਚਾਟੀ ਦੀ ਲੱਸੀ ਦਾ ਸਵਾਦ ਹੀ ਜਹਾਨੋਂ ਵੱਖਰਾ ਹੁੰਦਾ ਸੀ, ‘‘ਸਾਡੇ ਪਿੰਡ ਦੀ ਲੱਸੀ ਦਾ ਘੁੱਟ ਪੀ ਕੇ ਨੀ ਲਿਮਕੇ ਨੂੰ ਭੁੱਲ ਜਾਵੇਂਗੀ” ਸੱਚੀ ਹੀ ਲੱਸੀ ਦਾ ਮੁਕਾਬਲਾ ਲਿਮਕਾ ਜਾਂ ਕੋਈ ਹੋਰ ਸੌਫਟ ਡ੍ਰਿੰਕ ਭਲਾ ਕਿਵੇਂ ਕਰ ਸਕਦੇ ਨੇ। ਪੁਰਾਣੇ ਸਮਿਆਂ ਵਿੱਚ ਇੱਕ ਲੋਕ ਬੋਲੀ ਬੜੀ ਮਸ਼ਹੂਰ ਸੀ:- ਛੜੇ ਜੇਠ ਨੂੰ ਲੱਸੀ ਨਈਂ ਦੇਣੀਦਿਓਰ ਭਾਵੇਂ ਮੱਝ ਚੁੰਘ ਜਾਏ। ਇਸ ਲੱਸੀ ਕਰਕੇ ਕਈ ਜੇਠ ਵਿਚਾਰੇ ਭਾਬੀਆਂ ਦੇ ਤਰਲੇ ਕੱਢਦੇ ਫਿਰਦੇ ਸੀ। ਇਹ ਕਮਾਲ ਮਧਾਣੀ ਨਾਲ ਬਣੀ ਚਾਟੀ ਦੀ ਲੱਸੀ ਦਾ ਹੀ ਸੀ। ਦੁੱਧ ਰਿੜਕਣ ਜਾਂ ਮਧਾਣੀ ਨਾਲ ਸਬੰਧਿਤ ਸਾਡੀਆਂ ਬਹੁਤ ਸਾਰੀਆਂ ਲੋਕ ਬੋਲੀਆਂ ਵੀ ਸਾਹਿਤ ਵਿੱਚ ਮੌਜੂਦ ਨੇ ਜਿਵੇਂ ਚੂੜੇ ਵਾਲੀ ਦੁੱਧ ਰਿੜਕੇਵਿੱਚੋਂ ਮੱਖਣ ਝਾਤੀਆਂ ਮਾਰੇਕੈਂਠੇ ਵਾਲਾ ਧਾਰ ਕੱਢਦਾਦੁੱਧ ਰਿੜਕੇ ਝਾਂਜਰਾਂ ਵਾਲੀ। ਮੈਨੂੰ ਚੂੜੀਆਂ ਚੜਾਦੇ ਚੰਨ ਵੇਮੈਂ ਚਾਈਂ ਚਾਈਂ ਦੁੱਧ ਰਿੜਕਾਂ ਹੁਣ ਬਹੁਤ ਘੱਟ ਅਜਿਹੇ ਪਿੰਡ ਰਹਿ ਗਏ ਹੋਣਗੇ ਜਿਥੇ ਉਪਰੋਕਤ ਸਾਜ਼ੋ ਸਮਾਨ ਵਰਤਿਆ ਜਾਂਦਾ ਹੈ। ਬਹੁਤੇ ਪਿੰਡਾਂ ਵਿੱਚ ਵੀ ਹੁਣ ਸ਼ਹਿਰਾਂ ਵਾਲੀਆਂ ਸਾਰੀਆਂ ਸਹੂਲਤਾਂ ਉਪਲਬਧ ਹੋ ਗਈਆਂ ਨੇ। ਮਧਾਣੀ ਦੀ ਥਾਂ ਹੁਣ ਬਿਜਲੀ ਨਾਲ ਚੱਲਣ ਵਾਲੀ ਮਸ਼ੀਨ ਆ ਗਈ ਏ। ਸਾਰਾ ਕੁਝ ਮਾਡਰਨ ਅਤੇ ਇਲੈਕਟ੍ਰਾਨਿਕ ਹੋ ਗਿਆ ਏ। ਪਰ ਅਜੇ ਵੀ ਕਿਧਰੇ ਕਿਤੇ ਦੂਰ ਦੁਰਾਡੇ ਅਜਿਹੇ ਪਿੰਡ ‘ਚ ਜਾਣ ਦਾ ਮੌਕਾ ਮਿਲੇ ਤਾਂ ਉਥੇ ਅਜਿਹੀਆਂ ਪੁਰਾਤਨ ਚੀਜ਼ਾਂ ਤੇ ਪੁਰਾਣਾ ਸਭਿਆਚਾਰ ਵੇਖ ਕੇ ਆਪਣੇ ਪਿੰਡ ਦੀ ਯਾਦ ਉਮੜ ਆਉਂਦੀ ਏ, ਜਿਥੇ ਕਦੇ ਸੁਆਣੀਆਂ ਦੁੱਧ ਰਿੜਕਣ ਸਮੇ ਆਪਣੀ ਹੀ ਮਸਤੀ ਵਿੱਚ ਅਤੀਤ ਨੂੰ ਯਾਦ ਕਰ ਕੇ ਇਹ ਧੁਨ ਛੇੜ ਲੈਂਦੀਆਂ ਸਨ:-ਮਧਾਣੀਆਂ ਹਾਏ ਓ ਮੇਰੇ ਡਾਢਿਆ ਰੱਬਾਕਿੰਨ੍ਹਾਂ ਜੰਮੀਆਂ, ਕਿੰਨ੍ਹਾਂ ਨੇ ਲੈ ਜਾਣੀਆਂ ।

ਸਿਰ ਦਿੱਤਿਆਂ ਬਾਜ ਨਾ ਇਸ਼ਕ ਪੱਕੇ......


ਇਸ਼ਕ, ਜਿਸਨੂੰ ਪਿਆਰ, ਮੁਹੱਬਤ, ਮੋਹ, ਪ੍ਰੇਮ, ਅਨੁਰਾਗ ਅਦਿ ਨਾਵਾਂ ਨਾਲ ਵੀ ਸੱਦਿਆ ਜਾਂਦਾ ਏ। ਇਹ ਤਿੰਨਾਂ ਅੱਖਰਾਂ ਦਾ ਸ਼ਬਦ ਆਪਣੇ ਅੰਦਰ ਅਤਿਅੰਤ ਵਿਸ਼ਾਲਤਾ ਅਤੇ ਪੀਡੇ ਰਹੱਸ ਸਮੋਈ ਬੈਠਾ ਏ। ਇਸ਼ਕ ਇੱਕ ਲਗਨ ਏ ਜਿਹੜੀ ਧੁਰ ਦਰਗਾਹੋਂ ਵਜਦੇ ਅਨੰਤ ਦੀ ਧੁਨੀ ਹੈ । ਮੁਹੱਬਤ ਦਿਲ ਦੀਆਂ ਸੁਲ਼ਗਦੀਆਂ ਭਾਵਨਾਵਾਂ, ਮਚਲਦੇ ਖਿਆਲਾਂ ਅਤੇ ਮੂੰਹਜੋਰ ਖਾਹਿਸ਼ਾਂ ਨੂੰ ਕਿਸੇ ਮਹਿਫੂਜ਼ ਜਗ੍ਹਾ ‘ਤੇ ਪਨਾਹ ਦੇਣ ਦਾ ਨਾ ਏ। ਪਿਆਰ ਬਿਨਾਂ ਮਨੁੱਖ ਦੀ ਜਿੰਦਗੀ ਸਿਵਿਆਂ ਦੇ ਨਿਆਈਂ ਹੈ । ਪਿਆਰ ਇਸ਼ਕ ਜਿੰਦਗੀ ਦਾ ਧੁਰਾ ਹੈ ਜਿਸ ਦੁਆਲੇ ਕਈ ਸੰਸਾਰਕ ਬੰਧਨ ਤੇ ਰਿਸ਼ਤੇ ਬੱਝੇ ਪਏ ਨੇ। ਪਿਆਰ, ਇਸ਼ਕ ਮੁਹੱਬਤ ਇੱਕ ਰਸ ਹੈ ਜਿਸ ਤੋਂ ਵੱਧ ਰਸਭਿਨਾਂ ਕੋਈ ਹੋਰ ਦੁਨਿਆਵੀ ਰਸ ਨਹੀਂ ਹੈ। ਸਾਇੰਸ ਮੁਤਾਬਿਕ ਇਸ਼ਕ ਇੱਕ ਮਨੋਵਿਗਿਆਨਿਕ ਪ੍ਰਸਥਿਤੀ ਹੈ ਜਿਸ ਤੋਂ ਕੋਈ ਨਹੀਂ ਬਚ ਸਕਦਾ। ਪੰਜਾਂ ਪਾਣੀਆਂ ਦੀ ਧਰਤੀ ਪੰਜਾਬ ਜਿਥੇ ਦਸਾਂ ਗੁਰੂਆਂ ਨੇ ਅਵਤਾਰ ਧਾਰਿਆ ਉਥੇ ਅਜਿਹੇ ਪੀਰ ਪੈਗੰਬਰ ਵੀ ਹੋਏ ਜਿਨਾਂ ਰੱਬ ਨਾਲ ਸੱਚੇ ਇਸ਼ਕ ਦੀਆਂ ਗੰਢਾਂ ਨੂੰ ਪੀਡਿਆਂ ਕਰਕੇ ਇਸ਼ਕ ਦੀ ਪਵਿੱਤਰਤਾ ਨੂੰ ਏਨਾ ਪਕੇਰਾ ਕਰ ਦਿੱਤਾ ਕਿ ਰਹਿੰਦੀ ਦੁਨੀਆਂ ਤੱਕ ਉਹਨਾਂ ਦਾ ਨਾਮ ਚੇਤਿਆਂ ਵਿੱਚ ਰੁਮਕਦਾ ਰਹੇਗਾ। ਇਸ ਤੋਂ ਇਲਾਵਾ ਸੂਫ਼ੀ ਕਵੀਆਂ ਨੇ ਇਸ਼ਕ ਵਿੱਚ ਰੰਗੀਆਂ ਲਿਖਤਾਂ ਲਿਖ ਕੇ ਇਸ਼ਕ ਦੇ ਇਤਿਹਾਸ ਨੂੰ ਇਕ ਨਵਾਂ ਮੋੜ ਦਿੱਤਾ। ਬਾਬਾ ਬੁੱਲ੍ਹੇ ਸ਼ਾਹ, ਸੁਲਤਾਨ ਬਾਹੂ, ਸ਼ਾਹ ਹੁਸੈਨ, ਵਾਰਿਸ ਸਾਹ ਅਦਿ ਦੀਆਂ ਕਾਫੀਆਂ ਅਤੇ ਸਲੋਕ ਅਦਿ ਸੁਨਣ ਤੇ ਇੰਝ ਲਗਦਾ ਹੈ ਜਿਵੇਂ ਕੋਈ ਦਰਗਾਹ ਤੋਂ ਆਇਆ ਪ੍ਰੇਮ ਦੂਤ ਇਸ਼ਕ ਦਾ ਮੰਤਰ ਪੜਾ ਰਿਹਾ ਹੋਵੇ ।ਇਹਨਾਂ ਮਹਾਨ ਸੂਫੀਆਂ ਨੇ ਇਸ਼ਕ ਨੂੰ ਖੁਦਾ ਤੱਕ ਪਹੁੰਚਣ ਦਾ ਅਸਲ ਮਾਰਗ ਦੱਸਦਿਆਂ ਇਸ਼ਕ ਨੂੰ ਦੋ ਭਾਗਾਂ ਵਿੱਚ ਵੰਡਿਆ । ਇਕ ਇਸ਼ਕ ਹਕੀਕੀ ਅਤੇ ਦੂਜਾ ਇਸ਼ਕ ਮਜਾਜੀ । ਖੁਦਾ ਨਾਲ ਕੀਤੇ ਇਸ਼ਕ ਨੂੰ ਇਸ਼ਕ ਹਕੀਕੀ ਅਤੇ ਦੁਨਿਆਵੀ ਇਸ਼ਕ ਨੂੰ ਇਸ਼ਕ ਮਜਾਜੀ ਦਾ ਦਰਜਾ ਦਿੱਤਾ ਗਿਆ । ਪੰਜਾਬ ਦੀ ਧਰਤੀ ਨੂੰ ਜਿਥੇ ਉਕਤ ਗੁਰੂਆਂ ਪੀਰਾਂ ਅਤੇ ਸੂਫੀਆਂ ਦੀ ਚਰਨ ਛੋਹ ਪ੍ਰਾਪਤ ਹੈ ਉਥੇ ਇਸ ਧਰਤੀ ‘ਤੇ ਅਜਿਹੇ ਆਸ਼ਕ ਵੀ ਹੋਏ ਨੇ ਜਿਨ੍ਹਾ ਆਪਣੀ ਹਸਤੀ ਨੂੰ ਮਿਟਾ ਕੇ ਇਸ਼ਕ ਦੀ ਮੰਜਿਲ ਨੂੰ ਪਾਇਆ ਅਤੇ ਇਸ਼ਕ ਦੀ ਰਵਾਇਤ ਤੇ ਸਚਾਈ ਨੂੰ ਕਾਇਮ ਰੱਖਿਆ ।ਇਸ਼ਕ ਉਹ ਸੀ ਜਿਹੜਾ ਰਾਝੇ ਨੇ ਹੀਰ ਨਾਲ, ਲੈਲਾਂ ਨੇ ਮਜਨੂੰ ਨਾਲ, ਪੁੰਨੂੰ ਨੇ ਸੱਸੀ ਨਾਲ, ਸੀਰੀ ਨੇ ਫਰਹਾਦ ਨਾਲ, ਸਹਿਤੀ ਨੇ ਮੁਰਾਦ ਨਾਲ, ਮਿਰਜੇ ਨੇ ਸਹਿਬਾਂ ਨਾਲ ਅਤੇ ਰੋਮੀਓ ਨੇ ਜੂਲੀਅਟ ਨਾਲ ਕੀਤਾ। ਇਸ਼ਕ ਵਿੱਚ ਬੱਝਾ ਆਦਮੀ ਆਪਣੇ ਆਪ ਨੂੰ ਭੁੱਲ ਕੇ ਦੂਜੇ ਦੇ ਅਰਪਨ ਹੋ ਜਾਂਦਾ ਹੈ ਜਿਵੇ ਕੇ :ਰਾਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈਸੱਦੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ।ਇਸ਼ਕ ਨਚਾਉਂਦਾ ਹੈ ਅਜਿਹਾ ਨਾਚ ਜੋ ਮਸਤ ਹੈ, ਅਨੰਦਤ ਹੈ ਤੇ ਇਸਕ ਨਾਚ ਵਿੱਚ ਨੱਚਦਾ ਆਸ਼ਕ ਬਾਬਾ ਬੁੱਲੇ ਸ਼ਾਹ ਵਾਂਗ ਆਪਣੇ ਤਵੀਬ ਨੂੰ ਪੁਕਾਰਦਾ ਹੈ :ਤੇਰੇ ਇਸ਼ਕ ਨਚਾਇਆ, ਕਰਕੇ ਥਈਆ ਥਈਆਝਪਦੇ ਬੋਹੜੀ ਵੇ ਤਵੀਬਾ ਨਹੀਂ ਤੇ ਮੈਂ ਮਰ ਗਈਆ।ਇਸ਼ਕ ਵਿੱਚ ਆਸ਼ਕ ਦੀ ਦਸ਼ਾ ਰੇਗਸਤਾਨ ਵਿੱਚ ਪਾਣੀ ਲਈ ਭਟਕਦੇ ਉਸ ਪਰਿੰਦੇ ਜਹੀ ਹੋ ਜਾਂਦੀ ਏ ਜਿਹੜਾ ਪਾਣੀ ਦੀ ਇਕ ਬੂੰਦ ਲਈ ਕੁਰਲਾ ਰਿਹਾ ਹੁੰਦਾ ਏ ।