Tuesday, September 16, 2008

ਰੂਹਾਂ ਦੇ ਰੰਗ

ਮੀਂਹ ਪੈਣ ਸਮੇ ਇੰਝ ਲਗਦਾ ਏ, ਜਿਵੇ ਰੱਬ ਖੁਸ਼ ਹੋ ਕੇ ਮੋਤੀ ਬਰਸਾ ਰਿਹਾ ਹੋਵੇ। ਮੀਂਹ ਨਾਲ ਧਰਤੀ ਦੀ ਰੂਹ ਧੋਤੀ ਜਾਂਦੀ ਹੈ। ਬਰਸਾਤ ਪਿਛੋਂ ਸ਼ਾਮ ਵੇਲੇ ਲਹਿੰਦੇ ਵੱਲ ਪਈ ਸਤਰੰਗੀ ਪੀਂਘ ਵੱਲ ਤੱਕ ਕੇ ਰੰਗਾਂ ਦੇ ਮਹੱਤਵ ਦਾ ਅਨੁਭਵ ਹੁੰਦਾ ਏ। ਰੰਗਾਂ ਨੂੰ ਮਾਨਣਾ ਹੋਵੇ ਤਾਂ ਵਰਖਾ ਰੁੱਤੇ ਬਾਗੀਂ ਨੱਚਦੇ ਮੋਰਾਂ ਨੂੰ ਤੱਕ ਕੇ ਵੇਖੋ, ਰੂਹ ਤ੍ਰਿਪਤ ਹੋ ਜਾਂਦੀ ਹੈ। ਰੰਗਾਂ ਤੋਂ ਬਿਨ੍ਹਾਂ ਹਯਾਤ ਬੇ–ਰੋਣਕ ਹੀ ਤਾਂ ਹੈ, ਰੰਗਾਂ ਨਾਲ ਖਲਕਤ ਰੰਗੀਨ ਤੇ ਹਸੀਨ ਪਈ ਲਗਦੀ ਏ। ਜੇਕਰ ਇਕ ਘੜੀ ਇਹ ਮੰਨ ਲਿਆ ਜਾਵੇ ਬਈ ਦੁਨੀਆਂ ਰੰਗਾਂ ਤੋਂ ਖਾਲੀ ਹੋ ਗਈ ਏ ਤਾਂ ਕਿੰਝ ਲੱਗੇਗਾ…..? ਰੰਗਾਂ ਨਾਲ ਜੀਵਨ ਭਰਿਆ ਭਰਿਆ ਦਿਸਦਾ ਏ……. ਤੇ ਇਹਨਾਂ ਤੋਂ ਬਗੈਰ ਜਿੰਦਗੀ ਅਸਲੋਂ ਖਾਲੀ ਬਣ ਕੇ ਰਹਿ ਜਾਂਦੀ ਏ। ਰੰਗ ਹਯਾਤੀ ਵਿੱਚ ਖੁਸ਼ੀਆਂ ਤੇ ਖੇੜੇ ਲੈ ਕੇ ਆਉਂਦੇ ਹਨ। ਰੰਗਾਂ ਨਾਲ ਜੀਵਨ ਦੀਆਂ ਖੁਸ਼ੀਆਂ ਤੇ ਗ਼ਮਾਂ ਦਾ ਮਾਪ ਲਾਇਆ ਜਾ ਸਕਦਾ ਏ। ਜੀਵਨ ਦੇ ਹਰ ਪੜਾ ਵਿੱਚ ਰੰਗਾਂ ਦਾ ਖਾਸ਼ ਰੁਤਬਾ ਹੁੰਦੈ।ਬਹਾਰ ਦੇ ਮੌਸਮ ਵਿੱਚ ਬਗੀਚੀ ਵਿੱਚ ਖਿੜੇ ਰੰਗ ਬਿਰੰਗੇ ਫੁੱਲਾਂ ਨੂੰ ਵੇਖ ਕੇ ਰੂਹ ਦਾ ਖੁਸ਼ ਹੋਣਾ ਯਕੀਨੀ ਹੈ। ਰੁਹਾਨੀ ਖੁਸ਼ੀ ਦਾ ਹੋਣਾ ਜਿੰਦਗੀ ਵਿੱਚ ਬਹਾਰ ਤੇ ਖੇੜੇ ਦੀ ਨਿਸ਼ਾਨੀ ਹੁੰਦੈ। ਬਾਹਰੀ ਖੁਸ਼ੀ ਨਾਲੋਂ ਰੂਹ ਅਤੇ ਮੰਨ ਦੀ ਖੁਸ਼ੀ ਜਿਆਦਾ ਮਹੱਤਵਪੂਰਨ ਹੈ। ਰੂਹ ਮੰਨ ਦੀਆਂ ਹੱਦਾਂ ਖਤਮ ਕਰਦੀ ਹੈ। ਰੂਹ ਦਾ ਖਿੜੇ ਰਹਿਣਾ ਕਿਸੇ ਪ੍ਰਾਪਤੀ ਤੋਂ ਘੱਟ ਨਹੀਂ। ਸੰਜੀਦਗੀ ਤੇ ਹੋਂਸਲਾ ਖੁਸ਼ੀ ਨੂੰ ਸਾਂਭ ਰੱਖਣ ਲਈ ਬਹੁਤ ਜਰੂਰੀ ਹਨ। ਅੰਤਰ–ਮਨ ਨੂੰ ਘੋਖਣਾ ਅਤੇ ਔਂਕੜਾਂ, ਮੁਸੀਬਤਾਂ ਵਿੱਚੋਂ ਗੁਜਰ ਕੇ ਰੂਹਾਂ ਦਾ ਅਨੂਭਵ ਕਰਨਾ ਜਿੰਦਗੀ ਦਾ ਅਸਲ ਹਾਂਸਿਲ ਹੈ। ਆਤਮ–ਗਿਆਨ, ਆਤਮ–ਅਨੁਭਵ ਤੋਂ ਬਿਨ੍ਹਾਂ ਹਯਾਤੀ ਦੇ ਰੰਗਾਂ ਨੂੰ ਮਾਣਿਆਂ ਨਹੀਂ ਜਾ ਸਕਦਾ। ਕੁਦਰਤ ਆਪਣੇ ਆਪ ਵਿੱਚ ਅਸੀਮ ਹੈ। ਇਸਦੇ ਰੰਗਾਂ ਦਾ ਕੋਈ ਅੰਤ ਨਹੀਂ ਏ, ਕੁਦਰਤ ਦੇ ਰੰਗਾਂ ਨੂੰ ਮਾਨਣਾ, ਰੂਹ ਲਈ ਨਿਰੋਈ ਖਰਾਕ ਵਾਂਗ ਹੈ। ਚੰਗਾ ਸੋਚਿਆਂ ਮਾੜਾ ਵਾਪਰ ਹੀ ਨਹੀਂ ਸਕਦਾ।ਆਪਣੇ ਆਪ ਨੂੰ ਜਿਆਦਾ ਸਵੈ ਕੇਂਦਰਤ ਜਾਂ ਅੰਤਰਮੁਖੀ ਕਰਨਾ ਹਯਾਤੀ ਵਿੱਚੋ ਗੁੰਮ ਜਾਣ ਦੇ ਬਰਾਬਰ ਹੈ ਅਤੇ ਜਿਆਦਾ ਬਾਹਰਮੁਖੀ ਹੋਣਾ ਆਪਣੇ ਆਪ ਤੋਂ ਭਟਕ ਜਾਣਾ ਜਾਂ ਗੁਆਚ ਜਾਣਾ ਹੈ। ਜੀਵਨ ਨੂੰ ਇਕਸਾਰ ਰੱਖਣਾ ਤੇ ਖੁਸ਼ੀਆਂ ਦੇ ਰੰਗਾਂ ਨੂੰ ਮਾਨਣਾ ਸੰਪੂਰਨਤਾ ਦਾ ਅਹਿਸਾਸ ਹੈ। ਦੁਨੀਆਂ ‘ਤੇ ਹਰ ਬੰਦੇ ਨੇ ਆਪਣੇ ਆਪ ਨੂੰ ਕਿਸੇ ਨਾ ਕਿਸੇ ਰੰਗ ਵਿੱਚ ਰੰਗ ਰੱਖਿਐ। ਕੁਝ ਲੋਕ ਦਿਆਲੂ ਤੇ ਖੁਸ਼ਤਬੀਅਤ ਦੇ ਮਾਲਕ ਹੁੰਦੇ ਹਨ ਅਤੇ ਕਿਸੇ ਦੀ ਤਰੱਕੀ ਨੂੰ ਵੇਖ ਕੇ ਸ਼ਲਾਘਾ ਅਤੇ ਤਰੀਫ ਕਰਦੇ, ਅਗਲੇ ਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਮਹਿਸੂਸ ਕਰਦੇ ਹਨ। ਇਹ ਤਾਂ ਹੀ ਸੰਭਵ ਹੈ ਜੇਕਰ ਸਾਡੇ ਸਰੀਰ ਅੰਦਰ ਇੱਕ ਨਿਰੋਈ ਰੂਹ ਮੌਜੂਦ ਹੋਵੇ। ਇਸਦੇ ਉਲਟ ਕੁਝ ਲੋਕ……….! ਜੀਵਨ ਵਿੱਚ ਚੰਗੇ ਵਿਚਾਰ ਚੰਗੇ ਪ੍ਰਭਾਵਾਂ ਵਿੱਚ ਵਾਧਾ ਕਰਦੇ ਹਨ, ਜਿਵੇਂ ਇੱਕ ਅਧਿਆਨ ਕਈਂ ਨਵੇਂ ਅਧਿਅਨਾ ਨੂੰ ਜਨਮ ਦਿੰਦਾ ਹੈ। ਉਸੇ ਤਰ੍ਹਾਂ ਇੱਕ ਚੰਗੀ ਜਾਂ ਮਾੜੀ ਸੋਚ ਹਜਾਰਾਂ ਹੋਰ ਚੰਗੀਆਂ ਜਾਂ ਮਾੜੀਆਂ ਸੋਚਾਂ ਦੇ ਦੁਆਰ ਸਾਡੀ ਕਿਸਮਤ ਲਈ ਖੋਲ ਦਿੰਦੀ ਹੈ।ਰੂਹ ਦਾ ਰੱਜ ਜਾਣਾ ਜੀਵਨ ਵਿੱਚ ਰੰਗਾਂ ਦੀ ਬਹੁਤਾਤ ਅਤੇ ਦਿਲ ਦੇ ਵਿਹੜੇ ਵਿੱਚ ਖਸ਼ੀਆਂ ਦੇ ਝੁਰਮਟ ਦੀ ਨਿਸ਼ਾਨਦੇਹੀ ਹੈ। ਰੱਬ ਦਾ ਅਹਿਸਾਸ ਸਾਨੂੰ ਡਰ ਦੇ ਹਲਾਤਾਂ ਵੇਲੇ ਹੁੰਦਾ ਹੈ। ਭਾਵੇਂ ਕਿ ਦੁਨੀਆਵੀ ਤੋਰ ਤੇ ਅਸੀਂ ਕਿੰਨੇ ਵੀ ਤਾਕਤਵਰ ਕਿਉਂ ਨਾ ਹੋਈਏ, ਪਰ ਸਾਡੇ ਆਪਣੇ ਵੱਲੋ ਪੈਦਾ ਕੀਤੀਆਂ ਪ੍ਰਸਥਿਤੀਆਂ ਕਾਰਨ ਅਸੀਂ ਬਹੁਤੇ ਵਾਰੀ ਆਪਣੇ ਪਰਛਾਵੇਂ ਤੋਂ ਵੀ ਡਰ ਜਾਂਦੇ ਹਾਂ। ਮੰਨ ਦਾ ਕੰਬਣਾ ਮੌਤ ਵਰਗੇ ਡਰ ਕਾਰਨ ਹੁੰਦਾ ਹੈ। ਮੌਤ ਅਟੱਲ ਸਚਾਈ ਹੈ, ਪਰ ਇਸਦਾ ਭੈਅ ਸਾਡੀਆਂ ਨਸ਼ਾਂ ਵਿੱਚ ਵੱਸਿਆ ਰਹਿੰਦਾ ਹੈ। ਇਨਸ਼ਾਨ ਆਪਣੀ ਹਿਫ਼ਾਜਤ ਲਈ ਜਿੰਨੀਆਂ ਉਚੀਆਂ ਸੁਰੱਖਿਆ ਦੀਆਂ ਦੀਵਾਰਾਂ ਖੜੀਆਂ ਕਰੀ ਜਾ ਰਿਹੈ, ਓਨਾ ਹੀ ਉਹ ਕੈਦੀ ਬਣ ਕੇ ਰਹਿ ਗਿਆ ਹੈ। ਨਾਕਾਰਾਤਮਕ ਵਿਚਾਰ ਹੀ ਡਰ ਦੇ ਹਲਾਤ ਪੈਦਾ ਕਰਦੇ ਹਨ। ਸੁਚੱਜੇ ਵਿਚਾਰ ਕਦੀ ਡਰ ਦਾ ਕਾਰਨ ਨਹੀਂ ਬਣਦੇ। ਡਰ ਨੂੰ ਖਤਮ ਕਰਨਾ ਹੈ ਤਾਂ ਆਪਣੇ ਆਪ ਤੋਂ ਬਚਣਾ ਪਵੇਗਾ। ਰੱਬ ਨੂੰ ਮੰਨਣ ਵਾਲਾ ਸ਼ਖਸ਼ ਉਸ ਰੱਬ ਨੂੰ ਬਾਹਰ ਭਾਲਦਾ ਹੈ, ਪਰ ਉਹ ਹੁੰਦਾਂ ਉਸਦੇ ਅੰਦਰ ਹੀ ਹੈ। ਇਸੇ ਤਰ੍ਹਾਂ ਅਸੀਂ ਬਾਹਰਲੇ ਡਰ ਤਂੋ ਡਰਦੇ ਹਾਂ ਜਦ ਕਿ ਅਸਲ ਡਰ ਸਾਡੇ ਅੰਦਰ ਹੁੰਦਾ ਹੈ। ਜੇਕਰ ਅਸੀਂ ਆਸ਼ਾਵਾਦੀ ਹਾਂ ਤਾਂ ਅਸੀਂ ਰੂਹਾਨੀ ਵੀ ਹਾਂ ਅਤੇ ਸਾਡੀ ਰੂਹ ਸਾਡੇ ਆਪਣੇ ਆਪ ਵਿੱਚੋਂ ਝਲਕਦੀ ਹੈ। ਰੂਹਾਨੀ ਖੁਸ਼ੀ ਵਾਸਤੇ ਅਜ਼ਾਦ ਫਿ਼ਜਾਵਾਂ ਵਿੱਚੋਂ ਲੰਘਣਾ ਬੇਹੱਦ ਲਾਜਮੀ ਹੈ। ਮੌਸਮਾਂ ਦੀ ਰੰਗੀਨੀ ਅਤੇ ਬਰਸਾਤ ਦਾ ਅਨੰਦ ਮੀਂਹ ਵਿੱਚ ਭਿੱਜ ਕੇ ਹੀ ਲਿਆ ਜਾ ਸਕਦਾ ਹੈ। ਸੰਗਮਰਮਰ ਦੇ ਫ਼ਰਸ ‘ਤੇ ਬੈਠ ਕੇ, ਤਾਜ਼ੀ ਵਾਹੀ ਪ਼ੈਲ਼ੀ ਦੀ ਖੁਸ਼ਬੂ ਦਾ ਅਨੁਭਵ ਕਰਨਾ ਰੂਹ ਨੂੰ ਧੋਖਾ ਦੇਣਾ ਹੈ। ਧੁੱਪ, ਛਾਂ ਵਿਚਲਾ ਫ਼ਰਕ ਘਰੋਂ ਬਾਹਰ ਨਿਕਲ ਕੇ ਹੀ ਜਾਣਿਆਂ ਜਾ ਸਕਦਾ ਹੈ। ਇਸੇ ਤਰ੍ਹਾਂ ਸੰਗੀਤ ਰੂਹ ਦੀਆਂ ਤਰੰਗਾਂ ਨੂੰ ਛੇੜਨ ਦਾ ਸੌਖਾ ਜਿਹਾ ਜ਼ਰੀਆ ਹੈ। ਸੰਗੀਤ ਦੀਆਂ ਧੁੰਨਾ ਮਾਹੌਲ ਨੂੰ ਸ਼ੋਖ ਤੇ ਰੰਗੀਨ ਬਣਾ ਦਿੰਦੀਆਂ ਹਨ। ਸੰਜੀਦਾ ਮੌਸੀਕੀ ਰੂਹਾਨੀਅਤ ਦਾ ਧਰਾਤਲ ਬਣਦੀ ਹੈ, ਜਦਕਿ ਤੇਜ ਧੁੰਨਾ ਜਿਦੰਗੀ ਦੇ ਹਕੀਕੀ ਰਕਸ ਨੂੰ ਮਾਨਣ ਦਾ ਅਰਥ….।ਰੁੱਤਾਂ ਦਾ ਤਬਾਦਲਾ ਜਿੰਦਗੀ ਵਿੱਚ ਬਦਲਾਅ ਦਾ ਅਹਿਸਾਸ ਦਵਾਉਂਦਾ ਹੈ। ਰੁਕੇ ਰਹਿਣਾ ਜਾਂ ਅਟਕ ਜਾਣ ਤੋਂ ਭਾਵ ਓਸ ਮਰੀਜ ਤੋਂ ਲਿਆ ਜਾ ਸਕਦਾ ਹੈ ਜੋ ‘ਕੋਮਾ’ ਵਿੱਚ ਚਲਾ ਜਾਂਦਾ ਹੈ। ਨਿਰੰਤਰ ਟੁਰਨਾ ਤੇ ਟੁਰਦੇ ਰਹਿਣਾ ਹੀ ਕੁਦਰਤ ਅਤੇ ਹਯਾਤ ਦਾ ਅਸਲ ਅਸੂਲ ਹੈ। ਹਰ ਮੌਸਮ ਦਾ ਆਪਣਾ ਰੰਗ ਏ, ਤੇ ਹਰ ਨਵਾਂ ਦਿਨ ਨਵੀਆਂ ਉਮੰਗਾਂ ਲੈ ਕੇ ਆਉਂਦੈ। ਸੰਭਾਵਨਾਵਾਂ ਕੁਦਰਤ ਦੇ ਰੰਗ ਵਿੱਚ ਰੰਗਿਆਂ ਹੀ ਆਪਣਾ ਅਮਲ ਫੜਦੀਆਂ ਹਨ। ਜਿੰਦਗੀ ਦੇ ਉਤਾਰ ਚੜਾਓ ਨਵੇਂ ਦਿਨ ਅਤੇ ਨਵੀਂ ਰਾਤ ਦੀਆਂ ਨਿਸ਼ਾਨੀਆਂ ਹਨ। ਸੂਰਜ ਦਾ ਡੁੱਬਣਾ ਨਵੇਂ ਸਵੇਰੇ ਦੀ ਆਮਦ ਦਾ ਸੁਨੇਹਾ ਹੈ। ਹਰ ਰਾਤ ਨਵੇਂ ਨਿਕੋਰ ਦਿਨ ਦੀਆਂ ਸੰਭਾਵਨਾਵਾ ਦੀ ਹਾਮੀ ਭਰਦੀ ਹੈ। ਅਲੱਗ–ਅਲੱਗ ਰੰਗਾਂ ਦੇ ਸੁਮੇਲ ਨਾਲ ਹੀ ਨਵੇਂ ਰੰਗ ਪੈਦਾ ਹੁੰਦੇ ਹਨ। ਉਸੇ ਤਰ੍ਹਾਂ ਤੁਰਦੇ ਰਹਿਣ ਨਾਲ ਹੀ ਜਿੰਦਗੀ ਦਾ ਨਵੇਂ ਰੰਗਾ ਨਾਲ ਮਿਲਾਪ ਹੁੰਦਾ ਹੈ। ਰੁਕੀ ਹੋਈ ਜਿੰਦਗੀ ਬੇ–ਰੰਗ ਤੇ ਅਹਿਸਾਸ ਹੀਣ ਹੋ ਕਿ ਰੰਗੀਨੀਆਂ ਅਤੇ ਹਾਸਿਆਂ ਤੋਂ ਵਾਂਝੀ ਰਹਿ ਜਾਂਦੀ ਹੈ। ਦੁਨੀਆਂ ‘ਤੇ ਇਕੋ ਜਿਹੀਆਂ ਰੂਹਾਂ ਦਾ ਮਿਲਣਾ ਪ੍ਰਮਾਤਮਾ ਵੱਲੋਂ ਬਖਸ਼ੀ ਖਾਸ ਸੌਗਾਤ ਵਾਂਗ ਹੈ। ਕੁਝ ਲੋਕਾਂ ਨੂੰ ਮਿਲ ਕੇ ਇੰਝ ਲਗਦੈ ਜਿਵੇਂ ਉਹਨਾਂ ਨਾਲ ਸਦੀਆਂ ਦੀ ਕੋਈ ਦਿਲੀ ਸਾਂਝ ਹੋਵੇ, ਤੇ ਬਾਰ ਬਾਰ ਦਿਲ ਉਹਨਾਂ ਨੂੰ ਮਿਲਣ ਲਈ ਉਤਾਵਲਾ ਜਿਹਾ ਜਾਪਦੈ। ਪਰ ਕੁਝ ਲੋਕ ਅਜਿਹੇ ਵੀ ਮਿਲਦੇ ਨੇ ਜਿਨ੍ਹਾਂ ਕੋਲ ਕੁੜੱਤਨ ਤੋਂ ਇਲਾਵਾ ਕੁਝ ਵੀ ਨਹੀਂ ਮਿਲਦਾ। ਜਿਨ੍ਹਾਂ ਲੋਕਾਂ ਦੀ ਜਿੰਦਗੀ ਰੰਗਾਂ ਦੇ ਝੁਰਮਟ ਤੋਂ ਸੱਖਣੀ ਰਹਿ ਜਾਂਦੀ ਏ ਉਹਨਾਂ ਦੀ ਰੂਹ ਕਦੀ ਤਰਿਪਤ ਨਹੀਂ ਹੁੰਦੀ। ਹਯਾਤੀ ਦਾ ਅਸਲ ਮੁਕਾਮ ਉਹ ਹੁੰਦੈ ਜਿਥੇ ਜਾ ਕੇ ਰੂਹ ਨੂੰ ਸ਼ਾਂਤੀ ਮਿਲ ਜਾਵੇ……, ਜਿਥੇ ਰੋਸ਼ਨੀ ਦੀਆਂ ਪਰੀਆਂ ਦਾ ਝੁਰਮਟ ਪਿਆ ਨਜ਼ਰੀਂ ਆਵੇ….., ਜਿਥੇ ਜਿਸਮਾਂ ਦੀਆਂ ਦੀਵਾਰਾਂ ਢਹਿ ਢੇਰੀ ਹੋ ਜਾਣ……, ਜਿਥੇ ਨਫਰਤ ਦਾ ਖਾਤਮਾ ਹੋ ਜਾਵੇ…., ਜਿਥੇ ਪਿਆਰ ਦੇ ਅੰਕੁਰ ਪਏ ਫੁੱਟਦੇ ਹੋਣ……!ਸੂਰਜ਼ ਦਾ ਚੜਨਾ, ਸ਼ਾਮ ਦਾ ਢਲਣਾ, ਹਵਾਵਾਂ ਦੀ ਸ਼ਰਸ਼ਰਾਹਟ, ਪਹਾੜਾ ਦੀਆਂ ਢਲਾਣਾ ਤੋਂ ਡਿਗਦੇ ਝਰਨਿਆਂ ਦੀ ਕਲ ਕਲ, ਟਿਕੀ ਹੋਈ ਰਾਤ ਵੇਲੇ ਤਾਰਿਆਂ ਭਰਿਆ ਅਕਾਸ਼, ਬੱਦਲਾ ਦਾ ਵਰਨਾ, ਲੌਡੇ ਵੇਲੇ ਲਹਿੰਦੇ ਵੱਲੋਂ ਪਰਤਦੀਆਂ ਕੂਜਾਂ ਦੀਆਂ ਡਾਰਾਂ, ਕੁਦਰਤ ਦੇ ਅਸੀਮ ਨਜ਼ਾਰਿਆਂ ਦੀ ਇੱਕ ਛੋਟੀ ਜਿਹੀ ਝਲਕ ਹੈ। ਰਾਤ ਦੀਆਂ ਡੂੰਘਾਈਆਂ ਨੂੰ ਮਾਨਣਾ, ਜਿੰਦਗੀ ਵਿੱਚ ਜੰਗਲ ਦੇ ਸ਼ਾਂਤ ਵਾਤਾਵਰਨ ਦੀ ਚੁੱਪ, ਝਰਨਿਆਂ ਦਾ ਸੰਗੀਤ, ਜਿੰਦਗੀ ਦੇ ਰੰਗਾ ਦੇ ਪ੍ਰਤੀ ਵੱਖ ਵੱਖ ਪਹਿਲੂਆਂ ਦੀ ਸਵੇਦਨਸ਼ੀਲ ਪਹੁੰਚ ਨੂੰ ਦਰਸਾਉਦਾ ਹੈ। ਪਹਾੜਾਂ ਦੀਆਂ ਪਗਡੰਡੀਆਂ ‘ਤੇ ਇਕੱਲੇ ਤੁਰਨਾ, ਫਿਰ ਥੱਕ ਜਾਣਾ, ਬੈਠ ਜਾਣਾ, ਅਪਣੇ ਆਪ ਨੂੰ ਤਰੋ ਤਾਜਾ ਕਰਨਾ, ਫਿਰ ਸਫ਼ਰ ‘ਤੇ ਨਿਕਲਣਾ, ਆਪਣੇ ਆਪ ਨੂੰ ਖੋਜਣਾ, ਮਾਨਣਾ, ਆਪਣੇ ਰੰਗਾਂ ਨੂੰ ਉਭਾਰਨਾ, ਰੂਹ ਦੇ ਰੰਗਾਂ ਵਿੱਚ ਰੰਗਣਾ ਹੀ ਅਸਲ ਹਕੀਕਤ ਹੈ। ਰੰਗ ਭਾਵੇਂ ਇੱਕ ਦ੍ਰਿਸਟੀ ਹੀ ਹਨ, ਪਰ ਇਹ ਦ੍ਰਿਸਟੀ ਹੀ ਰੂਹ ਦੇ ਰੰਗਾਂ ਦੀ ਡੂੰਘਾਈ ਹੈ। ਰੰਗਾਂ ਵਿੱਚ ਰੂਹ ਨੂੰ ਰੰਗਣ ਲਈ, ਨਿਰੋਈ ਸੋਚ ਅਤੇ ਸਵੱਛ ਹਿਰਦੇ ਦੀ ਡਾਢੀ ਲੋੜ ਹੁੰਦੀ ਏ। ਰੂਹ ਨੂੰ ਰੰਗਣ ਲਈ ਸਾਧਨਾ ਦੀ ਕਸੌਟੀ ਵਿਚੋਂ ਗੁਜਰਨਾ ਪੈਂਦਾ ਏ, ਇਹ ਕਿਸੇ ਲਲਾਰੀ ਦੁਆਰਾ ਨਹੀ ਰੰਗਾਈ ਜਾ ਸਕਦੀ। ਦੁਨੀਆਂ ਦੇ ਅਨੇਕ ਰੰਗਾਂ ਵਿਚੋਂ ਹਰ ਬੰਦੇ ਦੇ ਮੇਚ ਦਾ ਇੱਕ ਰੰਗ ਹੁੰਦੈ…..! ਪਰ ਸਾਡੀ ਸਾਰੀ ਉਮਰ ਇਸੇ ਇੱਕ ਰੰਗ ਨੂੰ ਛੱਡ ਬਾਕੀ ਸਾਰੇ ਰੰਗਾਂ ਨੂੰ ਅਪਨਾਉਂਣ ਵਿੱਚ ਗਵਾਚ ਜਾਂਦੀ ਏ, ਇਸ ਭਟਕਣ ਵਿੱਚ ਸਾਡੇ ਹਿੱਸੇ ਆਇਆ ਰੰਗ ਕਦੋਂ ਫਿਕਾ ਪੈ ਜਾਂਦੈ ਪਤਾ ਈ ਨਹੀਂ ਲਗਦਾ। ਦਰਅਸਲ ਅਸੀਂ ਹਕੀਕਤ ਵਿੱਚ ਉਹ ਨਹੀਂ ਹੁੰਦੇ ਜੋ ਦਿਸਦੇ ਆਂ, ਸਗੋਂ ਸਾਡੇ ਅੰਦਰ ਕੁਝ ਹੋਰ ਹੁੰਦੈ ਜੋ ਦਿਸਦਾ ਨਹੀਂ…. ਜਿਦੰਗੀ ਦੇ ਰੰਗਾਂ ਨੂੰ ਮਾਨਣਾ ਕਿਸੇ ਕਿਸੇ ਦੀ ਤਕਦੀਰ ਵਿੱਚ ਹੁੰਦੈ…… ਤੇ ਸਾਰੇ ਰੰਗ ਹਰੇਕ ਦੇ ……….? ਜੇਕਰ ਰੂਹ ਜਿੰਦਗੀ ਦਾ ਚਾਨਣ ਮੁਨਾਰਾ ਹੈ, ਤਾਂ ਰੰਗ ਚਾਨਣ ਦਾ ਅੰਸ਼, ਜੇ ਰੂਹ ਕਾਇਨਾਤ ਦੀ ਸ਼ਾਖ ਹੈ, ਤਾਂ ਰੰਗ ਕਾਇਨਾਤ ਦੀ ਅਸਲੀਅਤ, ਜੇ ਰੂਹ ਰੱਬ ਦਾ ਰੂਪ ਹੈ ਤਾਂ ਰੰਗ ਕੁਦਰਤ ਦਾ ਹਿੱਸਾ। ਜੇ ਰੰਗ ਜਿੰਦਗੀ ਦਾ ਹੁਸਨ ਹਨ ਤਾਂ ਰੂਹ……..?

No comments: