Friday, September 19, 2008

ਕੁਝ ਲੇਖ

ਸੰਪਾਦਕੀ ਲੇਖ ਸੁਆਣੀ ਮੈਗਜੀਨ ਦਿੱਲੀ

ਸੰਪਾਦਕੀ ਲੇਖ ਸੁਆਣੀ ਮੈਗਜੀਨ ਦਿੱਲੀ

ਸਪੋਕਸਮੈਨ ਮੈਗਜੀਨ ਚੰਡੀਗੜ

Tuesday, September 16, 2008

ਚੱਲ ਜਿੰਦੂਆ ਚੱਲ ਓਥੇ ਚੱਲੀਏ.....!


ਕਿੰਨੇ ਕੰਮ ਨੇ ਜਿਹੜੇ ਮਸ਼ੀਨਾ ਨਾਲ ਅੱਖ ਚਮੱਕਦੇ ਈ ਮੁੱਕ ਜਾਂਦੇ ਨੇ, ਕਿੰਨੇ ਕੰਮ ਨੇ ਜਿਹੜੇ ਘਰੇ ਬੈਠਿਆਂ ਈ ਨੇਪਰੇ ਚੜ੍ਹ ਜਾਂਦੇ ਨੇ, ਕਿੰਨੀਆਂ ਸਲਾਹਵਾਂ ਨੇ ਜਿਹੜੀਆਂ ਟੈਲੀਫੋਨ ‘ਤੇ ਈ ਫੈਸਲੇ ਦਾ ਪਹਿਰਾਵਾ ਪਹਿਣ ਲੈਂਦੀਆਂ ਨੇ, ਕਿੰਨੀਆਂ ਹੀ ਰਿਸਤੇਦਾਰੀਆਂ ਮਾਹਿਜ ਐਸ।ਐਮ।ਐਸ. ਅਤੇ ਇੰਟਰਨੈਟ ਤੇ ਈ ਨਿਭਦੀਆਂ ਜਾ ਰਹੀਆਂ ਨੇ, ਫਿਰ ਵੀ ਇਹ ਦੌੜ ਕੇਹੀ ਏ…॥? ਜਹਾਨ ‘ਤੇ ਭੀੜ ਵੱਧਦੀ ਹੀ ਜਾ ਰਹੀ ਏੇ, ਚਾਰ–ਚੁਫ਼ੇਰੇ ਲੋਕਾਂ ਦਾ ਹੜ੍ਹ ਪਿਆ ਆਇਆ ਹੋਇਐ। ਕਿਧਰੋਂ ਕਿਧਰ ਜਾ ਰਹੇ ਨੇ ਲੋਕ ਵਾਹੋਦਾੜੀ….? ਬੱਸਾਂ, ਰੇਲਾਂ, ਕਾਰਾਂ, ਜਹਾਜਾਂ ਸਭ ਥਾਈਂ ਖਲਕਤ ਦਾ ਸੈਲਾਬ ਪਿਆ ਪਸਰਿਆ ਹੋਇਐ, ਜਿਸ ਵਿੱਚ ਬੰਦਾ ਤਾਂ ਗੁਆਚ ਈ ਜਾਂਦੈ। ਸੜਕਾਂ ਤੇ, ਗਲੀਆਂ ‘ਚ ਬਜਾਰਾਂ, ਦੁਕਾਨਾ ਅੰਦਰ ਲੋਕਾਂ ਦੀਆਂ ਡਾਰਾਂ ਨੇ । ਸਾਰਿਆਂ ਨੂੰ ਕਾਹਲੀ ਏ, ਇੱਕ ਦੂਜੇ ਨੂੰ ਪਿਛੇ ਛੱਡ ਕੇ ਕਾਹਲੇ ਕਦਮੀਂ ਅੱਗੇ ਪਏ ਵਧਦੇ ਜਾਂਦੇ ਨੇ। ਜਿਵੇਂ ਕਿਸੇ ਦੀ ਭਾਲ ਵਿੱਚ ਹੋਣ, ਜਿਵੇਂ ਕੁਝ ਗੁਆਚ ਗਿਆ ਹੋਵੇ। ਖੁੱਸੀ ਹੋਈ ਸ਼ੈਅ ਜਦ ਨਾ ਮਿਲੇ ਤਾਂ ਚਿਹਰੇ ‘ਤੇ ਜਿਹੜੀ ਸਿ਼ਕਨ ਹੁੰਦੀ ਏ ਭੀੜ ਦੇ ਚਿਹਰੇ ‘ਤੇ ਵੀ ਇੰਝ ਦੀ ਹੀ ਕੁਝ ਪਰੇਸ਼ਾਨੀ ਪਈ ਝਲਕਦੀ ਏ। ਆਖਿਰ ਕਿਸ ਦੀ ਭਾਲ ‘ਚ ਨੇ ਇਹ ਲੋਕ….? ਕੀ ਭਾਲਦੇ ਨੇ….? ਕਾਹਦੀਆਂ ਛੇਤੀਆਂ ਨੇ…? ਅਕਲ ਦੇ ਖਾਨਿਆਂ ਵਿੱਚ ਇਹ ਗੱਲ ਨਈਂ ਵੜਦੀ….!
ਸਕੂਨ ਕੋਈ ਮੁੱਲ ਦੀ ਸ਼ੈਅ ਥੋੜਾ ਏ, ਜਿਹੜੀ ਤੁਹਾਡੇ ਤੋਂ ਪਹਿਲਾਂ ਈ ਕੋਈ ਸਾਰੀ ਦੀ ਸਾਰੀ ਖਰੀਦ ਕੇ ਲੈ ਜਾਵੇਗਾ, ਜਾਂ ਤੁਹਾਡੇ ਵੇਖਦੇ ਵੇਖਦੇ ਕੋਈ ਵੱਧ ਮੁੱਲ ਦੇ ਕਿ ਆਪਣੀ ਝੋਲੀ ਵਿੱਚ ਪਵਾ ਲਵੇਗਾ। ਖੁਸ਼ੀਆਂ ਕੋਈ ਬਜਾਰ ਵਿਕਦੀਆਂ ਸ਼ੁਰਖੀਆਂ ਨਈਂ ਹੁੰਦੀਆਂ, ਜਿਹੜੀਆਂ ਜਦੋਂ ਜੀ ਕੀਤਾ ਜਿਹੜੇ ਰੰਗਾਂ ਦੀਆਂ ਪਸੰਦ ਆਈਆਂ ਖ੍ਰੀਦ ਕਿ ਬੁੱਲਾਂ ‘ਤੇ ਸਜਾ ਲਈਆਂ, ਤੇ ਨਾ ਈ ਹਾਸੇ ਦੰਦਾਂ ਨੂੰ ਸੋਨੇ ਦੇ ਕਵਰ ਚੜਾਉਂਣ ਨਾਲ ਸੁਨਿਹਰੀ ਹੋ ਜਾਂਦੇ ਨੇ। ਕਿਉਂ ਜੋ ਹਾਸੇ ਦਾ ਸਬੰਧ ਖੁਸ਼ੀ ਤੇ ਸਕੂਨ ਦੋਵਾਂ ਸ਼ੈਵਾਂ ਨਾਲ ਏ, ਪਰ ਇਹ ਦੋਵੇਂ ਸ਼ੈਵਾਂ ਸਾਡੇ ਤੋਂ ਕੋਹਾਂ ਦੂਰ ਨੱਸ ਗਈਆਂ ਨੇ, ਖੂਸ਼ੀਆਂ ਨੇ ਤਾਂ ਬਸ ਥਰਮੋਕੋਲ ਦੇ ਗਲਾਸਾਂ ਵਰਗੀਆਂ ਜਿਨਾਂ ਨੂੰ ਦੁਬਾਰਾ ਧੋ ਕੇ ਨਹੀਂ ਵਰਤ ਸਕਦੇ। ਹਾਸੇ ਵੀ ਵਿਆਹਾਂ ਵਿੱਚ ਬੱਚਿਆਂ ਲਈ ਮਿਲਦੇ ਮਾਈ ਬੁੱਢੀ ਦੇ ਝਾਟੇ ਵਰਗੇ ਨੇ ਜਿਹੜੇ ਮੂੰਹ ‘ਚ ਪਾਇਆਂ ਈ ਠੁੱਸ ਹੋ ਜਾਂਦੇ ਨੇ। ਜਿਵੇਂ ਬੱਤੀ ਝਮੱਕਾ ਮਾਰ ਕਿ ਗਈ ਹੋਵੇ ਤਾਂ ਬਲਬ ਵਿੱਚ ਤਾਰ ਜਿਹੀ ਕੁਝ ਸੈਕਿੰਡ ਲਈ ਜਗਦੀ ਰਹਿੰਦੀ ਏ।
ਕਦੀ ਸਮਾਂ ਸੀ ਜਦ ਹਾਸੇ ਇਲਾਚੀਦਾਣਾ ਵੇਚਣ ਵਾਲੇ ਭਾਈ ਦੇ ਬਾਂਸ ਉਪਰਲੇ ਹਿੱਸੇ ‘ਤੇ ਲੱਗੇ ਗੱਟੇ ਵਰਗੇ ਸਨ, ਜਿਨੂੰ ਇੱਕ ਵਾਰ ਖਿਚਣਾ ਸ਼ੁਰੂ ਕਰੋ ਤਾਂ ਲੰਬੀ ਸਾਰੀ ਲੀਰ ਨਿਕਲਦੀ ਆਉਦੀ ਏ। ਸੱਥਾਂ ਵਿੱਚ, ਬੋਹੜਾਂ ਥੱਲੇ, ਸਹਿਰਾਂ ਦੇ ਚੌਕਾਂ ਵਿੱਚ ਤੇ ਜਿਥੇ ਵੀ ਚਾਰ ਬੰਦੇ ਇਕੱਠੇ ਹੋਂਦੇ ਸੀ ਬਸ ਹਾਸਿਆਂ ਤੇ ਖੁਸ਼ੀਆਂ ਦਾ ਕੋਈ ਸ਼ੁਰੂਆਤੀ ਸਿਰਾ ਨਾਂ ਮਿਲਦਾ ਤੇ ਨਾ ਹੀ ਅਖੀਰਲਾ ਮੁਕਾਮ। ਗਾਣਿਆਂ ਵਾਲੀ ਟੇਪ ਦਾ ਜੇ ਸਾਰਾ ਫੀਤਾ ਰੀਲਾਂ ਤੋਂ ਖਿੱਚ ਕਿ ਢੇਰੀ ਕਰ ਦਿੱਤਾ ਜਾਵੇ ਤਾਂ ਉਸਦੇ ਸਿਰੇ ਨਹੀਂ ਮਿਲਦੇ ਨਾ ਪਹਿਲਾ ਨਾ ਅਖੀਰਲਾ ਇਵੇਂ ਹੀ ਖੁਸ਼ੀਆਂ ਤੇ ਹਾਸਿਆਂ ਦਾ ਕੋਈ ਅਗਾਜ ਨਹੀਂ ਸੀ ਤੇ ਨਹ ਹੀ ਕੋਈ ਅੰਤ ਸੀ। ਪਰ ਹੁਣ ਤੇ ਪੂਰੀ ਜਿੰਦਗੀ ਦਿਸ਼ਾਹੀਣ ਜਿਹੀ ਲਗਦੀ ਏ, ਜਿਸਦਾ ਕੋਈ ਆਗਾਜ਼ ਨਹੀਂ ਤੇ ਨਾ ਹੀ ਕੋਈ ਮੁਕਾਮ ਨਜ਼ਰ ਆਉਂਦਾ ਏ। ਬੇ–ਅਰਾਮ ਰੂਹਾਂ ਵਾਂਗ, ਕਿਧਰੇ ਵੀ ਅਰਾਮ ਨਹੀਂ ਏ। ਚਿਹਰਿਆਂ ਤੇ ਬਦਗੁਮਾਨੀ ਦਾ ਗੁਬਾਰ ਜਿਹਾ ਏ…..!
ਪੰਜਾਬੀ ਦਾ ਇੱਕ ਬੜਾ ਚੰਗਾ ਲੋਕ ਗੀਤ ਏ ਜਿੰਦੂਆ ਪਹਿਲਾਂ ਮੈਂ ਇਸ ਦੀਆਂ ਕੁਝ ਲਾਇਨਾ ਤੁਹਾਨੂੰ ਸੁਣਾ ਦੇਵਾਂ ਅਗਲੀ ਗੱਲ ਫਿਰ ਕਰਦੇ ਆਂ :
ਚੱਲ ਜਿੰਦੂਆ ਵੇ ਚੱਲ ਚੱਲੀਏ ਬਜਾਰੀ,
ਜਿਥੇ ਨੇ ਵਿਕਦੇ ਰੁਮਾਲ,
ਹਾੜਾ ਵੇ ਜਿੰਦੂਆ ਬੁਰਾ ਵਿਛੋੜਾ
ਲੈ ਚੱਲ ਆਪਣੇ ਨਾਲ
ਚੱਲ ਜਿੰਦੂਆ ਵੇ ਚੱਲ ਮੇਲੇ ਚੱਲੀਏ
ਚੱਲੀਏ ਸੌਕੀਨੀ ਲਾ
ਕੰਨ ਵਿੱਚ ਮੁੰਦਰਾਂ ਸਿਰ ਤੇ ਸ਼ਮਲਾ ਗਲ ਵਿੱਚ ਕੈਂਠਾ ਪਾ
ਬੜੀ ਫੱਬਦੀ ਏ, ਸੋਹਣੀ ਲਗਦੀ ਏ ਜਿਹੜੀ ਜੈਕਟ ਪਾਈ ਆ ਓ ਜਿੰਦੂਆ
ਵੇ ਦੱਸ ਕਿਥੋਂ ਸਵਾਈ ਆ ਓ ਜਿੰਦੂਆ, ਵੇ ਦੱਸ ਕਿੰਨੇ ਦੀ ਆਈ ਆ ਓ ਜਿੰਦੂਆ ।
ਇਹਨਾਂ ਦੋਹਵਾਂ ਅੰਤਰਿਆਂ ਵਿੱਚ ਦੋ ਤਰਲੇ ਵੀ ਨੇ ਤੇ ਦੋ ਖਾਹਿਸ਼ਾਂ ਵੀ ਨੇ….! ਪਹਿਲਾ ਤਰਲਾ ਤੇ ਖਾਹਿਸ਼ ਏ ਸੱਜਣ ਨੂੰ ਜੁਦਾਈ ਨਾ ਪਾਉਂਣ ਦੀ, ਤੇ ਦੂਜੀ ਏ ਉਸ ਦੇ ਨਾਲ ਮੇਲੇ ਚੱਲਣ ਦੀ ਤੇ ਉਹ ਵੀ ਸ਼ੌਕੀਨੀ ਲਾ ਕਿ ਪਰ ਇਹਨਾਂ ਦੋਹਵਾਂ ਤਰਲਿਆਂ ਤੇ ਖਾਹਿਸ਼ਾਂ ਦੀ ਅੱਜ ਵੁਕਤ ਘਟ ਗਈ ਏ। ਭੀੜ ਵਿੱਚ ਬੰਦਾ ਗੁਆਚ ਗਿਐ ਤੇ ਗੁਆਚੇ ਬੰਦੇ ਨੂੰ ਵਾਅਦੇ ਕਿਥੇ ਯਾਦ ਰਹਿੰਦੇ ਨੇ, ਉਹ ਤਾਂ ਆਪ ਪਿਆ ਤਰਲੇ ਲੈਂਦਾ ਫਿਰਦੈ ਕਿ ਕਿਸੇ ਤਰ੍ਹਾਂ ਇਸ ਭੀੜ ਵਿੱਚੋਂ ਬਾਹਰ ਆ ਜਾਵੇ, ਪਰ ਹੋਰ ਡੂੰਘਾ ਇਸ ਭੀੜ ਦੇ ਭੰਵਰ ਵਿੱਚ ਧਸਦਾ ਜਾਂਦੈ। ਜਿਵੇਂ ਦਲਦਲ ਵਿਚੋਂ ਬਾਹਰ ਆਉਂਣ ਲਈ ਸਾਡੇ ਵੱਲੋਂ ਮਾਰੇ ਗਏ ਹੱਥ ਪੈਰ ਸਾਨੂੰ ਹੋਰ ਥੱਲੇ ਧਕੇਲਦੇ ਜਾਂਦੇ ਨੇ।
ਬੰਦਾ ਜਾਵੇ ਤਾਂ ਜਾਵੇ ਕਿੱਥੇ, ਹਰ ਪਾਸੇ ਬੇ–ਆਰਮ ਮਾਨਸਿਕਤਾ ਦਾ ਖਲਾਅ ਏ, ਕਾਹਲੀ ਦਾ ਆਲਮ ਏ, ਤੇ ਥੱਕੀ ਹੋਈ ਜਾਨ ਨੂੰ ਕੋਈ ਕਿਨਾਰਾ ਨਹੀਂ ਏਂ। ਫਿਰ ਕਿਹੜੀ ਥਾਂ ਏਂ ਜਿਥੇ ਖੁਸ਼ੀਆਂ ਦਾ ਮੇਲਾ ਪਿਆ ਲੱਗਾ ਹੋਵੇ, ਜਿੱਥੇ ਭੀੜ ਹੋਣ ਦੇ ਬਾਵਜੂਦ ਵੀ ਬੰਦਾ ਗਵਾਚੇ ਨਾ, ਜਿੱਥੇ ਜੁਦਾਈਆਂ ਦਾ ਦਰਦ ਨਾ ਹੋਵੇ, ਜਿੱਥੇ ਜਿੰਦਾਂ ਨੂੰ ਜਿੰਦਾਂ ਨਾਲ ਮੋਹ ਹੋਵੇ, ਜਿੱਥੇ ਨਿੱਕੀਆਂ ਨਿੱਕੀਆਂ ਖੁਸ਼ੀਆਂ ਦੁਪਿਹਰ ਦੀ ਰਾਣੀ ਵਾਂਗ ਖਿੜੀਆਂ ਹੋਵਣ, ਜਿੱਥੇ ਥੱਕੀ ਹੋਈ ਜਿੰਦਗੀ ਨੂੰ ਸਕੂਨ ਤੇ ਅਰਾਮ ਮਿਲ ਜਾਏ। ਉਹ ਪਹਾੜ ਕਿੱਥੇ ਐ, ਜਿੱਥੇ ਇੱਕ ਰੁਪਈਏ ਦੇ ਚਾਰ ਅਨਾਰ ਵਿਕਦੇ ਹੋਣ, ਸ਼ਾਇਦ ਕਾਇਨਾਤ ਦੇ ਕਿਸੇ ਖੂੰਝੇ ਵਿੱਚ ਅਜਿਹੀ ਥਾਂ ਕਿਤੇ ਵੀ ਮਾਜੂਦ ਨਈਂ ਏ, ਤੇ ਸ਼ਾਇਦ ਹਰ ਥਾਂ ਈ ਅਜਿਹੀ ਥਾਂ ਏ ਜਿੱਥੇ ਚਾਵਾਂ ਮਲਾਹਰਾਂ ਦਾ ਮਾਹੌਲ ਸਿਰਜਿਆ ਪਿਆ ਹੁੰਦੈ, ਪਰ ਸਾਡੀਆਂ ਕਮਜ਼ੋਰ ਅੱਖਾਂ ਨੂੰ ਦਿਸਦਾ ਨਈਂ, ਸਾਡੇ ਬੇ–ਕਿਰਕ ਦਿਲ ਨੂੰ ਮਹਿਸੂਸ ਨਹੀਂ ਹੰਦਾ।
ਰੱਬ ਅੱਗੇ ਦੁਆਵਾਂ ਕਰਦਾਂ ਕਿ ਹਰੇਕ ਵਿਹੜੇ ਵਿੱਚ ਖੁਸ਼ੀਆਂ ਦੀ ਦੁਪਿਹਰ ਰਾਣੀ ਖਿੜੀ ਰਹੇ, ਭੱਜਦੀਆਂ ਫਿਰਦੀਆਂ ਰੂਹਾਂ ਨੂੰ ਸਕੂਨ ਦੀ ਨੀਂਦ ਆ ਜਾਵੇ, ਵਿਛੋੜਿਆਂ ਦੀ ਪੀੜ ‘ਤੇ ਮਿਲਾਪਾਂ ਦੇ ਫੇਹੇ ਰੱਖੇ ਜਾਣ, ਹਾਸੇ ਰਬੜ ਵਾਂਗ ਵਧਦੇ ਰਹਿਣ, ਸਾਰੀ ਖਲਕਤ ਆਪਣੇ ਪਿਆਰਿਆਂ ਨਾਲ ਰਹੇ ਤੇ ਅਜਿਹੇ ਆਲਮ ਵਿੱਚ ਕੋਈ ਮੁਟਿਆਰ, ਕੰਨਾਂ ਵਿੱਚ ਮੁੰਦਰਾਂ, ਸਿਰ ਸ਼ਮਲੇ ਤੇ ਗਲ ਵਿੱਚ ਕੈਠੇ ਵਾਲੇ ਆਪਣੇ ਮਾਹੀ ਨੂੰ ਕਹਿੰਦੀ ਫਿਰੇ :
ਚੱਲ ਜਿੰਦੂਆ ਵੇ ਚੱਲ ਓਥੇ ਚੱਲੀਏ
ਜਿਥੇ ਨੇ ਵਿਕਦੇ ਅਨਾਰ
ਤੂੰ ਤੋੜੀਂ ਮੈਂ ਵੇਚਣ ਵਾਲੀ, ਇੱਕ ਰੂਪਈਏ ਚਾਰ……!
ਤੇ ਅਜਿਹੀ ਥਾਂ ਤੇ ਪਹੁੰਚ ਕਿ ਹਰ ਕੋਈ ਆਪਣੀਆ ਦੌੜਾਂ ਭੁੱਲ ਜਾਏ, ਪੈਸੇ ਦੀ ਇਹ ਦੋੜ ਦਾ ਅੰਤ ਹੋ ਜਾਵੇ ਤੇ ਸਾਰਾ ਕੁਝ ਸਿਰਫ ਇੱਕ ਰੁਪਈਏ ਵਿੱਚ ਈ ਆ ਜਾਵੇ ….. ਆਮੀਨ…..!

ਕੰਧਾਂ ਤੇ ਦਿਲ ਦੀਆਂ.....!



ਬੰਬ ਫਟਿਆ, ਮਾਸ ਦੇ ਲੋਥੜੇ ਗਲੀਆਂ ਵਿੱਚ ਬਿਖਰ ਗਏ, ਚੀਕ ਚਿਹਾੜਾ, ਭਗਦੜ ਮੱਚੀ ਲੋਕ ਜਾਨਾਂ ਬਚਾਉਂਣ ਲਈ ਸੁਰੱਖਿਅਤ ਥਾਵਾਂ ਵੱਲ ਭੱਜੇ । ਇੱਕ ਹੋਰ ਬੰਬ ਫੱਟਿਆ, ਨਾਲੀਆਂ ‘ਚ ਵਹਿੰਦਾ ਪਾਣੀ ਲਾਲ ਰੰਗ ਵਿੱਚ ਬਦਲ ਗਿਆ, ਮਾਸੂਮ ਬਾਲਾਂ ਦੀਆਂ ਚੀਕਾਂ ਨਾਲ ਆਸਮਾਨ ਗੂੰਜ ਉਠਿਆ, ਦੂਜੇ ਪਾਸੇ ਇੱਕ ਹੋਰ ਬੰਬ ਫਟਿਆ, ਚੰਗੇ ਭਲੇ ਸੁੰਦਰ ਜੁੱਸੇ ਲੋਥਾਂ ‘ਚ ਤਬਦੀਲ ਹੋ ਗਏ । ਕਿਸੇ ਮਾਂ ਦੀ ਕੁੱਛੜੋਂ ਬਾਲ ਡਿੱਗ ਪਿਆ, ਕਿਸੇ ਪਿਓ ਦੀ ਉਂਗਲ ਨਾਲੋਂ ਮਾਸੂਮ ਧੀ ਵਿਛੜ ਗਈ। ਇੱਕ ਹੋਰ ਬੰਬ ਫਟਿਆ, ਤੇ ਭੀੜ ਵਾਲੇ ਇਲਾਕੇ ਵਿੱਚ ਇਨਸਾਨੀ ਜਿੰਦਗੀਆਂ ਦੇ ਚੀਥੜੇ ਹਵਾ ਵਿੱਚ ਉਠ ਗਏ। ਕਿਸੇ ਦਾ ਸੁਹਾਗ, ਕਿਸੇ ਦਾ ਬਾਪ, ਕਿਸੇ ਦਾ ਭਰਾ, ਕਿਸੇ ਦਾ ਪੁੱਤਰ, ਕਿਸੇ ਦਾ ਚਾਚਾ, ਲਹੂ ਵਿੱਚ ਲਥਪਥ ਜਮੀਨ ‘ਤੇ ਪਿਆ ਤੜਫਨ ਲੱਗਾ, ਹਸਪਤਾਲਾਂ ਵਿੱਚ ਜਖ਼ਮੀਆਂ ਦੀਆਂ ਟਾਹਰਾਂ ਸੁਣਾਈ ਦੇਣ ਲੱਗੀਆਂ, ਮੰਜਿਰ ਏਨਾ ਭਿਆਣਕ ਕਿ ਪੱਥਰ ਦਿਲ ਵੀ ਪਿਗਲ ਗਏ। ਸਰਕਾਰਾਂ ਵੱਲੋਂ ਮਰਨ ਵਾਲਿਆਂ ਨੂੰ 5–5 ਲੱਖ ਤੇ ਜਖ਼ਮੀਆਂ ਨੂੰ 1–1 ਲੱਖ ਰੁਪੈ ਦੇਣ ਦੀ ਖੋਸ਼ਣਾ ਕਰ ਦਿੱਤੀ ਗਈ, ਨੇਤਾ ਲੋਕ ਟੀ.ਵੀ ਚੈਨਲਾ ਦੇ ਮਾਇਕਾਂ ਪਿੱਛੇ ਮੂੰਹ ਛੁਪਾ ਕਿ ਦੋਸ਼ੀਆਂ ਨੂੰ ਸ਼ਖਤ ਸਜਾ ਦੇਣ ਦੇ ਖੋਖਲੇ ਜਿਹੇ ਦਾਅਵੇ ਕਰਕੇ ਬੁਲਿਟ ਪਰੂਫ਼ ਗੱਡੀਆਂ ਵਿੱਚ ਬੈਠ ਕਿ ਚਲੇ ਗਏ। ਪਰ ਇਹਨਾਂ ਬੰਬਾਂ ਨੇ ਕਿੰਨੇ ਲੋਕਾਂ ਦਾ ਕੀ ਕੁਝ ਨਹੀਂ ਸੀ ਖੋਅ ਲਿਆ….! ਕਿਸੇ ਨੂੰ ਕੀ ਖ਼ਬਰ ਏ। ਕੋਈ ਆਪਣੀ ਭੈਣ ਦੇ ਵਿਆਹ ਲਈ ਬਜਾਰ ਸਮਾਨ ਲੈਣ ਗਿਆ ਫਿਰ ਵਾਪਿਸ ਨਾ ਪਰਤਿਆ, ਕੋਈ ਮਾਂ ਆਪਣੇ ਪੁੱਤਰ ਲਈ ਦੁੱਧ ਦਾ ਪੈਕਟ ਲੈਣ ਗਈ ਲੋਥ ਬਣ ਗਈ। ਕੋਈ ਪੁੱਤਰ ਬਜੁਰਗ ਪਿਤਾ ਦੀਆਂ ਅੱਖਾਂ ਵਾਸਤੇ ਦਾਰੂ ਲੈਣ ਗਿਆ ਜਾਨ ਗਵਾ ਬੈਠਾ, ਤੇ ਕੋਈ ਆਪਣਾ ਘਰ ਚਲਾਉਣ ਲਈ ਕੰਮ/ਕਾਰ ਤੇ ਗਿਆ ਫਿਰ ਮੁੜ ਘਰ ਦੀ ਦਹਿਲੀਜੇ ਨਾ ਮੁੜਿਆ। ਪਲਾਂ ਵਿੱਚ ਹੀ ਸਭ ਕੁਝ ਤਬਾਹ ਹੋ ਗਿਆ ਸੀ। ਹਾਸਿਆਂ ਦੀ ਥਾਂ ਰੋਣਿਆਂ ਨੇ ਮੱਲ ਲਈ, ਜਿਹੜੇ ਘਰਾਂ ਵਿੱਚ ਸਗਨ ਮਨਾਏ ਜਾਣੇ ਸਨ ਉਥੇ ਮਕਾਣਾ ਆਣ ਢੁੱਕੀਆਂ। ਕਲੀਰਿਆਂ ਵਾਲੀਆਂ ਬਾਹਵਾਂ ਪਿੱਟ ਪਿੱਟ ਕੇ ਲੁਹਾਣ ਹੋ ਗਈਆਂ। ਹਾਏ…! ਰੱਬਾ ਇਹ ਕੀ ਹੋ ਗਿਆ । ਦਿਲ ‘ਚੋਂ ਇਹ ਹੌਕਾ ਨਿਕਲ ਕੇ ਫਿਜ਼ਾ ਵਿੱਚ ਫੈਲ ਗਿਆ।
ਕਿੰਨੇ ਬਣਾਇਆ ਏ ਇਹ ਮੌਤ ਦਾ ਸਮਾਨ ? ਕੌਣ ਨੇ ਇਹ ਬੰਬ ਚਲਾਉਂਣ ਵਾਲੇ ? ਕੀ ਇਹ ਕਿਸੇ ਦੇ ਪੁੱਤਰ ਨਈਂ ? ਕਿਸੇ ਦੇ ਭਰਾ ਨਈਂ ? ਕਿਸੇ ਦੇ ਸ਼ੌਹਰ ਨਈਂ ? ਬੇਦੋਸਿ਼ਆਂ ਨੂੰ ਮਾਰ ਕੇ ਕੀ ਲੱਭਾ ਇਹਨਾਂ ਪਾਪੀਆਂ ਨੂੰ ? ਆਪਣੇ ਜਿਗਰ ਦਾ ਟੁੱਕੜਾ ਗਵਾ ਚੁੱਕੀ ਕਿਸੇ ਮਾਂ ਦੇ ਦਿਲੋਂ ਅਜਿਹੇ ਅਨੇਕਾਂ ਸਵਾਲ ਉਚੀ ਅਵਾਜ਼ ਵਿੱਚ ਉਠਦੇ ਤੇ ਕੰਧਾਂ ਨਾਲ ਟਕਰਾ ਕਿ ਮੁੜ ਆਉਂਦੇ । ਕੌਣ ਦੇਵੇ ਝੱਲੀ ਦੇ ਸਵਾਲਾਂ ਦਾ ਜਵਾਬ….? ਕੌਣ ਸਮਝਾਵੇ ਅਭਾਗਣ ਨੂੰ ਕਿ ਜਵਾਬ ਤਾਂ ਕਿਸੇ ਕੋਲ ਹੈ ਈਂ ਨਈਂ ਏ…..! ਖੁਦਾ ਨੂੰ ਕਰੋੜਾਂ ਸਾਲ ਇਸ ਸਿ਼੍ਰਸ਼ਟੀ ਨੂੰ ਸਾਜਣ ਵਿੱਚ ਲੱਗੇ ਤੇ ਫਿਰ ਉਸਨੇ ਇਨਸਾਨ ਬਣਾਇਆ, ਪਰ ਇਨਸਾਨ ਨੂੰ ਹੈਵਾਨ ਬਣਨ ਵਿੱਚ ਕਿੰਨਾ ਥੋੜ੍ਹਾ ਸਮਾਂ ਲੱਗਾ ਏ ਕਿੰਨੀ ਹੈਰਾਨਗੀ ਦੀ ਗੱਲ ਏ। ਕੀ ਇਹ ਹੈਵਾਨ ਸਾਰੀ ਸਿ਼੍ਰਸ਼ਟੀ ਨੂੰ ਨਿਗਲ ਜਾਣਗੇ…? ਕੀ ਕੋਈ ਜਿੰਦਾ ਨਹੀਂ ਬਚੇਗਾ…? ਕੀ ਖਲਕਤ ਦਾ ਅੰਤ ਹੋਣ ਵਾਲਾ ਏ…?
ਗੱਲ ਸਿਰਫ ਜ਼ਜਬਾਤਾਂ ਦੀ ਨਈਂ, ਤੇ ਨਾ ਈ ਸਿਰਫ ਇਨਸਾਨੀ ਸੰਵੇਦਨਾ ਅਤੇ ਇਨਸਾਨੀ ਕਤਲੋਗਾਰਤ ਦੀ ਏ, ਸਗੋਂ ਅਸਲ ਸਵਾਲ ਤਾਂ ਇਹ ਵੇ ਬਈ ਅੱਤਵਾਦ ਦਾ ਇਹ ਖੂਨੀਂ ਦੈਂਤ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦਨਦਨਾਉਂਦਾ ਫਿਰਦੈ ਪਰ ਅਸੀਂ ਇਸਦੇ ਖਾਤਮੇ ਪ੍ਰਤੀ ਕਦੋਂ ਸੂਚੇਤ ਹੋਵਾਂਗੇ। ਦੁਨੀਆਂ ‘ਤੇ ਸਿਰਫ ਅਮਰੀਕਾ ਹੀ ਏ ਜੋ ਸੁਰੱਖਿਆ ਅਤੇ ਅੱਤਵਾਦ ਖਿਲਾਫ ਲੜਨ ਲਈ ਸਭ ਤੋਂ ਵੱਧ ਪੈਸੇ ਖਰਚਦੈ ਤੇ ਸਾਲ 2001 ਦੇ ਹਮਲੇ ਤੋਂ ਬਾਅਦ ਉਥੇ ਕੋਈ ਵੀ ਵੱਡੀ ਵਾਰਦਾਤ ਨਹੀਂ ਹੋਈ। ਦੂਜੇ ਨੰਬਰ ‘ਤੇ ਭਾਰਤ ਹੈ ਜੋ ਸੁਰੱਖਿਆ ਵਾਸਤੇ 51 ਹਜਾਰ ਕਰੋੜ ਰੁਪੈ ਹਰ ਸਾਲ ਖਰਚ ਰਿਹੈ, ਇਸਦੇ ਬਾਵਜੂਦ ਵੀ ਮਾਰਚ 2006 ਵਿੱਚ ਵਾਰਾਨਸੀ ਬੰਬ ਧਮਾਕਿਆਂ ਵਿੱਚ 20 ਜਾਨਾਂ ਗਈਆਂ ਤੇ ਸੈਂਕੜੇ ਜਖਮੀ ਹੋ ਗਏ, ਅਪ੍ਰੈਲ 2006 ਨੂੰ ਦਿੱਲੀ ਵਿੱਚ ਧਮਾਕੇ ਹੋ ਗਏ, ਜੁਲਾਈ 2006 ਨੂੰ ਮੁੰਬਈ ਵਿਖੇ ਟ੍ਰੇਨ ਵਿੱਚ ਧਮਾਕੇ ਹੋਏ ਜਿਥੇ 150 ਜਾਨਾਂ ਗਈਆਂ ਤੇ 300 ਤੋ ਵੱਧ ਜਖਮੀ ਹੋ ਗਏ, ਸਤੰਬਰ 2006 ਮਾਲੇਗਾਂਵ ਵਿੱਚ ਬੰਬ ਫਟ ਗਏ ਤੇ 40 ਲੋਕ ਜਾਨ ਤੋਂ ਹੱਥ ਧੋ ਬੈਠੇ, ਅਤੇ ਸੈਂਕੜੇ ਜਖਮੀ ਹੋ ਗਏ, ਫਰਵਰੀ 2007 ਵਿੱਚ ਸਮਝੌਤਾ ਐਕਸਪ੍ਰੈਸ ਬੰਬਾਂ ਦਾ ਸਿ਼ਕਾਰ ਹੋ ਗਈ ਜਿਸ ਵਿੱਚ 70 ਲੋਕ ਮਾਰੇ ਗਏ ਤੇ 132 ਤੋ ਵੱਧ ਜਖਮੀ ਹੋ ਗਏ ਅਗਸਤ 2007 ਨੂੰ ਹੈਦਰਬਾਦ ਵਿੱਚ 40 ਲੋਕ ਬੰਬਾਂ ਦਾ ਸਿ਼ਕਾਰ ਹੋ ਕਿ ਮੌਤ ਦੀ ਨੀਂਦ ਸਂੌ ਗਏ ਤੇ 50 ਲੋਕ ਜਖਮੀ ਹੋ ਗਏ, ਨਵੰਬਰ 2007 ਵਾਰਾਨਸੀ, ਲਖਨਾਊ ਵਿਖੇ ਬੰਬ ਫਟਿਆ ਜਿਸ ਵਿੱਚ 13 ਲੋਕ ਮਾਰੇ ਗਏ ਤੇ ਅਨੇਕਾਂ ਜਖਮੀ ਹੋ ਗਏ ਤੇ ਹੁਣ ਮਈ 2008 ਨੂੰ ਜੈਪੁਰ ਵਿਖੇ ਇਹ ਖੂਨੀ ਬੰਬ ਕਾਂਢ ਵਾਪਰ ਗਿਐ। ਕੀ ਇਹ 51 ਹਜਾਰ ਕਰੋੜ ਰੁਪੈ ਵਿਅਰਥ ਤਾਂ ਨਹੀਂ ਜਾ ਰਹੇ….? ਇਹ ਸੋਚਣ ਵਾਲੀ ਗੱਲ ਏ।
ਇਥੇ ਮੈਂ ਨਵੀਂ ਲਿਖੀ ਇੱਕ ਕਵਿਤਾ ਦਾ ਜਿਕਰ ਜਰੂਰ ਕਰਾਂਗਾ
ਮੈਂ ਸੁਣਿਆਂ ਸੀ,ਖੂਨ ਦਾ ਰੰਗ ਲਾਲ ਹੁੰਦਾ ਏ,
ਆਖਦੇ ਨੇ ਕੇ,
ਆਰ.ਬੀ.ਸੀ. ਸੈਲ ਖੂਨ ਨੂੰ ਸਫੇਦ ਨਈਂ ਹੋਣ ਦਿੰਦੇ
ਪਰ ਪਤਾ ਈ ਨਾ ਲੱਗਾ,
ਕਦ ਸਾਰੇ ਆਰ.ਬੀ.ਸੀ ਮਰ ਮੁੱਕ ਗਏ,
ਤੇ ਖੂਨ ਸਫੇਦ ਹੋ ਗਿਆ,
ਨਈਂ ਤੇ ਇਨਸਾਨ ਵੱਲੋਂ
ਕਦੀ ਮੰਦਿਰ, ਕਦੀ ਮਸਜਿਦ ਤੇ ਕਦੀ ਕਿਸੇ ਹੋਰ ਸ਼ੈਅ ਦੇ ਨਾਂ ਤੇ
ਇਨਸਾਨ ਦਾ ਡੋਲਿਆ ਖੂਨ ਨਜਰੀਂ ਨਾ ਆਉਂਦਾ।
ਸ਼ਾਇਦ ਹੁਣ ਖੂਨ ਹੰਝੂਆਂ ਜਿਹਾ ਏ,
ਜਿਸ ਦਾ ਕੋਈ ਰੰਗ ਨਹੀਂਜਿਸ ਨਾਲ ਕੋਈ ਆਪਣਾ ਦਰਦ ਨਹੀਂ ਲਿਖ ਸਕਦਾ,ਜਿਸ ਨਾਲ ਕੋਈ ਮਾਂ ਆਪਣੇ ਪੁੱਤਰ,
ਕੋਈ ਭੈਣ ਆਪਣੇ ਭਰਾ,
ਕੋਈ ਪਤਨੀ ਆਪਣੇ ਪਤੀ ਦੀ ਲਾਸ਼ ‘ਤੇ ਕੀਤੇ ਵਿਰਲਾਪ ਨਹੀਂ ਲਿਖ ਸਕਦੀ।
ਲਾਲ ਹਨੇਰੀ ਚੜੀ ਏ,
ਰੇਡੀਓ ਤੇ ਕਿਸੇ ਦੇ ਕਤਲ ਦੀ ਖ਼ਬ਼ਰ ਨਸ਼ਰ ਹੋਈ ਹੋਵੇਗੀ,
ਪਰ ਨਈਂ ਹੁਣ ਤਾਂ ਰੋਜ਼ ਅਖ਼ਬਾਰਾਂ ਵਿੱਚ,
ਕਿਸੇ ਨਾ ਕਿਸੇ ਦੇ ਕਤਲ ਦੀ ਖ਼ਬ਼ਰ ਹੁੰਦੀ ਏ
ਲਾਲ ਹਨੇਰੀ ਵੀ ਕੀ ਕਰੇ,
ਵਿਚਾਰੀ ਡਰ ਜਾਂਦੀ ਏ ਕਿ ਇਨਸਾਨ ਵਾਂਗ
ਕਿਤੇ ਕੋਈ ਉਸ ਦਾ ਵੀ ਕਤਲ ਨਾ ਕਰ ਦੇਵੇ
ਬੰਬ ਕਿਤੇ ਵੀ ਫਟੇ, ਚਾਹੇ ਉਹ ਦਿੱਲੀ ਏ ਤੇ ਚਾਹੇ ਜੈ–ਪੁਰ, ਇਕੋ ਜਿਹਾ ਦਰਦਨਾਖ ਦ੍ਰਿਸ਼ ਸਿਰਜ ਜਾਂਦਾ ਏ, ਕਿੰਨੇ ਦਿਲ ਵਲੂੰਦਰੇ ਜਾਂਦੇ ਨੇ। ਚੀਕਾਂ ਹੋਲੀ ਹੋਲੀ ਚੁੱਪ ਅਤੇ ਮਾਤਮ ਵਿੱਚ ਬਦਲ ਜਾਂਦੀਆਂ ਨੇ। ਲਾਚਾਰ ਲੋਕ ਇੱਕ ਵਾਰ ਫਿਰ ਤੋਂ ਜਿੰਦਗੀ ਜਿਉਂਣ ਦੀ ਕੋਸਿ਼ਸ਼ ਵਿੱਚ ਲੱਗ ਜਾਂਦੇ ਨੇ। ਕੀ ਸੱਚ ਮੁੱਚ ਖੂਨ ਸਫੇਦ ਹੋ ਗਿਆ ਏ…? ਅਖ਼ਬਾਰਾਂ ਦੇ ਸਫੇ ਰੋਜ਼ ਹਿੰਸਕ ਘਟਨਾਵਾਂ ਦੀਆਂ ਖ਼ਬ਼ਰਾਂ ਨਾਲ ਭਰੇ ਪਏ ਹੁੰਦੇ ਨੇ। ਪਿਆਰ, ਮੁਹੱਬਤ, ਮੋਹ, ਕਿਥੇ ਗਏ ਇਹ ਸਭ….? ਕਦੋਂ ਤੱਕ ਸਾਡੀਆਂ ਜਾਨਾਂ ਸੰਗੀਨਾਂ ਦੇ ਸਾਹੇ ਹੇਠ ਤੜਪਦੀਆਂ ਰਹਿਣਗੀਆਂ…?
ਇਤਿਹਾਸ ਗਵਾਹ ਹੈ ਕਿ ਭਾਰਤ ਨੇ ਆਪਣੇ ਅਸਤਿਤਵ ਨੂੰ ਬਚਾੳਂਣ ਲਈ ਬਹੁਤ ਸਾਰੀਆਂ ਜੰਗਾਂ ਲੜੀਆਂ ਤੇ ਡਾਢੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ। ਪਹਿਲਾਂ ਮੁਗਲਾਂ ਤੇ ਫਿਰ ਅੰਗਰੇਜਾਂ ਕੋਲੋ ਦੇਸ਼ ਨੂੰ ਅਜਾਦ ਕਰਵਾਇਆ। ਲੱਖਾਂ ਕੀਮਤੀ ਜਾਨਾਂ ਗਈਆਂ। ਪਰ ਦੇਸ਼ ਦੀ ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਕੋਈ ਨਾ ਤੋੜ ਸਕਿਆ। ਦੁਸ਼ਮਣਾ ਨੇ ਆਪਣੀ ਸਾਰੀ ਵਾਹ ਲਾ ਦਿੱਤੀ, ਜਾਤੀਵਾਦ, ਫਿਰਕਾਪਰਸਤੀ, ਸਮਾਜਿਕ ਊਚ–ਨੀਚ, ਨਕਸਲਵਾਦ, ਕੌਮਾਂ ਮਜਹਬਾਂ, ਬੋਲੀ/ਭਾਸ਼ਾ ਅਧਾਰਿਤ ਕਈਂ ਤਰ੍ਹਾਂ ਦੇ ਹੱਥ ਕੰਡੇ ਅਪਣਾਉਂਣ ਦੇ ਬਾਵਜੂਦ ਵੀ ਲੋਕਾਂ ਨੂੰ ਇੱਕ ਦੂਜੇ ਦੇ ਖਿਲਾਫ ਨਾ ਭੜਕਾ ਸਕੇ। ਇਹ ਸਾਡੇ ਦੇਸ਼ ਦੇ ਲੋਕਾਂ ਦੀ ਫਿਰਾਕਦਿਲੀ ਅਤੇ ਆਪਸੀ ਪਿਆਰ ਦੀ ਨਿਸਾਨੀ ਰਹੀ ਹੈ। ਪਰ ਕੀ ਸਾਡੀ ਇਹ ਫਿਰਾਕਦਿਲੀ ਕਿਤੇ ਸਾਡੀ ਕਮਜੋਰੀ ਤਾਂ ਨਹੀਂ ਬਣ ਗਈ….? ਅੱਤਵਾਦ ਦੀ ਹਨੇਰੀ ਰੁਕਣ ਦਾ ਨਾਮ ਨਹੀਂ ਲੈਂਦੀ ਪਈ… ਤੇ ਅਸੀ ਇਖਲਾਕ ਦਾ ਢੋਲ ਵਜਾਈ ਜਾਂਦੇ ਆਂ। ਸਾਡੀਆਂ ਭਾਈਚਾਰਕ ਸਾਂਝਾ, ਦਿਲੀ ਮੋਹ ਅਤੇ ਚੁੱਪ ਕਾਰਨ ਸਰਕਾਰਾਂ ਅਵੇਸਲੀਆਂ ਹੋਈਆਂ ਬੈਠੀਆਂ ਨੇ। ਕਦ ਬੰਦ ਹੋਏਗੀ ਇਹ ਖੂਨੀ ਖੇਡ….? ਕੀ ਅਸੀਂ ਹਮੇਸ਼ਾਂ ਬੰਬਾਂ ‘ਤੇ ਤੁਰਦੇ ਰਹਾਂਗੇ। ਜਰੂਰੀ ਨਹੀਂ ਕਿ ਅੱਜ ਜਿਥੇ ਅਸੀਂ ਬੈਠੇ ਆਂ ਉਹ ਥਾਂ ਸੁਰੱਖਿਅਤ ਹੋਵੇ। ਇਹ ਮੌਤ ਦਾ ਸਲੇਡਾ ਕਿਤੇ ਵੀ ਆ ਸਕਦੈ। ਜੇ ਅੱਜ ਕਿਸੇ ਦਾ ਘਰ ਤਬਾਹ ਹੋਇਐ ਤਾਂ ਕੱਲ ਨੂੰ…..! ਪਾਤਰ ਸਾਹਿਬ ਦੀ ਗਜ਼ਲ ਦੀਆਂ ਦੋ ਸਤਰਾਂ ਨੇ :
ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ
ਇਹ ਨਾ ਸਮਝ ਕੇ ਸ਼ਹਿਰ ਦੀ ਹਾਲਤ ਬੁਰੀ ਨਹੀਂ
ਸੋ ਜੇਕਰ ਅਸੀਂ ਅੱਜ ਤੰਨ–ਦਰੂਸਤ ਹਾਂ ਤਾਂ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਪੂਰੀ ਤਰ੍ਹਾਂ ਸੁਰੱਖਿਅਤ ਹਾਂ। ਅੱਤਵਾਦ ਦੇ ਖਾਤਮੇ ਲਈ ਅੱਜ ਪੂਰੀ ਦੁਨੀਆਂ ਨੂੰ ਅਤੇ ਹਰੇਕ ਮਨੁੱਖ ਨੂੰ ਇਮਾਦਾਰੀ ਤੇ ਦ੍ਰਿੜਤਾ ਨਾਲ ਸੋਚਣ ਦੀ ਲੋੜ ਹੈ। ਅਮਨ ਦੀ ਬਹਾਲੀ ਲਈ ਇੱਕ ‘ਅਮਨ ਕ੍ਰਾਂਤੀ’ ਦੀ ਜਰੂਰਤ ਹੈ, ਤਾਂ ਕਿ ਹਰ ਬਾਸਿ਼ਦਾ ਆਪਣੇ ਹਿੱਸੇ ਦੀ ਉਮਰ ਚਾਵਾਂ ਤੇ ਖੁਸ਼ੀਆਂ ਨਾਲ ਭੋਗ ਕੇ ਜਾਵੇ। ਇਸ ਵਾਸਤੇ ਸਾਨੂੰ ਹੀ ਪਹਿਲ ਕਰਨੀ ਪਵੇਗੀ। ਕਿਉਂ ਜੋ ਹਰੇਕ ਵੱਡੀ ਸ਼ੈਅ ਆਪਣੀ ਅਸਲ ਸਕਲ ਵਿੱਚ ਉਂਦੋ ਹੀ ਆਉਂਦੀ ਹੈ ਜਦ ਉਸਦੀ ਸ਼ੁਰੂਆਤ ਹੋਵੇ। ਆਸ ਦਾ ਦੀਪਕ ਜਗਦਾ ਰੱਖਣ ਲਈ ਹਵਾਵਾਂ ਨਾਲ ਸਮਝੋਤਾ ਨਹੀਂ ਹੁੰਦਾ, ਸਗੋਂ ਉਹਨਾਂ ਨਾਲ ਮੁਕਾਬਲਾ ਕਰਨਾ ਪੈਂਦੈ। ਆਓ ਅਸੀਂ ਵੀ ਦਿਲ ਦੀਆਂ ਕੰਧਾਂ ਤੇ ਮੁਹੱਬਤਾਂ ਦੇ ਦੀਪਕ ਬਾਲੀਏ ਤੇ ਦੁਆ ਕਰੀਏ ਕਿ ਸਾਡੀਆਂ ਆਸਾਂ ਦੇ ਬੂਟੇ ਨੂੰ ਖੁਸ਼ੀਆਂ ਦਾ ਬੂਰ ਪੈਂਦਾ ਰਹੇ …….!
ਕੰਧਾਂ ‘ਤੇ ਦਿਲ ਦੀਆਂ ਤੂੰ ਦੀਪ ਜਗਾ ਰੱਖੀਂ
ਨੈਣਾ ‘ਚ ਸੰਧਲੀ ਜਿਹੇ ਤੂੰ ਖ਼ਾਅਬ ਸਜਾ ਰੱਖੀਂ
ਤੂੰ ਹੀ ਬਦਲੇਂਗਾ ਇਹ ਫਿਜਾ ਜੋ ‘ਕਜ਼ਾ’ ਬਣੀ
ਰੌਸ਼ਨ ਮਿਨਾਰਾਂ ਨੂੰ ਤੂੰ ਦਿਲ ਵਿੱਚ ਵਸਾ ਰੱਖੀ।
ਅੱਲਾ ਅੱਗੇ ਇਹ ਦੁਆਵਾਂ ਵੀ ਕਰੀਏ ਕਿ ਇਹਨਾਂ ਆਤੰਕੀ ਅਤੇ ਭਟਕੇ ਹੋਏ ਇਨਸਾਨਾਂ, ਜਿਹੜੇ ਆਪਣੀ ਹਕੀਕੀ ਜਿੰਦਗੀ ਤੋਂ ਕੋਹਾਂ ਦੂਰ ਹੋਏ ਪਏ ਨੇ, ਨੂੰ ਤੌਫੀਕ ਅਦਾ ਫਰਮਾਏ ਤੇ ਉਹਨਾ ਦੇ ਮਨਾਂ ਵਿੱਚੋਂ ਕੁੜਿਤਨ ਤੇ ਜ਼ਹਿਰ ਨੂੰ ਮੁਕਾ ਕਿ ਇਨਸਾਨੀਅਤ ਪ੍ਰਤੀ ਮੋਹ ਪਿਆਰ, ਮੁਹੱਬਤ ਅਤੇ ਮਿਠਾਸ ਭਰ ਦੇਵੇ ਤੇ ਉਹਨਾਂ ਦੇ ਦਿਲਾਂ ਵਿੱਚ ਫਿਰ ਤੋਂ ਜਨਮ ਵੇਲੇ ਵਰਗੀ ਮਾਸੂਮੀਅਤ ਆ ਜਾਵੇ……..ਅਮੀਨ…….

ਰੂਹਾਂ ਦੇ ਰੰਗ

ਮੀਂਹ ਪੈਣ ਸਮੇ ਇੰਝ ਲਗਦਾ ਏ, ਜਿਵੇ ਰੱਬ ਖੁਸ਼ ਹੋ ਕੇ ਮੋਤੀ ਬਰਸਾ ਰਿਹਾ ਹੋਵੇ। ਮੀਂਹ ਨਾਲ ਧਰਤੀ ਦੀ ਰੂਹ ਧੋਤੀ ਜਾਂਦੀ ਹੈ। ਬਰਸਾਤ ਪਿਛੋਂ ਸ਼ਾਮ ਵੇਲੇ ਲਹਿੰਦੇ ਵੱਲ ਪਈ ਸਤਰੰਗੀ ਪੀਂਘ ਵੱਲ ਤੱਕ ਕੇ ਰੰਗਾਂ ਦੇ ਮਹੱਤਵ ਦਾ ਅਨੁਭਵ ਹੁੰਦਾ ਏ। ਰੰਗਾਂ ਨੂੰ ਮਾਨਣਾ ਹੋਵੇ ਤਾਂ ਵਰਖਾ ਰੁੱਤੇ ਬਾਗੀਂ ਨੱਚਦੇ ਮੋਰਾਂ ਨੂੰ ਤੱਕ ਕੇ ਵੇਖੋ, ਰੂਹ ਤ੍ਰਿਪਤ ਹੋ ਜਾਂਦੀ ਹੈ। ਰੰਗਾਂ ਤੋਂ ਬਿਨ੍ਹਾਂ ਹਯਾਤ ਬੇ–ਰੋਣਕ ਹੀ ਤਾਂ ਹੈ, ਰੰਗਾਂ ਨਾਲ ਖਲਕਤ ਰੰਗੀਨ ਤੇ ਹਸੀਨ ਪਈ ਲਗਦੀ ਏ। ਜੇਕਰ ਇਕ ਘੜੀ ਇਹ ਮੰਨ ਲਿਆ ਜਾਵੇ ਬਈ ਦੁਨੀਆਂ ਰੰਗਾਂ ਤੋਂ ਖਾਲੀ ਹੋ ਗਈ ਏ ਤਾਂ ਕਿੰਝ ਲੱਗੇਗਾ…..? ਰੰਗਾਂ ਨਾਲ ਜੀਵਨ ਭਰਿਆ ਭਰਿਆ ਦਿਸਦਾ ਏ……. ਤੇ ਇਹਨਾਂ ਤੋਂ ਬਗੈਰ ਜਿੰਦਗੀ ਅਸਲੋਂ ਖਾਲੀ ਬਣ ਕੇ ਰਹਿ ਜਾਂਦੀ ਏ। ਰੰਗ ਹਯਾਤੀ ਵਿੱਚ ਖੁਸ਼ੀਆਂ ਤੇ ਖੇੜੇ ਲੈ ਕੇ ਆਉਂਦੇ ਹਨ। ਰੰਗਾਂ ਨਾਲ ਜੀਵਨ ਦੀਆਂ ਖੁਸ਼ੀਆਂ ਤੇ ਗ਼ਮਾਂ ਦਾ ਮਾਪ ਲਾਇਆ ਜਾ ਸਕਦਾ ਏ। ਜੀਵਨ ਦੇ ਹਰ ਪੜਾ ਵਿੱਚ ਰੰਗਾਂ ਦਾ ਖਾਸ਼ ਰੁਤਬਾ ਹੁੰਦੈ।ਬਹਾਰ ਦੇ ਮੌਸਮ ਵਿੱਚ ਬਗੀਚੀ ਵਿੱਚ ਖਿੜੇ ਰੰਗ ਬਿਰੰਗੇ ਫੁੱਲਾਂ ਨੂੰ ਵੇਖ ਕੇ ਰੂਹ ਦਾ ਖੁਸ਼ ਹੋਣਾ ਯਕੀਨੀ ਹੈ। ਰੁਹਾਨੀ ਖੁਸ਼ੀ ਦਾ ਹੋਣਾ ਜਿੰਦਗੀ ਵਿੱਚ ਬਹਾਰ ਤੇ ਖੇੜੇ ਦੀ ਨਿਸ਼ਾਨੀ ਹੁੰਦੈ। ਬਾਹਰੀ ਖੁਸ਼ੀ ਨਾਲੋਂ ਰੂਹ ਅਤੇ ਮੰਨ ਦੀ ਖੁਸ਼ੀ ਜਿਆਦਾ ਮਹੱਤਵਪੂਰਨ ਹੈ। ਰੂਹ ਮੰਨ ਦੀਆਂ ਹੱਦਾਂ ਖਤਮ ਕਰਦੀ ਹੈ। ਰੂਹ ਦਾ ਖਿੜੇ ਰਹਿਣਾ ਕਿਸੇ ਪ੍ਰਾਪਤੀ ਤੋਂ ਘੱਟ ਨਹੀਂ। ਸੰਜੀਦਗੀ ਤੇ ਹੋਂਸਲਾ ਖੁਸ਼ੀ ਨੂੰ ਸਾਂਭ ਰੱਖਣ ਲਈ ਬਹੁਤ ਜਰੂਰੀ ਹਨ। ਅੰਤਰ–ਮਨ ਨੂੰ ਘੋਖਣਾ ਅਤੇ ਔਂਕੜਾਂ, ਮੁਸੀਬਤਾਂ ਵਿੱਚੋਂ ਗੁਜਰ ਕੇ ਰੂਹਾਂ ਦਾ ਅਨੂਭਵ ਕਰਨਾ ਜਿੰਦਗੀ ਦਾ ਅਸਲ ਹਾਂਸਿਲ ਹੈ। ਆਤਮ–ਗਿਆਨ, ਆਤਮ–ਅਨੁਭਵ ਤੋਂ ਬਿਨ੍ਹਾਂ ਹਯਾਤੀ ਦੇ ਰੰਗਾਂ ਨੂੰ ਮਾਣਿਆਂ ਨਹੀਂ ਜਾ ਸਕਦਾ। ਕੁਦਰਤ ਆਪਣੇ ਆਪ ਵਿੱਚ ਅਸੀਮ ਹੈ। ਇਸਦੇ ਰੰਗਾਂ ਦਾ ਕੋਈ ਅੰਤ ਨਹੀਂ ਏ, ਕੁਦਰਤ ਦੇ ਰੰਗਾਂ ਨੂੰ ਮਾਨਣਾ, ਰੂਹ ਲਈ ਨਿਰੋਈ ਖਰਾਕ ਵਾਂਗ ਹੈ। ਚੰਗਾ ਸੋਚਿਆਂ ਮਾੜਾ ਵਾਪਰ ਹੀ ਨਹੀਂ ਸਕਦਾ।ਆਪਣੇ ਆਪ ਨੂੰ ਜਿਆਦਾ ਸਵੈ ਕੇਂਦਰਤ ਜਾਂ ਅੰਤਰਮੁਖੀ ਕਰਨਾ ਹਯਾਤੀ ਵਿੱਚੋ ਗੁੰਮ ਜਾਣ ਦੇ ਬਰਾਬਰ ਹੈ ਅਤੇ ਜਿਆਦਾ ਬਾਹਰਮੁਖੀ ਹੋਣਾ ਆਪਣੇ ਆਪ ਤੋਂ ਭਟਕ ਜਾਣਾ ਜਾਂ ਗੁਆਚ ਜਾਣਾ ਹੈ। ਜੀਵਨ ਨੂੰ ਇਕਸਾਰ ਰੱਖਣਾ ਤੇ ਖੁਸ਼ੀਆਂ ਦੇ ਰੰਗਾਂ ਨੂੰ ਮਾਨਣਾ ਸੰਪੂਰਨਤਾ ਦਾ ਅਹਿਸਾਸ ਹੈ। ਦੁਨੀਆਂ ‘ਤੇ ਹਰ ਬੰਦੇ ਨੇ ਆਪਣੇ ਆਪ ਨੂੰ ਕਿਸੇ ਨਾ ਕਿਸੇ ਰੰਗ ਵਿੱਚ ਰੰਗ ਰੱਖਿਐ। ਕੁਝ ਲੋਕ ਦਿਆਲੂ ਤੇ ਖੁਸ਼ਤਬੀਅਤ ਦੇ ਮਾਲਕ ਹੁੰਦੇ ਹਨ ਅਤੇ ਕਿਸੇ ਦੀ ਤਰੱਕੀ ਨੂੰ ਵੇਖ ਕੇ ਸ਼ਲਾਘਾ ਅਤੇ ਤਰੀਫ ਕਰਦੇ, ਅਗਲੇ ਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਮਹਿਸੂਸ ਕਰਦੇ ਹਨ। ਇਹ ਤਾਂ ਹੀ ਸੰਭਵ ਹੈ ਜੇਕਰ ਸਾਡੇ ਸਰੀਰ ਅੰਦਰ ਇੱਕ ਨਿਰੋਈ ਰੂਹ ਮੌਜੂਦ ਹੋਵੇ। ਇਸਦੇ ਉਲਟ ਕੁਝ ਲੋਕ……….! ਜੀਵਨ ਵਿੱਚ ਚੰਗੇ ਵਿਚਾਰ ਚੰਗੇ ਪ੍ਰਭਾਵਾਂ ਵਿੱਚ ਵਾਧਾ ਕਰਦੇ ਹਨ, ਜਿਵੇਂ ਇੱਕ ਅਧਿਆਨ ਕਈਂ ਨਵੇਂ ਅਧਿਅਨਾ ਨੂੰ ਜਨਮ ਦਿੰਦਾ ਹੈ। ਉਸੇ ਤਰ੍ਹਾਂ ਇੱਕ ਚੰਗੀ ਜਾਂ ਮਾੜੀ ਸੋਚ ਹਜਾਰਾਂ ਹੋਰ ਚੰਗੀਆਂ ਜਾਂ ਮਾੜੀਆਂ ਸੋਚਾਂ ਦੇ ਦੁਆਰ ਸਾਡੀ ਕਿਸਮਤ ਲਈ ਖੋਲ ਦਿੰਦੀ ਹੈ।ਰੂਹ ਦਾ ਰੱਜ ਜਾਣਾ ਜੀਵਨ ਵਿੱਚ ਰੰਗਾਂ ਦੀ ਬਹੁਤਾਤ ਅਤੇ ਦਿਲ ਦੇ ਵਿਹੜੇ ਵਿੱਚ ਖਸ਼ੀਆਂ ਦੇ ਝੁਰਮਟ ਦੀ ਨਿਸ਼ਾਨਦੇਹੀ ਹੈ। ਰੱਬ ਦਾ ਅਹਿਸਾਸ ਸਾਨੂੰ ਡਰ ਦੇ ਹਲਾਤਾਂ ਵੇਲੇ ਹੁੰਦਾ ਹੈ। ਭਾਵੇਂ ਕਿ ਦੁਨੀਆਵੀ ਤੋਰ ਤੇ ਅਸੀਂ ਕਿੰਨੇ ਵੀ ਤਾਕਤਵਰ ਕਿਉਂ ਨਾ ਹੋਈਏ, ਪਰ ਸਾਡੇ ਆਪਣੇ ਵੱਲੋ ਪੈਦਾ ਕੀਤੀਆਂ ਪ੍ਰਸਥਿਤੀਆਂ ਕਾਰਨ ਅਸੀਂ ਬਹੁਤੇ ਵਾਰੀ ਆਪਣੇ ਪਰਛਾਵੇਂ ਤੋਂ ਵੀ ਡਰ ਜਾਂਦੇ ਹਾਂ। ਮੰਨ ਦਾ ਕੰਬਣਾ ਮੌਤ ਵਰਗੇ ਡਰ ਕਾਰਨ ਹੁੰਦਾ ਹੈ। ਮੌਤ ਅਟੱਲ ਸਚਾਈ ਹੈ, ਪਰ ਇਸਦਾ ਭੈਅ ਸਾਡੀਆਂ ਨਸ਼ਾਂ ਵਿੱਚ ਵੱਸਿਆ ਰਹਿੰਦਾ ਹੈ। ਇਨਸ਼ਾਨ ਆਪਣੀ ਹਿਫ਼ਾਜਤ ਲਈ ਜਿੰਨੀਆਂ ਉਚੀਆਂ ਸੁਰੱਖਿਆ ਦੀਆਂ ਦੀਵਾਰਾਂ ਖੜੀਆਂ ਕਰੀ ਜਾ ਰਿਹੈ, ਓਨਾ ਹੀ ਉਹ ਕੈਦੀ ਬਣ ਕੇ ਰਹਿ ਗਿਆ ਹੈ। ਨਾਕਾਰਾਤਮਕ ਵਿਚਾਰ ਹੀ ਡਰ ਦੇ ਹਲਾਤ ਪੈਦਾ ਕਰਦੇ ਹਨ। ਸੁਚੱਜੇ ਵਿਚਾਰ ਕਦੀ ਡਰ ਦਾ ਕਾਰਨ ਨਹੀਂ ਬਣਦੇ। ਡਰ ਨੂੰ ਖਤਮ ਕਰਨਾ ਹੈ ਤਾਂ ਆਪਣੇ ਆਪ ਤੋਂ ਬਚਣਾ ਪਵੇਗਾ। ਰੱਬ ਨੂੰ ਮੰਨਣ ਵਾਲਾ ਸ਼ਖਸ਼ ਉਸ ਰੱਬ ਨੂੰ ਬਾਹਰ ਭਾਲਦਾ ਹੈ, ਪਰ ਉਹ ਹੁੰਦਾਂ ਉਸਦੇ ਅੰਦਰ ਹੀ ਹੈ। ਇਸੇ ਤਰ੍ਹਾਂ ਅਸੀਂ ਬਾਹਰਲੇ ਡਰ ਤਂੋ ਡਰਦੇ ਹਾਂ ਜਦ ਕਿ ਅਸਲ ਡਰ ਸਾਡੇ ਅੰਦਰ ਹੁੰਦਾ ਹੈ। ਜੇਕਰ ਅਸੀਂ ਆਸ਼ਾਵਾਦੀ ਹਾਂ ਤਾਂ ਅਸੀਂ ਰੂਹਾਨੀ ਵੀ ਹਾਂ ਅਤੇ ਸਾਡੀ ਰੂਹ ਸਾਡੇ ਆਪਣੇ ਆਪ ਵਿੱਚੋਂ ਝਲਕਦੀ ਹੈ। ਰੂਹਾਨੀ ਖੁਸ਼ੀ ਵਾਸਤੇ ਅਜ਼ਾਦ ਫਿ਼ਜਾਵਾਂ ਵਿੱਚੋਂ ਲੰਘਣਾ ਬੇਹੱਦ ਲਾਜਮੀ ਹੈ। ਮੌਸਮਾਂ ਦੀ ਰੰਗੀਨੀ ਅਤੇ ਬਰਸਾਤ ਦਾ ਅਨੰਦ ਮੀਂਹ ਵਿੱਚ ਭਿੱਜ ਕੇ ਹੀ ਲਿਆ ਜਾ ਸਕਦਾ ਹੈ। ਸੰਗਮਰਮਰ ਦੇ ਫ਼ਰਸ ‘ਤੇ ਬੈਠ ਕੇ, ਤਾਜ਼ੀ ਵਾਹੀ ਪ਼ੈਲ਼ੀ ਦੀ ਖੁਸ਼ਬੂ ਦਾ ਅਨੁਭਵ ਕਰਨਾ ਰੂਹ ਨੂੰ ਧੋਖਾ ਦੇਣਾ ਹੈ। ਧੁੱਪ, ਛਾਂ ਵਿਚਲਾ ਫ਼ਰਕ ਘਰੋਂ ਬਾਹਰ ਨਿਕਲ ਕੇ ਹੀ ਜਾਣਿਆਂ ਜਾ ਸਕਦਾ ਹੈ। ਇਸੇ ਤਰ੍ਹਾਂ ਸੰਗੀਤ ਰੂਹ ਦੀਆਂ ਤਰੰਗਾਂ ਨੂੰ ਛੇੜਨ ਦਾ ਸੌਖਾ ਜਿਹਾ ਜ਼ਰੀਆ ਹੈ। ਸੰਗੀਤ ਦੀਆਂ ਧੁੰਨਾ ਮਾਹੌਲ ਨੂੰ ਸ਼ੋਖ ਤੇ ਰੰਗੀਨ ਬਣਾ ਦਿੰਦੀਆਂ ਹਨ। ਸੰਜੀਦਾ ਮੌਸੀਕੀ ਰੂਹਾਨੀਅਤ ਦਾ ਧਰਾਤਲ ਬਣਦੀ ਹੈ, ਜਦਕਿ ਤੇਜ ਧੁੰਨਾ ਜਿਦੰਗੀ ਦੇ ਹਕੀਕੀ ਰਕਸ ਨੂੰ ਮਾਨਣ ਦਾ ਅਰਥ….।ਰੁੱਤਾਂ ਦਾ ਤਬਾਦਲਾ ਜਿੰਦਗੀ ਵਿੱਚ ਬਦਲਾਅ ਦਾ ਅਹਿਸਾਸ ਦਵਾਉਂਦਾ ਹੈ। ਰੁਕੇ ਰਹਿਣਾ ਜਾਂ ਅਟਕ ਜਾਣ ਤੋਂ ਭਾਵ ਓਸ ਮਰੀਜ ਤੋਂ ਲਿਆ ਜਾ ਸਕਦਾ ਹੈ ਜੋ ‘ਕੋਮਾ’ ਵਿੱਚ ਚਲਾ ਜਾਂਦਾ ਹੈ। ਨਿਰੰਤਰ ਟੁਰਨਾ ਤੇ ਟੁਰਦੇ ਰਹਿਣਾ ਹੀ ਕੁਦਰਤ ਅਤੇ ਹਯਾਤ ਦਾ ਅਸਲ ਅਸੂਲ ਹੈ। ਹਰ ਮੌਸਮ ਦਾ ਆਪਣਾ ਰੰਗ ਏ, ਤੇ ਹਰ ਨਵਾਂ ਦਿਨ ਨਵੀਆਂ ਉਮੰਗਾਂ ਲੈ ਕੇ ਆਉਂਦੈ। ਸੰਭਾਵਨਾਵਾਂ ਕੁਦਰਤ ਦੇ ਰੰਗ ਵਿੱਚ ਰੰਗਿਆਂ ਹੀ ਆਪਣਾ ਅਮਲ ਫੜਦੀਆਂ ਹਨ। ਜਿੰਦਗੀ ਦੇ ਉਤਾਰ ਚੜਾਓ ਨਵੇਂ ਦਿਨ ਅਤੇ ਨਵੀਂ ਰਾਤ ਦੀਆਂ ਨਿਸ਼ਾਨੀਆਂ ਹਨ। ਸੂਰਜ ਦਾ ਡੁੱਬਣਾ ਨਵੇਂ ਸਵੇਰੇ ਦੀ ਆਮਦ ਦਾ ਸੁਨੇਹਾ ਹੈ। ਹਰ ਰਾਤ ਨਵੇਂ ਨਿਕੋਰ ਦਿਨ ਦੀਆਂ ਸੰਭਾਵਨਾਵਾ ਦੀ ਹਾਮੀ ਭਰਦੀ ਹੈ। ਅਲੱਗ–ਅਲੱਗ ਰੰਗਾਂ ਦੇ ਸੁਮੇਲ ਨਾਲ ਹੀ ਨਵੇਂ ਰੰਗ ਪੈਦਾ ਹੁੰਦੇ ਹਨ। ਉਸੇ ਤਰ੍ਹਾਂ ਤੁਰਦੇ ਰਹਿਣ ਨਾਲ ਹੀ ਜਿੰਦਗੀ ਦਾ ਨਵੇਂ ਰੰਗਾ ਨਾਲ ਮਿਲਾਪ ਹੁੰਦਾ ਹੈ। ਰੁਕੀ ਹੋਈ ਜਿੰਦਗੀ ਬੇ–ਰੰਗ ਤੇ ਅਹਿਸਾਸ ਹੀਣ ਹੋ ਕਿ ਰੰਗੀਨੀਆਂ ਅਤੇ ਹਾਸਿਆਂ ਤੋਂ ਵਾਂਝੀ ਰਹਿ ਜਾਂਦੀ ਹੈ। ਦੁਨੀਆਂ ‘ਤੇ ਇਕੋ ਜਿਹੀਆਂ ਰੂਹਾਂ ਦਾ ਮਿਲਣਾ ਪ੍ਰਮਾਤਮਾ ਵੱਲੋਂ ਬਖਸ਼ੀ ਖਾਸ ਸੌਗਾਤ ਵਾਂਗ ਹੈ। ਕੁਝ ਲੋਕਾਂ ਨੂੰ ਮਿਲ ਕੇ ਇੰਝ ਲਗਦੈ ਜਿਵੇਂ ਉਹਨਾਂ ਨਾਲ ਸਦੀਆਂ ਦੀ ਕੋਈ ਦਿਲੀ ਸਾਂਝ ਹੋਵੇ, ਤੇ ਬਾਰ ਬਾਰ ਦਿਲ ਉਹਨਾਂ ਨੂੰ ਮਿਲਣ ਲਈ ਉਤਾਵਲਾ ਜਿਹਾ ਜਾਪਦੈ। ਪਰ ਕੁਝ ਲੋਕ ਅਜਿਹੇ ਵੀ ਮਿਲਦੇ ਨੇ ਜਿਨ੍ਹਾਂ ਕੋਲ ਕੁੜੱਤਨ ਤੋਂ ਇਲਾਵਾ ਕੁਝ ਵੀ ਨਹੀਂ ਮਿਲਦਾ। ਜਿਨ੍ਹਾਂ ਲੋਕਾਂ ਦੀ ਜਿੰਦਗੀ ਰੰਗਾਂ ਦੇ ਝੁਰਮਟ ਤੋਂ ਸੱਖਣੀ ਰਹਿ ਜਾਂਦੀ ਏ ਉਹਨਾਂ ਦੀ ਰੂਹ ਕਦੀ ਤਰਿਪਤ ਨਹੀਂ ਹੁੰਦੀ। ਹਯਾਤੀ ਦਾ ਅਸਲ ਮੁਕਾਮ ਉਹ ਹੁੰਦੈ ਜਿਥੇ ਜਾ ਕੇ ਰੂਹ ਨੂੰ ਸ਼ਾਂਤੀ ਮਿਲ ਜਾਵੇ……, ਜਿਥੇ ਰੋਸ਼ਨੀ ਦੀਆਂ ਪਰੀਆਂ ਦਾ ਝੁਰਮਟ ਪਿਆ ਨਜ਼ਰੀਂ ਆਵੇ….., ਜਿਥੇ ਜਿਸਮਾਂ ਦੀਆਂ ਦੀਵਾਰਾਂ ਢਹਿ ਢੇਰੀ ਹੋ ਜਾਣ……, ਜਿਥੇ ਨਫਰਤ ਦਾ ਖਾਤਮਾ ਹੋ ਜਾਵੇ…., ਜਿਥੇ ਪਿਆਰ ਦੇ ਅੰਕੁਰ ਪਏ ਫੁੱਟਦੇ ਹੋਣ……!ਸੂਰਜ਼ ਦਾ ਚੜਨਾ, ਸ਼ਾਮ ਦਾ ਢਲਣਾ, ਹਵਾਵਾਂ ਦੀ ਸ਼ਰਸ਼ਰਾਹਟ, ਪਹਾੜਾ ਦੀਆਂ ਢਲਾਣਾ ਤੋਂ ਡਿਗਦੇ ਝਰਨਿਆਂ ਦੀ ਕਲ ਕਲ, ਟਿਕੀ ਹੋਈ ਰਾਤ ਵੇਲੇ ਤਾਰਿਆਂ ਭਰਿਆ ਅਕਾਸ਼, ਬੱਦਲਾ ਦਾ ਵਰਨਾ, ਲੌਡੇ ਵੇਲੇ ਲਹਿੰਦੇ ਵੱਲੋਂ ਪਰਤਦੀਆਂ ਕੂਜਾਂ ਦੀਆਂ ਡਾਰਾਂ, ਕੁਦਰਤ ਦੇ ਅਸੀਮ ਨਜ਼ਾਰਿਆਂ ਦੀ ਇੱਕ ਛੋਟੀ ਜਿਹੀ ਝਲਕ ਹੈ। ਰਾਤ ਦੀਆਂ ਡੂੰਘਾਈਆਂ ਨੂੰ ਮਾਨਣਾ, ਜਿੰਦਗੀ ਵਿੱਚ ਜੰਗਲ ਦੇ ਸ਼ਾਂਤ ਵਾਤਾਵਰਨ ਦੀ ਚੁੱਪ, ਝਰਨਿਆਂ ਦਾ ਸੰਗੀਤ, ਜਿੰਦਗੀ ਦੇ ਰੰਗਾ ਦੇ ਪ੍ਰਤੀ ਵੱਖ ਵੱਖ ਪਹਿਲੂਆਂ ਦੀ ਸਵੇਦਨਸ਼ੀਲ ਪਹੁੰਚ ਨੂੰ ਦਰਸਾਉਦਾ ਹੈ। ਪਹਾੜਾਂ ਦੀਆਂ ਪਗਡੰਡੀਆਂ ‘ਤੇ ਇਕੱਲੇ ਤੁਰਨਾ, ਫਿਰ ਥੱਕ ਜਾਣਾ, ਬੈਠ ਜਾਣਾ, ਅਪਣੇ ਆਪ ਨੂੰ ਤਰੋ ਤਾਜਾ ਕਰਨਾ, ਫਿਰ ਸਫ਼ਰ ‘ਤੇ ਨਿਕਲਣਾ, ਆਪਣੇ ਆਪ ਨੂੰ ਖੋਜਣਾ, ਮਾਨਣਾ, ਆਪਣੇ ਰੰਗਾਂ ਨੂੰ ਉਭਾਰਨਾ, ਰੂਹ ਦੇ ਰੰਗਾਂ ਵਿੱਚ ਰੰਗਣਾ ਹੀ ਅਸਲ ਹਕੀਕਤ ਹੈ। ਰੰਗ ਭਾਵੇਂ ਇੱਕ ਦ੍ਰਿਸਟੀ ਹੀ ਹਨ, ਪਰ ਇਹ ਦ੍ਰਿਸਟੀ ਹੀ ਰੂਹ ਦੇ ਰੰਗਾਂ ਦੀ ਡੂੰਘਾਈ ਹੈ। ਰੰਗਾਂ ਵਿੱਚ ਰੂਹ ਨੂੰ ਰੰਗਣ ਲਈ, ਨਿਰੋਈ ਸੋਚ ਅਤੇ ਸਵੱਛ ਹਿਰਦੇ ਦੀ ਡਾਢੀ ਲੋੜ ਹੁੰਦੀ ਏ। ਰੂਹ ਨੂੰ ਰੰਗਣ ਲਈ ਸਾਧਨਾ ਦੀ ਕਸੌਟੀ ਵਿਚੋਂ ਗੁਜਰਨਾ ਪੈਂਦਾ ਏ, ਇਹ ਕਿਸੇ ਲਲਾਰੀ ਦੁਆਰਾ ਨਹੀ ਰੰਗਾਈ ਜਾ ਸਕਦੀ। ਦੁਨੀਆਂ ਦੇ ਅਨੇਕ ਰੰਗਾਂ ਵਿਚੋਂ ਹਰ ਬੰਦੇ ਦੇ ਮੇਚ ਦਾ ਇੱਕ ਰੰਗ ਹੁੰਦੈ…..! ਪਰ ਸਾਡੀ ਸਾਰੀ ਉਮਰ ਇਸੇ ਇੱਕ ਰੰਗ ਨੂੰ ਛੱਡ ਬਾਕੀ ਸਾਰੇ ਰੰਗਾਂ ਨੂੰ ਅਪਨਾਉਂਣ ਵਿੱਚ ਗਵਾਚ ਜਾਂਦੀ ਏ, ਇਸ ਭਟਕਣ ਵਿੱਚ ਸਾਡੇ ਹਿੱਸੇ ਆਇਆ ਰੰਗ ਕਦੋਂ ਫਿਕਾ ਪੈ ਜਾਂਦੈ ਪਤਾ ਈ ਨਹੀਂ ਲਗਦਾ। ਦਰਅਸਲ ਅਸੀਂ ਹਕੀਕਤ ਵਿੱਚ ਉਹ ਨਹੀਂ ਹੁੰਦੇ ਜੋ ਦਿਸਦੇ ਆਂ, ਸਗੋਂ ਸਾਡੇ ਅੰਦਰ ਕੁਝ ਹੋਰ ਹੁੰਦੈ ਜੋ ਦਿਸਦਾ ਨਹੀਂ…. ਜਿਦੰਗੀ ਦੇ ਰੰਗਾਂ ਨੂੰ ਮਾਨਣਾ ਕਿਸੇ ਕਿਸੇ ਦੀ ਤਕਦੀਰ ਵਿੱਚ ਹੁੰਦੈ…… ਤੇ ਸਾਰੇ ਰੰਗ ਹਰੇਕ ਦੇ ……….? ਜੇਕਰ ਰੂਹ ਜਿੰਦਗੀ ਦਾ ਚਾਨਣ ਮੁਨਾਰਾ ਹੈ, ਤਾਂ ਰੰਗ ਚਾਨਣ ਦਾ ਅੰਸ਼, ਜੇ ਰੂਹ ਕਾਇਨਾਤ ਦੀ ਸ਼ਾਖ ਹੈ, ਤਾਂ ਰੰਗ ਕਾਇਨਾਤ ਦੀ ਅਸਲੀਅਤ, ਜੇ ਰੂਹ ਰੱਬ ਦਾ ਰੂਪ ਹੈ ਤਾਂ ਰੰਗ ਕੁਦਰਤ ਦਾ ਹਿੱਸਾ। ਜੇ ਰੰਗ ਜਿੰਦਗੀ ਦਾ ਹੁਸਨ ਹਨ ਤਾਂ ਰੂਹ……..?

