Tuesday, September 16, 2008

ਕੰਧਾਂ ਤੇ ਦਿਲ ਦੀਆਂ.....!



ਬੰਬ ਫਟਿਆ, ਮਾਸ ਦੇ ਲੋਥੜੇ ਗਲੀਆਂ ਵਿੱਚ ਬਿਖਰ ਗਏ, ਚੀਕ ਚਿਹਾੜਾ, ਭਗਦੜ ਮੱਚੀ ਲੋਕ ਜਾਨਾਂ ਬਚਾਉਂਣ ਲਈ ਸੁਰੱਖਿਅਤ ਥਾਵਾਂ ਵੱਲ ਭੱਜੇ । ਇੱਕ ਹੋਰ ਬੰਬ ਫੱਟਿਆ, ਨਾਲੀਆਂ ‘ਚ ਵਹਿੰਦਾ ਪਾਣੀ ਲਾਲ ਰੰਗ ਵਿੱਚ ਬਦਲ ਗਿਆ, ਮਾਸੂਮ ਬਾਲਾਂ ਦੀਆਂ ਚੀਕਾਂ ਨਾਲ ਆਸਮਾਨ ਗੂੰਜ ਉਠਿਆ, ਦੂਜੇ ਪਾਸੇ ਇੱਕ ਹੋਰ ਬੰਬ ਫਟਿਆ, ਚੰਗੇ ਭਲੇ ਸੁੰਦਰ ਜੁੱਸੇ ਲੋਥਾਂ ‘ਚ ਤਬਦੀਲ ਹੋ ਗਏ । ਕਿਸੇ ਮਾਂ ਦੀ ਕੁੱਛੜੋਂ ਬਾਲ ਡਿੱਗ ਪਿਆ, ਕਿਸੇ ਪਿਓ ਦੀ ਉਂਗਲ ਨਾਲੋਂ ਮਾਸੂਮ ਧੀ ਵਿਛੜ ਗਈ। ਇੱਕ ਹੋਰ ਬੰਬ ਫਟਿਆ, ਤੇ ਭੀੜ ਵਾਲੇ ਇਲਾਕੇ ਵਿੱਚ ਇਨਸਾਨੀ ਜਿੰਦਗੀਆਂ ਦੇ ਚੀਥੜੇ ਹਵਾ ਵਿੱਚ ਉਠ ਗਏ। ਕਿਸੇ ਦਾ ਸੁਹਾਗ, ਕਿਸੇ ਦਾ ਬਾਪ, ਕਿਸੇ ਦਾ ਭਰਾ, ਕਿਸੇ ਦਾ ਪੁੱਤਰ, ਕਿਸੇ ਦਾ ਚਾਚਾ, ਲਹੂ ਵਿੱਚ ਲਥਪਥ ਜਮੀਨ ‘ਤੇ ਪਿਆ ਤੜਫਨ ਲੱਗਾ, ਹਸਪਤਾਲਾਂ ਵਿੱਚ ਜਖ਼ਮੀਆਂ ਦੀਆਂ ਟਾਹਰਾਂ ਸੁਣਾਈ ਦੇਣ ਲੱਗੀਆਂ, ਮੰਜਿਰ ਏਨਾ ਭਿਆਣਕ ਕਿ ਪੱਥਰ ਦਿਲ ਵੀ ਪਿਗਲ ਗਏ। ਸਰਕਾਰਾਂ ਵੱਲੋਂ ਮਰਨ ਵਾਲਿਆਂ ਨੂੰ 5–5 ਲੱਖ ਤੇ ਜਖ਼ਮੀਆਂ ਨੂੰ 1–1 ਲੱਖ ਰੁਪੈ ਦੇਣ ਦੀ ਖੋਸ਼ਣਾ ਕਰ ਦਿੱਤੀ ਗਈ, ਨੇਤਾ ਲੋਕ ਟੀ.ਵੀ ਚੈਨਲਾ ਦੇ ਮਾਇਕਾਂ ਪਿੱਛੇ ਮੂੰਹ ਛੁਪਾ ਕਿ ਦੋਸ਼ੀਆਂ ਨੂੰ ਸ਼ਖਤ ਸਜਾ ਦੇਣ ਦੇ ਖੋਖਲੇ ਜਿਹੇ ਦਾਅਵੇ ਕਰਕੇ ਬੁਲਿਟ ਪਰੂਫ਼ ਗੱਡੀਆਂ ਵਿੱਚ ਬੈਠ ਕਿ ਚਲੇ ਗਏ। ਪਰ ਇਹਨਾਂ ਬੰਬਾਂ ਨੇ ਕਿੰਨੇ ਲੋਕਾਂ ਦਾ ਕੀ ਕੁਝ ਨਹੀਂ ਸੀ ਖੋਅ ਲਿਆ….! ਕਿਸੇ ਨੂੰ ਕੀ ਖ਼ਬਰ ਏ। ਕੋਈ ਆਪਣੀ ਭੈਣ ਦੇ ਵਿਆਹ ਲਈ ਬਜਾਰ ਸਮਾਨ ਲੈਣ ਗਿਆ ਫਿਰ ਵਾਪਿਸ ਨਾ ਪਰਤਿਆ, ਕੋਈ ਮਾਂ ਆਪਣੇ ਪੁੱਤਰ ਲਈ ਦੁੱਧ ਦਾ ਪੈਕਟ ਲੈਣ ਗਈ ਲੋਥ ਬਣ ਗਈ। ਕੋਈ ਪੁੱਤਰ ਬਜੁਰਗ ਪਿਤਾ ਦੀਆਂ ਅੱਖਾਂ ਵਾਸਤੇ ਦਾਰੂ ਲੈਣ ਗਿਆ ਜਾਨ ਗਵਾ ਬੈਠਾ, ਤੇ ਕੋਈ ਆਪਣਾ ਘਰ ਚਲਾਉਣ ਲਈ ਕੰਮ/ਕਾਰ ਤੇ ਗਿਆ ਫਿਰ ਮੁੜ ਘਰ ਦੀ ਦਹਿਲੀਜੇ ਨਾ ਮੁੜਿਆ। ਪਲਾਂ ਵਿੱਚ ਹੀ ਸਭ ਕੁਝ ਤਬਾਹ ਹੋ ਗਿਆ ਸੀ। ਹਾਸਿਆਂ ਦੀ ਥਾਂ ਰੋਣਿਆਂ ਨੇ ਮੱਲ ਲਈ, ਜਿਹੜੇ ਘਰਾਂ ਵਿੱਚ ਸਗਨ ਮਨਾਏ ਜਾਣੇ ਸਨ ਉਥੇ ਮਕਾਣਾ ਆਣ ਢੁੱਕੀਆਂ। ਕਲੀਰਿਆਂ ਵਾਲੀਆਂ ਬਾਹਵਾਂ ਪਿੱਟ ਪਿੱਟ ਕੇ ਲੁਹਾਣ ਹੋ ਗਈਆਂ। ਹਾਏ…! ਰੱਬਾ ਇਹ ਕੀ ਹੋ ਗਿਆ । ਦਿਲ ‘ਚੋਂ ਇਹ ਹੌਕਾ ਨਿਕਲ ਕੇ ਫਿਜ਼ਾ ਵਿੱਚ ਫੈਲ ਗਿਆ।
ਕਿੰਨੇ ਬਣਾਇਆ ਏ ਇਹ ਮੌਤ ਦਾ ਸਮਾਨ ? ਕੌਣ ਨੇ ਇਹ ਬੰਬ ਚਲਾਉਂਣ ਵਾਲੇ ? ਕੀ ਇਹ ਕਿਸੇ ਦੇ ਪੁੱਤਰ ਨਈਂ ? ਕਿਸੇ ਦੇ ਭਰਾ ਨਈਂ ? ਕਿਸੇ ਦੇ ਸ਼ੌਹਰ ਨਈਂ ? ਬੇਦੋਸਿ਼ਆਂ ਨੂੰ ਮਾਰ ਕੇ ਕੀ ਲੱਭਾ ਇਹਨਾਂ ਪਾਪੀਆਂ ਨੂੰ ? ਆਪਣੇ ਜਿਗਰ ਦਾ ਟੁੱਕੜਾ ਗਵਾ ਚੁੱਕੀ ਕਿਸੇ ਮਾਂ ਦੇ ਦਿਲੋਂ ਅਜਿਹੇ ਅਨੇਕਾਂ ਸਵਾਲ ਉਚੀ ਅਵਾਜ਼ ਵਿੱਚ ਉਠਦੇ ਤੇ ਕੰਧਾਂ ਨਾਲ ਟਕਰਾ ਕਿ ਮੁੜ ਆਉਂਦੇ । ਕੌਣ ਦੇਵੇ ਝੱਲੀ ਦੇ ਸਵਾਲਾਂ ਦਾ ਜਵਾਬ….? ਕੌਣ ਸਮਝਾਵੇ ਅਭਾਗਣ ਨੂੰ ਕਿ ਜਵਾਬ ਤਾਂ ਕਿਸੇ ਕੋਲ ਹੈ ਈਂ ਨਈਂ ਏ…..! ਖੁਦਾ ਨੂੰ ਕਰੋੜਾਂ ਸਾਲ ਇਸ ਸਿ਼੍ਰਸ਼ਟੀ ਨੂੰ ਸਾਜਣ ਵਿੱਚ ਲੱਗੇ ਤੇ ਫਿਰ ਉਸਨੇ ਇਨਸਾਨ ਬਣਾਇਆ, ਪਰ ਇਨਸਾਨ ਨੂੰ ਹੈਵਾਨ ਬਣਨ ਵਿੱਚ ਕਿੰਨਾ ਥੋੜ੍ਹਾ ਸਮਾਂ ਲੱਗਾ ਏ ਕਿੰਨੀ ਹੈਰਾਨਗੀ ਦੀ ਗੱਲ ਏ। ਕੀ ਇਹ ਹੈਵਾਨ ਸਾਰੀ ਸਿ਼੍ਰਸ਼ਟੀ ਨੂੰ ਨਿਗਲ ਜਾਣਗੇ…? ਕੀ ਕੋਈ ਜਿੰਦਾ ਨਹੀਂ ਬਚੇਗਾ…? ਕੀ ਖਲਕਤ ਦਾ ਅੰਤ ਹੋਣ ਵਾਲਾ ਏ…?
ਗੱਲ ਸਿਰਫ ਜ਼ਜਬਾਤਾਂ ਦੀ ਨਈਂ, ਤੇ ਨਾ ਈ ਸਿਰਫ ਇਨਸਾਨੀ ਸੰਵੇਦਨਾ ਅਤੇ ਇਨਸਾਨੀ ਕਤਲੋਗਾਰਤ ਦੀ ਏ, ਸਗੋਂ ਅਸਲ ਸਵਾਲ ਤਾਂ ਇਹ ਵੇ ਬਈ ਅੱਤਵਾਦ ਦਾ ਇਹ ਖੂਨੀਂ ਦੈਂਤ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦਨਦਨਾਉਂਦਾ ਫਿਰਦੈ ਪਰ ਅਸੀਂ ਇਸਦੇ ਖਾਤਮੇ ਪ੍ਰਤੀ ਕਦੋਂ ਸੂਚੇਤ ਹੋਵਾਂਗੇ। ਦੁਨੀਆਂ ‘ਤੇ ਸਿਰਫ ਅਮਰੀਕਾ ਹੀ ਏ ਜੋ ਸੁਰੱਖਿਆ ਅਤੇ ਅੱਤਵਾਦ ਖਿਲਾਫ ਲੜਨ ਲਈ ਸਭ ਤੋਂ ਵੱਧ ਪੈਸੇ ਖਰਚਦੈ ਤੇ ਸਾਲ 2001 ਦੇ ਹਮਲੇ ਤੋਂ ਬਾਅਦ ਉਥੇ ਕੋਈ ਵੀ ਵੱਡੀ ਵਾਰਦਾਤ ਨਹੀਂ ਹੋਈ। ਦੂਜੇ ਨੰਬਰ ‘ਤੇ ਭਾਰਤ ਹੈ ਜੋ ਸੁਰੱਖਿਆ ਵਾਸਤੇ 51 ਹਜਾਰ ਕਰੋੜ ਰੁਪੈ ਹਰ ਸਾਲ ਖਰਚ ਰਿਹੈ, ਇਸਦੇ ਬਾਵਜੂਦ ਵੀ ਮਾਰਚ 2006 ਵਿੱਚ ਵਾਰਾਨਸੀ ਬੰਬ ਧਮਾਕਿਆਂ ਵਿੱਚ 20 ਜਾਨਾਂ ਗਈਆਂ ਤੇ ਸੈਂਕੜੇ ਜਖਮੀ ਹੋ ਗਏ, ਅਪ੍ਰੈਲ 2006 ਨੂੰ ਦਿੱਲੀ ਵਿੱਚ ਧਮਾਕੇ ਹੋ ਗਏ, ਜੁਲਾਈ 2006 ਨੂੰ ਮੁੰਬਈ ਵਿਖੇ ਟ੍ਰੇਨ ਵਿੱਚ ਧਮਾਕੇ ਹੋਏ ਜਿਥੇ 150 ਜਾਨਾਂ ਗਈਆਂ ਤੇ 300 ਤੋ ਵੱਧ ਜਖਮੀ ਹੋ ਗਏ, ਸਤੰਬਰ 2006 ਮਾਲੇਗਾਂਵ ਵਿੱਚ ਬੰਬ ਫਟ ਗਏ ਤੇ 40 ਲੋਕ ਜਾਨ ਤੋਂ ਹੱਥ ਧੋ ਬੈਠੇ, ਅਤੇ ਸੈਂਕੜੇ ਜਖਮੀ ਹੋ ਗਏ, ਫਰਵਰੀ 2007 ਵਿੱਚ ਸਮਝੌਤਾ ਐਕਸਪ੍ਰੈਸ ਬੰਬਾਂ ਦਾ ਸਿ਼ਕਾਰ ਹੋ ਗਈ ਜਿਸ ਵਿੱਚ 70 ਲੋਕ ਮਾਰੇ ਗਏ ਤੇ 132 ਤੋ ਵੱਧ ਜਖਮੀ ਹੋ ਗਏ ਅਗਸਤ 2007 ਨੂੰ ਹੈਦਰਬਾਦ ਵਿੱਚ 40 ਲੋਕ ਬੰਬਾਂ ਦਾ ਸਿ਼ਕਾਰ ਹੋ ਕਿ ਮੌਤ ਦੀ ਨੀਂਦ ਸਂੌ ਗਏ ਤੇ 50 ਲੋਕ ਜਖਮੀ ਹੋ ਗਏ, ਨਵੰਬਰ 2007 ਵਾਰਾਨਸੀ, ਲਖਨਾਊ ਵਿਖੇ ਬੰਬ ਫਟਿਆ ਜਿਸ ਵਿੱਚ 13 ਲੋਕ ਮਾਰੇ ਗਏ ਤੇ ਅਨੇਕਾਂ ਜਖਮੀ ਹੋ ਗਏ ਤੇ ਹੁਣ ਮਈ 2008 ਨੂੰ ਜੈਪੁਰ ਵਿਖੇ ਇਹ ਖੂਨੀ ਬੰਬ ਕਾਂਢ ਵਾਪਰ ਗਿਐ। ਕੀ ਇਹ 51 ਹਜਾਰ ਕਰੋੜ ਰੁਪੈ ਵਿਅਰਥ ਤਾਂ ਨਹੀਂ ਜਾ ਰਹੇ….? ਇਹ ਸੋਚਣ ਵਾਲੀ ਗੱਲ ਏ।
ਇਥੇ ਮੈਂ ਨਵੀਂ ਲਿਖੀ ਇੱਕ ਕਵਿਤਾ ਦਾ ਜਿਕਰ ਜਰੂਰ ਕਰਾਂਗਾ
ਮੈਂ ਸੁਣਿਆਂ ਸੀ,ਖੂਨ ਦਾ ਰੰਗ ਲਾਲ ਹੁੰਦਾ ਏ,
ਆਖਦੇ ਨੇ ਕੇ,
ਆਰ.ਬੀ.ਸੀ. ਸੈਲ ਖੂਨ ਨੂੰ ਸਫੇਦ ਨਈਂ ਹੋਣ ਦਿੰਦੇ
ਪਰ ਪਤਾ ਈ ਨਾ ਲੱਗਾ,
ਕਦ ਸਾਰੇ ਆਰ.ਬੀ.ਸੀ ਮਰ ਮੁੱਕ ਗਏ,
ਤੇ ਖੂਨ ਸਫੇਦ ਹੋ ਗਿਆ,
ਨਈਂ ਤੇ ਇਨਸਾਨ ਵੱਲੋਂ
ਕਦੀ ਮੰਦਿਰ, ਕਦੀ ਮਸਜਿਦ ਤੇ ਕਦੀ ਕਿਸੇ ਹੋਰ ਸ਼ੈਅ ਦੇ ਨਾਂ ਤੇ
ਇਨਸਾਨ ਦਾ ਡੋਲਿਆ ਖੂਨ ਨਜਰੀਂ ਨਾ ਆਉਂਦਾ।
ਸ਼ਾਇਦ ਹੁਣ ਖੂਨ ਹੰਝੂਆਂ ਜਿਹਾ ਏ,
ਜਿਸ ਦਾ ਕੋਈ ਰੰਗ ਨਹੀਂਜਿਸ ਨਾਲ ਕੋਈ ਆਪਣਾ ਦਰਦ ਨਹੀਂ ਲਿਖ ਸਕਦਾ,ਜਿਸ ਨਾਲ ਕੋਈ ਮਾਂ ਆਪਣੇ ਪੁੱਤਰ,
ਕੋਈ ਭੈਣ ਆਪਣੇ ਭਰਾ,
ਕੋਈ ਪਤਨੀ ਆਪਣੇ ਪਤੀ ਦੀ ਲਾਸ਼ ‘ਤੇ ਕੀਤੇ ਵਿਰਲਾਪ ਨਹੀਂ ਲਿਖ ਸਕਦੀ।
ਲਾਲ ਹਨੇਰੀ ਚੜੀ ਏ,
ਰੇਡੀਓ ਤੇ ਕਿਸੇ ਦੇ ਕਤਲ ਦੀ ਖ਼ਬ਼ਰ ਨਸ਼ਰ ਹੋਈ ਹੋਵੇਗੀ,
ਪਰ ਨਈਂ ਹੁਣ ਤਾਂ ਰੋਜ਼ ਅਖ਼ਬਾਰਾਂ ਵਿੱਚ,
ਕਿਸੇ ਨਾ ਕਿਸੇ ਦੇ ਕਤਲ ਦੀ ਖ਼ਬ਼ਰ ਹੁੰਦੀ ਏ
ਲਾਲ ਹਨੇਰੀ ਵੀ ਕੀ ਕਰੇ,
ਵਿਚਾਰੀ ਡਰ ਜਾਂਦੀ ਏ ਕਿ ਇਨਸਾਨ ਵਾਂਗ
ਕਿਤੇ ਕੋਈ ਉਸ ਦਾ ਵੀ ਕਤਲ ਨਾ ਕਰ ਦੇਵੇ
ਬੰਬ ਕਿਤੇ ਵੀ ਫਟੇ, ਚਾਹੇ ਉਹ ਦਿੱਲੀ ਏ ਤੇ ਚਾਹੇ ਜੈ–ਪੁਰ, ਇਕੋ ਜਿਹਾ ਦਰਦਨਾਖ ਦ੍ਰਿਸ਼ ਸਿਰਜ ਜਾਂਦਾ ਏ, ਕਿੰਨੇ ਦਿਲ ਵਲੂੰਦਰੇ ਜਾਂਦੇ ਨੇ। ਚੀਕਾਂ ਹੋਲੀ ਹੋਲੀ ਚੁੱਪ ਅਤੇ ਮਾਤਮ ਵਿੱਚ ਬਦਲ ਜਾਂਦੀਆਂ ਨੇ। ਲਾਚਾਰ ਲੋਕ ਇੱਕ ਵਾਰ ਫਿਰ ਤੋਂ ਜਿੰਦਗੀ ਜਿਉਂਣ ਦੀ ਕੋਸਿ਼ਸ਼ ਵਿੱਚ ਲੱਗ ਜਾਂਦੇ ਨੇ। ਕੀ ਸੱਚ ਮੁੱਚ ਖੂਨ ਸਫੇਦ ਹੋ ਗਿਆ ਏ…? ਅਖ਼ਬਾਰਾਂ ਦੇ ਸਫੇ ਰੋਜ਼ ਹਿੰਸਕ ਘਟਨਾਵਾਂ ਦੀਆਂ ਖ਼ਬ਼ਰਾਂ ਨਾਲ ਭਰੇ ਪਏ ਹੁੰਦੇ ਨੇ। ਪਿਆਰ, ਮੁਹੱਬਤ, ਮੋਹ, ਕਿਥੇ ਗਏ ਇਹ ਸਭ….? ਕਦੋਂ ਤੱਕ ਸਾਡੀਆਂ ਜਾਨਾਂ ਸੰਗੀਨਾਂ ਦੇ ਸਾਹੇ ਹੇਠ ਤੜਪਦੀਆਂ ਰਹਿਣਗੀਆਂ…?
ਇਤਿਹਾਸ ਗਵਾਹ ਹੈ ਕਿ ਭਾਰਤ ਨੇ ਆਪਣੇ ਅਸਤਿਤਵ ਨੂੰ ਬਚਾੳਂਣ ਲਈ ਬਹੁਤ ਸਾਰੀਆਂ ਜੰਗਾਂ ਲੜੀਆਂ ਤੇ ਡਾਢੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ। ਪਹਿਲਾਂ ਮੁਗਲਾਂ ਤੇ ਫਿਰ ਅੰਗਰੇਜਾਂ ਕੋਲੋ ਦੇਸ਼ ਨੂੰ ਅਜਾਦ ਕਰਵਾਇਆ। ਲੱਖਾਂ ਕੀਮਤੀ ਜਾਨਾਂ ਗਈਆਂ। ਪਰ ਦੇਸ਼ ਦੀ ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਕੋਈ ਨਾ ਤੋੜ ਸਕਿਆ। ਦੁਸ਼ਮਣਾ ਨੇ ਆਪਣੀ ਸਾਰੀ ਵਾਹ ਲਾ ਦਿੱਤੀ, ਜਾਤੀਵਾਦ, ਫਿਰਕਾਪਰਸਤੀ, ਸਮਾਜਿਕ ਊਚ–ਨੀਚ, ਨਕਸਲਵਾਦ, ਕੌਮਾਂ ਮਜਹਬਾਂ, ਬੋਲੀ/ਭਾਸ਼ਾ ਅਧਾਰਿਤ ਕਈਂ ਤਰ੍ਹਾਂ ਦੇ ਹੱਥ ਕੰਡੇ ਅਪਣਾਉਂਣ ਦੇ ਬਾਵਜੂਦ ਵੀ ਲੋਕਾਂ ਨੂੰ ਇੱਕ ਦੂਜੇ ਦੇ ਖਿਲਾਫ ਨਾ ਭੜਕਾ ਸਕੇ। ਇਹ ਸਾਡੇ ਦੇਸ਼ ਦੇ ਲੋਕਾਂ ਦੀ ਫਿਰਾਕਦਿਲੀ ਅਤੇ ਆਪਸੀ ਪਿਆਰ ਦੀ ਨਿਸਾਨੀ ਰਹੀ ਹੈ। ਪਰ ਕੀ ਸਾਡੀ ਇਹ ਫਿਰਾਕਦਿਲੀ ਕਿਤੇ ਸਾਡੀ ਕਮਜੋਰੀ ਤਾਂ ਨਹੀਂ ਬਣ ਗਈ….? ਅੱਤਵਾਦ ਦੀ ਹਨੇਰੀ ਰੁਕਣ ਦਾ ਨਾਮ ਨਹੀਂ ਲੈਂਦੀ ਪਈ… ਤੇ ਅਸੀ ਇਖਲਾਕ ਦਾ ਢੋਲ ਵਜਾਈ ਜਾਂਦੇ ਆਂ। ਸਾਡੀਆਂ ਭਾਈਚਾਰਕ ਸਾਂਝਾ, ਦਿਲੀ ਮੋਹ ਅਤੇ ਚੁੱਪ ਕਾਰਨ ਸਰਕਾਰਾਂ ਅਵੇਸਲੀਆਂ ਹੋਈਆਂ ਬੈਠੀਆਂ ਨੇ। ਕਦ ਬੰਦ ਹੋਏਗੀ ਇਹ ਖੂਨੀ ਖੇਡ….? ਕੀ ਅਸੀਂ ਹਮੇਸ਼ਾਂ ਬੰਬਾਂ ‘ਤੇ ਤੁਰਦੇ ਰਹਾਂਗੇ। ਜਰੂਰੀ ਨਹੀਂ ਕਿ ਅੱਜ ਜਿਥੇ ਅਸੀਂ ਬੈਠੇ ਆਂ ਉਹ ਥਾਂ ਸੁਰੱਖਿਅਤ ਹੋਵੇ। ਇਹ ਮੌਤ ਦਾ ਸਲੇਡਾ ਕਿਤੇ ਵੀ ਆ ਸਕਦੈ। ਜੇ ਅੱਜ ਕਿਸੇ ਦਾ ਘਰ ਤਬਾਹ ਹੋਇਐ ਤਾਂ ਕੱਲ ਨੂੰ…..! ਪਾਤਰ ਸਾਹਿਬ ਦੀ ਗਜ਼ਲ ਦੀਆਂ ਦੋ ਸਤਰਾਂ ਨੇ :
ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ
ਇਹ ਨਾ ਸਮਝ ਕੇ ਸ਼ਹਿਰ ਦੀ ਹਾਲਤ ਬੁਰੀ ਨਹੀਂ
ਸੋ ਜੇਕਰ ਅਸੀਂ ਅੱਜ ਤੰਨ–ਦਰੂਸਤ ਹਾਂ ਤਾਂ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਪੂਰੀ ਤਰ੍ਹਾਂ ਸੁਰੱਖਿਅਤ ਹਾਂ। ਅੱਤਵਾਦ ਦੇ ਖਾਤਮੇ ਲਈ ਅੱਜ ਪੂਰੀ ਦੁਨੀਆਂ ਨੂੰ ਅਤੇ ਹਰੇਕ ਮਨੁੱਖ ਨੂੰ ਇਮਾਦਾਰੀ ਤੇ ਦ੍ਰਿੜਤਾ ਨਾਲ ਸੋਚਣ ਦੀ ਲੋੜ ਹੈ। ਅਮਨ ਦੀ ਬਹਾਲੀ ਲਈ ਇੱਕ ‘ਅਮਨ ਕ੍ਰਾਂਤੀ’ ਦੀ ਜਰੂਰਤ ਹੈ, ਤਾਂ ਕਿ ਹਰ ਬਾਸਿ਼ਦਾ ਆਪਣੇ ਹਿੱਸੇ ਦੀ ਉਮਰ ਚਾਵਾਂ ਤੇ ਖੁਸ਼ੀਆਂ ਨਾਲ ਭੋਗ ਕੇ ਜਾਵੇ। ਇਸ ਵਾਸਤੇ ਸਾਨੂੰ ਹੀ ਪਹਿਲ ਕਰਨੀ ਪਵੇਗੀ। ਕਿਉਂ ਜੋ ਹਰੇਕ ਵੱਡੀ ਸ਼ੈਅ ਆਪਣੀ ਅਸਲ ਸਕਲ ਵਿੱਚ ਉਂਦੋ ਹੀ ਆਉਂਦੀ ਹੈ ਜਦ ਉਸਦੀ ਸ਼ੁਰੂਆਤ ਹੋਵੇ। ਆਸ ਦਾ ਦੀਪਕ ਜਗਦਾ ਰੱਖਣ ਲਈ ਹਵਾਵਾਂ ਨਾਲ ਸਮਝੋਤਾ ਨਹੀਂ ਹੁੰਦਾ, ਸਗੋਂ ਉਹਨਾਂ ਨਾਲ ਮੁਕਾਬਲਾ ਕਰਨਾ ਪੈਂਦੈ। ਆਓ ਅਸੀਂ ਵੀ ਦਿਲ ਦੀਆਂ ਕੰਧਾਂ ਤੇ ਮੁਹੱਬਤਾਂ ਦੇ ਦੀਪਕ ਬਾਲੀਏ ਤੇ ਦੁਆ ਕਰੀਏ ਕਿ ਸਾਡੀਆਂ ਆਸਾਂ ਦੇ ਬੂਟੇ ਨੂੰ ਖੁਸ਼ੀਆਂ ਦਾ ਬੂਰ ਪੈਂਦਾ ਰਹੇ …….!
ਕੰਧਾਂ ‘ਤੇ ਦਿਲ ਦੀਆਂ ਤੂੰ ਦੀਪ ਜਗਾ ਰੱਖੀਂ
ਨੈਣਾ ‘ਚ ਸੰਧਲੀ ਜਿਹੇ ਤੂੰ ਖ਼ਾਅਬ ਸਜਾ ਰੱਖੀਂ
ਤੂੰ ਹੀ ਬਦਲੇਂਗਾ ਇਹ ਫਿਜਾ ਜੋ ‘ਕਜ਼ਾ’ ਬਣੀ
ਰੌਸ਼ਨ ਮਿਨਾਰਾਂ ਨੂੰ ਤੂੰ ਦਿਲ ਵਿੱਚ ਵਸਾ ਰੱਖੀ।
ਅੱਲਾ ਅੱਗੇ ਇਹ ਦੁਆਵਾਂ ਵੀ ਕਰੀਏ ਕਿ ਇਹਨਾਂ ਆਤੰਕੀ ਅਤੇ ਭਟਕੇ ਹੋਏ ਇਨਸਾਨਾਂ, ਜਿਹੜੇ ਆਪਣੀ ਹਕੀਕੀ ਜਿੰਦਗੀ ਤੋਂ ਕੋਹਾਂ ਦੂਰ ਹੋਏ ਪਏ ਨੇ, ਨੂੰ ਤੌਫੀਕ ਅਦਾ ਫਰਮਾਏ ਤੇ ਉਹਨਾ ਦੇ ਮਨਾਂ ਵਿੱਚੋਂ ਕੁੜਿਤਨ ਤੇ ਜ਼ਹਿਰ ਨੂੰ ਮੁਕਾ ਕਿ ਇਨਸਾਨੀਅਤ ਪ੍ਰਤੀ ਮੋਹ ਪਿਆਰ, ਮੁਹੱਬਤ ਅਤੇ ਮਿਠਾਸ ਭਰ ਦੇਵੇ ਤੇ ਉਹਨਾਂ ਦੇ ਦਿਲਾਂ ਵਿੱਚ ਫਿਰ ਤੋਂ ਜਨਮ ਵੇਲੇ ਵਰਗੀ ਮਾਸੂਮੀਅਤ ਆ ਜਾਵੇ……..ਅਮੀਨ…….

No comments: