Tuesday, September 16, 2008

ਵਾਰਿਸ ਸ਼ਾਹ ਲੁਕਾਈਏ ਜੱਗ ਕੋਲੋਂ.......!


ਅਸਲ ਗੱਲ ਤੇ ਇਹ ਵੇ ਬਈ ਹਰ ਬੰਦਾ ਜਿਨੇ ਜੋਗਾ ਹੁੰਦੈ ਆਪਣਾ ਪੂਰਾ ਜੋਰ ਲਾ ਕੇ ਦੱਸ ਈ ਦਿੰਦੈ ਬਈ ਮੈਂ ਕਿੰਨੇ ਕੁ ਜੋਗਾ ਵਾਂ । ਇਹ ਗੱਲ ਕਿਸੇ ਇੱਕ ਰੱਬ ਦੇ ਬੰਦੇ 'ਤੇ ਨਹੀਂ ਢੁੱਕਦੀ ਸਗੋਂ ਸਾਰੀ ਖਲਕਤ ਇਸੇ ਈ ਚੱਕਰ ‘ਚ ਟੁਰੀ ਫਿਰਦੀ ਏ। ਦਰਅਸਲ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਤਾਂ ਜਾਨਵਰ ਵੀ ਆਪਣਾ ਪੂਰਾ ਜੋਰ ਲਾਈ ਰੱਖਦੇ ਨੇ, ਤੇ ਇਨਸਾਨ ਤਾਂ ਫਿਰ ਵੀ ਇਨਸਾਨ ਹੋਇਆ । ਆਪਣੀ ਹੋਂਦ ਬਣਾਈ ਰੱਖਣ ਵਾਸਤੇ ਦਿਖਾਵਾ ਜਰੂਰੀ ਵੀ ਤੇ ਹੈ ਨਾ। ਪਰ ਹਕੀਕਤ ਤਾਂ ਇਹ ਵੇ ਬਈ ਕਈਂ ਵਾਰੀ ਅਸੀਂ ਲੋਕਾਂ ਦੀ ਰੀਸੋ ਰੀਸ ਦਿਖਾਵੇ ਦੇ ਚੱਕਰ ਵਿੱਚ ਪੈ ਕੇ ਆਪਣਾ ਈ ਝੁੱਗਾ ਚੌੜ ਕਰਵਾ ਲੈਂਦੇ ਆਂ ਤੇ ਫਿਰ ਬੈਠ ਕੇ ਅਤੀਤ ਨੂੰ ਰੋਂਦੇ ਰਹਿੰਦੇ ਆਂ। ਸ਼ਾਦੀਆਂ ਪਾਰਟੀਆਂ ਅਤੇ ਹੋਰ ਕਈਂ ਪ੍ਰੋਗਰਾਮਾਂ ‘ਤੇ ਵਿੱਤੋਂ ਵੱਧ ਕੀਤਾ ਖਰਚਾ ਸਾਡੇ ਭਵਿੱਖ ਲਈ ਕਰਜੇ ਦਾ ਭਾਰੀ ਬੋਝ ਬਣ ਕੇ ਰਹਿ ਜਾਂਦਾ ਏ। ਕੁਝ ਘੰਟਿਆਂ ਵਿੱਚ ਕੀਤੇ ਲੱਖਾਂ ਦੇ ਖਰਚੇ ਕਰਕੇ ਮਹਿਜ ਕੁਝ ਚਿਰ ਦੀ ਖੁਸ਼ੀ ਅਤੇ ਲੋਕਾਂ ਦੀ ਵਾਹ ਵਾਹ ਤੇ ਨਸੀਬ ਹੋਂਦੀ ਹੀ ਏ ਪਰ ਸਾਲਾਂ ਦੀ ਚਿੰਤਾ ਵੀ ਸਾਡੇ ਅੰਦਰ ਕਿਧਰੇ ਲੁਕੀ ਰਹਿੰਦੀ ਏ। ਖੁਸ਼ਾਮਦ ਕਰਨ ਵਾਲੇ ਲੋਕ ਤਾਂ ਮੂੰਹ ਤੇ ਤਰੀਫ ਕਰੀ ਜਾਣਗੇ ਪਰ ਪਿੱਠ ਪਿਛੇ ਤੁਹਾਡੇ ਨੁਕਸ਼ ਕੱਢਣੋ ਕੋਈ ਗੁਰੇਜ ਨਹੀਂ ਕਰੇਗਾ, ਫਿਰ ਤੁਸੀਂ ਭਾਵੇਂ ਛੱਤੀ ਪਦਾਰਥ ਹੀ ਕਿਉਂ ਨਾ ਪਰੋਸੇ ਹੋਣ। ਸਿਆਣਿਆਂ ਨੇ ਕਿਹਾ ਹੈ ਕਿ ''ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਨੇ‘‘ ਪਰ ਅਜਿਹੇ ਵਕਤ ਵਿੱਚ ਪਤਾ ਈ ਨਹੀਂ ਲਗਦਾ ਕਿ ਚਾਦਰ ਦਾ ਆਖਰੀ ਸਿਰਾ ਹੈ ਕਿਥੇ ਵੇ।
ਖਰੈ! ਗੱਲ ਕਰ ਰਿਹਾ ਸੀ ਦਿਖਾਵੇ ਦੀ । ਕੁਝ ਹਾਲਤਾਂ ਵਿੱਚ ਥੋੜ੍ਹਾ ਬਹੁਤ ਦਿਖਾਵਾ ਕਰਨਾ ਜਾਇਜ ਮੰਨਿਆ ਜਾ ਸਕਦੈ ਪਰ ਹਰ ਥਾਂ ਹਰ ਸ਼ਖਸ਼ ਦੇ ਕੋਲ ਬਨਾਵਟੀ ਜਿਹੀਆਂ ਗੱਲਾਂ ਕਰੀ ਜਾਣੀਆਂ ਕਿਤੋਂ ਦੀ ਵੀ ਸਿਆਣਪ ਨਹੀਂ ਹੁੰਦੀ। ਕਈ ਲੋਕ ਬਹੁਤ ਸੋਹਣੇ ਤੇ ਸੁਨੱਖੇ ਹੁੰਦੇ ਨੇ ਤੇ ਸ਼ਾਇਦ ਉਹਨਾਂ ਨੂੰ ਆਪਣੇ ਰੂਪ ‘ਤੇ ਗੁਮਾਨ ਹੋ ਜਾਂਦੈ ਤੇ ਇਸੇ ਹੀ ਵਜ੍ਹਾ ਕਰਕੇ ਝੂਠੇ ਜਿਹੇ ਅਡੰਬਰ ਪਏ ਰਚਦੇ ਫਿਰਨਗੇ। ਪਰ ਅਸਲ ਖੂਬਸੂਰਤੀ ਦਾ ਪ੍ਰਮਾਣ ਤਾਂ ਉਂਦੋਂ ਮਿਲਦੈ ਜਦ ਬਿਨ੍ਹਾਂ ਕਿਸੇ ਝੂਠ ਦਾ ਸਹਾਰਾ ਲਏ ਅਤੇ ਬਿਨ੍ਹਾਂ ਕਿਸੇ ਬਨਾਉਟੀ ਰੰਗ ਦੇ ਵੀ ਲੋਕ ਤੁਹਾਡੇ ਕੋਲ ਢੁੱਕ-ਢੁੱਕ ਬਹਿਣ। ਤੁਸੀਂ ਕਈਂ ਵਾਰੀ ਦੇਖਿਆ ਹੋਵੇਗਾ ਕੇ ਕੁੜੀਆਂ ਅਤੇ ਔਰਤਾਂ ਨੇ ਸਿਆਲਾਂ ਦੇ ਦਿਨ੍ਹਾਂ ਵਿੱਚ ਵੀ ਵਿਆਹ ਸ਼ਾਦੀਆਂ ਉਤੇ ਬਿਨ੍ਹਾਂ ਬਾਹਵਾਂ ਦੀ ਲੰਡੀ ਜਿਹੀ ਕਮੀਜ ਪਾਈ ਹੁੰਦੀ ਏ ਤੇ ਗਲ ਵਿੱਚ ਸੋਨੇ ਦੇ (ਤੇ ਸ਼ਾਇਦ ਨਕਲੀ) ਠੰਡ ਨਾਲ ਠਰੇ ਹੋਏ ਅਣਗਿਣਤ ਗਹਿਣੇ। ਸਾਰਾ ਵਿਆਹ ਕੰਬ ਕੰਬ ਕੇ ਵੇਖ ਛੱਡਣਗੀਆਂ ਤੇ ਅਗਲੇ ਦਿਨ ਡਾਕਟਰ ਦੀ ਕਲੀਨਿਕ 'ਤੇ ਵੇਟਿੰਗ ਰੂਮ ਵਿੱਚ ਬੈਠੀਆਂ ਹੋਣਗੀਆਂ। ਬਸ ਗੱਲ ਤਾਂ ਆਪਣੇ ਗਹਿਣੇ ਤੇ ਸ਼ਾਇਦ ਓਸ ਸੁਹੱਪਣ ਨੂੰ ਦਿਖਾਉਣ ਦੀ ਸੀ ਜਿਹੜਾ ਕਿਸੇ ਦਿਖਾਵੇ ਦਾ ਮੁਥਾਜ਼ ਨਹੀਂ ਹੁੰਦਾ।
ਕਈ ਮਰਦਾਂ ਵਿੱਚ ਵੀ ਗਹਿਣੇ ਦਿਖਾਉਣ ਦੀ ਬੜੀ ਤੀਬਰ ਇੰਛਾ ਹੁੰਦੀ ਏ। ਕਈ ਭਲੇ ਪੁਰਸ਼ਾਂ ਨੇ ਤਾਂ ਕੋਟ ਪੈਂਟ ਅਤੇ ਟਾਈ ਲਗਾਈ ਹੁੰਦੀ ਏ, ਤੇ ਟਾਈ ਦੇ ਉਤੋਂ ਦੀ ਇੱਕ ਮੋਟੀ ਸਾਰੀ ਸੁਨਹਿਰੀ ਚੈਨ ਤੇ ਚੈਨ ਦੇ ਥੱਲ੍ਹੇ ਟਾਈ ਇੰਝ ਲਗਦੀ ਹੁੰਦੀ ਏ ਜਿਵੇ ਕੱਟੇ ਨੂੰ ਫਾਹਾ ਆਇਆ ਹੋਵੇ। ਓਏ ਭਲੇ ਮਾਨਸੋ ਜੇ ਚੈਨ ਈ ਦਿਖਾਉਂਣੀ ਏ ਤਾਂ ਟਾਈ ਕਾਹਤੋਂ ਲਾਉਣੀ ਹੋਈ। ਪਰ ਕੌਣ ਸਮਝਾਵੇ। ਹੱਥਾਂ ਦੀਆਂ ਪੰਜੇ ਉਂਗਲਾਂ ਵਿੱਚ ਤਾਂਤਰਿਕਾਂ ਵਾਂਗ ਛਾਪਾਂ ਛੱਲੇ ਪਾਏ ਹੋਣਗੇ ਤੇ ਫਿਰ ਉਹਨਾਂ ਨੂੰ ਦਿਖਾਉਣ ਲਈ ਜਾਂ ਤਾ ਬਾਰ ਬਾਰ ਆਪਣਾ ਰੁਮਾਲ ਥੱਲੇ ਸੁੱਟ ਕੇ ਚੁੱਕਦੇ ਰਹਿਣਗੇ ਤੇ ਜਾਂ ਫਿਰ ਪੈਨ ਨਾਲ ਟੇਬਲ ਤੇ ਲੀਕਾਂ ਮਾਰੀ ਜਾਣਗੇ ਤਾਂ ਕੇ ਸਾਹਮਣੇ ਬੈਠੇ ਸ਼ਖਸ਼ ਨੂੰ ਮੁੰਦਰੀਆਂ ਦਿਸਦੀਆਂ ਰਹਿਣ। ਇੱਕ ਵਾਰੀ ਕਿਸੇ ਬੰਦੇ ਨੇ ਸੋਨੇ ਦੀ ਮੁੰਦਰੀ ਬਣਵਾ ਲਈ, ਉਹ ਲੋਕਾਂ ਨੂੰ ਦਿਖਾਉਂਦਾ ਫਿਰੇ, ਪਰ ਕੋਈ ਖਾਸ ਧਿਆਨ ਨਾ ਦੇਵੇ ਉਸ ਨੂੰ ਗੁੱਸਾ ਚੜ੍ਹ ਗਿਆ ਤੇ ਉਸਨੇ ਆਪਣੇ ਘਰ ਨੂੰ ਅੱਗ ਲਗਾ ਦਿੱਤੀ। ਲੋਕ ਇਕੱਠੇ ਹੋ ਗਏ ਤੇ ਪੁੱਛਿਆ ਅੱਗ ਕਿਵੇਂ ਲੱਗੀ ਤਾਂ ਉਸਨੇ ਮੁੰਦਰੀ ਵਾਲੀ ਉਂਗਲੀ ਕਰਕੇ ਕਿਹਾ ''ਅੱਗ ਇਥੋਂ ਸ਼ੁਰੂ ਹੋਈ...‘‘ ਮੁੰਦਰੀ ਦੇਖ ਕੇ ਲੋਕਾਂ ਕਿਹਾ ''ਓਏ ਮੁੰਦਰੀ ਬੜੀ ਸੋਹਣੀ ਐਂ....‘‘ ਤਾਂ ਉਹ ਬੋਲਿਆ ਆਹੀ ਗੱਲ ਪਹਿਲਾਂ ਕਹਿ ਦਿੰਦੇ ਤਾਂ ਅੱਗ ਲਗਦੀ ਹੀ ਨਾ‘‘ ਗੱਲ ਇਥੇ ਈ ਖਤਮ ਨਹੀਂ ਹੁੰਦੀ ਸਗੋਂ ਕੁਝ ਲੋਕ ਤਾਂ ਇੰਝ ਦੇ ਵੀ ਹੁੰਦੇ ਨੇ ਜਿਨ੍ਹਾਂ ਕੋਲ ਕੁਝ ਨਹੀਂ ਹੁੰਦਾ ਪਰ ਗੱਲਾਂ ਇੰਝ ਕਰਦੇ ਨੇ ਕੇ ਅਗਲਾ ਬੰਦਾ ਹਿਪਨੋਟਾਇਜ ਹੋ ਜਾਂਦੈ। ਸਾਡੇ ਵਿੱਚੋਂ ਬਹੁਤਿਆਂ ਨੂੰ ਵਿਤੋਂ ਵੱਧ ਬੋਲਣ ਦੀ ਆਦਤ ਹੁੰਦੀ ਏ। ਤੇ ਇਸ ਆਦਤ ਤੋਂ ਮਜਬੂਰ ਕੁੱਝ ਲੋਕ ਹਮੇਸ਼ਾਂ ਇਸ ਤਰ੍ਹਾਂ ਦੇ ਮੌਕੇ ਦੀ ਤਲਾਸ਼ ਵਿੱਚ ਰਹਿੰਦੇ ਨੇ ਕੇ ਉਹ ਦੂਜਿਆਂ ਨੂੰ ਇਹ ਦੱਸ ਸਕਣ ਕਿ ਮੇਰੇ ਕੋਲ ਇਹ ਸ਼ੈਅ ਹੈਗੀ ਵੇ। ਇੰਝ ਹੀ ਇੱਕ ਬੰਦਾ ਆਪਣੇ ਦੋਸ਼ਤਾਂ ਨੂੰ ਇਹ ਦੱਸ ਰਿਹਾ ਸੀ ਕਿ ਓਸਦੇ ਘਰੇ ਸੱਪ ਆ ਗਿਆ। ਸੱਪ ਪਹਿਲਾਂ ਫਰਿਜ ਦੇ ਪਿਛੇ ਛੁਪ ਗਿਆ, ਓਥੋਂ ਕੱਢਿਆ ਤੇ ਏ.ਸੀ. ਵਿੱਚ ਵੜ੍ਹ ਗਿਆ। ਸੋਟੇ ਸਾਟੇ ਮਾਰੇ ਤੇ ਭੱਜ ਕੇ ਕੀਮਤੀ ਸੋਫੇ ਦੇ ਥੱਲ੍ਹੇ ਲੁਕ ਗਿਆ। ਸੋਫੇ ਥੱਲਿਓ ਨਿਕਲਿਆ ਤੇ ਬਾਹਰ ਵਰਾਂਡੇ ਵਿੱਚ ਖੜੀ ਨਵੀਂ ਕਾਰ ਦੇ ਥੱਲੇ ਫਿਰ ਟਰੈਕਟਰ ਥੱਲ੍ਹੇ ਤੇ ਫਿਰ ਬਾਹਰ ਖੇਤਾਂ ਵਿੱਚ। ਹੁਣ ਖੇਤ ਬਹੁਤ ਨੇ ਕਿਥੋਂ ਲੱਭਣਾ ਸੀ...! ਸੱਪ ਦੀ ਕਹਾਣੀ ਪਾ ਕੇ ਘਰ ਦਾ ਸਾਰਾ ਸਮਾਨ ਗਿਣਾ ਦਿੱਤਾ, ਬਈ ਘਰੇ ਆਹ ਕੁਝ ਹੈਗਾ। ਪਰ ਕਈ ਵਾਰੀ ਅਜਿਹੇ ਬੰਦਿਆਂ ਨੂੰ ਫਿਰ ਉਹਨਾਂ ਦੇ ਵੀ ਬਾਪ ਟੱਕਰ ਜਾਦੇ ਨੇ। ਇੱਕ ਵਾਰੀ ਇੱਕ ਬੰਦੇ ਨੂੰ ਇੱਕ ਕੁੱਤਾ ਮਿਲ ਗਿਆ, ਕੁੱਤੇ ਦੀ ਖਾਸੀਅਤ ਇਹ ਸੀ ਬਈ ਉਹ ਪਾਣੀ ਤੇ ਟੁਰ ਸਕਦਾ ਸੀ। ਹੁਣ ਬੰਦੇ ਨੇ ਸੋਚਿਆ ਕਿ ਆਪਣੇ ਯਾਰਾਂ ਦੋਸ਼ਤਾਂ ਨੂੰ ਦੱਸਦੇ ਆਂ ਬਈ ਮੇਰੇ ਕੋਲ ਕਰਾਮਾਤੀ ਕੁੱਤਾ ਵੇ। ਇੱਕ ਦਿਨ ਯਾਰਾਂ ਦੋਸਤਾਂ ਨੂੰ ਇਕੱਠੇ ਕਰਕੇ ਲੈ ਗਿਆ ਸ਼ਿਕਾਰ ਖੇਡਣ । ਝੀਲ ਵਿੱਚ ਕੁਝ ਬਖਤਾਂ ਤੈਰ ਰਹੀਆਂ ਸੀ ਉਸ ਨੇ ਗੋਲੀ ਮਾਰੀ ਤੇ ਬਖਤਾਂ ਮਾਰ ਦਿੱਤੀਆਂ ਤੇ ਕੁੱਤੇ ਨੂੰ ਕਿਹਾ ਚੱਕ ਕੇ ਲਿਆ, ਕੁੱਤਾ ਭੱਜਾ ਗਿਆ ਤੇ ਬਖਤਾਂ ਚੁੱਕ ਲਿਆਇਆ। ਇਹ ਸਭ ਕੁਝ ਦੇਖ ਕੇ ਵੀ ਸਾਰੇ ਦੋਸਤ ਚੁੱਪ ਰਹੇ । ਵਾਪਸੀ ਤੇ ਉਸ ਬੰਦੇ ਨੇ ਪੁਛਿਆ ਯਾਰ ਤੁਸੀ ਮੇਰੇ ਕੁੱਤੇ ਦੀ ਕੋਈ ਤਰੀਫ ਈ ਨਹੀਂ ਕੀਤੀ ਕੀ ਤੁਹਾਨੂੰ ਹੈਰਾਨੀ ਨਹੀਂ ਹੋਈ। ਤਾਂ ਵਿੱਚੋਂ ਇੱਕ ਬੰਦਾ ਬੋਲਿਆ ਕਿ ਤੇਰੇ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ। ਸੋ ਕਈ ਵਾਰੀ ਸਾਡੀਆਂ ਫਾਲਤੂ ਗੱਲਾਂ ਤੇ ਬੇਲੋੜਾ ਦਿਖਾਵਾ ਕਰਨ ਦੇ ਬਾਵਜੂਦ ਵੀ ਕੋਈ ਸਾਡੇ ਤੋਂ ਜਿਆਦਾ ਪ੍ਰਭਾਵਿਤ ਨਹੀਂ ਹੁੰਦਾ ਤੇ ਸ਼ਰਮਿੰਦਗੀ ਤੋਂ ਇਲਾਵਾ ਸਾਡੇ ਪੱਲੇ ਕੁਝ ਨਹੀਂ ਪੈਂਦਾ।
ਅਜਿਹੇ ਐਨ.ਆਰ.ਆਈ. ਵੀ ਵੇਖੇ ਨੇ ਜੋ ਸ਼ਖਤ ਮਿਹਨਤਾਂ ਕਰਕੇ ਆਪਣੇ ਵਤਨ ਤੋਂ ਦੂਰ ਰਹਿ ਕੇ ਵੀ ਆਪਣੀ ਜਨਮ ਭੋਂਏ ਨਾਲ ਜੁੜੇ ਰਹਿੰਦੇ ਨੇ ਤੇ ਸਮੇਂ-ਸਮੇਂ ਕੁਝ ਨਾ ਕੁਝ ਆਪਣੇ ਪਿੰਡਾਂ ਲਈ ਕਰਦੇ ਰਹਿੰਦੇ ਨੇ, ਤੇ ਦੂਜੇ ਪਾਸੇ ਅਜਿਹੇ ਵੀ ਵੇਖੇ ਨੇ ਜੋ ਬਾਹਰ ਭਾਵੇਂ ਸਵੀਪਰ ਦਾ ਕੰਮ ਕਰਦੇ ਹੋਣ ਪਰ ਵਤਨੀਂ ਆ ਕੇ ਨਖਰੇ ਕਰੀ ਜਾਣਗੇ। ਪੰਜਾਬੀ ਨੂੰ ਛੱਡ ਅੰਗਰੇਜੀ ਨੂੰ ਮੂੰਹ ਮਾਰਦੇ ਨੇ, ਨਲਕੇ ਦੇ ਪਾਣੀ ਨਾਲ ਬਿਮਾਰ ਹੋ ਜਾਣਗੇ ਤੇ ਮਿਨਰਲ ਵਾਟਰ ਦੀ ਮੰਗ ਕਰਨਗੇ। ਤੁਸੀਂ ਦੇਖ ਕੇ ਹੀ ਦੱਸ ਸਕਦੇ ਓ ਕਿ ਇਹ ਬੰਦਾ ਬਾਹਰੋਂ ਆਇਆ, ਇੰਝ ਦਾ ਹੁਲੀਆ ਬਣਾਇਆ ਹੁੰਦੈ। ਪਰ ਕੁਝ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਵੱਲ ਦੇਖ ਕੇ ਪਤਾ ਈ ਨਹੀਂ ਲਗਦਾ ਕਿ ਇਹ ਬੰਦਾ ਕਿੰਨਾ ਵੱਡਾ ਇਨਸਾਨ ਏ। ਅਸਲ ਗੱਲ ਤਾਂ ਇਹ ਵੇ ਬਈ ਜਿਨ੍ਹਾਂ ਲੋਕਾਂ ਦੇ ਪੱਲੇ ਗੁਣ ਹੁੰਦੇ ਨੇ ਉਹਨਾਂ ਨੂੰ ਕਿਸੇ ਰਸਮੀ ਜਾਣ ਪਹਿਚਾਣ ਦੀ ਲੋੜ ਹੀ ਨਹੀਂ ਪੈਦੀ ਅਤੇ ਉਹਨਾਂ ਲਈ ਰਾਹ ਆਪੇ ਬਣੀ ਜਾਂਦੇ ਨੇ ਤੇ ਜਿਨ੍ਹਾਂ ਦੇ ਪੱਲੇ ਖੋਟੇ ਸਿੱਕੇ ਹੁੰਦੇ ਨੇ ਉਹਨਾਂ ਨੂੰ ਵੀ ਲੋਕ ਚੰਗੀ ਤਰ੍ਹਾਂ ਪਹਿਚਾਣ ਲੈਂਦੇ ਨੇ। ਇਹ ਤਾਂ ਸਾਰੇ ਜਾਣਦੇ ਨੇ ਕਿ ਸਚਾਈ ਨੂੰ ਸਬੂਤਾਂ ਦੀ ਲੋੜ ਨਹੀਂ ਹੁੰਦੀ ਤੇ ਝੂਠ ਦੇ ਪੈਰ ਨਹੀਂ ਹੁੰਦੇ ਪਰ ਫਿਰ ਵੀ ਅਸੀਂ ਬਹੁਤੇ ਵਾਰੀ ਹਕੀਕਤ ਨੂੰ ਅੱਖੋਂ ਪਰੋਖੇ ਕਰਕੇ ਝੂਠ ਅਤੇ ਦਿਖਾਵੇ ਦਾ ਸਹਾਰਾ ਭਾਲਦੇ ਰਹਿੰਦੇ ਆਂ।
ਇਸ ਦੁਨੀਆਂ ‘ਤੇ ਅਜਿਹੇ ਬੰਦੇ ਵੀ ਨੇ ਜਿਨਾਂ ਕੋਲ ਕਾਇਨਾਤ ਦੀਆਂ ਸਾਰੀਆਂ ਸ਼ੈਵਾਂ ਨੇ ਤੇ ਖੁਦਾ ਨੇ ਉਹਨਾਂ ਨੂੰ ਸਾਰੀਆਂ ਨਿਆਮਤਾਂ ਨਾਲ ਨਿਵਾਜਿਆ ਏ । ਬਸ ਉਹਨਾਂ ਦੀ ਇਹੋ ਖਾਸੀਅਤ ਹੁੰਦੀ ਏ ਬਈ ਉਹ ਕਿਸੇ ਤਰ੍ਹਾਂ ਦਾ ਅਡੰਬਰ ਨਹੀਂ ਰਚਦੇ ਤੇ ਸਾਦਗੀ ਬਰਕਰਾਰ ਰੱਖਦੇ ਹੋਏ ਲੋੜਵੰਦ ਇਨਸਾਨਾਂ ਦੀ ਮਦਦ ਵੀ ਕਰਦੇ ਰਹਿੰਦੇ ਨੇ। ਭਾਵੇਂ ਕਿ ਸਾਡੇ ਕੋਲ ਲੱਖਾਂ ਸ਼ੈਵਾਂ ਹੋਣ ਪਰ ਅਸਲ ਸਕੂਨ ਤਾਂ ਉਦੋਂ ਮਿਲਦੈ ਜਦ ਕਿਸੇ ਨੂੰ ਦਿਖਾਏ ਬਿਨਾਂ ਲੋਕ ਜਾਣ ਲੈਣ ਕੇ ਕੋਣ ਕਿਥੇ ਖੜੈ...। ਕਹਿੰਦੇ ਨੇ ਕਿ 'ਢੱਕੀ ਰਿੱਝੇ ਤੇ ਕੋਈ ਨਾ ਬੁੱਝੇ‘ ਜੇ ਘਰੇ ਹਾਂਡੀ ਨਾ ਹੋਵੇ ਤਾਂ ਖਾਹ ਮੁਖਾਹ ਭਾਂਡੇ ਨਹੀਂ ਖੜਕਾਉਣੇ ਚਾਹੀਦੇ, ਚੁੱਪ ਕਰਕੇ ਗੰਢਾ ਭੰਨ ਕੇ ਰੋਟੀ ਖਾ, ਠੰਡਾ ਪਾਣੀ ਪੀ ਲੈਣਾ ਚਾਹੀਦੈ। ਜੋ ਚੀਜਾਂ ਜੱਗ ਜਾਹਿਰ ਹੋ ਜਾਂਦੀਆਂ ਨੇ ਉਹਨਾਂ ਦੀ ਕੀਮਤ ਘੱਟ ਜਾਂਦੀ ਏ ਤੇ ਜੋ ਮੁੱਠੀ ਵਿੱਚ ਬੰਦ ਹੋਣ ਉਹਨਾਂ ਪ੍ਰਤੀ ਹਮੇਸ਼ਾਂ ਉਤਸੁਕਤਾ ਬਣੀ ਰਹਿੰਦੀ ਏ। ਖਾਓ ਪੀਓ ਜੋ ਮਰਜੀ ਪਰ ਰੋਲਾ ਕਾਹਤੋਂ ਪਾਉਣਾ ਹੋਇਆ। ਵਾਰਿਸ ਸ਼ਾਹ ਜੀ ਹੁਣਾ ਐਵੇਂ ਤਾਂ ਨਹੀਂ ਕਿਹਾ ਹੋਣਾ :-ਵਾਰਿਸ਼ ਸ਼ਾਹ ਲੁਕਾਈਏ ਜੱਗ ਕੋਲੋ ਭਾਵੇਂ ਆਪਣਾ ਈ ਗੁੜ ਖਾਈਏ ਜੀ।

***
ਰੋਜੀ ਸਿੰਘ ਫਤਿਹਗੜ ਚੂੜੀਆਂ