ਵਾਰਿਸ ਸ਼ਾਹ ਲੁਕਾਈਏ ਜੱਗ ਕੋਲੋਂ.......!


ਅਸਲ ਗੱਲ ਤੇ ਇਹ ਵੇ ਬਈ ਹਰ ਬੰਦਾ ਜਿਨੇ ਜੋਗਾ ਹੁੰਦੈ ਆਪਣਾ ਪੂਰਾ ਜੋਰ ਲਾ ਕੇ ਦੱਸ ਈ ਦਿੰਦੈ ਬਈ ਮੈਂ ਕਿੰਨੇ ਕੁ ਜੋਗਾ ਵਾਂ । ਇਹ ਗੱਲ ਕਿਸੇ ਇੱਕ ਰੱਬ ਦੇ ਬੰਦੇ 'ਤੇ ਨਹੀਂ ਢੁੱਕਦੀ ਸਗੋਂ ਸਾਰੀ ਖਲਕਤ ਇਸੇ ਈ ਚੱਕਰ ‘ਚ ਟੁਰੀ ਫਿਰਦੀ ਏ। ਦਰਅਸਲ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਤਾਂ ਜਾਨਵਰ ਵੀ ਆਪਣਾ ਪੂਰਾ ਜੋਰ ਲਾਈ ਰੱਖਦੇ ਨੇ, ਤੇ ਇਨਸਾਨ ਤਾਂ ਫਿਰ ਵੀ ਇਨਸਾਨ ਹੋਇਆ । ਆਪਣੀ ਹੋਂਦ ਬਣਾਈ ਰੱਖਣ ਵਾਸਤੇ ਦਿਖਾਵਾ ਜਰੂਰੀ ਵੀ ਤੇ ਹੈ ਨਾ। ਪਰ ਹਕੀਕਤ ਤਾਂ ਇਹ ਵੇ ਬਈ ਕਈਂ ਵਾਰੀ ਅਸੀਂ ਲੋਕਾਂ ਦੀ ਰੀਸੋ ਰੀਸ ਦਿਖਾਵੇ ਦੇ ਚੱਕਰ ਵਿੱਚ ਪੈ ਕੇ ਆਪਣਾ ਈ ਝੁੱਗਾ ਚੌੜ ਕਰਵਾ ਲੈਂਦੇ ਆਂ ਤੇ ਫਿਰ ਬੈਠ ਕੇ ਅਤੀਤ ਨੂੰ ਰੋਂਦੇ ਰਹਿੰਦੇ ਆਂ। ਸ਼ਾਦੀਆਂ ਪਾਰਟੀਆਂ ਅਤੇ ਹੋਰ ਕਈਂ ਪ੍ਰੋਗਰਾਮਾਂ ‘ਤੇ ਵਿੱਤੋਂ ਵੱਧ ਕੀਤਾ ਖਰਚਾ ਸਾਡੇ ਭਵਿੱਖ ਲਈ ਕਰਜੇ ਦਾ ਭਾਰੀ ਬੋਝ ਬਣ ਕੇ ਰਹਿ ਜਾਂਦਾ ਏ। ਕੁਝ ਘੰਟਿਆਂ ਵਿੱਚ ਕੀਤੇ ਲੱਖਾਂ ਦੇ ਖਰਚੇ ਕਰਕੇ ਮਹਿਜ ਕੁਝ ਚਿਰ ਦੀ ਖੁਸ਼ੀ ਅਤੇ ਲੋਕਾਂ ਦੀ ਵਾਹ ਵਾਹ ਤੇ ਨਸੀਬ ਹੋਂਦੀ ਹੀ ਏ ਪਰ ਸਾਲਾਂ ਦੀ ਚਿੰਤਾ ਵੀ ਸਾਡੇ ਅੰਦਰ ਕਿਧਰੇ ਲੁਕੀ ਰਹਿੰਦੀ ਏ। ਖੁਸ਼ਾਮਦ ਕਰਨ ਵਾਲੇ ਲੋਕ ਤਾਂ ਮੂੰਹ ਤੇ ਤਰੀਫ ਕਰੀ ਜਾਣਗੇ ਪਰ ਪਿੱਠ ਪਿਛੇ ਤੁਹਾਡੇ ਨੁਕਸ਼ ਕੱਢਣੋ ਕੋਈ ਗੁਰੇਜ ਨਹੀਂ ਕਰੇਗਾ, ਫਿਰ ਤੁਸੀਂ ਭਾਵੇਂ ਛੱਤੀ ਪਦਾਰਥ ਹੀ ਕਿਉਂ ਨਾ ਪਰੋਸੇ ਹੋਣ। ਸਿਆਣਿਆਂ ਨੇ ਕਿਹਾ ਹੈ ਕਿ ''ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਨੇ‘‘ ਪਰ ਅਜਿਹੇ ਵਕਤ ਵਿੱਚ ਪਤਾ ਈ ਨਹੀਂ ਲਗਦਾ ਕਿ ਚਾਦਰ ਦਾ ਆਖਰੀ ਸਿਰਾ ਹੈ ਕਿਥੇ ਵੇ।
ਖਰੈ! ਗੱਲ ਕਰ ਰਿਹਾ ਸੀ ਦਿਖਾਵੇ ਦੀ । ਕੁਝ ਹਾਲਤਾਂ ਵਿੱਚ ਥੋੜ੍ਹਾ ਬਹੁਤ ਦਿਖਾਵਾ ਕਰਨਾ ਜਾਇਜ ਮੰਨਿਆ ਜਾ ਸਕਦੈ ਪਰ ਹਰ ਥਾਂ ਹਰ ਸ਼ਖਸ਼ ਦੇ ਕੋਲ ਬਨਾਵਟੀ ਜਿਹੀਆਂ ਗੱਲਾਂ ਕਰੀ ਜਾਣੀਆਂ ਕਿਤੋਂ ਦੀ ਵੀ ਸਿਆਣਪ ਨਹੀਂ ਹੁੰਦੀ। ਕਈ ਲੋਕ ਬਹੁਤ ਸੋਹਣੇ ਤੇ ਸੁਨੱਖੇ ਹੁੰਦੇ ਨੇ ਤੇ ਸ਼ਾਇਦ ਉਹਨਾਂ ਨੂੰ ਆਪਣੇ ਰੂਪ ‘ਤੇ ਗੁਮਾਨ ਹੋ ਜਾਂਦੈ ਤੇ ਇਸੇ ਹੀ ਵਜ੍ਹਾ ਕਰਕੇ ਝੂਠੇ ਜਿਹੇ ਅਡੰਬਰ ਪਏ ਰਚਦੇ ਫਿਰਨਗੇ। ਪਰ ਅਸਲ ਖੂਬਸੂਰਤੀ ਦਾ ਪ੍ਰਮਾਣ ਤਾਂ ਉਂਦੋਂ ਮਿਲਦੈ ਜਦ ਬਿਨ੍ਹਾਂ ਕਿਸੇ ਝੂਠ ਦਾ ਸਹਾਰਾ ਲਏ ਅਤੇ ਬਿਨ੍ਹਾਂ ਕਿਸੇ ਬਨਾਉਟੀ ਰੰਗ ਦੇ ਵੀ ਲੋਕ ਤੁਹਾਡੇ ਕੋਲ ਢੁੱਕ-ਢੁੱਕ ਬਹਿਣ। ਤੁਸੀਂ ਕਈਂ ਵਾਰੀ ਦੇਖਿਆ ਹੋਵੇਗਾ ਕੇ ਕੁੜੀਆਂ ਅਤੇ ਔਰਤਾਂ ਨੇ ਸਿਆਲਾਂ ਦੇ ਦਿਨ੍ਹਾਂ ਵਿੱਚ ਵੀ ਵਿਆਹ ਸ਼ਾਦੀਆਂ ਉਤੇ ਬਿਨ੍ਹਾਂ ਬਾਹਵਾਂ ਦੀ ਲੰਡੀ ਜਿਹੀ ਕਮੀਜ ਪਾਈ ਹੁੰਦੀ ਏ ਤੇ ਗਲ ਵਿੱਚ ਸੋਨੇ ਦੇ (ਤੇ ਸ਼ਾਇਦ ਨਕਲੀ) ਠੰਡ ਨਾਲ ਠਰੇ ਹੋਏ ਅਣਗਿਣਤ ਗਹਿਣੇ। ਸਾਰਾ ਵਿਆਹ ਕੰਬ ਕੰਬ ਕੇ ਵੇਖ ਛੱਡਣਗੀਆਂ ਤੇ ਅਗਲੇ ਦਿਨ ਡਾਕਟਰ ਦੀ ਕਲੀਨਿਕ 'ਤੇ ਵੇਟਿੰਗ ਰੂਮ ਵਿੱਚ ਬੈਠੀਆਂ ਹੋਣਗੀਆਂ। ਬਸ ਗੱਲ ਤਾਂ ਆਪਣੇ ਗਹਿਣੇ ਤੇ ਸ਼ਾਇਦ ਓਸ ਸੁਹੱਪਣ ਨੂੰ ਦਿਖਾਉਣ ਦੀ ਸੀ ਜਿਹੜਾ ਕਿਸੇ ਦਿਖਾਵੇ ਦਾ ਮੁਥਾਜ਼ ਨਹੀਂ ਹੁੰਦਾ।
ਕਈ ਮਰਦਾਂ ਵਿੱਚ ਵੀ ਗਹਿਣੇ ਦਿਖਾਉਣ ਦੀ ਬੜੀ ਤੀਬਰ ਇੰਛਾ ਹੁੰਦੀ ਏ। ਕਈ ਭਲੇ ਪੁਰਸ਼ਾਂ ਨੇ ਤਾਂ ਕੋਟ ਪੈਂਟ ਅਤੇ ਟਾਈ ਲਗਾਈ ਹੁੰਦੀ ਏ, ਤੇ ਟਾਈ ਦੇ ਉਤੋਂ ਦੀ ਇੱਕ ਮੋਟੀ ਸਾਰੀ ਸੁਨਹਿਰੀ ਚੈਨ ਤੇ ਚੈਨ ਦੇ ਥੱਲ੍ਹੇ ਟਾਈ ਇੰਝ ਲਗਦੀ ਹੁੰਦੀ ਏ ਜਿਵੇ ਕੱਟੇ ਨੂੰ ਫਾਹਾ ਆਇਆ ਹੋਵੇ। ਓਏ ਭਲੇ ਮਾਨਸੋ ਜੇ ਚੈਨ ਈ ਦਿਖਾਉਂਣੀ ਏ ਤਾਂ ਟਾਈ ਕਾਹਤੋਂ ਲਾਉਣੀ ਹੋਈ। ਪਰ ਕੌਣ ਸਮਝਾਵੇ। ਹੱਥਾਂ ਦੀਆਂ ਪੰਜੇ ਉਂਗਲਾਂ ਵਿੱਚ ਤਾਂਤਰਿਕਾਂ ਵਾਂਗ ਛਾਪਾਂ ਛੱਲੇ ਪਾਏ ਹੋਣਗੇ ਤੇ ਫਿਰ ਉਹਨਾਂ ਨੂੰ ਦਿਖਾਉਣ ਲਈ ਜਾਂ ਤਾ ਬਾਰ ਬਾਰ ਆਪਣਾ ਰੁਮਾਲ ਥੱਲੇ ਸੁੱਟ ਕੇ ਚੁੱਕਦੇ ਰਹਿਣਗੇ ਤੇ ਜਾਂ ਫਿਰ ਪੈਨ ਨਾਲ ਟੇਬਲ ਤੇ ਲੀਕਾਂ ਮਾਰੀ ਜਾਣਗੇ ਤਾਂ ਕੇ ਸਾਹਮਣੇ ਬੈਠੇ ਸ਼ਖਸ਼ ਨੂੰ ਮੁੰਦਰੀਆਂ ਦਿਸਦੀਆਂ ਰਹਿਣ। ਇੱਕ ਵਾਰੀ ਕਿਸੇ ਬੰਦੇ ਨੇ ਸੋਨੇ ਦੀ ਮੁੰਦਰੀ ਬਣਵਾ ਲਈ, ਉਹ ਲੋਕਾਂ ਨੂੰ ਦਿਖਾਉਂਦਾ ਫਿਰੇ, ਪਰ ਕੋਈ ਖਾਸ ਧਿਆਨ ਨਾ ਦੇਵੇ ਉਸ ਨੂੰ ਗੁੱਸਾ ਚੜ੍ਹ ਗਿਆ ਤੇ ਉਸਨੇ ਆਪਣੇ ਘਰ ਨੂੰ ਅੱਗ ਲਗਾ ਦਿੱਤੀ। ਲੋਕ ਇਕੱਠੇ ਹੋ ਗਏ ਤੇ ਪੁੱਛਿਆ ਅੱਗ ਕਿਵੇਂ ਲੱਗੀ ਤਾਂ ਉਸਨੇ ਮੁੰਦਰੀ ਵਾਲੀ ਉਂਗਲੀ ਕਰਕੇ ਕਿਹਾ ''ਅੱਗ ਇਥੋਂ ਸ਼ੁਰੂ ਹੋਈ...‘‘ ਮੁੰਦਰੀ ਦੇਖ ਕੇ ਲੋਕਾਂ ਕਿਹਾ ''ਓਏ ਮੁੰਦਰੀ ਬੜੀ ਸੋਹਣੀ ਐਂ....‘‘ ਤਾਂ ਉਹ ਬੋਲਿਆ ਆਹੀ ਗੱਲ ਪਹਿਲਾਂ ਕਹਿ ਦਿੰਦੇ ਤਾਂ ਅੱਗ ਲਗਦੀ ਹੀ ਨਾ‘‘ ਗੱਲ ਇਥੇ ਈ ਖਤਮ ਨਹੀਂ ਹੁੰਦੀ ਸਗੋਂ ਕੁਝ ਲੋਕ ਤਾਂ ਇੰਝ ਦੇ ਵੀ ਹੁੰਦੇ ਨੇ ਜਿਨ੍ਹਾਂ ਕੋਲ ਕੁਝ ਨਹੀਂ ਹੁੰਦਾ ਪਰ ਗੱਲਾਂ ਇੰਝ ਕਰਦੇ ਨੇ ਕੇ ਅਗਲਾ ਬੰਦਾ ਹਿਪਨੋਟਾਇਜ ਹੋ ਜਾਂਦੈ। ਸਾਡੇ ਵਿੱਚੋਂ ਬਹੁਤਿਆਂ ਨੂੰ ਵਿਤੋਂ ਵੱਧ ਬੋਲਣ ਦੀ ਆਦਤ ਹੁੰਦੀ ਏ। ਤੇ ਇਸ ਆਦਤ ਤੋਂ ਮਜਬੂਰ ਕੁੱਝ ਲੋਕ ਹਮੇਸ਼ਾਂ ਇਸ ਤਰ੍ਹਾਂ ਦੇ ਮੌਕੇ ਦੀ ਤਲਾਸ਼ ਵਿੱਚ ਰਹਿੰਦੇ ਨੇ ਕੇ ਉਹ ਦੂਜਿਆਂ ਨੂੰ ਇਹ ਦੱਸ ਸਕਣ ਕਿ ਮੇਰੇ ਕੋਲ ਇਹ ਸ਼ੈਅ ਹੈਗੀ ਵੇ। ਇੰਝ ਹੀ ਇੱਕ ਬੰਦਾ ਆਪਣੇ ਦੋਸ਼ਤਾਂ ਨੂੰ ਇਹ ਦੱਸ ਰਿਹਾ ਸੀ ਕਿ ਓਸਦੇ ਘਰੇ ਸੱਪ ਆ ਗਿਆ। ਸੱਪ ਪਹਿਲਾਂ ਫਰਿਜ ਦੇ ਪਿਛੇ ਛੁਪ ਗਿਆ, ਓਥੋਂ ਕੱਢਿਆ ਤੇ ਏ.ਸੀ. ਵਿੱਚ ਵੜ੍ਹ ਗਿਆ। ਸੋਟੇ ਸਾਟੇ ਮਾਰੇ ਤੇ ਭੱਜ ਕੇ ਕੀਮਤੀ ਸੋਫੇ ਦੇ ਥੱਲ੍ਹੇ ਲੁਕ ਗਿਆ। ਸੋਫੇ ਥੱਲਿਓ ਨਿਕਲਿਆ ਤੇ ਬਾਹਰ ਵਰਾਂਡੇ ਵਿੱਚ ਖੜੀ ਨਵੀਂ ਕਾਰ ਦੇ ਥੱਲੇ ਫਿਰ ਟਰੈਕਟਰ ਥੱਲ੍ਹੇ ਤੇ ਫਿਰ ਬਾਹਰ ਖੇਤਾਂ ਵਿੱਚ। ਹੁਣ ਖੇਤ ਬਹੁਤ ਨੇ ਕਿਥੋਂ ਲੱਭਣਾ ਸੀ...! ਸੱਪ ਦੀ ਕਹਾਣੀ ਪਾ ਕੇ ਘਰ ਦਾ ਸਾਰਾ ਸਮਾਨ ਗਿਣਾ ਦਿੱਤਾ, ਬਈ ਘਰੇ ਆਹ ਕੁਝ ਹੈਗਾ। ਪਰ ਕਈ ਵਾਰੀ ਅਜਿਹੇ ਬੰਦਿਆਂ ਨੂੰ ਫਿਰ ਉਹਨਾਂ ਦੇ ਵੀ ਬਾਪ ਟੱਕਰ ਜਾਦੇ ਨੇ। ਇੱਕ ਵਾਰੀ ਇੱਕ ਬੰਦੇ ਨੂੰ ਇੱਕ ਕੁੱਤਾ ਮਿਲ ਗਿਆ, ਕੁੱਤੇ ਦੀ ਖਾਸੀਅਤ ਇਹ ਸੀ ਬਈ ਉਹ ਪਾਣੀ ਤੇ ਟੁਰ ਸਕਦਾ ਸੀ। ਹੁਣ ਬੰਦੇ ਨੇ ਸੋਚਿਆ ਕਿ ਆਪਣੇ ਯਾਰਾਂ ਦੋਸ਼ਤਾਂ ਨੂੰ ਦੱਸਦੇ ਆਂ ਬਈ ਮੇਰੇ ਕੋਲ ਕਰਾਮਾਤੀ ਕੁੱਤਾ ਵੇ। ਇੱਕ ਦਿਨ ਯਾਰਾਂ ਦੋਸਤਾਂ ਨੂੰ ਇਕੱਠੇ ਕਰਕੇ ਲੈ ਗਿਆ ਸ਼ਿਕਾਰ ਖੇਡਣ । ਝੀਲ ਵਿੱਚ ਕੁਝ ਬਖਤਾਂ ਤੈਰ ਰਹੀਆਂ ਸੀ ਉਸ ਨੇ ਗੋਲੀ ਮਾਰੀ ਤੇ ਬਖਤਾਂ ਮਾਰ ਦਿੱਤੀਆਂ ਤੇ ਕੁੱਤੇ ਨੂੰ ਕਿਹਾ ਚੱਕ ਕੇ ਲਿਆ, ਕੁੱਤਾ ਭੱਜਾ ਗਿਆ ਤੇ ਬਖਤਾਂ ਚੁੱਕ ਲਿਆਇਆ। ਇਹ ਸਭ ਕੁਝ ਦੇਖ ਕੇ ਵੀ ਸਾਰੇ ਦੋਸਤ ਚੁੱਪ ਰਹੇ । ਵਾਪਸੀ ਤੇ ਉਸ ਬੰਦੇ ਨੇ ਪੁਛਿਆ ਯਾਰ ਤੁਸੀ ਮੇਰੇ ਕੁੱਤੇ ਦੀ ਕੋਈ ਤਰੀਫ ਈ ਨਹੀਂ ਕੀਤੀ ਕੀ ਤੁਹਾਨੂੰ ਹੈਰਾਨੀ ਨਹੀਂ ਹੋਈ। ਤਾਂ ਵਿੱਚੋਂ ਇੱਕ ਬੰਦਾ ਬੋਲਿਆ ਕਿ ਤੇਰੇ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ। ਸੋ ਕਈ ਵਾਰੀ ਸਾਡੀਆਂ ਫਾਲਤੂ ਗੱਲਾਂ ਤੇ ਬੇਲੋੜਾ ਦਿਖਾਵਾ ਕਰਨ ਦੇ ਬਾਵਜੂਦ ਵੀ ਕੋਈ ਸਾਡੇ ਤੋਂ ਜਿਆਦਾ ਪ੍ਰਭਾਵਿਤ ਨਹੀਂ ਹੁੰਦਾ ਤੇ ਸ਼ਰਮਿੰਦਗੀ ਤੋਂ ਇਲਾਵਾ ਸਾਡੇ ਪੱਲੇ ਕੁਝ ਨਹੀਂ ਪੈਂਦਾ।
ਅਜਿਹੇ ਐਨ.ਆਰ.ਆਈ. ਵੀ ਵੇਖੇ ਨੇ ਜੋ ਸ਼ਖਤ ਮਿਹਨਤਾਂ ਕਰਕੇ ਆਪਣੇ ਵਤਨ ਤੋਂ ਦੂਰ ਰਹਿ ਕੇ ਵੀ ਆਪਣੀ ਜਨਮ ਭੋਂਏ ਨਾਲ ਜੁੜੇ ਰਹਿੰਦੇ ਨੇ ਤੇ ਸਮੇਂ-ਸਮੇਂ ਕੁਝ ਨਾ ਕੁਝ ਆਪਣੇ ਪਿੰਡਾਂ ਲਈ ਕਰਦੇ ਰਹਿੰਦੇ ਨੇ, ਤੇ ਦੂਜੇ ਪਾਸੇ ਅਜਿਹੇ ਵੀ ਵੇਖੇ ਨੇ ਜੋ ਬਾਹਰ ਭਾਵੇਂ ਸਵੀਪਰ ਦਾ ਕੰਮ ਕਰਦੇ ਹੋਣ ਪਰ ਵਤਨੀਂ ਆ ਕੇ ਨਖਰੇ ਕਰੀ ਜਾਣਗੇ। ਪੰਜਾਬੀ ਨੂੰ ਛੱਡ ਅੰਗਰੇਜੀ ਨੂੰ ਮੂੰਹ ਮਾਰਦੇ ਨੇ, ਨਲਕੇ ਦੇ ਪਾਣੀ ਨਾਲ ਬਿਮਾਰ ਹੋ ਜਾਣਗੇ ਤੇ ਮਿਨਰਲ ਵਾਟਰ ਦੀ ਮੰਗ ਕਰਨਗੇ। ਤੁਸੀਂ ਦੇਖ ਕੇ ਹੀ ਦੱਸ ਸਕਦੇ ਓ ਕਿ ਇਹ ਬੰਦਾ ਬਾਹਰੋਂ ਆਇਆ, ਇੰਝ ਦਾ ਹੁਲੀਆ ਬਣਾਇਆ ਹੁੰਦੈ। ਪਰ ਕੁਝ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਵੱਲ ਦੇਖ ਕੇ ਪਤਾ ਈ ਨਹੀਂ ਲਗਦਾ ਕਿ ਇਹ ਬੰਦਾ ਕਿੰਨਾ ਵੱਡਾ ਇਨਸਾਨ ਏ। ਅਸਲ ਗੱਲ ਤਾਂ ਇਹ ਵੇ ਬਈ ਜਿਨ੍ਹਾਂ ਲੋਕਾਂ ਦੇ ਪੱਲੇ ਗੁਣ ਹੁੰਦੇ ਨੇ ਉਹਨਾਂ ਨੂੰ ਕਿਸੇ ਰਸਮੀ ਜਾਣ ਪਹਿਚਾਣ ਦੀ ਲੋੜ ਹੀ ਨਹੀਂ ਪੈਦੀ ਅਤੇ ਉਹਨਾਂ ਲਈ ਰਾਹ ਆਪੇ ਬਣੀ ਜਾਂਦੇ ਨੇ ਤੇ ਜਿਨ੍ਹਾਂ ਦੇ ਪੱਲੇ ਖੋਟੇ ਸਿੱਕੇ ਹੁੰਦੇ ਨੇ ਉਹਨਾਂ ਨੂੰ ਵੀ ਲੋਕ ਚੰਗੀ ਤਰ੍ਹਾਂ ਪਹਿਚਾਣ ਲੈਂਦੇ ਨੇ। ਇਹ ਤਾਂ ਸਾਰੇ ਜਾਣਦੇ ਨੇ ਕਿ ਸਚਾਈ ਨੂੰ ਸਬੂਤਾਂ ਦੀ ਲੋੜ ਨਹੀਂ ਹੁੰਦੀ ਤੇ ਝੂਠ ਦੇ ਪੈਰ ਨਹੀਂ ਹੁੰਦੇ ਪਰ ਫਿਰ ਵੀ ਅਸੀਂ ਬਹੁਤੇ ਵਾਰੀ ਹਕੀਕਤ ਨੂੰ ਅੱਖੋਂ ਪਰੋਖੇ ਕਰਕੇ ਝੂਠ ਅਤੇ ਦਿਖਾਵੇ ਦਾ ਸਹਾਰਾ ਭਾਲਦੇ ਰਹਿੰਦੇ ਆਂ।
ਇਸ ਦੁਨੀਆਂ ‘ਤੇ ਅਜਿਹੇ ਬੰਦੇ ਵੀ ਨੇ ਜਿਨਾਂ ਕੋਲ ਕਾਇਨਾਤ ਦੀਆਂ ਸਾਰੀਆਂ ਸ਼ੈਵਾਂ ਨੇ ਤੇ ਖੁਦਾ ਨੇ ਉਹਨਾਂ ਨੂੰ ਸਾਰੀਆਂ ਨਿਆਮਤਾਂ ਨਾਲ ਨਿਵਾਜਿਆ ਏ । ਬਸ ਉਹਨਾਂ ਦੀ ਇਹੋ ਖਾਸੀਅਤ ਹੁੰਦੀ ਏ ਬਈ ਉਹ ਕਿਸੇ ਤਰ੍ਹਾਂ ਦਾ ਅਡੰਬਰ ਨਹੀਂ ਰਚਦੇ ਤੇ ਸਾਦਗੀ ਬਰਕਰਾਰ ਰੱਖਦੇ ਹੋਏ ਲੋੜਵੰਦ ਇਨਸਾਨਾਂ ਦੀ ਮਦਦ ਵੀ ਕਰਦੇ ਰਹਿੰਦੇ ਨੇ। ਭਾਵੇਂ ਕਿ ਸਾਡੇ ਕੋਲ ਲੱਖਾਂ ਸ਼ੈਵਾਂ ਹੋਣ ਪਰ ਅਸਲ ਸਕੂਨ ਤਾਂ ਉਦੋਂ ਮਿਲਦੈ ਜਦ ਕਿਸੇ ਨੂੰ ਦਿਖਾਏ ਬਿਨਾਂ ਲੋਕ ਜਾਣ ਲੈਣ ਕੇ ਕੋਣ ਕਿਥੇ ਖੜੈ...। ਕਹਿੰਦੇ ਨੇ ਕਿ 'ਢੱਕੀ ਰਿੱਝੇ ਤੇ ਕੋਈ ਨਾ ਬੁੱਝੇ‘ ਜੇ ਘਰੇ ਹਾਂਡੀ ਨਾ ਹੋਵੇ ਤਾਂ ਖਾਹ ਮੁਖਾਹ ਭਾਂਡੇ ਨਹੀਂ ਖੜਕਾਉਣੇ ਚਾਹੀਦੇ, ਚੁੱਪ ਕਰਕੇ ਗੰਢਾ ਭੰਨ ਕੇ ਰੋਟੀ ਖਾ, ਠੰਡਾ ਪਾਣੀ ਪੀ ਲੈਣਾ ਚਾਹੀਦੈ। ਜੋ ਚੀਜਾਂ ਜੱਗ ਜਾਹਿਰ ਹੋ ਜਾਂਦੀਆਂ ਨੇ ਉਹਨਾਂ ਦੀ ਕੀਮਤ ਘੱਟ ਜਾਂਦੀ ਏ ਤੇ ਜੋ ਮੁੱਠੀ ਵਿੱਚ ਬੰਦ ਹੋਣ ਉਹਨਾਂ ਪ੍ਰਤੀ ਹਮੇਸ਼ਾਂ ਉਤਸੁਕਤਾ ਬਣੀ ਰਹਿੰਦੀ ਏ। ਖਾਓ ਪੀਓ ਜੋ ਮਰਜੀ ਪਰ ਰੋਲਾ ਕਾਹਤੋਂ ਪਾਉਣਾ ਹੋਇਆ। ਵਾਰਿਸ ਸ਼ਾਹ ਜੀ ਹੁਣਾ ਐਵੇਂ ਤਾਂ ਨਹੀਂ ਕਿਹਾ ਹੋਣਾ :-ਵਾਰਿਸ਼ ਸ਼ਾਹ ਲੁਕਾਈਏ ਜੱਗ ਕੋਲੋ ਭਾਵੇਂ ਆਪਣਾ ਈ ਗੁੜ ਖਾਈਏ ਜੀ।

