Thursday, August 7, 2008

ਲਾਚਾਰੀ ਦੇ ਪਰਛਾਵੇਂ ਹੇਠ

ਮੀਂਹ ਪੈ ਕੇ ਹਟਿਆ ਸੀ। ਭਾਦੋਂ ਦੇ ਮਹੀਨੇ ਥੋੜਾ ਜਿਹਾ ਮੀਂਹ ਪੈਣ ਪਿਛੋਂ ਗਰਮੀ ਡਾਡੀ ਹੋ ਜਾਂਦੇ ਏ। ਮਜਦੂਰਾਂ ਦੀ ਰੋਜਾਨਾ ਬੈਠਣ ਵਾਲੀ ਥਾਂ ਤੇ ਕਾਫੀ ਭੀੜ ਹੁੰਦੇ ਏ। ਸ਼ਹਿਰਾਂ ਦੇ ਮਜਦੂਰਾਂ ਦੇ ਨਾਲ ਨਾਲ ਪਿੰਡਾਂ ਦੇ ਮਜਦੂਰ ਲੋਕ ਵੀ ਹੁਣ ਉਸ ਜਗ੍ਹਾ ਤੇ ਇਕੱਠੇ ਹੋਣ ਲੱਗ ਪਏ ਸਨ। ਅੱਜ ਕੱਲ ਪਿੰਡਾਂ ਵਿੱਚ ਲੋਕ ਵਿਹਲੇ ਜੋ ਹੁੰਦੇ ਨੇ, ਝੋਨੇ ਚੋਂ ਨਦੀਨ ਕੱਢਣ ਦਾ ਕੰਮ ਵੀ ਖਤਮ ਹੋ ਚੁੱਕਾ ਏ। ਜਿੰਮੀਦਾਰ ਲੋਕ ਦੁਪਿਹਰ ਵੇਲੇ ਕਿਸੇ ਰੁੱਖ ਦੀ ਛਾਂ ਹੇਠ ਬੈਠੇ ਤਾਸ਼ ਪਏ ਖੇਡਦੇ ਨੇ ਤੇ ਜਾਂ ਫਿਰ ਬਾਰਾਂ ਟਹਿਣੀ ਤੇ ਕੁਝ ਲੋਕ ਸੌਂ ਕੇ ਵਕਤ ਪਏ ਟਪਾਉਂਦੇ ਨੇ। ਪਰ ਗਰੀਬ ਤੇ ਮਾੜੇ ਲੋਕ ਸਵੇਰ ਤੋਂ ਹੀ ਸ਼ਹਿਰ ਵੱਲ ਟੁਰ ਪੈਂਦੇ ਨੇ ਮਜਦੂਰੀ ਲਈ ਤੇ ਜਾਂ ਫਿਰ ਕੁਝ ਸਾਇਕਲ ਤੇ ਕਿਸੇ ਨਾ ਕਿਸੇ ਚੀਜ ਦਾ ਫੇਰਾ ਲਾ ਆਉਂਦੇ ਨੇ ਤੇ ਸਾਰਾ ਦਿਨ ਟੁਰ ਟੁਰ ਕੇ ਚੀਜਾਂ ਵੇਚਦਿਆਂ ਸ਼ਾਮ ਤੱਕ ਉਹਨਾਂ ਦੇ ਹੱਡ ਦੁੱਖਣ ਲੱਗ ਜਾਦੇ ਨੇ। ਮਜਦੂਰ ਯੂਨੀਅਨ ਵਿੱਚ ਸਵੇਰੇ ੭ ਵਜੇ ਤੋਂ ਹੀ ਮਜਦੂਰ ਇਕੱਠੇ ਹੋਣ ਲੱਗ ਜਾਂਦੇ ਨੇ। ਸ਼ਹਿਰ ਵਿੱਚ ਅੱਡੇ ਤੋਂ ਥੋਹੜਾ ਜਿਹਾ ਅੱਗੇ ਆ ਕੇ ਬਜਾਰ ਵਿੱਚ ਇੱਕ ਚੌਕ ਦੇ ਲਾਗੇ ਚਾਗੇ ਦੀਆਂ ਦੁਕਾਨਾ ਦੇ ਥੜਿਆਂ ਤੇ ਰੋਜ ਹੀ ਮਜਦੂਰ ਬੈਠੇ ਪਏ ਨਜਰ ਆਉਦੇ ਨੇ। ਬਜਾਰ ਦੇ ਲਹਿੰਦੇ ਵੱਲ ਦੁਕਾਨਾ ਦੇ ਸਾਹਮਣੇ ਇੱਕ ਲੰਬੀ ਕੰਧ ਏ ਜਿਸ ਵਿੰਚ ਨਾਂ ਕੋਈ ਬੂਹਾ ਏ ਤੇ ਨਾ ਈ ਕੋਈ ਬਾਰੀ ਏ। ਕੰਧ ਦਾ ਪਰਛਾਵਾਂ ਗਿਆਰਾਂ ਸਾਡੇ ਗਿਆਰਾਂ ਵਜੇ ਤੱਕ ਬਜਾਰ ਵੱਲ ਪੈਂਦਾ ਏ, ਜਿਥੇ ਕਈ ਮਜਦੂਰ ਛਾਂ ਦਾ ਸਹਾਰਾ ਲਈ ਬੈਠ ਜਾਂਦੇ ਨੇ, ਜਿਨਾਂ ਵਿੱਚੋਂ ਬਹੁਤ ਸਾਰੇ ਦਿਹਾੜੀ ਮਿਲਣ ਤੇ ਆਪਣੇ ਕੰਮ ਤੇ ਚਲੇ ਜਾਂਦੇ ਨੇ ਤੇ ਕੁਝ ਤਾਂ ਠੇਕੇਦਾਰਾਂ ਨਾਲ ਪੱਕੇ ਹੀ ਲੱਗੇ ਹੁੰਦੇ ਨੇ, ਪਰ ਕੁਝ ਨੂੰ ਦਿਹਾੜੀ ਨਾ ਮਿਲਣ ਤੇ ਬਾਰਾਂ ੳਜੇ ਤੱਕ ਉਥੇ ਹੀ ਬੈਠਣਾ ਪੈਂਦਾ ਏ। ਗਰੀਬੀ ਹੱਥੋਂ ਤੰਗ ਵਿਚਾਰੇ ਉਡੀਕਦੇ ਰਹਿੰਦੇ ਨੇ ਕੇ ਕੋਈ ਅੱਧੀ ਦਿਹਾੜੀ ਤੇ ਹੀ ਲੈ ਜਾਵੇ, ਪਰ ਅਜਿਹਾ ਨਾ ਹੋਣ ਤੇ ਉਹਨਾ ਨੂੰ ਨਿਰਾਸ਼ ਘਰ ਪਰਤਨਾ ਪੈਂਦਾ ਹੈ। ਤੇ ਸ਼ਾਇਦ ਆਪਣੇ ਬੱਚਿਆਂ ਦੇ ਨਾਲ ਆਪ ਵੀ ਭੁੱਖੇ ਢਿੱਡ ਸੌਣਾ ਪੈਂਦਾ ਹੈ।
ਕੰਧ ਤੋਂ ਅਗਲੇ ਪਾਸੇ ਵਿਹਲੀ ਜਗ੍ਹਾ ਤੇ ਉਹਨਾ ਦੇ ਸਾਈਕਲ ਖੜੇ ਹੁੰਦੇ ਨੇ। ਇਹਨਾ ਵਿੱਚੋ ਬਹੁਤੇ ਸਾਇਕਲਾਂ ਦੇ ਮਡਗਾਰਡ ਵੀ ਨਹੀਂ ਨਹੀ ਹੁੰਦੇ ਅਤੇ ਇਹ ਸਾਇਕਲ ਦੁਰੋਂ ਹੀ ਉਹਨਾ ਦੀ ਗਰੀਬੀ ਤੇ ਲਾਚਾਰੀ ਦਾ ਮੁਜਾਹਰਾ ਪਏ ਕਰ ਰਹੇ ਹੁੰਦੇ ਨੇ। ਇਹਨਾ ਸਾਇਕਲਾਂ ਵਿੱਚ ਬਹੁਤਿਆਂ ਦੇ ਹੈਂਡਲ ਨਾਲ ਇਕ ਝੋਲਾ ਪਿਆ ਲਮਕਦਾ ਹੁੰਦਾ ਏ ਜੋ ਸ਼ਕਲ ਤੋ ਕੁਝ ਮੈਲਾ ਲਗਦਾ ਏ, ਝੋਲੋ ਵਿੱਚ ਕੰਮ ਵੇਲੇ ਪਾਉਣ ਵਾਲੇ ਕੱਪੜੇ ਤੇ ਪੋਣੇ ਵਿੱਚ ਬੱਝੀਆਂ ਰੋਟੀਆਂ ਹੁੰਦੀਆਂ ਨੇ। ਕੁਝ ਇੱਕ ਸਾਇਕਲਾਂ ਦੇ ਡੰਡੇ ਨਾਲ ਟਿਫਨ ਹੁੰਦਾ ਏ ਅਤੇ ਉਹਨਾ ਦੇ ਮਡਗਾਰਡ ਵੀ ਹੁੰਦੇ ਨੇ । ਅੱਜ ਚੋਥਾ ਦਿਨ ਏ, ਕੰਧ ਦੇ ਸਾਹਮਣੇ ਵਾਲੀ ਦੁਕਾਨ ਵਾਲੇ ਨੋ-ਜਵਾਨ ਨੇ ਵੇਖਿਆ ਕੇ ਉਹ ਐਨਕਾਂ ਵਾਲਾ ਬੁੱਢਾ ਅੱਜ ਫਿਰ ਬਾਰਾਂ ਵਜੇ ਤੱਕ ਉਥੇ ਹੀ ਕੰਧ ਨਾਲ ਢੋਅ ਲਾਈ ਛੋਟੇ ਹੁੰਦੇ ਜਾਂਦੇ ਪਰਛਾਵੇ ਦੀ ਛਾਵੇਂ ਕੰਧ ਦੇ ਨਾਲ ਲੱਗੀ ਬੈਠਾ ਏ।
ਉਸ ਦੀ ਨਜ਼ਰ ਖਾਸੀ ਘੱਟ ਪਈ ਲਗਦੀ ਏ ਤੇ ਉਸ ਦੀਆਂ ਐਨਕਾਂ ਬੜੀਆਂ ਮੋਟੀਆਂ ਨੇ। ਦਾਹੜੀ ਵਿੱਚ ਕੋਈ ਕੋਈ ਵਾਲ ਅਜੇ ਕਾਲਾ ਏ। ਗਲ ਪਾਈ ਕਮੀਜ ਅਤੇ ਸਾਇਕਲ ਨਾਲ ਟੰਗੀ ਕੰਮ ਵੇਲੇ ਪਾਉਣ ਵਾਲੀ ਕਮੀਜ ਵਿੱਚ ਕੋਈ ਜਿਆਦਾ ਫਰਕ ਨਹੀ ਸੀ। ਜੁੱਤੀ ਦੇ ਅਗਲੇ ਪਾਸਿਓਂ ਪੈਰਾਂ ਦੇ ਅੰਗੂਠੇ ਬਾਹਰ ਦਿਸ ਰਹੇ ਨੇ। ਉਸ ਦੇ ਮੂੰਹ ਵਿੱਚ ਸਿਰਫ ਅੱਗੇ ਅੱਗੇ ਹੀ ਤਿੰਨ ਚਾਰ ਮੈਲੇ ਜਿਹੇ ਦੰਦ ਨੇ । ਸਰੀਰ ਪੱਖੋਂ ਵੀ ਕੁਝ ਮਾੜਾ ਹੀ ਏ। ਅੱਜ ਚੋਥੇ ਦਿਨ ਵੀ ਉਸ ਨੂੰ ਦਿਹਾੜੀ ਨਹੀ ਸੀ ਮਿਲੀ। ਨਿਰਾਸ਼ਤਾ ਦੀਆਂ ਝਲਕਾਂ ਉਸ ਦੀਆਂ ਝੁਰਰੀਆਂ ਵਿੱਚੋ ਸਾਫ ਦਿਸ ਰਹੀਆਂ ਨੇ। ਉਂਵੇ ਤਾਂ ਉਸ ਤੋਂ ਵੀ ਉਮਰ ਦੇ ਬਜੁਰਗ ਮਜਦੂਰ ਉਥੇ ਹੁੰਦੇ ਨੇ, ਪਰ ਸ਼ਇਦ ਉਸ ਦੀਆਂ ਮੋਟੀਆਂ ਮੋਟੀਆਂ ਐਨਕਾਂ ਜਾਂ ਸਰੀਰ ਤੋਂ ਮਾੜਾ ਹੋਣ ਕਾਰਕੇ ਕੋਈ ਉਸਨੂੰ ਕੰਮ ਤੇ ਨਹੀ ਸੀ ਖੜਦਾ। ਭਾਵੇਂ ਉਹ ਜਵਾਨ ਮਜਦੂਰਾਂ ਨਾਲੋਂ ਜਿਆਦਾ ਕੰਮ ਕਿਉਂ ਨਾ ਕਰਦਾ ਹੋਵੇ। ਹਰ ਰੋਜ਼ ਉਹ ਉਥੇ ਬੈਠ ਕੇ ਚਲਾ ਜਾਂਦਾ। ਇਹ ਗਰੀਬੀ, ਲਾਚਾਰੀ ਤੇ ਕਮਜੋਰੀ ਪਤਾ ਨਹੀਂ ਸ਼ਾਇਦ ਸਕੀਆਂ ਭੈਣਾ ਹੁੰਦੀਆਂ ਨੇ, ਤੇ ਉਤੋਂ ਰੱਬ ਸੂਰਤ ਦੇਣ ਲੱਗਿਆਂ ਵੀ ਗਰੀਬਾਂ ਨਾਲ ਮਜਾਕ ਈ ਕਰ ਦਿੰਦਾ ਏ, ਦੁਕਾਨ ਵਾਲੇ ਮੁੰਡੇ ਨੇ ਮੰਨ ਵਿੱਚ ਸੋਚਿਆ।
ਅੱਜ ਉਹ ਡਾਢਾ ਬੇ-ਚੈਨ ਪਿਆ ਲਗਦਾ ਏ। ਜਦੋਂ ਵੀ ਕੋਈ ਬੰਦਾ ਮਜਦੂਰ ਲੈਣ ਲਈ ਆਉਂਦਾ ਤਾਂ ਉਹ ਕਾਹਲੀ ਨਾਲ ਉਸ ਵੱਲ ਵਧਦਾ, ਪਰ ਉਹ ਉਸ ਨੂੰ ਅਣਦੇਖਿਆ ਕਰਕੇ ਕਿਸੇ ਜਵਾਨ ਮਜਦੂਰ ਨੂੰ ਲੈ ਜਾਂਦਾ। ਉਹ ਖਲੋਤਾ ਹੀ ਕਦੀ ਏਦਰ ਜਾਂਦਾ ਤੇ ਕਦੀ ਉਧਰ। ਉਸ ਦੇ ਅੰਦਰ ਕੋਈ ਯੁਧ ਪਿਆ ਛਿੜਿਆ ਲਗਦਾ। ਝੱਲਿਆਂ ਵਾਂਗੂੰ ਉਹ ਆਪਣੀ ਕਿਸਮਤ ਨੂੰ ਕੋਸਦਾ ਪਿਆ ਲਗਦਾ। ਹੁਣ ਯੂਨੀਅਨ ਵਿੱਚ ਬਹੁਤ ਘੱਟ ਮਜਦੂਰ ਰਹਿ ਗਏ ਸਨ, ਬਾਕੀ ਸਾਰੇ ਕੰਮ ਤੇ ਜਾ ਚੁੱਕੇ ਨੇ ਤੇ ਜਾਂ ਫਿਰ ਗਾਹਕਾਂ ਨੂੰ ਉਡੀਕ ਉਡੀਕ ਕੇ ਘਰ ਪਰਤ ਗਏ ਨੇ। ਉਹ ਕੁਝ ਹੋਰ ਮਜਦੂਰਾਂ ਦੀ ਤਰ੍ਹਾਂ ਸੁੰਗੜਦੇ ਜਾਂਦੇ ਕੰਧ ਦੇ ਪਰਛਾਵੇਂ ਨਾਲ ਲੱਗ ਕੇ ਬੈਠ ਗਿਆ। ਸਾਢੇ ਗਿਆਰਾਂ ਵੱਜ ਚੁੱਕੇ ਨੇ। ਉਸ ਦੇ ਬਾਕੀ ਸਾਰੇ ਸਾਥੀ ਜਾ ਚੁੱਕੇ ਸੀ। ਉਹ ਕਿੰਨੀ ਦੇਰ ਉਥੇ ਬੈਠਾ ਰਿਹਾ। ਹੁਣ ਕੰਧ ਦਾ ਪਰਛਾਵਾਂ ਹੋਰ ਛੋਟਾ ਹੋ ਚੁੱਕਾ ਏ। ਉਸ ਨੇ ਆਪਣਾ ਸਾਇਕਲ ਆਪਣੇ ਕੋਲ ਖੜਾ ਕਰਕੇ ਝੋਲੇ ਵਿੱਚੋਂ ਰੋਟੀਆਂ ਵਾਲਾ ਪੋਣਾ ਖੋਲਿਆ। ਪੋਣਾ ਆਪਣੇ ਅੱਗੇ ਰੱਖ ਕੇ ਅਜੇ ਉਸ ਨੇ ਪਹਿਲੀ ਬੁਰਕੀ ਮੁੰਹ ਵਿੱਚ ਪਾਈ ਸੀ ਕੇ ਉਸ ਨੂੰ ਆਪਣੇ ਘਰ ਦਾ ਖਿਆਲ ਆ ਗਿਆ। ਉਹ ਬੁੱਤ ਬਣੀ ਸੋਚਣ ਲੱਗ ਪਿਆ। ਕੀ ਮਿਲਿਆ ਸੀ ਉਸ ਨੂੰ ਸਾਰੀ ਜਿੰਦਗੀ, ਗਰੀਬੀ, ਬਦਕਿਸਮਤੀ, ਤਲਖੀਆਂ ਭਰੀ ਹਰ ਸ਼ਾਮ, ਹਰ ਸਵੇਰ। ਤਰਲਿਆਂ ਤੇ ਲਾਚਾਰੀ ਦੇ ਪਰਛਾਵੇਂ ਹੇਠ ਬਿਤਾਈ ਏ ਉਸਨੇ ਸਾਰੀ ਹਯਾਤੀ। ਸਖਤ ਮਿਹਨਤ ਤੇ ਮੁਸ਼ੱਕਤ ਦੇ ਬਾਵਜੂਦ ਵੀ ਭਰ ਪੇਟ ਰੋਟੀ ਨਸੀਬ ਨਹੀ। ਉਸ ਸੋਚਿਆ ਕੇ ਉਸ ਨਾਲੋਂ ਤਾਂ ਅਮੀਰ ਲੋਕਾਂ ਦੇ ਕੁੱਤੇ ਚੰਗੇ ਨੇ, ਚੰਗਾ ਖਾਂਦੇ ਨੇ ਤੇ ਕਾਰਾਂ ਵਿੱਚ ਘੁੰਮਦੇ ਨੇ। ਫਿਰ ਉਸਨੂੰ ਯਾਦ ਆਇਆ ਕਿ ਅੱਜ ਤਾਂ ਇਹ ਸੁੱਕੀਆਂ ਰੋਟੀਆਂ ਉਸਦੇ ਅੱਗੇ ਨੇ, ਕੱਲ ਨੂੰ ਤਾਂ ਸ਼ਾਇਦ ਇਹ ਵੀ ਨਸੀਬ ਨਾ ਹੋਣ।
ਉਸ ਨੂੰ ਯਾਦ ਆਇਆ ਕੇ ਉਸ ਦੀ ਘਰਵਾਲੀ ਨੇ ਅੱਜ ਆਪਣੇ ਹਿਸੇ ਦੀਆਂ ਦੋ ਰੋਟੀਆਂ ਉਸ ਨੂੰ ਪੋਣੇ ਵਿੱਚ ਬੰਨ੍ਹ ਕੇ ਦਿਤੀਆਂ ਸਨ ਤੇ ਆਖਿਆ ਸੀ ਕੇ ਸ਼ਾਮ ਨੂੰ ਆਟਾ ਲੈ ਆਉਣਾ। ਉਸ ਨੂੰ ਯਾਦ ਆਇਆ ਕੇ ਅਚਾਰ ਵਾਲੇ ਕੁੱਜੇ ਵਿੱਚ ਬਚੀ ਆਖਰੀ ਫਾੜੀ ਤਾਂ ਉਹ ਅੱਜ ਲੈ ਆਇਆ ਸੀ। ਮਜਦੂਰੀ ਨਾ ਮਿਲਣ ਕਰਕੇ ਹੁਣ ਕੱਲ੍ਹ ਦੀਆਂ ਰੋਟੀਆਂ ਦਾ ਜੋਗਾੜ ਕੌਣ ਕਰੇਗਾ ਇਹ ਸੋਚਦੇ ਸੋਚਦੇ ਉਸਦੇ ਮੁੰਹ ਵਿੱਚ ਪਈ ਰੋਟੀ ਦੀ ਪਹਿਲੀ ਗਰਾਹੀ ਸੰਘ ਵਿੱਚ ਹੀ ਅਟਕ ਗਈ । ਉਸਦੇ ਗਲੇਡੂ ਨਿਕਲ ਆਏ, ਉਹ ਭੁਆਂਟਨੀ ਖਾ ਕੇ ਬੈਠਾ ਬੈਠਾ ਰੁੜਕ ਗਿਆ। ਆਸ ਪਾਸ ਦੇ ਦੁਕਾਨਦਾਰਾਂ ਨੇ ਉਸ ਨੂੰ ਚੁੱਕ ਕੇ ਡਾਕਟਰ ਕੋਲ ਖੜਿਆ। ਉਹ ਬੇ-ਸੁਰਤੀ ਵਿੱਚ ਬੜਬੜਾ ਰਿਹਾ ਸੀ, ਮਜਦੂਰੀ......ਮਜਦੂਰੀ.....? ਆਟਾ.....ਆਟਾ... ਅਚਾਰ....ਚਾਰ...!!


*******