ਇਸ਼ਕ ਜਿੰਨਾ ਨੂੰ ਲੱਗ ਜਾਂਦੇ, ਸੁੱਕ ਜਾਂਦੇ ਨੇ ਵਾਂਗ ਉਹ ਕਾਨਿਆਂ ਦੇਕੁਝ ਸੁੱਕ ਜਾਂਦੇ ਕੁਝ ਮੁੱਕ ਜਾਂਦੇ ਰਹਿੰਦੇ ਮਾਰ ਲੈਦੇ ਲੋਕ ਨਾਲ ਤਾਨਿਆਂ ਦੇ ।ਇਸ਼ਕ ਦੇ ਰਹੱਸ ਨੂੰ ਲੱਭ ਸਕਣਾ ਹਰ ਇਕ ਦੇ ਵੱਸ ਨਹੀਂ ਏ। ਇਹ ਇਕ ਅਜਿਹਾ ਅਹਿਸਾਸ ਏ ਜੋ ਇਨਸਾਨ ਵਿੱਚ ‘ਮੈਂ ‘ ਨੂੰ ਖਤਮ ਕਰ ਦਿੰਦਾ ਏ ।ਕਹਿੰਦੇ ਨੇ ਇਸ਼ਕ, ਮੁਸ਼ਕ ਤੇ ਖੁਰਕ ਕਦੇ ਛੁਪਾਇਆਂ ਨਹੀਂ ਛੁਪਦੇ, ਤੇ ਸੱਚੇ ਪ੍ਰੇਮੀ ਆਪਣੇ ਇਸ਼ਕ ਨੂੰ ਧਰਮ ਵਾਂਗ ਪਾਲ਼ਦੇ ਤੇ ਫਰਜ਼ ਵਾਂਗ ਨਿਭਾਉਂਦੇ ਨੇ । ਭਾਵੇ ਉਹ ਇਸ਼ਕ ਹਕੀਕੀ ਹੋਵੇ ਜਾਂ ਮਜਾਜੀ। ਇਸ਼ਕ ਧਰਮ ਦੇ ਕਰਮ ਕਾਂਡਾਂ, ਸਮੇ ਸਥਾਨ ਦੀ ਸੀਮਾ, ਉਮਰ, ਜਾਤ-ਪਾਤ ਦੇ ਅਨੁਪਾਤਾਂ ਤੋਂ ਕਿਤੇ ਉਪਰ ਦੀ ਗੱਲ ਏ । ਇਸ਼ਕ ਵਿੱਚ ਘਰ ਫੂਕ ਤਮਾਸ਼ਾ ਦੇਖਣਾ ਪੈਂਦਾ ਏ । ਸੱਚੇ ਇਸ਼ਕ ਵਿੱਚ ਰੰਗੇ ਪ੍ਰੇਮੀ ਹਰ ਵਕਤ ਮਿਲਾਪ ਦਾ ਰਾਗ ਅਲਾਪਦੇ ਨੇ ਉਹਨਾਂ ਲਈ ਪੂਰੀ ਦੁਨੀਆਂ ਦੇ ਮਨੁੱਖ ਅਤੇ ਜੀਵ ਅੰਨ੍ਹੇ ਹੁੰਦੇ ਨੇ।ਲੱਭਦੇ ਬਹਾਨਾ ਕੋਈ ਵੰਨ ਤੇ ਸੁਵੰਨਾ ਏਆਸ਼ਕਾਂ ਦੇ ਭਾਣੇ ਹੁੰਦਾ ਸਾਰਾ ਜੱਗ ਅੰਨਾ ਏਪਿਆਰ, ਇਸ਼ਕ ਮੁਹੱਬਤ ਇਕ ਅਜਿਹਾ ਜਜ਼ਬਾ ਏ ਜੋ ਵਿਸ਼ਵਾਸ ਦੀਆਂ ਨੀਹਾਂ ‘ਤੇ ਟਿਕੀਆਂ ਰੇਤ ਦੀਆਂ ਦੀਵਾਰਾਂ ਵਾਂਗ ਹੈ। ਜਿਸ ਨੂੰ ਭੋਰਾ ਕੁ ਵੀ ਠੋਕਰ ਲੱਗੀ ਨਹੀਂ ਕੇ ਸਭ ਕੁਝ ਚਕਨਾਚੂਰ ਹੋ ਜਾਂਦਾ ਏ । ਇਸ਼ਕ ਵਿੱਚ ਜਿਥੇ ਮਿਲਾਪ ਦਾ ਅਨੰਦ ਹੈ ਉਥੇ ਵਿਛੋੜਿਆਂ ਦੀ ਅੱਗ ਵਿੱਚ ਵੀ ਸੜਨਾ ਪੈਂਦਾ ਏ। ਇਸ਼ਕ ਦੀ ਕਸਕ ਨੂੰ ਉਹ ਹੀ ਸਮਝ ਸਕਦੇ ਨੇ ਜੋ ਖੁਦ ਇਸ ਤੜਪ ਨੂੰ ਹੰਢਾ ਚੁੱਕੇ ਹੋਣ ਜਾਂ ਹੰਢਾ ਰਹੇ ਹੋਣ । ਇਸ਼ਕ ਚਾਹੇ ਹਕੀਕੀ ਹੋਵੇ ਜਾਂ ਮਜਾਜੀ ਇਸ ਨੂੰ ਕੰਡਿਆਂ ਦੀ ਸੇਜ ‘ਤੇ ਸੌਂ ਕਿ ਹੀ ਪਾਇਆ ਜਾ ਸਕਦਾ ਏ। ਤੇ ਜਿੰਨਾ ਦੇ ਇਸ਼ਕ ਹੱਡੀਂ ਰਚ ਜਾਵੇ ਉਹਨਾਂ ਲਈ ਕੰਡਿਆਂ ਦੀ ਸੇਜ ਵੀ ਮਹਿਕਦੇ ਕੋਮਲ ਗੁਲਾਬਾਂ ਵਰਗੀ ਹੋ ਜਾਂਦੀ ਏ । ਸੱਚੇ ਆਸ਼ਕਾਂ ਲਈ ਇਸ਼ਕ ਕਬਜਾ ਨਹੀਂ ਕੁਰਬਾਨੀ ਹੋ ਨਿਬੜਦਾ ਏ। ਇਸ਼ਕ ਇਕ ਦੂਜੇ ਦੀਆਂ ਭਾਵਨਾਵਾ, ਜਜਬਿਆਂ ਤੇ ਵਲਵਲਿਆਂ ਨੂੰ ਸਮਝਣ ਦਾ ਨਾਮ ਏ । ਕਈ ਵਾਰੀ ਪ੍ਰੇਮੀ ਦੀ ਬੇ-ਵਫਾਈ ਇਨਸਾਨ ਲਈ ਘਾਤਕ ਸਿੱਧ ਹੋ ਜਾਂਦੀ ਏ ਤੇ ਮਜਬੂਰਨ ਸੁਖਵਿੰਦਰ ਅੰਮ੍ਰਿਤ ਵਾਂਗ ਕਹਿਣਾ ਪੈਦਾਂ ਏ :ਐਵੇਂ ਗੈਰਾਂ ਨਾਲ ਮਿੱਠਾ ਮਿੱਠਾ ਬੋਲ ਹੋ ਗਿਆਸਾਥੋਂ ਜਿੰਦਗੀ ‘ਚ ਆਪੇ ਜ਼ਹਿਰ ਘੋਲ ਹੋ ਗਿਆ ਰਹੂ ਉਂਗਲਾਂ ਦੇ ਪੋਟਿਆਂ ‘ਚੋਂ ਲਹੂ ਸਿਮਦਾਸਾਥੋਂ ਹੀਰਿਆਂ ਭੁਲੇਖੇ ਕੱਚ ਫੋਲ ਹੋ ਗਿਆ ।ਅੱਜ ਹਰ ਬੰਦਾ ਸਿਰਫ ਇਮਾਨ ਅਤੇ ਸ਼ੋਹਰਤ ਦੀ ਸਲਾਮਤੀ ਚਾਹੁੰਦਾ ਹੈ । ਇਸ ਕਠੋਰ ਤੇ ਬੇ-ਲਿਹਾਜ ਜਮਾਨੇ ਵਿੱਚ ਇਸ਼ਕ ਦੀ ਸਲਾਮਤੀ ਦੀ ਉਮੀਦ ਕਰਨਾ ਬੇਫਜੂਲ ਈ ਲਗਦੈ। ਸੁਲਤਾਨ ਬਾਹੂ ਦੇ ਦੋਹੇ ਵਿਚਲੀ ਸਚਾਈ ਇਸ ਦੀ ਗਵਾਹੀ ਭਰਦੀ ਹੈ। ਇਮਾਨ ਸਲਾਮਤ ਹਰ ਕੋਈ ਮੰਗੇਇਸ਼ਕ ਸਲਾਮਤ ਕੋਈਮੰਗਣ ਇਮਾਨ ਸ਼ਰਮਾਵਣ ਇਸ਼ਕੋਂਮੇਰੇ ਦਿਲ ਨੂੰ ਗੈਰਤ ਹੋਈ ਮੇਰਾ ਇਸ਼ਕ ਸਲਾਮਤ ਰੱਖੀਂ ਮੀਆਂ ਬਾਹੂਇਮਾਨੋਂ ਗਈ ਤਾਂ ਕੋਈ । ਅੱਜ ਬੜੇ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਏ ਕਿ ਅੱਜ ਇਸ਼ਕ ਨੂੰ ਮਹਿਜ ਸਰੀਰਕ ਖੇਡ ਬਣਾ ਲਿਆ ਗਿਆ ਏ। ਦੋ ਘੜੀ ਦੇ ਸਰੀਰਕ ਅਨੰਦ ਲਈ ਇਸ ਪਵਿੱਤਰ ਜਜ਼ਬੇ ਨੂੰ ਅਪਮਾਨਿਤ ਕੀਤਾ ਜਾ ਰਿਹਾ ਏ । ਸੱਚੇ ਇਸ਼ਕ ਦੀ ਜਗ੍ਹਾ ਦੁਨਿਆਵੀ ਪਿਆਰ ਨੇ ਲੈ ਲਈ ਏ । ਸਰੀਰਕ ਪਿਆਰ ਦੀ ਭੁੱਖ ਰੁਹਾਨੀ ਪਿਆਰ ‘ਤੇ ਹਾਵੀ ਹੋ ਰਹੀ ਏ। ਜਿਥੇ ਪਹਿਲੇ ਸੱਚੇ ਸੁੱਚੇ ਆਸ਼ਕਾਂ ਨੇ ਇਸ਼ਕ ਦੇ ਜ਼ਰੀਏ ਖੁਦਾ ਨੂੰ ਪਾ ਲਿਆ ਉਥੇ ਅੱਜ ਦੀ ਪੀੜੀ ਇਸ ਵਿਰਾਸਤ ਤੇ ਇਤਿਹਾਸ ਨੂੰ ਭੁੱਲ ਕਿ ਜਿਸਮਾਂ ਦੀ ਭੁੱਖ ਪਿਛੇ ਦੌੜ ਰਹੀ ਏ। ਪਰ ਦੋ ਘੜੀ ਦਾ ਸਰੀਰਕ ਮਿਲਾਪ ਕਦੀ ਇਸ਼ਕ ਦਾ ਇਤਿਹਾਸ ਨਹੀ ਬਣ ਸਕਦਾ। ਇਸ਼ਕ ਵਿੱਚ ਤਾਂ ਸਭ ਕੁਝ ਗਵਾਉਣਾ ਪੈਂਦਾ ਏ, ਲੁਟਾਉਣਾ ਪੈਂਦਾ ਏ ਤਾਂ ਹੀ ਤਾਂ ਵਾਰਿਸ ਸ਼ਾਹ ਨੇ ਕਿਹਾ ਏ ।ਸਿਰ ਦਿੱਤਿਆਂ ਬਾਜ ਨਾ ਇਸ਼ਕ ਪੱਕੇ ਇਹ ਨਹੀਂ ਸੁਖੱਲੀਆਂ ਯਾਰੀਆਂ ਨੇ,ਓਹਦੇ ਜਖ਼ਮ ਨਾ ਹਸ਼ਰ ਤੱਕ ਹੋਣ ਰਾਜੀਜਿਨੂੰ ਲੱਗੀਆਂ ਇਸ਼ਕ ਕਟਾਰੀਆਂ ਨੇ