***
ਰੋਜੀ ਸਿੰਘ ਫਤਿਹਗੜ ਚੂੜੀਆਂ

ਗੁਲਾਮ ਅਤੇ ਗੁਲਾਮੀ (ਲੇਖ)

ਗੁਲਾਮੀ ਇੱਕ ਅਜਿਹਾ ਸ਼ਬਦ ਹੈ ਜਿਸ ਬਾਰੇ ਸੋਚਦਿਆਂ ਆਪਣੇ ਆਪ ਨੂੰ ਬੋਝ ਥੱਲੇ ਦੱਬਿਆਂ ਮਹਿਸੂਸ ਹੁੰਦਾ ਹੈ। ਇਹ ਇੱਕ ਅਜਿਹਾ ਕੋਹੜ ਹੈ ਜੋ ਇਨਸਾਨੀ ਸੋਚ ਦੇ ਸ੍ਰੋਤਾਂ ਨੂੰ ਤਬਾਹ ਕਰ ਦਿੰਦਾ ਹੈ ਤੇ ਮਾਨਸਿਕਤਾ ਨੂੰ ਰਹਿਮ ਦੇ ਸਹਾਰੇ ਛੱਡ ਦਿੰਦਾ ਹੈ। ਗੁਲਾਮੀ ਨੂੰ ਦੋ ਮੁੱਖ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਮਾਨਸਿਕ ਗੁਲਾਮੀ ਅਤੇ ਸਰੀਰਕ ਗੁਲਾਮੀ। ਮਾਨਸਿਕ ਗੁਲਾਮੀ ਦੀਆਂ ਸ਼ਿਕਾਰ ਜਿਆਦਾ ਤਰ ਔਰਤਾਂ ਹੁੰਦੀਆਂ ਨੇ ਅਤੇ ਇਹਨਾਂ ਵਿੱਚ ਜਿਆਦਾਤਰ ਪੇਂਡੂ ਖੇਤਰਾਂ ਦੀਆਂ ਅਨਪੜ੍ਹ ਔਰਤਾਂ ਦੀ ਗਿਣਤੀ ਜ਼ਿਆਦਾ ਹੈ, ਇਸ ਤਰ੍ਹਾਂ ਦੀਆਂ ਮਾਨਸਿਕ ਤੌਰ ਤੇ ਗੁਲਾਮ ਔਰਤਾਂ ਅਖੌਤੀ ਬਾਬਿਆਂ ਦੇ ਡੇਰਿਆਂ ਤੇ ਭਾਰੀ ਗਿਣਤੀ ਵਿੱਚ ਦੇਖੀਆਂ ਜਾ ਸਕਦੀਆਂ ਹਨ। ਮਰਦ ਮਾਨਸਿਕ ਅਤੇ ਸਰੀਰਕ ਦੋਨੋਂ ਤਰ੍ਹਾਂ ਦੀ ਗੁਲਾਮੀ ਦੇ ਸ਼ਿਕਾਰ ਹੋ ਜਾਂਦੇ ਹਨ। ਅਮਰੀਕਾ, ਕਨੇਡਾ ਅਤੇ ਹੋਰ ਬਾਹਰਲੇ ਮੁਲਕਾਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਭਾਰਤ ਵਿੱਚ ਹਾਲੇ ਵੀ 58 ਪ੍ਰਤੀਸ਼ਤ ਵੱਸੋਂ ਕਿਸੇ ਨਾ ਕਿਸੇ ਦੀ ਗੁਲਾਮ ਚੱਲਦੀ ਆ ਰਹੀ ਹੈ। ਪਤਨੀ, ਪਤੀ ਦੀ ਗੁਲਾਮ ਹੈ, ਪਤੀ ਅੱਗੇ ਮਾਪਿਆਂ ਦਾ ਗੁਲਾਮ ਹੈ ਅਤੇ ਮਾਪੇ ਕਿਸੇ ਨਾ ਕਿਸੇ ਕਾਰਨ ਅੱਗੇ ਕਿਸੇ ਹੋਰ ਦੇ ਗੁਲਾਮ ਨੇ। ਬਾਹਰਲੇ ਮੁਲਕਾਂ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਉਥੇ ਤਾਂ ਅਗਰ ਕੋਈ ਬੱਚੇ ਨੂੰ ਝਿੜਕ ਦੇਵੇ ਤਾਂ ਬੱਚਾ ਪੁਲਿਸ ਬੁਲਾ ਲੈਂਦਾ ਹੈ। ਵਿਦੇਸ਼ਾਂ ਵਿੱਚ ਇਨਸਾਨ ਜੰਮਣ ਵੇਲੇ ਤੋਂ ਹੀ ਅਜਾਦ ਖਿਆਲਾਂ ਅਤੇ ਅਜਾਦੀ ਦਾ ਪੂਰਾ ਨਿਘ ਮਾਨਦਾ ਹੈ। ਗੱਲ ਸਿਰਫ ਏਥੇ ਹੀ ਨਹੀ ਮੁੱਕ ਜਾਂਦੀ ਕੇ ਭਾਰਤ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਗੁਲਾਮਾਂ ਵਾਂਗ ਸਮਝਦੇ ਹਾਂ ਅਤੇ ਦੋਸਤਾਂ ਨੂੰ ਵੀ ਭਾਵਨਾਤਮਕ ਬਲੈਕਮੇਲ ਕਰਕੇ ਗੁਲਮਾਂ ਵਾਂਗ ਕੰਮ ਕਰਵਾ ਲੈਂਦੇ ਹਾਂ, ਸਗੋਂ ਇਸ ਤੋਂ ਵੀ ਅੱਗੇ ਕਈ ਹੋਰ ਪਹਿਲੂਆਂ ਨੂੰ ਵੀ ਹਾਲੇ ਫੋਲਣਾ ਬਾਕੀ ਹੈ।
ਭਾਰਤ ਸੈਂਕੜੇ ਸਾਲ ਕਦੀ ਮੁਗਲਾਂ ਅਤੇ ਕਦੀ ਅੰਗਰੇਜਾਂ ਦਾ ਗੁਲਾਮ ਰਿਹਾ ਹੈ, ਸੋ ਸਾਡੇ ਵਿਚੋਂ ਬਹੁਤਿਆਂ ਦੀ ਮਾਨਸਿਕਤਾ ਉਤੇ ਅਤੀਤ ਦੀ ਗੁਲਾਮੀ ਦੇ ਸਾਏ ਪੀੜ੍ਹੀ ਦਰ ਪੀੜ੍ਹੀ ਚਲਦੇ ਆ ਰਹੇ ਨੇ। ਅੰਗਰੇਜ ਤਾਂ ਚਲੇ ਗਏ ਤੇ ਰਹੇ ਮੁਗਲ ਵੀ ਨਹੀਂ ਪਰ ਹਾਲੇ ਵੀ ਇਥੇ ਬਹੁਤ ਸਾਰੇ ਸਰਕਾਰੀ ਅਦਾਰਿਆਂ ਵਿੱਚ ਕੁਝ ਤਾਨਾਸ਼ਾਹ ਅਫਸਰ ਅੰਗਰੇਜੀ ਅਤੇ ਮੁਗਲ ਰਾਜ ਦੀ ਤਰ੍ਹਾਂ ਸੱਪ ਵਾਂਗ ਕੁੰਡਲੀ ਮਾਰੀ ਬੈਠੇ ਹਨ। ਅਵਲ ਤਾਂ ਕੋਈ ਗਰੀਬ ਸਰਕਾਰੇ ਦਰਬਾਰੇ ਫਰਿਆਦ ਲੈ ਕੇ ਹੀ ਨਹੀਂ ਜਾਂਦਾ ਪਰ ਜੇ ਕੋਈ ਭੁੱਲ ਭੁਲੇਖੇ ਚਲਾ ਜਾਂਦਾ ਹੈ ਤਾਂ ਉਸ ਨਾਲ ਇੰਝ ਪੇਸ਼ ਆਇਆ ਜਾਂਦਾ ਹੈ ਜਿਵੇਂ ਉਹ ਮੁਜਰਮ ਹੋਵੇ ਤੇ ਗੁਲਾਮਾਂ ਵਾਂਗ ਉਸ ਨੂੰ ਆਰਡਰ ਝਾੜੇ ਜਾਂਦੇ ਨੇ ਤੇ ਫਰਿਆਦੀ ਵਿਚਾਰਾ ਆਪਣੀ ਜੇਬ ਵਿੱਚੋਂ ਪੈਸੇ ਖਰਚ ਕੇ ਅਫਸਰਾਂ ਦੀਆਂ ਮੰਗਾਂ ਪੂਰੀਆਂ ਕਰਦਾ ਹੈ ਫਿਰ ਜਾ ਕੇ ਕਿਤੇ ਉਸਦੀ ਫਰਿਆਦ ਸੁਣੀ ਜਾਂਦੀ ਹੈ, ਤੇ ਕਦੀ ਕਦੀ ਉਹ ਵੀ ਨਹੀਂ। ਪਾਤਰ ਸਹਿਬ ਦੀਆਂ ਲਾਇਨਾਂ ਨੇ:-
ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ
ਤੇ ਜਾਂ ਫਿਰ
ਏਨਾ ਉਚਾ ਤਖਤ ਸੀ ਅਦਲੀ ਰਾਜੇ ਦਾਮਜਲੂਮਾਂ ਦੀ ਉਮਰ ਹੀ ਰਾਹ ਵਿੱਚ ਬੀਤ ਗਈ।ਇਹਨਾਂ ਉਕਤ ਲਾਇਨਾ ਦੀ ਸਚਾਈ ਥਾਣਿਆਂ ਵਿੱਚ ਇਨਸਾਫ ਲੈਣ ਗਿਆ ਆਦਮੀ ਜੋ ਥਾਣੇਦਾਰ ਦੀ ਓਏ ਓਏ ਸੁਣਨ ਲਈ ਮਜਬੂਰ ਹੁੰਦਾ ਹੈ ਅਤੇ ਫਿਰ ਮੁਨਸ਼ੀ ਵੱਲੋਂ ਉਸਨੂੰ ਪੇਪਰਾਂ ਦਾ ਬੰਡਲ ਲੈ ਕੇ ਆਉਂਣ ਦਾ ਹੁਕਮ ਚਾੜ੍ਹ ਦਿੱਤਾ ਜਾਂਦੈ, ਬਾ-ਖੂਬੀ ਜਾਂਣਦੈ। ਬੱਸਾਂ ਗੱਡੀਆਂ ਵਿੱਚ ਲੋਕਾਂ ਨੂੰ ਗੁਲਾਮਾਂ ਵਾਂਗ ਤੂੜ ਤੂੜ ਕੇ ਭਰਿਆ ਜਾਂਦਾ ਏ ਤੇ ਟਿਕਟ ਦੇਣ ਲੱਗਿਆਂ ਜੇਕਰ ਕੋਈ ਖੁੱਲ੍ਹੇ ਪੈਸੇ ਨਾ ਦੇਵੇ ਜਾਂ ਟਿਕਟ ਲੈਣ ਵਿੱਚ ਦੇਰੀ ਕਰੇ ਤਾਂ ਕੰਡਕਟਰ ਵੱਲੋਂ ਇੰਝ ਵਿਵਹਾਰ ਕੀਤਾ ਜਾਂਦਾ ਹੈ ਜਿਵੇਂ ਸਾਰੀਆਂ ਸਵਾਰੀਆਂ ਉਸ ਦੀਆਂ ਗੁਲਾਮ ਨੇ । ਹਸਪਤਾਲਾਂ ਵਿੱਚ ਮਰੀਜ਼ ਘੰਟਿਆਂ ਬੱਧੀ ਡਾਕਟਰ ਦਾ ਇੰਤਜਾਰ ਕਰਦੇ ਨੇ ਅਤੇ ਜਦ ਡਾਕਟਰ ਆਉਂਦਾ ਹੈ ਤਾਂ ਲੰਬੀ ਲਾਇਨ ਵਿੱਚ ਲੱਗ ਜਾਂਦੇ ਨੇ ਗੁਲਾਮਾਂ ਵਾਂਗੂੰ ਜਿਵੇਂ ਖਰੱਬਾਂ ਮਿਲਣਾ ਹੁੰਦੈ। ਸਰਕਾਰੀ ਦਫਤਰਾਂ ਵਿੱਚ ਇਨਸਾਫ ਲਈ ਤਿੰਨ ਪਰਤਾਂ ਵਿੱਚ ਦਿੱਤੀ ਅਰਜੀ 6 ਮਹੀਨਿਆਂ ਬਾਅਦ ਦੁਬਾਰਾ ਫਰਿਆਦੀ ਦਾ ਮੂੰਹ ਚਿੜਾ ਰਹੀ ਹੁੰਦੀ ਏ। ਕੋਰਟ ਕਚਿਹਰੀਆਂ ਵਿੱਚ ਸਾਲਾਂ ਬੱਧੀ ਗਰੀਬਾਂ ਬੇਆਸਰਿਆਂ ਦੇ ਮੁਕੱਦਮਿਆਂ ਤੇ ਵਕਤ ਦੀ ਧੂੜ ਜੰਮੀ ਰਹਿੰਦੀ ਏ ਤੇ ਜਦ ਉਸ ਕੇਸ ਦਾ ਫੈਸਲਾ ਹੁੰਦਾ ਏ ਤਾਂ ਬੰਦਾ ਈ ਨਹੀ ਰਹਿੰਦਾ। ਡਾਕਖਾਨਿਆਂ, ਬੈਂਕਾਂ ਅਤੇ ਹੋਰ ਸਰਕਾਰੀ ਗ਼ੈਰ ਸਰਕਾਰੀ ਦਫ਼ਤਰਾਂ ਵਿੱਚ ਇੰਝ ਦੇ ਕਈ ਤਾਨਾਸ਼ਾਹ ਮਾਲਕ ਅਤੇ ਗਰੀਬ ਵਰਗ ਦੇ ਗੁਲਾਮ ਤੁਰੇ ਫਿਰਦੇ ਨੇ।
ਅਸਲ ਗੱਲ ਤਾਂ ਇਹ ਹੈ ਕਿ ਅਸੀਂ ਜਦ ਵੀ ਕਿਸੇ ਰੋਹਬਦਾਰ ਪਦਵੀ 'ਤੇ ਬਿਰਾਜਮਾਨ ਹੋ ਜਾਂਦੇ ਹਾਂ, ਜਾਂ ਫਿਰ ਜਦ ਸਾਡੇ ਕੋਲ ਲੋੜ ਤੋਂ ਵੱਧ ਅਧਿਕਾਰ ਅਤੇ ਪੈਸੇ ਇਕੱਠਾ ਹੋ ਜਾਂਦਾ ਹੈ ਤਾਂ ਸਾਡੀ ਸੋਚ ਵਿੱਚ ਇੱਕ ਦਮ ਤਬਦੀਲੀ ਆ ਜਾਂਦੀ ਹੈ । ਇਸ ਦਾ ਇੱਕ ਕਾਰਨ ਤੇ ਇਹ ਹੈ ਕਿ ਜਦ ਸਾਡੇ ਕੋਲ ਕੁਝ ਨਹੀਂ ਹੁੰਦਾ ਤਦ ਅਸੀਂ ਇਸ ਤਰ੍ਹਾਂ ਦੀ ਗੁਲਾਮੀ ਨੂੰ ਸਹਿਣ ਕੀਤਾ ਹੁੰਦਾ ਹੈ। ਤੇ ਜਦ ਸਾਡੇ ਕੋਲ ਇਹ ਅਧਿਕਾਰ ਅਤੇ ਸ਼ਕਤੀ ਆ ਜਾਂਦੀ ਹੈ ਤਾਂ ਅਸੀਂ ਬਦਲਾ ਲਊ ਭਾਵਨਾ ਨਾਲ ਆਪਣੇ ਤੋਂ ਘੱਟ ਸਕਤੀ ਰੱਖਣ ਵਾਲੇ ਕਈ ਹੋਰ ਲੋਕਾਂ ਨੂੰ ਆਪਣਾ ਗੁਲਾਮ ਸਮਝਣ ਲੱਗ ਜਾਂਦੇ ਹਾਂ।
ਚਲੋ ਮੰਨ ਲੈਂਦੇ ਹਾਂ ਕਿ ਇਹ ਗੱਲ ਗਲਤ ਹੈ ਕਿ ਬੱਚਿਆਂ ਨੂੰ ਗੁਲਾਮ ਨਹੀ ਸਮਝਣਾ ਚਾਹੀਦਾ, ਸਕੂਲਾਂ ਵਿੱਚ ਬੱਚਿਆਂ ਤੋਂ ਧੱਕੇ ਨਾਲ ਕੰਮ ਨਹੀ ਲੈਣਾ ਚਾਹੀਦਾ, ਯਾਰਾਂ ਦੋਸਤਾਂ ਨੂੰ ਅਤੇ ਹੋਰ ਰਿਸ਼ਤੇਦਾਰਾਂ ਤੋਂ ਭਾਵਨਾਤਮਕ ਬਲੈਕਮੇਲ (ਇੰਮੋਸ਼ਨਲ ਬਲੈਕਮੇਲ) ਕਰਕੇ ਗੁਲਾਮਾਂ ਵਾਂਗ ਕੰਮ ਨਹੀ ਲੈਣਾ ਚਾਹੀਦਾ। ਪਰ ਹਜਾਰਾਂ ਮਜਦੂਰ ਲੋਕ ਸ਼ਹਿਰਾਂ ਕਸਬਿਆਂ ਦੇ ਚੋਂਕਾਂ ਵਿੱਚ ਬਣੀਆਂ ਮਨੁੱਖੀ ਮੰਡੀਆਂ ਵਿੱਚ ਵਿਕਣ ਲਈ ਸਵੇਰ ਤੋਂ ਗਾਹਕਾਂ ਦੀ ਉਡੀਕ ਵਿੱਚ ਖਲੋਤੇ ਰਹਿੰਦੇ ਨੇ ਜਿਨ੍ਹਾਂ ਨੂੰ ਕੋਈ ਵੀ ਆਪਣੀ ਮਨ-ਮਰਜੀ ਦੇ ਰੇਟ ‘ਤੇ ਦਿਹਾੜੀ ਲਈ ਖਰੀਦ ਕੇ ਲੈ ਜਾਂਦਾ ਹੈ । ਕੀ ਉਹ ਗੁਲਾਮ ਨਹੀ....? ਘਰ ਵਿੱਚ ਬੱਚਿਆਂ ਨੂੰ ਝਿੜਕਣਾ ਸਾਡੇ ਭਾਰਤੀ ਸਮਾਜ ਦੀਆਂ ਪ੍ਰੰਪਰਾਵਾਂ ਅਤੇ ਸਭਿਆਚਾਰਕ ਦ੍ਰਿਸਟੀ ਅਧੀਨ ਹਾਲੇ ਜਾਇਜ ਮੰਨਿਆਂ ਜਾਂਦਾ ਹੈ। ਜੇ ਕੋਈ ਬੱਚਾ ਗਲਤ ਕੰਮ ਕਰਦਾ ਹੈ ਤਾਂ ਸੰਸਕਾਰਾਂ ਅਤੇ ਸੰਸਕ੍ਰਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਨੂੰ ਘਰ ਦੇ ਵੱਡੇ ਵਡੇਰਿਆਂ ਜਾਂ ਮਾਪਿਆਂ ਵੱਲੋਂ ਝਿੜਕਾਂ ਦਿੱਤੇ ਜਾਣ ਨੂੰ ਜੇ ਗ਼ੁਲਾਮੀ ਕਿਹਾ ਜਾਂਦਾ ਹੈ ਤਾਂ ਹਜਾਰਾਂ ਢਾਬਿਆਂ ਉਤੇ ਲੱਖਾਂ ਬਾਲ ਮਜਦੂਰ ਰੋਜ਼ ਕਰੋੜਾਂ ਲੋਕਾਂ ਦੀਆਂ ਗਾਲ੍ਹਾਂ ਝਿੜਕਾਂ ਤੇ ਥੱਪੜ ਸਹਿਣ ਕਰਦੇ ਨੇ, ਕੀ ਉਹ ਗ਼ੁਲਾਮ ਨਹੀ.....? ਇੱਥੇ ਹੀ ਬੱਸ ਨਹੀਂ ਕਈ ਵਾਰ ਤਾਂ ਬਜੁਰਗਾਂ, ਬਿਰਧਾਂ ਅਤੇ ਸਰੀਰਕ ਕੰਮ ਕਾਰ ਤੋਂ ਨਕਾਰਾ ਮਾਪਿਆਂ ਨੂੰ ਆਪਣੀ ਔਲਾਦ ਦੇ ਹੁਕਮ ਹੇਠ ਰਹਿਣਾ ਪੈਦਾਂ ਹੈ, ਤੇ ਉਹਨਾਂ ਦੇ ਟੁੱਕ ਤੇ ਗੁਜਾਰਾ ਕਰਨ ਪੈਦਾ ਹੈ, ਕੀ ਇਹ ਗੁਲਾਮੀ ਨਹੀਂ ..? ਅੱਜੇ ਵੀ ਕਈਂਆਂ ਔਰਤਾਂ ਨੂੰ ਆਪਣੇ ਸ਼ਰਾਬੀ ਪਤੀ ਦੇ ਮੂੰਹ 'ਚੋਂ ਅਉਂਦੀ ਮੋਏ ਕੁੱਤੇ ਵਰਗੀ ਬਦਬੂ ਦੇ ਨਾਲ ਨਾਲ ਉਸਦੀਆਂ ਗਾਲ੍ਹਾਂ ਸਹਿਣੀਆਂ ਪੈਂਦੀਆਂ ਨੇ, ਕੀ ਏ ਗੁਲਾਮੀ ਨਹੀ....? ਭਾਰਤ ਦੀਆਂ ਸੜਕਾਂ ‘ਤੇ ਹਜ਼ਾਰਾਂ ਮਜਦੂਰ ਔਰਤਾਂ ਰੋੜੀ ਬੱਜਰੀ ਪਾਉਣ ਤੋਂ ਬਾਅਦ ਸ਼ਾਮ ਨੂੰ ਠੇਕੇਦਾਰਾਂ ਅੱਗੇ ਮੰਗਣ ਵਾਲਿਆਂ ਵਾਂਗ ਹੱਥ ਫੈਲਾਈ ਮਜਦੂਰੀ ਮੰਗਦੀਆਂ ਨੇ....ਕੀ ਇਹ ਗੁਲਾਮੀ ਨਹੀਂ?
ਗੁਲਾਮ ਰੱਖਣਾ ਜਾਂ ਕਿਸੇ ਨੂੰ ਗੁਲਾਮ ਸਮਝਣਾ ਭਾਵ ਕਿ ਆਪਣੀ ਹਾਉਮੈ ਨੂੰ ਪੱਠੇ ਪਾਉਣਾ, ਜਾਂ ਆਪਣੇ ਆਪ ਨੂੰ ਉਚਾ ਦਿਖਾਉਣਾ, ਆਪਣੀ ਤਾਕਤ ਅਤੇ ਆਪਣੇ ਰੋਹਬ ਨੂੰ ਦਰਸਾਉਣਾ, ਫੋਕੀ ਆਨ ਅਤੇ ਸਾਨ ਦੀ ਚਾਹਤ ਜਾਂ ਫਿਰ ਆਪਣੀ ਆਗਿਆਨਤਾ ਅਤੇ ਖੋਖਲੇਪਨ ਦਾ ਦਿਖਾਵਾ ਹੀ ਕਿਉ ਨਾ ਹੋਵੇ ਪਰ ਅਸੀ ਸਾਰੇ ਇਹਨਾਂ ਅਲਾਮਤਾਂ ਦੇ ਕਿਸੇ ਨਾ ਕਿਸੇ ਤਰ੍ਹਾਂ ਸ਼ਿਕਾਰ ਜਰੂਰ ਹਾਂ। ਝੂਠੀ ਚੋਧਰ, ਆਪਣੇ ਆਪ ਨੂੰ ਸਰਵਉੱਚ ਦਰਸਾਉਣ ਦੀ ਚਾਹਤ ਸਾਨੂੰ ਇਸ ਭਾਵਨਾ ਵੱਲ ਲਿਜਾ ਰਹੀ ਹੈ। ਅਸੀਂ ਆਪਣੀਆਂ ਖਾਹਿਸ਼ਾਂ, ਪਰਵਿਰਤੀਆਂ ਦੇ ਗੁਲਾਮ ਹਾਂ ਅਤੇ ਇਹ ਗੁਲਾਮੀ ਸਾਨੂੰ ਅਤੇ ਸਾਡੀ ਸੋਚ ਨੂੰ ਆਪਣੇ ਸ਼ਕਤੀਸ਼ਾਲੀ ਪ੍ਰਭਾਵ ਸਦਕਾ ਆਪਣੇ ਇਸ਼ਾਰਿਆਂ ਤੇ ਨਚਾਉਂਦੀ ਹੈ ਅਤੇ ਅਸੀਂ ਇਸ ਦੇ ਪ੍ਰਭਾਵ ਹੇਠ ਅੱਗੇ ਆਪਣੇ ਤੋਂ ਘੱਟ ਸ਼ਕਤੀ ਰੱਖਣ ਵਾਲੇ ਲੋਕਾਂ ਨੂੰ ਗੁਲਾਮ ਸਮਝਣ ਲੱਗ ਜਾਂਦੇ ਹਾਂ।
ਵਿਕਸਿਤ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਇਸ ਪਰਵਿਰਤੀ ਦਾ ਫੈਲਾਅ ਬਹੁਤ ਜਿਆਦਾ ਹੈ। ਕਿਉਂਕੇ ਇਥੇ ਹਰ ਕੋਈ ਆਪਣੇ ਆਪ ਨੂੰ 'ਟੁੰਡੀ ਲਾਟ' ਹੀ ਸਮਝਦਾ ਹੈ। ਅਫਸ਼ਰਸਾਹੀ ਅਤੇ ਅਤੇ ਫੋਕੀ ਸੋਚ ਦਾ ਨਸ਼ਾ ਸਾਨੂੰ ਐਸੀ ਮਾਨਸਿਕਤਾ ਵਿੱਚੋਂ ਬਾਹਰ ਨਹੀਂ ਆਉਂਣ ਦਿੰਦਾ। ਅਸੀ ਆਪਣੀ ਨੈਤਿਕ ਜਿੰਮੇਵਾਰੀ, ਦੂਜਿਆਂ ਪ੍ਰਤੀ ਹਮਦਰਦੀ ਅਤੇ ਇਕਸਾਰਤਾ ਵਾਲਾ ਰਵੀਆ ਭੁੱਲ ਕੇ ਆਪਣੀ ਝੂਠੀ ਇੰਮੇਜ ਨੂੰ ਲੋਕਾਂ ਸਾਹਮਣੇ ਵੱਧ ਚੜ ਕੇ ਦਿਖਾਉਂਣ ਦੇ ਆਦੀ ਬਣ ਚੁੱਕੇ ਹਾਂ। ਮੈਂ ਕਈ ਵਾਰੀ ਆਪਣੇ ਕਈ ਅਜੀਜਾਂ ਦੇ ਮੂੰਹੋ ਕੋਲ ਬੈਠੇ ਕਿਸੇ ਹੋਰ ਵਿਅਕਤੀ ਲਈ ਇਹ ਸ਼ਬਦ ਸੁਣੇ ਨੇ ''ਲੈ ਇਸ ਨਲਾਇਕ ਨੂੰ ਕੁਝ ਪਤਾ ਨਹੀਂ ਸੀ ਲੱਗਦਾ, ਇਸਦਾ ਸਾਰਾ ਕੰਮ ਕੱਲ ਮਿੰਟੋ ਮਿੰਟੀ ਮੈਂ ਕਰਵਾ ਦਿੱਤਾ ਅਫਸਰਾਂ ਨੂੰ ਕਹਿ ਕੇ, ਚਲਦੀ ਏ ਆਪਣੀ ਬੜੀ....‘‘ ਇਸ ਫਿਕਰੇ ਨਾਲ ਹੀ ਉਹ ਵਿਅਕਤੀ ਜਿਸ ਲਈ ਇਹ ਬੋਲ ਕਹੇ ਗਏ ਹੁੰਦੇ ਨੇ ਉਸ ਨੂੰ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਉਹ ਉਸ ਵਿਅਕਤੀ ਦਾ ਗੁਲਾਮ ਬਣ ਗਿਆ ਹੋਵੇ ਤੇ ਸਾਰੀ ਜਿੰਦਗੀ ਉਸਦੇ ਅਹਿਸਾਨਾਂ ਦਾ ਬਦਲਾ ਨਾ ਚੁਕਾ ਸਕਦਾ ਹੋਵੇ। ਇਸੇ ਤਰ੍ਹਾਂ ਮੇਰਾ ਇੱਕ ਦੋਸਤ ਕੁੱਤੇ ਰੱਖਣ ਦਾ ਸ਼ੌਕੀਨ ਹੈ, ਮੈਂ ਇੱਕ ਦਿਨ ਉਸਨੂੰ ਕਿਹਾ ਕਿ ਤੂੰ ਇਹਨਾ ਨੂੰ ਗੁਲਾਮ ਬਣਾ ਕਿ ਰੱਖਿਆ ਹੈ, ਤੂੰ ਉਸਨੂੰ ਹੁਕਮ ਦਿੰਦਾ ਹੈਂ ਬੈਠ ਜਾ ਤੇ ਉਹ ਬੈਠ ਜਾਂਦਾ ਹੈ ਜੇ ਕਹਿੰਦਾ ਹੈਂ ਕਿ ਉਠ ਤੇ ਉਹ ਉਠ ਜਾਂਦਾ ਹੈ, ਇਹ ਤੇਰੀ ਹਉਮੇ ਦਾ ਪ੍ਰਗਟਾਵਾ ਹੁੰਦਾ ਹੈ ਦੂਜਿਆਂ ਸਾਹਮਣੇ। ਇਹ ਗੱਲ ਸੁਣ ਕੇ ਉਸਨੇ ਮੈਨੂੰ ਅੱਗੋਂ ਇਹ ਜਵਾਬ ਦਿੱਤਾ ''ਜੋ ਲੋਕ ਆਪ ਰੋਟੀ ਨੂੰ ਤਰਸਦੇ ਹੋਣ ਉਹ ਇਹ ਨਹੀ ਪਾਲ ਸਕਦੇ, ਸਗੋਂ ਲੋਕਾਂ ਨੂੰ ਦੇਖ ਕੇ ਸੜੀ ਜਾਣਗੇ‘‘ ਦੱਸੋ ਇਹ ਕੀ ਗੱਲ ਹੋਈ ਭਲਾ? ਮੇਰੇ ਖਿਆਲ ਵਿੱਚ ਕੁੱਤੇ ਪਾਲਣਾ ਕੋਈ ਜਾਨਵਰਾਂ ਪ੍ਰਤੀ ਪਿਆਰ ਨਹੀਂ ਦਰਸਾਉਂਦਾ ਸਗੋਂ ਅਮੀਰੀ ਦਾ ਦਿਖਾਵਾ, ਰਈਸਾਂ ਵਾਲੇ ਸ਼ੌਕਾਂ ਦਾ ਪ੍ਰਗਟਾਵਾ ਹੀ ਕਿਹਾ ਜਾ ਸਕਦਾ ਹੈ। ਅੱਜ ਵੀ ਹਜਾਰਾਂ ਲੋਕ ਬਿਨਾ ਛੱਤ ਦੇ ਆਪਣੀ ਜਿੰਦਗੀ ਬਸਰ ਕਰਨ ਲਈ ਮਜਬੂਰ ਨੇ, ਭਾਰਤ ਵਿੱਚ ਅਨੇਕਾਂ ਗਰੀਬ ਭੁੱਖੇ ਢਿੱਡ ਸੜਕਾਂ ਕਿਨਾਰੇ ਜਿੰਦਗੀ ਜੀਅ ਰਹੇ ਨੇ। ਅਫਰੀਕਾ ਵਰਗੇ ਕਈਂ ਦੇਸ ਕੁਪੋਸਨ ਦਾ ਸ਼ਿਕਾਰ ਨੇ, ਤੇ ਅਸੀਂ ਕੁੱਤਿਆਂ ਦੀ ਖੁਰਾਕ ਤੇ ਲੱਖਾ ਰੁਪੈ ਹਰ ਸਾਲ ਬਰਬਾਦ ਕਰ ਦਿੰਦੇ ਹਾਂ।
ਗਰੀਬ ਲੋਕ ਜੇਕਰ ਕੋਈ ਜਾਨਵਰ ਪਾਲ ਲੈਣ ਤਾਂ ਜਾਨਵਰ ਹੀ ਬੇਇਜਤੀ ਕਰੀ ਜਾਣਗੇ । ਇੱਕ ਵਾਰੀ ਕਿਸੇ ਗਰੀਬ ਨੇ ਤੋਤਾ ਪਾਲ ਲਿਆ, ਸ਼ਾਮ ਨੂੰ ਥੱਕ ਟੁੱਟ ਕੇ ਆਏ ਨੇ ਪੁਛਿਆ, ''ਗੰਗਾ ਰਾਮ ਚੂਰੀ ਖਾਣੀ ਏਂ‘‘ ਤੋਤੇ ਨੇ ਅੱਗੋਂ ਝੱਟ ਜਵਾਬ ਦਿੱਤਾ, ''ਸਾਲਿਆ ਕਦੀ ਆਪ ਖਾਧੀ ਊ‘‘ ਸੋ ਪੈਸੇ ਪ੍ਰਤੀ ਸਾਡੀ ਦੌੜ ਵੀ ਸਾਨੂੰ ਗੁਲਾਮ ਰੱਖਣ ਲਈ ਪ੍ਰੇਰਿਤ ਕਰਦੀ ਹੈ। ਅਸੀਂ ਸਾਰੇ ਹੀ ਚਾਹੁੰਦੇ ਹਾਂ ਸਾਡੇ ਨੋਕਰ ਚਾਕਰ ਹੋਣ ਜੋ ਹਰ ਵਕਤ ਸਾਡੀ ਟਹਿਲ ਸੇਵਾ ਵਿੱਚ ਲੱਗੇ ਰਹਿਣ ਅਤੇ ਜਦ ਕੋਈ ਸਾਡੇ ਘਰੇ ਆਏ ਅਸੀਂ ਉਹਨਾਂ ‘ਤੇ ਰੋਹਬ ਝਾੜ ਕੇ ਆਪਣੀ ਹੈਸੀਅਤ ਦਾ ਮੁਜਾਹਰਾ ਕਰ ਸਕੀਏ। ਇਹ ਸਭ ਕੁਝ ਸਾਡੀ ਬਿਮਾਰ ਸੋਚ ਅਤੇ ਮਾਨਸਿਕਤਾ ਦੇ ਕਾਰਨ ਹੀ ਹੈ।
ਲੋੜ ਹੈ ਆਪਣੇ ਆਪ ਨੂੰ ਬਦਲਣ ਦੀ, ਸਮਰਪਣ ਦੀ ਭਾਵਨਾ ਆਪਣੇ ਅੰਦਰ ਪੈਦਾ ਕਰਨ ਦੀ। ਨਿਮਰਤਾ ਬਿਨਾ ਅਸੀਂ ਚੰਗਾ ਵਿਵਹਾਰ ਨਹੀ ਕਰ ਸਕਦੇ। ਜੇਕਰ ਅਸੀ ਚਾਹੁੰਦੇ ਹਾਂ ਕਿ ਲੋਕ ਸਾਡੀ ਇੱਜਤ ਅਤੇ ਮਾਨ ਕਰਨ ਤਾਂ ਸਾਨੂੰ ਵੀ ਉਹਨਾਂ ਨੂੰ ਉਹਨਾਂ ਪ੍ਰਤੀ ਬਣਦਾ ਮਾਨ ਸਤਿਕਾਰ ਦੇਣਾ ਪਵੇਗਾ। ਭਾਵੇਂ ਕੋਈ ਗਰੀਬ ਹੋਵੇ ਜਾਂ ਅਮੀਰ ਸਾਰਿਆਂ ਨੂੰ ਸਿਰਫ ਇਨਸਾਨ ਸਮਝਣ ਵਾਲਾ ਆਦਮੀ ਕਦੀ ਗੁਲਾਮ ਨਹੀਂ ਹੋ ਸਕਦਾ ਅਤੇ ਨਾ ਹੀ ਕਦੀ ਗੁਲਾਮ ਰੱਖਣ ਦੀ ਸੋਚ ਸਕਦਾ ਹੈ। ਇਸ ਲਈ ਦ੍ਰਿੜ ਇਰਾਦੇ, ਨਰੋਈ ਸੋਚ, ਉਚੇ ਅਤੇ ਅਜ਼ਾਦ ਵਿਚਾਰਾਂ ਦੀ ਲੋੜ ਹੈ। ਜੇਕਰ ਅਸੀ ਚਾਹੁੰਦੇ ਆਂ ਕਿ ਸਾਡਾ ਮੁਲਕ ਫਿਰ ਤੋਂ ਸੋਨੇ ਦੀ ਚਿੜੀ ਕਹਿਲਾਏ ਤਾਂ ਇਸ ਵਿੱਚ ਸਾਨੂੰ ਵੀ ਤਾਂ ਕੁੱਝ ਸੋਨਾ ਲਾਉਣਾ ਪਵੇਗਾ ਨਾ.....! ਕੀ ਸਮਝੇ....?

*****

ਰੋਜ਼ੀ ਸਿੰਘ