Tuesday, September 16, 2008

ਗੁਲਾਮ ਅਤੇ ਗੁਲਾਮੀ (ਲੇਖ)

ਗੁਲਾਮੀ ਇੱਕ ਅਜਿਹਾ ਸ਼ਬਦ ਹੈ ਜਿਸ ਬਾਰੇ ਸੋਚਦਿਆਂ ਆਪਣੇ ਆਪ ਨੂੰ ਬੋਝ ਥੱਲੇ ਦੱਬਿਆਂ ਮਹਿਸੂਸ ਹੁੰਦਾ ਹੈ। ਇਹ ਇੱਕ ਅਜਿਹਾ ਕੋਹੜ ਹੈ ਜੋ ਇਨਸਾਨੀ ਸੋਚ ਦੇ ਸ੍ਰੋਤਾਂ ਨੂੰ ਤਬਾਹ ਕਰ ਦਿੰਦਾ ਹੈ ਤੇ ਮਾਨਸਿਕਤਾ ਨੂੰ ਰਹਿਮ ਦੇ ਸਹਾਰੇ ਛੱਡ ਦਿੰਦਾ ਹੈ। ਗੁਲਾਮੀ ਨੂੰ ਦੋ ਮੁੱਖ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਮਾਨਸਿਕ ਗੁਲਾਮੀ ਅਤੇ ਸਰੀਰਕ ਗੁਲਾਮੀ। ਮਾਨਸਿਕ ਗੁਲਾਮੀ ਦੀਆਂ ਸ਼ਿਕਾਰ ਜਿਆਦਾ ਤਰ ਔਰਤਾਂ ਹੁੰਦੀਆਂ ਨੇ ਅਤੇ ਇਹਨਾਂ ਵਿੱਚ ਜਿਆਦਾਤਰ ਪੇਂਡੂ ਖੇਤਰਾਂ ਦੀਆਂ ਅਨਪੜ੍ਹ ਔਰਤਾਂ ਦੀ ਗਿਣਤੀ ਜ਼ਿਆਦਾ ਹੈ, ਇਸ ਤਰ੍ਹਾਂ ਦੀਆਂ ਮਾਨਸਿਕ ਤੌਰ ਤੇ ਗੁਲਾਮ ਔਰਤਾਂ ਅਖੌਤੀ ਬਾਬਿਆਂ ਦੇ ਡੇਰਿਆਂ ਤੇ ਭਾਰੀ ਗਿਣਤੀ ਵਿੱਚ ਦੇਖੀਆਂ ਜਾ ਸਕਦੀਆਂ ਹਨ। ਮਰਦ ਮਾਨਸਿਕ ਅਤੇ ਸਰੀਰਕ ਦੋਨੋਂ ਤਰ੍ਹਾਂ ਦੀ ਗੁਲਾਮੀ ਦੇ ਸ਼ਿਕਾਰ ਹੋ ਜਾਂਦੇ ਹਨ। ਅਮਰੀਕਾ, ਕਨੇਡਾ ਅਤੇ ਹੋਰ ਬਾਹਰਲੇ ਮੁਲਕਾਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਭਾਰਤ ਵਿੱਚ ਹਾਲੇ ਵੀ 58 ਪ੍ਰਤੀਸ਼ਤ ਵੱਸੋਂ ਕਿਸੇ ਨਾ ਕਿਸੇ ਦੀ ਗੁਲਾਮ ਚੱਲਦੀ ਆ ਰਹੀ ਹੈ। ਪਤਨੀ, ਪਤੀ ਦੀ ਗੁਲਾਮ ਹੈ, ਪਤੀ ਅੱਗੇ ਮਾਪਿਆਂ ਦਾ ਗੁਲਾਮ ਹੈ ਅਤੇ ਮਾਪੇ ਕਿਸੇ ਨਾ ਕਿਸੇ ਕਾਰਨ ਅੱਗੇ ਕਿਸੇ ਹੋਰ ਦੇ ਗੁਲਾਮ ਨੇ। ਬਾਹਰਲੇ ਮੁਲਕਾਂ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਉਥੇ ਤਾਂ ਅਗਰ ਕੋਈ ਬੱਚੇ ਨੂੰ ਝਿੜਕ ਦੇਵੇ ਤਾਂ ਬੱਚਾ ਪੁਲਿਸ ਬੁਲਾ ਲੈਂਦਾ ਹੈ। ਵਿਦੇਸ਼ਾਂ ਵਿੱਚ ਇਨਸਾਨ ਜੰਮਣ ਵੇਲੇ ਤੋਂ ਹੀ ਅਜਾਦ ਖਿਆਲਾਂ ਅਤੇ ਅਜਾਦੀ ਦਾ ਪੂਰਾ ਨਿਘ ਮਾਨਦਾ ਹੈ। ਗੱਲ ਸਿਰਫ ਏਥੇ ਹੀ ਨਹੀ ਮੁੱਕ ਜਾਂਦੀ ਕੇ ਭਾਰਤ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਗੁਲਾਮਾਂ ਵਾਂਗ ਸਮਝਦੇ ਹਾਂ ਅਤੇ ਦੋਸਤਾਂ ਨੂੰ ਵੀ ਭਾਵਨਾਤਮਕ ਬਲੈਕਮੇਲ ਕਰਕੇ ਗੁਲਮਾਂ ਵਾਂਗ ਕੰਮ ਕਰਵਾ ਲੈਂਦੇ ਹਾਂ, ਸਗੋਂ ਇਸ ਤੋਂ ਵੀ ਅੱਗੇ ਕਈ ਹੋਰ ਪਹਿਲੂਆਂ ਨੂੰ ਵੀ ਹਾਲੇ ਫੋਲਣਾ ਬਾਕੀ ਹੈ।
ਭਾਰਤ ਸੈਂਕੜੇ ਸਾਲ ਕਦੀ ਮੁਗਲਾਂ ਅਤੇ ਕਦੀ ਅੰਗਰੇਜਾਂ ਦਾ ਗੁਲਾਮ ਰਿਹਾ ਹੈ, ਸੋ ਸਾਡੇ ਵਿਚੋਂ ਬਹੁਤਿਆਂ ਦੀ ਮਾਨਸਿਕਤਾ ਉਤੇ ਅਤੀਤ ਦੀ ਗੁਲਾਮੀ ਦੇ ਸਾਏ ਪੀੜ੍ਹੀ ਦਰ ਪੀੜ੍ਹੀ ਚਲਦੇ ਆ ਰਹੇ ਨੇ। ਅੰਗਰੇਜ ਤਾਂ ਚਲੇ ਗਏ ਤੇ ਰਹੇ ਮੁਗਲ ਵੀ ਨਹੀਂ ਪਰ ਹਾਲੇ ਵੀ ਇਥੇ ਬਹੁਤ ਸਾਰੇ ਸਰਕਾਰੀ ਅਦਾਰਿਆਂ ਵਿੱਚ ਕੁਝ ਤਾਨਾਸ਼ਾਹ ਅਫਸਰ ਅੰਗਰੇਜੀ ਅਤੇ ਮੁਗਲ ਰਾਜ ਦੀ ਤਰ੍ਹਾਂ ਸੱਪ ਵਾਂਗ ਕੁੰਡਲੀ ਮਾਰੀ ਬੈਠੇ ਹਨ। ਅਵਲ ਤਾਂ ਕੋਈ ਗਰੀਬ ਸਰਕਾਰੇ ਦਰਬਾਰੇ ਫਰਿਆਦ ਲੈ ਕੇ ਹੀ ਨਹੀਂ ਜਾਂਦਾ ਪਰ ਜੇ ਕੋਈ ਭੁੱਲ ਭੁਲੇਖੇ ਚਲਾ ਜਾਂਦਾ ਹੈ ਤਾਂ ਉਸ ਨਾਲ ਇੰਝ ਪੇਸ਼ ਆਇਆ ਜਾਂਦਾ ਹੈ ਜਿਵੇਂ ਉਹ ਮੁਜਰਮ ਹੋਵੇ ਤੇ ਗੁਲਾਮਾਂ ਵਾਂਗ ਉਸ ਨੂੰ ਆਰਡਰ ਝਾੜੇ ਜਾਂਦੇ ਨੇ ਤੇ ਫਰਿਆਦੀ ਵਿਚਾਰਾ ਆਪਣੀ ਜੇਬ ਵਿੱਚੋਂ ਪੈਸੇ ਖਰਚ ਕੇ ਅਫਸਰਾਂ ਦੀਆਂ ਮੰਗਾਂ ਪੂਰੀਆਂ ਕਰਦਾ ਹੈ ਫਿਰ ਜਾ ਕੇ ਕਿਤੇ ਉਸਦੀ ਫਰਿਆਦ ਸੁਣੀ ਜਾਂਦੀ ਹੈ, ਤੇ ਕਦੀ ਕਦੀ ਉਹ ਵੀ ਨਹੀਂ। ਪਾਤਰ ਸਹਿਬ ਦੀਆਂ ਲਾਇਨਾਂ ਨੇ:-
ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ
ਤੇ ਜਾਂ ਫਿਰ
ਏਨਾ ਉਚਾ ਤਖਤ ਸੀ ਅਦਲੀ ਰਾਜੇ ਦਾਮਜਲੂਮਾਂ ਦੀ ਉਮਰ ਹੀ ਰਾਹ ਵਿੱਚ ਬੀਤ ਗਈ।ਇਹਨਾਂ ਉਕਤ ਲਾਇਨਾ ਦੀ ਸਚਾਈ ਥਾਣਿਆਂ ਵਿੱਚ ਇਨਸਾਫ ਲੈਣ ਗਿਆ ਆਦਮੀ ਜੋ ਥਾਣੇਦਾਰ ਦੀ ਓਏ ਓਏ ਸੁਣਨ ਲਈ ਮਜਬੂਰ ਹੁੰਦਾ ਹੈ ਅਤੇ ਫਿਰ ਮੁਨਸ਼ੀ ਵੱਲੋਂ ਉਸਨੂੰ ਪੇਪਰਾਂ ਦਾ ਬੰਡਲ ਲੈ ਕੇ ਆਉਂਣ ਦਾ ਹੁਕਮ ਚਾੜ੍ਹ ਦਿੱਤਾ ਜਾਂਦੈ, ਬਾ-ਖੂਬੀ ਜਾਂਣਦੈ। ਬੱਸਾਂ ਗੱਡੀਆਂ ਵਿੱਚ ਲੋਕਾਂ ਨੂੰ ਗੁਲਾਮਾਂ ਵਾਂਗ ਤੂੜ ਤੂੜ ਕੇ ਭਰਿਆ ਜਾਂਦਾ ਏ ਤੇ ਟਿਕਟ ਦੇਣ ਲੱਗਿਆਂ ਜੇਕਰ ਕੋਈ ਖੁੱਲ੍ਹੇ ਪੈਸੇ ਨਾ ਦੇਵੇ ਜਾਂ ਟਿਕਟ ਲੈਣ ਵਿੱਚ ਦੇਰੀ ਕਰੇ ਤਾਂ ਕੰਡਕਟਰ ਵੱਲੋਂ ਇੰਝ ਵਿਵਹਾਰ ਕੀਤਾ ਜਾਂਦਾ ਹੈ ਜਿਵੇਂ ਸਾਰੀਆਂ ਸਵਾਰੀਆਂ ਉਸ ਦੀਆਂ ਗੁਲਾਮ ਨੇ । ਹਸਪਤਾਲਾਂ ਵਿੱਚ ਮਰੀਜ਼ ਘੰਟਿਆਂ ਬੱਧੀ ਡਾਕਟਰ ਦਾ ਇੰਤਜਾਰ ਕਰਦੇ ਨੇ ਅਤੇ ਜਦ ਡਾਕਟਰ ਆਉਂਦਾ ਹੈ ਤਾਂ ਲੰਬੀ ਲਾਇਨ ਵਿੱਚ ਲੱਗ ਜਾਂਦੇ ਨੇ ਗੁਲਾਮਾਂ ਵਾਂਗੂੰ ਜਿਵੇਂ ਖਰੱਬਾਂ ਮਿਲਣਾ ਹੁੰਦੈ। ਸਰਕਾਰੀ ਦਫਤਰਾਂ ਵਿੱਚ ਇਨਸਾਫ ਲਈ ਤਿੰਨ ਪਰਤਾਂ ਵਿੱਚ ਦਿੱਤੀ ਅਰਜੀ 6 ਮਹੀਨਿਆਂ ਬਾਅਦ ਦੁਬਾਰਾ ਫਰਿਆਦੀ ਦਾ ਮੂੰਹ ਚਿੜਾ ਰਹੀ ਹੁੰਦੀ ਏ। ਕੋਰਟ ਕਚਿਹਰੀਆਂ ਵਿੱਚ ਸਾਲਾਂ ਬੱਧੀ ਗਰੀਬਾਂ ਬੇਆਸਰਿਆਂ ਦੇ ਮੁਕੱਦਮਿਆਂ ਤੇ ਵਕਤ ਦੀ ਧੂੜ ਜੰਮੀ ਰਹਿੰਦੀ ਏ ਤੇ ਜਦ ਉਸ ਕੇਸ ਦਾ ਫੈਸਲਾ ਹੁੰਦਾ ਏ ਤਾਂ ਬੰਦਾ ਈ ਨਹੀ ਰਹਿੰਦਾ। ਡਾਕਖਾਨਿਆਂ, ਬੈਂਕਾਂ ਅਤੇ ਹੋਰ ਸਰਕਾਰੀ ਗ਼ੈਰ ਸਰਕਾਰੀ ਦਫ਼ਤਰਾਂ ਵਿੱਚ ਇੰਝ ਦੇ ਕਈ ਤਾਨਾਸ਼ਾਹ ਮਾਲਕ ਅਤੇ ਗਰੀਬ ਵਰਗ ਦੇ ਗੁਲਾਮ ਤੁਰੇ ਫਿਰਦੇ ਨੇ।
ਅਸਲ ਗੱਲ ਤਾਂ ਇਹ ਹੈ ਕਿ ਅਸੀਂ ਜਦ ਵੀ ਕਿਸੇ ਰੋਹਬਦਾਰ ਪਦਵੀ 'ਤੇ ਬਿਰਾਜਮਾਨ ਹੋ ਜਾਂਦੇ ਹਾਂ, ਜਾਂ ਫਿਰ ਜਦ ਸਾਡੇ ਕੋਲ ਲੋੜ ਤੋਂ ਵੱਧ ਅਧਿਕਾਰ ਅਤੇ ਪੈਸੇ ਇਕੱਠਾ ਹੋ ਜਾਂਦਾ ਹੈ ਤਾਂ ਸਾਡੀ ਸੋਚ ਵਿੱਚ ਇੱਕ ਦਮ ਤਬਦੀਲੀ ਆ ਜਾਂਦੀ ਹੈ । ਇਸ ਦਾ ਇੱਕ ਕਾਰਨ ਤੇ ਇਹ ਹੈ ਕਿ ਜਦ ਸਾਡੇ ਕੋਲ ਕੁਝ ਨਹੀਂ ਹੁੰਦਾ ਤਦ ਅਸੀਂ ਇਸ ਤਰ੍ਹਾਂ ਦੀ ਗੁਲਾਮੀ ਨੂੰ ਸਹਿਣ ਕੀਤਾ ਹੁੰਦਾ ਹੈ। ਤੇ ਜਦ ਸਾਡੇ ਕੋਲ ਇਹ ਅਧਿਕਾਰ ਅਤੇ ਸ਼ਕਤੀ ਆ ਜਾਂਦੀ ਹੈ ਤਾਂ ਅਸੀਂ ਬਦਲਾ ਲਊ ਭਾਵਨਾ ਨਾਲ ਆਪਣੇ ਤੋਂ ਘੱਟ ਸਕਤੀ ਰੱਖਣ ਵਾਲੇ ਕਈ ਹੋਰ ਲੋਕਾਂ ਨੂੰ ਆਪਣਾ ਗੁਲਾਮ ਸਮਝਣ ਲੱਗ ਜਾਂਦੇ ਹਾਂ।
ਚਲੋ ਮੰਨ ਲੈਂਦੇ ਹਾਂ ਕਿ ਇਹ ਗੱਲ ਗਲਤ ਹੈ ਕਿ ਬੱਚਿਆਂ ਨੂੰ ਗੁਲਾਮ ਨਹੀ ਸਮਝਣਾ ਚਾਹੀਦਾ, ਸਕੂਲਾਂ ਵਿੱਚ ਬੱਚਿਆਂ ਤੋਂ ਧੱਕੇ ਨਾਲ ਕੰਮ ਨਹੀ ਲੈਣਾ ਚਾਹੀਦਾ, ਯਾਰਾਂ ਦੋਸਤਾਂ ਨੂੰ ਅਤੇ ਹੋਰ ਰਿਸ਼ਤੇਦਾਰਾਂ ਤੋਂ ਭਾਵਨਾਤਮਕ ਬਲੈਕਮੇਲ (ਇੰਮੋਸ਼ਨਲ ਬਲੈਕਮੇਲ) ਕਰਕੇ ਗੁਲਾਮਾਂ ਵਾਂਗ ਕੰਮ ਨਹੀ ਲੈਣਾ ਚਾਹੀਦਾ। ਪਰ ਹਜਾਰਾਂ ਮਜਦੂਰ ਲੋਕ ਸ਼ਹਿਰਾਂ ਕਸਬਿਆਂ ਦੇ ਚੋਂਕਾਂ ਵਿੱਚ ਬਣੀਆਂ ਮਨੁੱਖੀ ਮੰਡੀਆਂ ਵਿੱਚ ਵਿਕਣ ਲਈ ਸਵੇਰ ਤੋਂ ਗਾਹਕਾਂ ਦੀ ਉਡੀਕ ਵਿੱਚ ਖਲੋਤੇ ਰਹਿੰਦੇ ਨੇ ਜਿਨ੍ਹਾਂ ਨੂੰ ਕੋਈ ਵੀ ਆਪਣੀ ਮਨ-ਮਰਜੀ ਦੇ ਰੇਟ ‘ਤੇ ਦਿਹਾੜੀ ਲਈ ਖਰੀਦ ਕੇ ਲੈ ਜਾਂਦਾ ਹੈ । ਕੀ ਉਹ ਗੁਲਾਮ ਨਹੀ....? ਘਰ ਵਿੱਚ ਬੱਚਿਆਂ ਨੂੰ ਝਿੜਕਣਾ ਸਾਡੇ ਭਾਰਤੀ ਸਮਾਜ ਦੀਆਂ ਪ੍ਰੰਪਰਾਵਾਂ ਅਤੇ ਸਭਿਆਚਾਰਕ ਦ੍ਰਿਸਟੀ ਅਧੀਨ ਹਾਲੇ ਜਾਇਜ ਮੰਨਿਆਂ ਜਾਂਦਾ ਹੈ। ਜੇ ਕੋਈ ਬੱਚਾ ਗਲਤ ਕੰਮ ਕਰਦਾ ਹੈ ਤਾਂ ਸੰਸਕਾਰਾਂ ਅਤੇ ਸੰਸਕ੍ਰਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਨੂੰ ਘਰ ਦੇ ਵੱਡੇ ਵਡੇਰਿਆਂ ਜਾਂ ਮਾਪਿਆਂ ਵੱਲੋਂ ਝਿੜਕਾਂ ਦਿੱਤੇ ਜਾਣ ਨੂੰ ਜੇ ਗ਼ੁਲਾਮੀ ਕਿਹਾ ਜਾਂਦਾ ਹੈ ਤਾਂ ਹਜਾਰਾਂ ਢਾਬਿਆਂ ਉਤੇ ਲੱਖਾਂ ਬਾਲ ਮਜਦੂਰ ਰੋਜ਼ ਕਰੋੜਾਂ ਲੋਕਾਂ ਦੀਆਂ ਗਾਲ੍ਹਾਂ ਝਿੜਕਾਂ ਤੇ ਥੱਪੜ ਸਹਿਣ ਕਰਦੇ ਨੇ, ਕੀ ਉਹ ਗ਼ੁਲਾਮ ਨਹੀ.....? ਇੱਥੇ ਹੀ ਬੱਸ ਨਹੀਂ ਕਈ ਵਾਰ ਤਾਂ ਬਜੁਰਗਾਂ, ਬਿਰਧਾਂ ਅਤੇ ਸਰੀਰਕ ਕੰਮ ਕਾਰ ਤੋਂ ਨਕਾਰਾ ਮਾਪਿਆਂ ਨੂੰ ਆਪਣੀ ਔਲਾਦ ਦੇ ਹੁਕਮ ਹੇਠ ਰਹਿਣਾ ਪੈਦਾਂ ਹੈ, ਤੇ ਉਹਨਾਂ ਦੇ ਟੁੱਕ ਤੇ ਗੁਜਾਰਾ ਕਰਨ ਪੈਦਾ ਹੈ, ਕੀ ਇਹ ਗੁਲਾਮੀ ਨਹੀਂ ..? ਅੱਜੇ ਵੀ ਕਈਂਆਂ ਔਰਤਾਂ ਨੂੰ ਆਪਣੇ ਸ਼ਰਾਬੀ ਪਤੀ ਦੇ ਮੂੰਹ 'ਚੋਂ ਅਉਂਦੀ ਮੋਏ ਕੁੱਤੇ ਵਰਗੀ ਬਦਬੂ ਦੇ ਨਾਲ ਨਾਲ ਉਸਦੀਆਂ ਗਾਲ੍ਹਾਂ ਸਹਿਣੀਆਂ ਪੈਂਦੀਆਂ ਨੇ, ਕੀ ਏ ਗੁਲਾਮੀ ਨਹੀ....? ਭਾਰਤ ਦੀਆਂ ਸੜਕਾਂ ‘ਤੇ ਹਜ਼ਾਰਾਂ ਮਜਦੂਰ ਔਰਤਾਂ ਰੋੜੀ ਬੱਜਰੀ ਪਾਉਣ ਤੋਂ ਬਾਅਦ ਸ਼ਾਮ ਨੂੰ ਠੇਕੇਦਾਰਾਂ ਅੱਗੇ ਮੰਗਣ ਵਾਲਿਆਂ ਵਾਂਗ ਹੱਥ ਫੈਲਾਈ ਮਜਦੂਰੀ ਮੰਗਦੀਆਂ ਨੇ....ਕੀ ਇਹ ਗੁਲਾਮੀ ਨਹੀਂ?
ਗੁਲਾਮ ਰੱਖਣਾ ਜਾਂ ਕਿਸੇ ਨੂੰ ਗੁਲਾਮ ਸਮਝਣਾ ਭਾਵ ਕਿ ਆਪਣੀ ਹਾਉਮੈ ਨੂੰ ਪੱਠੇ ਪਾਉਣਾ, ਜਾਂ ਆਪਣੇ ਆਪ ਨੂੰ ਉਚਾ ਦਿਖਾਉਣਾ, ਆਪਣੀ ਤਾਕਤ ਅਤੇ ਆਪਣੇ ਰੋਹਬ ਨੂੰ ਦਰਸਾਉਣਾ, ਫੋਕੀ ਆਨ ਅਤੇ ਸਾਨ ਦੀ ਚਾਹਤ ਜਾਂ ਫਿਰ ਆਪਣੀ ਆਗਿਆਨਤਾ ਅਤੇ ਖੋਖਲੇਪਨ ਦਾ ਦਿਖਾਵਾ ਹੀ ਕਿਉ ਨਾ ਹੋਵੇ ਪਰ ਅਸੀ ਸਾਰੇ ਇਹਨਾਂ ਅਲਾਮਤਾਂ ਦੇ ਕਿਸੇ ਨਾ ਕਿਸੇ ਤਰ੍ਹਾਂ ਸ਼ਿਕਾਰ ਜਰੂਰ ਹਾਂ। ਝੂਠੀ ਚੋਧਰ, ਆਪਣੇ ਆਪ ਨੂੰ ਸਰਵਉੱਚ ਦਰਸਾਉਣ ਦੀ ਚਾਹਤ ਸਾਨੂੰ ਇਸ ਭਾਵਨਾ ਵੱਲ ਲਿਜਾ ਰਹੀ ਹੈ। ਅਸੀਂ ਆਪਣੀਆਂ ਖਾਹਿਸ਼ਾਂ, ਪਰਵਿਰਤੀਆਂ ਦੇ ਗੁਲਾਮ ਹਾਂ ਅਤੇ ਇਹ ਗੁਲਾਮੀ ਸਾਨੂੰ ਅਤੇ ਸਾਡੀ ਸੋਚ ਨੂੰ ਆਪਣੇ ਸ਼ਕਤੀਸ਼ਾਲੀ ਪ੍ਰਭਾਵ ਸਦਕਾ ਆਪਣੇ ਇਸ਼ਾਰਿਆਂ ਤੇ ਨਚਾਉਂਦੀ ਹੈ ਅਤੇ ਅਸੀਂ ਇਸ ਦੇ ਪ੍ਰਭਾਵ ਹੇਠ ਅੱਗੇ ਆਪਣੇ ਤੋਂ ਘੱਟ ਸ਼ਕਤੀ ਰੱਖਣ ਵਾਲੇ ਲੋਕਾਂ ਨੂੰ ਗੁਲਾਮ ਸਮਝਣ ਲੱਗ ਜਾਂਦੇ ਹਾਂ।
ਵਿਕਸਿਤ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਇਸ ਪਰਵਿਰਤੀ ਦਾ ਫੈਲਾਅ ਬਹੁਤ ਜਿਆਦਾ ਹੈ। ਕਿਉਂਕੇ ਇਥੇ ਹਰ ਕੋਈ ਆਪਣੇ ਆਪ ਨੂੰ 'ਟੁੰਡੀ ਲਾਟ' ਹੀ ਸਮਝਦਾ ਹੈ। ਅਫਸ਼ਰਸਾਹੀ ਅਤੇ ਅਤੇ ਫੋਕੀ ਸੋਚ ਦਾ ਨਸ਼ਾ ਸਾਨੂੰ ਐਸੀ ਮਾਨਸਿਕਤਾ ਵਿੱਚੋਂ ਬਾਹਰ ਨਹੀਂ ਆਉਂਣ ਦਿੰਦਾ। ਅਸੀ ਆਪਣੀ ਨੈਤਿਕ ਜਿੰਮੇਵਾਰੀ, ਦੂਜਿਆਂ ਪ੍ਰਤੀ ਹਮਦਰਦੀ ਅਤੇ ਇਕਸਾਰਤਾ ਵਾਲਾ ਰਵੀਆ ਭੁੱਲ ਕੇ ਆਪਣੀ ਝੂਠੀ ਇੰਮੇਜ ਨੂੰ ਲੋਕਾਂ ਸਾਹਮਣੇ ਵੱਧ ਚੜ ਕੇ ਦਿਖਾਉਂਣ ਦੇ ਆਦੀ ਬਣ ਚੁੱਕੇ ਹਾਂ। ਮੈਂ ਕਈ ਵਾਰੀ ਆਪਣੇ ਕਈ ਅਜੀਜਾਂ ਦੇ ਮੂੰਹੋ ਕੋਲ ਬੈਠੇ ਕਿਸੇ ਹੋਰ ਵਿਅਕਤੀ ਲਈ ਇਹ ਸ਼ਬਦ ਸੁਣੇ ਨੇ ''ਲੈ ਇਸ ਨਲਾਇਕ ਨੂੰ ਕੁਝ ਪਤਾ ਨਹੀਂ ਸੀ ਲੱਗਦਾ, ਇਸਦਾ ਸਾਰਾ ਕੰਮ ਕੱਲ ਮਿੰਟੋ ਮਿੰਟੀ ਮੈਂ ਕਰਵਾ ਦਿੱਤਾ ਅਫਸਰਾਂ ਨੂੰ ਕਹਿ ਕੇ, ਚਲਦੀ ਏ ਆਪਣੀ ਬੜੀ....