Saturday, April 11, 2009

ਜਿੰਦਗੀ ਦੀਆਂ ਜੁਗਤਾਂ


ਇਹ ਗੱਲ ਤੇ ਪੱਕੀ ਵੇ ਕੇ ਸੰਸਾਰ ਇੱਕ ਰੰਗ ਮੰਚ ਏ ਤੇ ਹਰ ਬਸ਼ਿੰਦਾ ਪਾਤਰ। ਹਰ ਕੋਈ ਆਪਣੇ ਹਿੱਸੇ ਦਾ ਕਿਰਦਾਰ ਨਿਭਾ ਕੇ ਇਸ ਦੁਨੀਆਂ ਤੋਂ ਰੁਕਸਤ ਹੋ ਜਾਂਦੈ। ਹੁਣ ਇਹ ਪਾਤਰ ਦੇ ਹੱਥ ਵਿੱਚ ਹੁੰਦੈ ਬਈ ਉਹ ਆਪਣੇ ਕਿਰਦਾਰ ਨੂੰ ਕਿੰਨੀ ਸ਼ਿੱਦਤ ਤੇ ਲਗਨ ਨਾਲ ਨਿਭਾਉਦੈ। ਜੋ ਚੰਗੀ ਤਰ੍ਹਾਂ ਸ਼ੀਸ਼ੇ ਮੁਹਰੇ ਖਲੋਂ ਕੇ ਅਭਿਆਸ ਕਰਕੇ ਮੰਚ 'ਤੇ ਆ ਕੇ ਆਪਣੀ ਭੂਮਿਕਾ ਨਿਭਾਉਦੈ ਉਹ ਕਾਮਯਾਬ ਹੋ ਜਾਂਦੈ। ਦੁਨੀਆਂ ਰੰਗ ਬਰੰਗੀ ਏ। ਇਥੇ ਸੱਚ ਵੀ ਹੈ, ਤੇ ਝੂਠ ਵੀ ਮਾਜੂਦ ਹੈ। ਹਰ ਝੂਠ ਸੱਚ ਨਾਲੋਂ ਜਿਆਦਾ ਦਿਲਚਸਪ ਲਗਦੈ ਤੇ ਹਰ ਸੱਚ ਜ਼ਹਿਰ ਤੋ ਕੌੜਾ, ਇਸ ਸਭ ਦੇ ਚੱਲਦੇ ਦੁਨੀਆਂ ਚੱਲਦੀ ਰਹਿੰਦੀ ਏ ਚੰਗੀ ਵੀ ਮਾੜੀ ਵੀ । ਲੋੜ ਸਿਰਫ ਵਿਦਿਆਰਥੀ ਬਣਨ ਦੀ ਹੁੰਦੀ ਹੈ। ਚੰਗੇ ਵਿਦਿਆਰਥੀਆਂ ਨੂੰ ਚੰਗੇ ਅਧਿਆਪਕ ਆਪਣੇ ਆਪ ਮਿਲ ਜਾਂਦੇ ਨੇ ਜਿਹੜੇ ਇਨਸਾਨ ਨੂੰ ਜਿੰਦਗੀ ਦੀਆਂ ਰਾਹਾਂ ਸੌਖੀਆਂ ਬਣਾਉਣ ਦੀ ਜੁਗਤ ਸਿਖਾ ਦਿੰਦੇ ਨੇ। ਚੰਗੇ ਅਧਿਆਪਕ ਹੋਣ ਲਈ ਵੀ ਪਹਿਲਾਂ ਚੰਗੇ ਵਿਦਿਆਰਥੀ ਬਣਨਾ ਪੈਂਦਾ ਹੈ। ਪੌੜੀ ਦਾ ਸਭ ਤੋਂ ਹੇਠਲਾ ਡੰਡਾ ਚੜਨ ਤੋਂ ਬਿਨ੍ਹਾਂ ਸਿਖਰ 'ਤੇ ਪਹੁੰਚਣਾ ਸੰਭਵ ਨਹੀਂ । ਕੁਝ ਲੋਕ ਜੁਗਾੜੂ ਕਿਸਮ ਦੇ ਹੁੰਦੇ ਨੇ। ਹਰ ਸ਼ੈਅ ਨੂੰ ਤੋੜ ਮਰੋੜ ਕੇ ਕੁਝ ਚਿਰ ਮਗਜ ਮਾਰੀ ਕਰਨ ਤੋਂ ਬਾਅਦ ਕੋਈ ਨਾ ਕੋਈ ਜੁਗਾੜ ਲਾ ਹੀ ਲੈਂਦੇ ਨੇ। ਜੁਗਾੜ ਭਾਵੇਂ ਕੇ ਕੁਝ ਸਮੇਂ ਲਈ ਸਾਡਾ ਸਾਥ ਦਿੰਦਾ ਹੈ, ਪਰ ਸਦੀਵੀ ਨਹੀਂ ਹੁੰਦਾ, ਬਸ ਕੁਝ ਦਿਨਾਂ ਲਈ ਡੰਗ ਟੱਪ ਜਾਂਦੈ। ਬਹੁਤੇ ਲੋਕ ਤੋਰੀ ਫੁਲਕਾ ਚਲਾਈ ਰੱਖਣ ਲਈ ਜੁਗਾੜ ਲਾ ਲਾ ਕੰਮ ਸਾਰਦੇ ਰਹਿੰਦੇ ਹਨ। ਕੁਝ ਲੋਕ ਆਪਣੀ ਆਰਥਿਕਤਾ ਦੀ ਗੱਡੀ ਨੂੰ ਲੀਹੇ ਪਾਈ ਰੱਖਣ ਲਈ ਜੁਗਾੜ ਲਾਉਦੇ ਹਨ। ਜਿਵੇਂ ਘੜੁੱਕਾ ਜਾਂ ਮਰੂਤਾ ਵੀ ਇੱਕ ਕਿਸਮ ਦਾ ਜੁਗਾੜ ਸੀ ਜਿਹੜਾ ਅੱਜ ਵੀ ਕਈਂ ਲੋਕਾਂ ਲਈ ਰੁਜਗਾਰ ਦਾ ਸਾਧਨ ਹੈ, ਪਰ ਜਿਆਦਾ ਤਰ ਉਸ ਦਾ ਕੋਈ ਨਾ ਕੋਈ ਅੰਗ ਸੜਕ ਤੇ ਖਿਲਰਿਆ ਹੀ ਹੁੰਦੈ, ਕਦੀ ਟਾਇਰ ਤੇ ਕਦੀ ਇੰਜਣ। ਜੁਗਾੜੂ ਲੋਕਾਂ ਵਿੱਚ ਬਹੁਤੇ ਲੋਕ ਠੱਗੀ ਠੋਰੀ, ਚਾਪਲੂਸੀ, ਤੇ ਤੀਰ ਤੁੱਕਾ ਲਾਉਣ ਦੇ ਆਦੀ ਹੁੰਦੇ ਹਨ। ਕਿਸੇ ਵੀ ਕੰਮ ਲਈ ਘੱਟ ਮਿਹਨਤ ਕਰਨ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਇਮਾਨਦਾਰੀ ਦਾ ਝੂਠਾ ਵਿਖਾਵਾ ਕਰਕੇ ਜਿੰਦਗੀ ਨੂੰ ਤੋਰੀ ਰੱਖਦੇ ਹਨ। ਦਰਅਸਲ ਜਦੋਂ ਸਮਾਂ ਆਉਂਦਾ ਹੈ ਤਾਂ ਹਰ ਕੰਮ ਅਸਾਨ ਲੱਗਣ ਲੱਗ ਜਾਂਦਾ, ਪਰ ਜਦੋਂ ਅਸੀਂ ਸਮੇਂ ਤੋਂ ਪਹਿਲਾਂ ਕਿਸੇ ਕੰਮ ਲਈ ਟੱਕਰਾਂ ਮਾਰਦੇ ਹਾਂ ਤਾਂ ਉਸਨੂੰ ਸਿਰਫ ਤੀਰ ਤੁੱਕਾ ਹੀ ਕਿਹਾ ਜਾ ਸਕਦਾ ਹੈ। ਜੇ ਲੱਗ ਗਿਆ ਤਾਂ ਤੀਰ ਨਹੀ ਤਾਂ ਤੁੱਕਾ ਹੀ ਸਹੀ। ਜਿੰਦਗੀ ਵਿੱਚ ਹਰ ਸ਼ੈਅ ਦਾ ਸਹੀ ਸਮਾਂ ਨਿਸਚਿਤ ਹੁੰਦੈ। ਕਿਸਮਤ ਨੂੰ ਰੋਣਾ ਅਸਲ ਵਿੱਚ ਕਿਸੇ ਕੰਮ ਪ੍ਰਤੀ ਆਪਣੇ ਆਪ ਨੂੰ ਸਮਰਪਿਤ ਨਾ ਕਰਨ ਦਾ ਬਹਾਨਾ ਹੈ। ਇਤਿਹਾਸ ਸਿਰਜਣੇ ਹੋਣ ਤਾਂ ਸ਼ਹੀਦਾਂ ਦੀ ਲੋੜ ਵੀ ਤਾਂ ਪਵੇਗੀ ਹੀ, ਤੇ ਸ਼ਹੀਦ ਹੋਣ ਲਈ ਪਹਿਲ ਕਰਨ ਵਾਲੇ ਹੀ ਹਮੇਸ਼ਾਂ ਇਤਿਹਾਸ ਦੇ ਪਾਤਰ ਬਣਦੇ ਨੇ। ਸੜਦੀ ਧਰਤੀ 'ਤੇ ਅਰਪਿਤ ਹੋਣ ਵਾਲੀਆਂ ਪਹਿਲੀਆਂ ਕੁਝ ਕੁ ਕਣੀਆਂ ਹੀ ਹੁੰਦੀਆਂ ਨੇ ਜਿਹੜੀਆਂ ਭਸਮ ਹੋ ਜਾਂਦੀਆਂ ਨੇ ਬਾਕੀ ਤਾਂ ਫਿਰ ਬਰਸਾਤ ਹੁੰਦੀ ਏ। ਪੁਠੀਆਂ ਜਾਂ ਸਾਰਟਕੱਟ ਰਸਤੇ ਅਪਣਾਉਣ ਦੀਆਂ ਸਕੀਮਾਂ ਜੀਵਨ ਵਿੱਚ ਸੀਮਤ ਸੋਚ ਦੀਆਂ ਪ੍ਰਤੀਕ ਹਨ। ਸੋਚ ਦਾ ਛੋਟਾ ਵੱਡਾ ਹੋਣਾ ਇਨਸਾਨ ਦੇ ਆਪਣੇ ਹੱਥ ਵੱਸ ਹੁੰਦੈ। ਉਸਾਰੂ ਸੋਚ ਰਾਹਾਂ ਦੇ ਚਾਨਣ ਬਣਦੀ ਹੈ ਜਦ ਕੇ ਘਟੀਆ ਤੇ ਨੀਵੀਂ ਸੋਚ ਹਨੇਰੇ ਦਾ ਖਲਾਅ। ਜੁਗਤਾਂ ਘੜਨਾ ਜਾਂ ਸਕੀਮਾਂ ਲਾਉਣਾ ਅਸਲ ਵਿੱਚ ਉਪਰੋਂ ਹੇਠਾਂ ਨੂੰ ਸ਼ੁਰੂ ਕਰਨ ਵਾਂਗ ਹੈ, ਪਰ ਸਿਖਰਾਂ ਛੁਹਣ ਲਈ ਰੌਸ਼ਨ ਰਾਹਾਂ ਦੀ ਜਰੂਰਤ ਪੈਂਦੀ ਏ ਤੇ ਰਾਹਾਂ ਤਾਂ ਹੀ ਰੌਸ਼ਨ ਹੁੰਦੀਆਂ ਨੇ ਜੇਕਰ ਸਾਡਾ ਮਨ ਰੌਸ਼ਨ ਹੋਵੇ। ਜਦ ਸਾਡੇ ਦੁਆਰਾ ਕੀਤੇ ਜਾ ਰਹੇ ਕਿਸੇ ਕਾਰਜ ਦਾ ਉਲਟ ਅਸਰ ਹਾਵੀ ਹੋ ਜਾਵੇ ਤਾਂ ਬਿਨ੍ਹਾਂ ਕਿਸੇ ਦੇਰੀ ਉਹ ਕੰਮ ਛੱਡ ਦੇਣਾ ਚਾਹੀਦਾ ਹੈ। ਬਹੁਤੀਆਂ ਸਕੀਮਾਂ ਦਾ ਸਾਰਥਕ ਅਸਰ ਘੱਟ ਅਤੇ ਉਲਟ ਅਸਰ ਜਿਆਦਾ ਹੁੰਦੈ। ਜੋ ਸ਼ੈਅ ਬਿਨ੍ਹਾਂ ਵਿਉਤਬੰਦੀ ਅਤੇ ਬਿਨ੍ਹਾਂ ਸੋਚ ਵਿਚਾਰ ਨਾਲ ਬਣਾਈ ਜਾਂਦੀ ਏ ਉਹ ਦਰਅਸਲ ਓਥੇ ਸਕੀਮ ਵਰਤੀ ਗਈ ਹੁੰਦੀ ਏ, ਤੇ ਅਜਿਹੀ ਕਿਸੇ ਵੀ ਸ਼ੈਅ ਦਾ ਉਲਟ ਅਸਰ ਕੁਦਰਤ ਹੀ ਹੁੰਦੈ। ਬਹੁਤੀ ਕਾਹਲ ਵੀ ਮੁਸੀਬਤਾਂ ਦੀ ਜਨਮ ਦਾਤੀ ਹੁੰਦੀ ਏ, ਤੇ ਕਈਂ ਵਾਰ ਬਹੁਤੀ ਕਾਹਲ ਵਿੱਚ ਸਟੇਸ਼ਨ ਹੀ ਛੁੱਟ ਜਾਂਦੈ। ਜੁਗਾੜੀ ਬੰਦੇ ਦੇ ਦਿਮਾਗ ਵਿੱਚ ਪੁਠੀਆਂ ਸਿਧੀਆਂ ਸਕੀਮਾਂ ਦਾ ਆਉਂਣਾ ਜਾਣਾ ਲੱਗਾ ਹੀ ਰਹਿੰਦਾ ਹੈ। ਉਸਦੇ ਮਨ ਦੀ ਕਾਹਲ ਉਸਨੂੰ ਬਿਹਬਲ ਕਰ ਦਿੰਦੀ ਏ। ਉਹ ਰੇਲ 'ਚ ਬੈਠਾ ਜਲਦੀ ਅੱਪੜਣ ਦੀ ਕਾਹਲ ਅਤੇ ਦਿਮਾਗ ਵਿੱਚ ਚੱਲਦੀ ਉਥਲ ਪੁਥਲ ਵਿੱਚ ਆਪਣੇ ਸਟੇਸ਼ਨ 'ਤੇ ਉਤਰਨਾ ਹੀ ਭੁੱਲ ਜਾਂਦੈ, ਤੇ 'ਅੱਗਾ ਦੌੜ ਪਿਛਾ ਚੌੜ' ਵਾਲੀ ਕਹਾਵਤ ਵਾਲਾ ਹਾਲ ਹੋ ਜਾਂਦੈ। ਜਹਾਨ ਵਿੱਚ ਜਿੰਦਗੀ ਨੂੰ ਖੁਬਸੂਰਤ ਬਣਾਉਣ ਲਈ ਨਿਖਰੀ ਸ਼ਖਸ਼ੀਅਤ ਦਾ ਹੋਣਾ ਵੀ ਲਾਜਮੀ ਹੈ। ਨਿਖਰੀ ਤੇ ਪਾਰਦਰਸ਼ੀ ਸ਼ਖਸ਼ੀਅਤ ਤੁਹਾਡੇ ਵਿਚਾਰਾਂ ਦਾ ਆਇਨਾਂ ਹੁੰਦੀ ਹੈ। ਬਹੁਤੀ ਭੱਜ ਨੱਸ ਦਾ ਕੋਈ ਜਿਆਦਾ ਲਾਭ ਨਹੀਂ ਹੁੰਦਾ। ਸਿਰਫ ਹੌਸ਼ਲਾ ਤੇ ਸਿਰੜ ਲਾਹੇਵੰਦ ਹੈ। ਜੇ ਕਿਸੇ ਥਾਂ ਵਕਤ ਸਿਰ ਅੱਪੜਨਾ ਹੋਵੇ ਤਾਂ ਘੜੀ ਪੰਜ ਮਿੰਟ ਅੱਗੇ ਰੱਖੋ, ਫਿਰ ਨਾ ਤਾਂ ਬੱਸ ਖੁੰਝੇਗੀ ਤੇ ਨਾ ਹੀ ਕਾਹਲ ਕਰਨ ਦੀ ਲੋੜ ਪਵੇਗੀ। ਦੁਨੀਆਂ ਤੁਰੀ ਰਹਿਣੀ ਹੈ, ਸਕੀਮਾਂ ਦਾ ਫੇਲ ਪਾਸ ਹੋਣਾ ਵੀ ਲੱਗਾ ਰਹੇਗਾ। ਸੂਰਜ ਦਾ ਆਉਣਾ ਜਾਣਾ, ਧੁੱਪਾਂ ਛਾਵਾਂ, ਗਰਮੀਆਂ ਸਰਦੀਆਂ, ਦੁੱਖ ਸੁੱਖ ਸਭ ਕੁਝ ਚਲਦਾ ਰਹਿੰਦਾ ਹੈ। ਲੋੜ ਹੈ ਤਾਂ ਸਿਰਫ ਨਿੱਕੀਆਂ ਨਿੱਕੀਆਂ ਖੁਸ਼ੀਆਂ ਨੂੰ ਇਕੱਠਾ ਕਰਕੇ ਇੱਕ ਵੱਡਾ ਭੰਡਾਰ ਇਕੱਠਾ ਕਰਨ ਦੀ। ਨੋਟਾਂ ਦੀਆਂ ਜਰਬਾਂ ਤਕਸੀਮਾਂ ਨਾਲੋ ਜਿੰਦਗੀ ਵਿੱਚ ਆਉਣ ਵਾਲੀਆਂ ਖੁਸ਼ੀਆਂ ਦਾ ਹਾਂਸਿਲ ਜਿਆਦਾ ਮਹੱਤਵਪੂਰਨ ਹੈ। ਮਜਾ ਇਸ ਗੱਲ ਵਿੱਚ ਨਹੀਂ ਕਿ ਕਿੰਨੀ ਲੰਬੀ ਜਿੰਦਗੀ ਜੀਣੀ ਹੈ, ਸਗੋਂ ਇਸ ਗੱਲ ਵਿੱਚ ਹੈ ਕਿ ਕਿੰਨੀ ਵਧੀਆ ਜਿੰਦਗੀ ਜੀਣੀ ਹੈ। ਜਿੰਦਗੀ ਨੂੰ ਰੱਜ ਹੰਡਾਉਣ ਦੀ ਜੁਗਤ ਜਰੂਰ ਸਿੱਖੋ ਬਾਕੀ ਜੁਗਤਾਂ ਤਾਂ.........?