‘‘ ਇਸ ਫਿਕਰੇ ਨਾਲ ਹੀ ਉਹ ਵਿਅਕਤੀ ਜਿਸ ਲਈ ਇਹ ਬੋਲ ਕਹੇ ਗਏ ਹੁੰਦੇ ਨੇ ਉਸ ਨੂੰ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਉਹ ਉਸ ਵਿਅਕਤੀ ਦਾ ਗੁਲਾਮ ਬਣ ਗਿਆ ਹੋਵੇ ਤੇ ਸਾਰੀ ਜਿੰਦਗੀ ਉਸਦੇ ਅਹਿਸਾਨਾਂ ਦਾ ਬਦਲਾ ਨਾ ਚੁਕਾ ਸਕਦਾ ਹੋਵੇ। ਇਸੇ ਤਰ੍ਹਾਂ ਮੇਰਾ ਇੱਕ ਦੋਸਤ ਕੁੱਤੇ ਰੱਖਣ ਦਾ ਸ਼ੌਕੀਨ ਹੈ, ਮੈਂ ਇੱਕ ਦਿਨ ਉਸਨੂੰ ਕਿਹਾ ਕਿ ਤੂੰ ਇਹਨਾ ਨੂੰ ਗੁਲਾਮ ਬਣਾ ਕਿ ਰੱਖਿਆ ਹੈ, ਤੂੰ ਉਸਨੂੰ ਹੁਕਮ ਦਿੰਦਾ ਹੈਂ ਬੈਠ ਜਾ ਤੇ ਉਹ ਬੈਠ ਜਾਂਦਾ ਹੈ ਜੇ ਕਹਿੰਦਾ ਹੈਂ ਕਿ ਉਠ ਤੇ ਉਹ ਉਠ ਜਾਂਦਾ ਹੈ, ਇਹ ਤੇਰੀ ਹਉਮੇ ਦਾ ਪ੍ਰਗਟਾਵਾ ਹੁੰਦਾ ਹੈ ਦੂਜਿਆਂ ਸਾਹਮਣੇ। ਇਹ ਗੱਲ ਸੁਣ ਕੇ ਉਸਨੇ ਮੈਨੂੰ ਅੱਗੋਂ ਇਹ ਜਵਾਬ ਦਿੱਤਾ ''ਜੋ ਲੋਕ ਆਪ ਰੋਟੀ ਨੂੰ ਤਰਸਦੇ ਹੋਣ ਉਹ ਇਹ ਨਹੀ ਪਾਲ ਸਕਦੇ, ਸਗੋਂ ਲੋਕਾਂ ਨੂੰ ਦੇਖ ਕੇ ਸੜੀ ਜਾਣਗੇ‘‘ ਦੱਸੋ ਇਹ ਕੀ ਗੱਲ ਹੋਈ ਭਲਾ? ਮੇਰੇ ਖਿਆਲ ਵਿੱਚ ਕੁੱਤੇ ਪਾਲਣਾ ਕੋਈ ਜਾਨਵਰਾਂ ਪ੍ਰਤੀ ਪਿਆਰ ਨਹੀਂ ਦਰਸਾਉਂਦਾ ਸਗੋਂ ਅਮੀਰੀ ਦਾ ਦਿਖਾਵਾ, ਰਈਸਾਂ ਵਾਲੇ ਸ਼ੌਕਾਂ ਦਾ ਪ੍ਰਗਟਾਵਾ ਹੀ ਕਿਹਾ ਜਾ ਸਕਦਾ ਹੈ। ਅੱਜ ਵੀ ਹਜਾਰਾਂ ਲੋਕ ਬਿਨਾ ਛੱਤ ਦੇ ਆਪਣੀ ਜਿੰਦਗੀ ਬਸਰ ਕਰਨ ਲਈ ਮਜਬੂਰ ਨੇ, ਭਾਰਤ ਵਿੱਚ ਅਨੇਕਾਂ ਗਰੀਬ ਭੁੱਖੇ ਢਿੱਡ ਸੜਕਾਂ ਕਿਨਾਰੇ ਜਿੰਦਗੀ ਜੀਅ ਰਹੇ ਨੇ। ਅਫਰੀਕਾ ਵਰਗੇ ਕਈਂ ਦੇਸ ਕੁਪੋਸਨ ਦਾ ਸ਼ਿਕਾਰ ਨੇ, ਤੇ ਅਸੀਂ ਕੁੱਤਿਆਂ ਦੀ ਖੁਰਾਕ ਤੇ ਲੱਖਾ ਰੁਪੈ ਹਰ ਸਾਲ ਬਰਬਾਦ ਕਰ ਦਿੰਦੇ ਹਾਂ।
ਗਰੀਬ ਲੋਕ ਜੇਕਰ ਕੋਈ ਜਾਨਵਰ ਪਾਲ ਲੈਣ ਤਾਂ ਜਾਨਵਰ ਹੀ ਬੇਇਜਤੀ ਕਰੀ ਜਾਣਗੇ । ਇੱਕ ਵਾਰੀ ਕਿਸੇ ਗਰੀਬ ਨੇ ਤੋਤਾ ਪਾਲ ਲਿਆ, ਸ਼ਾਮ ਨੂੰ ਥੱਕ ਟੁੱਟ ਕੇ ਆਏ ਨੇ ਪੁਛਿਆ, ''ਗੰਗਾ ਰਾਮ ਚੂਰੀ ਖਾਣੀ ਏਂ‘‘ ਤੋਤੇ ਨੇ ਅੱਗੋਂ ਝੱਟ ਜਵਾਬ ਦਿੱਤਾ, ''ਸਾਲਿਆ ਕਦੀ ਆਪ ਖਾਧੀ ਊ‘‘ ਸੋ ਪੈਸੇ ਪ੍ਰਤੀ ਸਾਡੀ ਦੌੜ ਵੀ ਸਾਨੂੰ ਗੁਲਾਮ ਰੱਖਣ ਲਈ ਪ੍ਰੇਰਿਤ ਕਰਦੀ ਹੈ। ਅਸੀਂ ਸਾਰੇ ਹੀ ਚਾਹੁੰਦੇ ਹਾਂ ਸਾਡੇ ਨੋਕਰ ਚਾਕਰ ਹੋਣ ਜੋ ਹਰ ਵਕਤ ਸਾਡੀ ਟਹਿਲ ਸੇਵਾ ਵਿੱਚ ਲੱਗੇ ਰਹਿਣ ਅਤੇ ਜਦ ਕੋਈ ਸਾਡੇ ਘਰੇ ਆਏ ਅਸੀਂ ਉਹਨਾਂ ‘ਤੇ ਰੋਹਬ ਝਾੜ ਕੇ ਆਪਣੀ ਹੈਸੀਅਤ ਦਾ ਮੁਜਾਹਰਾ ਕਰ ਸਕੀਏ। ਇਹ ਸਭ ਕੁਝ ਸਾਡੀ ਬਿਮਾਰ ਸੋਚ ਅਤੇ ਮਾਨਸਿਕਤਾ ਦੇ ਕਾਰਨ ਹੀ ਹੈ।
ਲੋੜ ਹੈ ਆਪਣੇ ਆਪ ਨੂੰ ਬਦਲਣ ਦੀ, ਸਮਰਪਣ ਦੀ ਭਾਵਨਾ ਆਪਣੇ ਅੰਦਰ ਪੈਦਾ ਕਰਨ ਦੀ। ਨਿਮਰਤਾ ਬਿਨਾ ਅਸੀਂ ਚੰਗਾ ਵਿਵਹਾਰ ਨਹੀ ਕਰ ਸਕਦੇ। ਜੇਕਰ ਅਸੀ ਚਾਹੁੰਦੇ ਹਾਂ ਕਿ ਲੋਕ ਸਾਡੀ ਇੱਜਤ ਅਤੇ ਮਾਨ ਕਰਨ ਤਾਂ ਸਾਨੂੰ ਵੀ ਉਹਨਾਂ ਨੂੰ ਉਹਨਾਂ ਪ੍ਰਤੀ ਬਣਦਾ ਮਾਨ ਸਤਿਕਾਰ ਦੇਣਾ ਪਵੇਗਾ। ਭਾਵੇਂ ਕੋਈ ਗਰੀਬ ਹੋਵੇ ਜਾਂ ਅਮੀਰ ਸਾਰਿਆਂ ਨੂੰ ਸਿਰਫ ਇਨਸਾਨ ਸਮਝਣ ਵਾਲਾ ਆਦਮੀ ਕਦੀ ਗੁਲਾਮ ਨਹੀਂ ਹੋ ਸਕਦਾ ਅਤੇ ਨਾ ਹੀ ਕਦੀ ਗੁਲਾਮ ਰੱਖਣ ਦੀ ਸੋਚ ਸਕਦਾ ਹੈ। ਇਸ ਲਈ ਦ੍ਰਿੜ ਇਰਾਦੇ, ਨਰੋਈ ਸੋਚ, ਉਚੇ ਅਤੇ ਅਜ਼ਾਦ ਵਿਚਾਰਾਂ ਦੀ ਲੋੜ ਹੈ। ਜੇਕਰ ਅਸੀ ਚਾਹੁੰਦੇ ਆਂ ਕਿ ਸਾਡਾ ਮੁਲਕ ਫਿਰ ਤੋਂ ਸੋਨੇ ਦੀ ਚਿੜੀ ਕਹਿਲਾਏ ਤਾਂ ਇਸ ਵਿੱਚ ਸਾਨੂੰ ਵੀ ਤਾਂ ਕੁੱਝ ਸੋਨਾ ਲਾਉਣਾ ਪਵੇਗਾ ਨਾ.....! ਕੀ ਸਮਝੇ....?

*****

ਰੋਜ਼ੀ ਸਿੰਘ

No comments: