Saturday, November 17, 2007

ਮਧਾਣੀਆਂ ਹਾਏ ਓ ਮੇਰੇ ਡਾਢਿਆ ਰੱਬਾ.......

ਗੁਰੂ ਘਰ ਦੇ ਸਪੀਕਰ ਵਿੱਚੋਂ ਭਾਈ ਜੀ ਦੁਆਰਾ ਗਾਇਨ ਕੀਤੀ ਜਾ ਰਹੀ ਇਲਾਹੀ ਬਾਣੀ ਦੀ ਮਿੱਠੀ ਮਿੱਠੀ ਰਸਭਿੰਨੀ ਅਵਾਜ਼ ਕੰਨਾਂ ਵਿੱਚ ਪੈ ਰਹੀ ਏ। ਸਿਆਲਾਂ ਦੀ ਠਿਠੁਰਦੀ ਰੁੱਤ ਵਿੱਚ ਧਰਤੀ ਦੇ ਚਾਰ ਚੁਫੇਰੇ ਕਿਤੇ ਹਲਕੀ ਕਿਤੇ ਗਹਿਰੀ ਧੁੰਦ ਲਿਪਟੀ ਹੋਈ ਏ। ਮਰਦ ਲੋਕ ਪਸ਼ੂਆਂ ਨੂੰ ਢਾਰੇ ਵਿੱਚੋਂ ਖੋਲ੍ਹ ਬਾਹਰ ਖੁਰਲੀਆਂ ‘ਤੇ ਬੰਨ ਕੇ ਚਾਰਾ ਰਲ਼ਾ ਰਹੇ ਨੇ। ਕੁਝ ਤੀਵੀਆਂ ਮੱਝਾਂ ਗਾਵਾਂ ਦੀਆਂ ਧਾਰਾਂ ਪਈਆਂ ਕੱਢਦੀਆਂ ਨੇ ਤੇ ਕੁਝ ਕਟੂਆਂ-ਵਛੜੂਆਂ ਨੂੰ ਝੁੱਲ੍ਹ ਦੇ ਕੇ ਠੰਡ ਤੋਂ ਬਚਾ ਰਹੀਆਂ ਨੇ। ਬਜ਼ੁਰਗ ਔਰਤਾਂ ਥਾਲ਼ੀ ਵਿੱਚ ਰਸਦ ਪਾ ਕੇ ਗੁਰੂ ਘਰ ਜਾਣ ਦੀ ਤਿਆਰੀ ਕਰ ਰਹੀਆਂ ਨੇ, ਤੇ ਛੋਟੇ ਜਵਾਕ ਹਾਲੇ ਮਸਤ ਸੁੱਤੇ ਪਏ ਨੇ। ਕਿਸੇ ਪਾਸੇ ਚਾਂਵੇ ਚੁੱਲ੍ਹੇ ਨੂੰ ਸਬਾਤ ਵਿੱਚ ਧਰ ਕੋਈ ਤੀਵੀਂ ਬਜੁਰਗਾਂ ਲਈ ਚਾਹ ਦਾ ਓਹੜ ਪੋਹੜ ਕਰ ਰਹੀ ਏ ਤੇ ਕੁਝ ਸੁਆਣੀਆਂ ਰਾਤ ਦੇ ਜਾਗ ਲਾਏ ਦੁੱਧ ਤੋਂ ਬਣੇ ਦਹੀਂ ਨੂੰ ਚਾਟੀ ਵਿੱਚ ਪਾ ਰਿੜਕਣ ਲਈ ਤਿਆਰੀ ਕਰ ਰਹੀਆਂ ਨੇ। ਇਹ ਨਜ਼ਾਰਾ ਅੱਜ ਤੋਂ ਦਹਾਕਾ ਦੋ ਦਹਾਕੇ ਪਹਿਲਾਂ ਦੇ ਪੰਜਾਬ ਦੇ ਕਿਸੇ ਘੁੱਗ ਵਸਦੇ ਪਿੰਡ ਦਾ ਏ। ਹਾੜ ਸਿਆਲ ਪਿੰਡਾਂ ਵਿੱਚ ਹਰ ਘਰ ਦਾ ਤਕਰੀਬਨ ਇਹੋ ਜਿਹਾ ਦ੍ਰਿਸ਼ ਹੁੰਦਾ ਸੀ। ਗਰਮੀਆਂ ਵਿੱਚ ਤੜਕਸਾਰ ਹਾਲੀ ਬਲਦ ਹੱਕ ਕੇ ਖੇਤਾਂ ਵੱਲ ਚਾਲੇ ਪਾ ਦਿੰਦੇ ਤੇ ਸੁਆਣੀਆਂ ਘਰਾਂ ਦੇ ਕਈ ਕੰਮਾਂ ਵਿੱਚ ਰੁੱਝ ਜਾਂਦੀਆਂ। ਇਹਨਾਂ ਕੰਮਾਂ ਤੋਂ ਇਲਾਵਾ ਸਵੇਰੇ ਸਵਖਤੇ ਸੁਆਣੀਆਂ ਦੇ ਕਈ ਹੋਰ ਕੰਮ ਵੀ ਹੁੰਦੇ ਜਿਵੇਂ ਚਰਖੇ ਕੱਤਣਾ, ਕਪਾਹ ਵੇਲਣੀ, ਫੁਲਕਾਰੀਆਂ ਸੋਪ ਕੱਢਣਾ, ਧਾਰਾਂ ਕੱਢਣੀਆਂ ਆਦਿ। ਪਰ ਅੱਜ ਇਥੇ ਆਪਣੇ ਵਿਰਸੇ ਨੂੰ ਵਿਸਰ ਚੁੱਕੀ ਨਵੀਂ ਪੀੜੀ ਅਤੇ ਖਾਸ ਕਰਕੇ ਪੰਜਾਬਣਾਂ ਨੂੰ ਵਿਰਾਸਤ ਦੇ ਇੱਕ ਖਾਸ ਅੰਗ ਤੋਂ ਜਾਣੂ ਕਰਵਾਇਆ ਜਾ ਰਿਹਾ ਏ। ਇਹ ਅੰਗ ਹੈ ਦੁੱਧ ਰਿੜਕਣ ਵਾਲੀ ਮਧਾਣੀ ਤੇ ਉਸ ਨਾਲ ਸਬੰਧਿਤ ਸਾਜੋ ਸਮਾਨ। ਲੇਖ ਦਾ ਸਿਰਲੇਖ ਪੜ ਕੇ ਤੁਸੀ ਕਹੋਗੇ ਗੱਲ ਕੀ ਏ ਤੇ ਕਿਧਰ ਨੂੰ ਲੈ ਤੁਰਿਆ ਏ। ਪਰ ਸਿਰਲੇਖ ਵਾਲੇ ਗੀਤ ਦਾ ਇਸ ਲੇਖ ਨਾਲ ਖਾਸਾ ਸਬੰਧ ਏ। ਪੰਜਾਬੀ ਹਮੇਸ਼ਾਂ ਤੋਂ ਹੀ ਸਾਦਾ ਖਾਣ, ਸਾਦਾ ਪਹਿਨਣ ਅਤੇ ਸਾਦਾ ਜੀਵਨ ਜਿਉਣ ਦੇ ਆਦੀ ਰਹੇ ਹਨ। ਪਹਿਲੇ ਜਮਾਨੇ ਵਿੱਚ ਮਾਵਾਂ ਆਪਣੇ ਬੱਚਿਆਂ ਦੀ ਘਰ ਦੇ ਦੁੱਧ ਅਤੇ ਦੁੱਧ ਤੋਂ ਬਣੇ ਦਹੀਂ ਮੱਖਣ ਤੇ ਲੱਸੀ ਨਾਲ ਪਰਵਰਿਸ਼ । ਇਹ ਮੱਖਣ ਤੇ ਲੱਸੀ ਇੱਕ ਖਾਸ ਕਿਸਮ ਦੇ ਲੱਕੜ ਦੇ ਬਣੇ ਸੰਦ, ਜਿਸ ਨੂੰ ਮਧਾਣੀ ਕਿਹਾ ਜਾਂਦੈ, ਨਾਲ ਬਣਦੇ ਸਨ। ਮਧਾਣੀ ਲੱਕੜ ਦੇ ਇੱਕ ਡਿਜ਼ਾਇਨ ਵਾਲੇ ਢਾਈ ਫੁੱਟ ਲੰਬੇ ਅਤੇ ਮੋਟੇ ਡੰਡੇ ਜਿਸ ਵਿੱਚ ਵੱਢੇ ਪਏ ਹੁੰਦੇ ਨੇ ਦੇ ਅੱਗੇ ਇੱਕ ਲੱਕੜ ਦਾ ਫੁੱਲ ਲਗਾ ਕੇ ਤਰਖਾਣਾ ਦੁਆਰਾ ਤਿਆਰ ਕੀਤੀ ਜਾਂਦੀ ਸੀ। ਦਹੀਂ ਨੂੰ ਚਾਟੀ ਵਿੱਚ ਪਾ ਕੇ ਲੱਕੜ ਦੀ ਹੀ ਬਣੀ ‘ਕੜਵੰਝੀ‘ ਉਪਰ ਟਿਕਾ ਲਿਆ ਜਾਂਦਾ ਅਤੇ ਚਾਟੀ ਵਿੱਚ ਮਧਾਣੀ ਨੂੰ ਪਾ ਕੇ ਇੱਕ ਖਾਸ ਕਿਸਮ ਦੇ ਅਕਾਰ ਵਾਲੇ ‘ਕੁੜ‘ ਜਿਸਦਾ ਅਕਾਰ ਅੰਗਰੇਜ਼ੀ ਦੇ ਯੂ ਵਰਗਾ ਹੁੰਦਾ ਹੈ ਵਿੱਚ ਫਸਾ ਦਿੱਤਾ ਜਾਂਦਾ, ਅਤੇ ਉਸ ‘ਕੁੜ‘ ਨੂੰ ਰੱਸੀ ਦੀ ਮਦਦ ਨਾਲ ‘ਕੜਵੰਜੀ‘ ਦੇ ਡੰਡੇ ਨਾਲ ਬੰਨ ਦਿੱਤਾ ਜਾਂਦਾ। ਮਧਾਣੀ ਨੂੰ ਵੀ ਉੱਪਰਲੇ ਹਿੱਸੇ ਤੋਂ ‘ਨੇਤਰਨੇ‘ (ਇੱਕ ਕਿਸਮ ਦੀ ਰੱਸੀ) ਨਾਲ ਕੜਵੰਜੀ ਦੇ ਡੰਡੇ ਨਾਲ ਬੰਨ ਲਿਆ ਜਾਂਦਾ। ਮਧਾਣੀ ਦੇ ਦੁਆਲੇ ‘ਲੱਜ‘ ਜਾਂ ‘ਰਿੜਕਣਾ‘ ਲਪੇਟ ਕੇ ਦੋਹਵਾਂ ਬਾਹਵਾਂ ਨਾਲ ਸੁਆਣੀਆਂ ਵਾਰੀ ਵਾਰੀ ਖਿਚਦੀਆਂ ਜਿਸ ਨਾਲ ਮਧਾਣੀ ਚਾਟੀ ਵਿੱਚ ਕਦੀ ਉਲਟੀ ਕਦੀ ਸਿੱਧੀ ਘੁੰਮਦੀ, ਅਤੇ ਦਹੀਂ ਰਿੜਕਣਾ ਸ਼ੁਰੂ ਹੋ ਜਾਂਦਾ। ਇਹ ਸਾਰਾ ਸਮਾਨ ਬੜੇ ਨਿਯਮਬੱਧ ਢੰਗ ਨਾਲ ਆਪਸ ਵਿੱਚ ਜੁੜਿਆ ਹੁੰਦਾ। ਮਧਾਣੀ ਸਾਡੇ ਸਾਹਿਤ, ਸਾਡੇ ਸਭਿਆਚਾਰ ਅਤੇ ਸਾਡੇ ਪੰਜਾਬੀ ਸਮਾਜ ਦਾ ਇੱਕ ਖਾਸ ਅੰਗ ਰਹੀ ਹੈ। ਇਸ ਨਾਲ ਸਬੰਧਿਤ ਪੰਜਾਬੀ ਸਹਿਤ ਅਤੇ ਗੀਤਕਾਰੀ ਵਿੱਚ ਬਹੁਤ ਵੰਨਗੀਆਂ ਮਿਲਦੀਆਂ ਨੇ। ਪੰਜਾਬ ਦੀ ‘ਕੋਇਲ‘ ਗਾਇਕਾ ਸਵ: ਸੁਰਿੰਦਰ ਕੌਰ ਜੀ ਵੱਲੋਂ ਗਾਇਆ ਗੀਤ ‘‘ਮਧਾਣੀਆਂ ਹਾਏ ਓ ਮੇਰੇ ਡਾਢਿਆ ਰੱਬਾ ਕਿੰਨਾਂ ਜੰਮੀਆਂ ਕਿੰਨਾਂ ਨੇ ਲੈ ਜਾਣੀਆਂ” ਅੱਜ ਵੀ ਜਦ ਕੰਨੀ ਪੈਂਦਾ ਏ ਤਾਂ ਰੂਹ ਅੰਦਰ ਤੱਕ ਨਮ ਹੋ ਜਾਂਦੀ ਏ। ਮਧਾਣੀ ਦਾ ਚੂੜੀਆਂ ਅਤੇ ਗੋਰੀਆਂ ਮਖਮਲੀ ਕਲਾਈਆਂ ਨਾਲ ਵੀ ਖਾਸਾ ਸਬੰਧ ਏ। ਪੰਜਾਬ ਦੇ ਖੇਤਾਂ ਦੀ ‘ਬੁਲਬੁਲ‘ ਤੇ ਮਾਣਮੱਤੀ ਗੋਰੀ ਜਦ ਸਵੇਰੇ ਸਵਖਤੇ ਉਠ ਦੁਧ ਵਿੱਚ ਰਿੜਕਣਾ ਪਾਉਂਦੀ ਸੀ ਤਾਂ ਸੂਰਜ ਵੀ ਡਰ ਡਰ ਕੇ ਨਿੱਕਲਦਾ। ਮਧਾਣੀ ਨੂੰ ਵਾਰੀ ਵਾਰੀ ਘੁਮਾਉਂਦੀ ਕਿਸੇ ਮੁਟਿਆਰ ਦੇ ਬਾਹਵਾਂ ਵਿੱਚ ਪਾਈਆਂ ਰੰਗ ਬਰੰਗੀਆਂ ਚੂੜੀਆਂ ਜਦ ਛਣਕਦੀਆਂ ਤਾਂ ਇੱਕ ਅਨੰਦਮਈ ਸੰਗੀਤ ਅਲਾਪਦੀਆਂ ਦੁੱਧ ਰਿੜਕਦੀ ਕੋਈ ਮੁਟਿਆਰ ਕਈ ਵਾਰੀ ਇਸ ਸੰਗੀਤ ਵਿੱਚ ਉਲਝੀ ਪ੍ਰਦੇਸ਼ ਗਏ ਆਪਣੇ ਮਾਹੀ ਦੀ ਉਡੀਕ ਵਿੱਚ, ਆਪ-ਮੁਹਾਰੇ ਹੀ ਕੋਈ ਧੁੰਨ ਛੇੜ ਲੈਂਦੀ।ਮੇਰੀ ਰੰਗਲੀ ਮਧਾਣੀ ਬਾਹਵਾਂ ਗੋਰੀਆਂ,ਮੈਂ ਚਾਈਂ ਚਾਈਂ ਦੁੱਧ ਰਿੜਕਾਂਛੇਤੀ ਛੇਤੀ ਆਜਾ ਮੇਰੇ ਢੋਲ ਪਰਦੇਸੀਆ ਵੇਤੇਰੀ ਮਾਂ ਦੇਵੇ ਮੈਨੂੰ ਝਿੜਕਾਂ। ਦਹੀਂ ਤੋਂ ਬਣੀ ਚਾਟੀ ਦੀ ਲੱਸੀ ਦਾ ਸਵਾਦ ਹੀ ਜਹਾਨੋਂ ਵੱਖਰਾ ਹੁੰਦਾ ਸੀ, ‘‘ਸਾਡੇ ਪਿੰਡ ਦੀ ਲੱਸੀ ਦਾ ਘੁੱਟ ਪੀ ਕੇ ਨੀ ਲਿਮਕੇ ਨੂੰ ਭੁੱਲ ਜਾਵੇਂਗੀ” ਸੱਚੀ ਹੀ ਲੱਸੀ ਦਾ ਮੁਕਾਬਲਾ ਲਿਮਕਾ ਜਾਂ ਕੋਈ ਹੋਰ ਸੌਫਟ ਡ੍ਰਿੰਕ ਭਲਾ ਕਿਵੇਂ ਕਰ ਸਕਦੇ ਨੇ। ਪੁਰਾਣੇ ਸਮਿਆਂ ਵਿੱਚ ਇੱਕ ਲੋਕ ਬੋਲੀ ਬੜੀ ਮਸ਼ਹੂਰ ਸੀ:- ਛੜੇ ਜੇਠ ਨੂੰ ਲੱਸੀ ਨਈਂ ਦੇਣੀਦਿਓਰ ਭਾਵੇਂ ਮੱਝ ਚੁੰਘ ਜਾਏ। ਇਸ ਲੱਸੀ ਕਰਕੇ ਕਈ ਜੇਠ ਵਿਚਾਰੇ ਭਾਬੀਆਂ ਦੇ ਤਰਲੇ ਕੱਢਦੇ ਫਿਰਦੇ ਸੀ। ਇਹ ਕਮਾਲ ਮਧਾਣੀ ਨਾਲ ਬਣੀ ਚਾਟੀ ਦੀ ਲੱਸੀ ਦਾ ਹੀ ਸੀ। ਦੁੱਧ ਰਿੜਕਣ ਜਾਂ ਮਧਾਣੀ ਨਾਲ ਸਬੰਧਿਤ ਸਾਡੀਆਂ ਬਹੁਤ ਸਾਰੀਆਂ ਲੋਕ ਬੋਲੀਆਂ ਵੀ ਸਾਹਿਤ ਵਿੱਚ ਮੌਜੂਦ ਨੇ ਜਿਵੇਂ ਚੂੜੇ ਵਾਲੀ ਦੁੱਧ ਰਿੜਕੇਵਿੱਚੋਂ ਮੱਖਣ ਝਾਤੀਆਂ ਮਾਰੇਕੈਂਠੇ ਵਾਲਾ ਧਾਰ ਕੱਢਦਾਦੁੱਧ ਰਿੜਕੇ ਝਾਂਜਰਾਂ ਵਾਲੀ। ਮੈਨੂੰ ਚੂੜੀਆਂ ਚੜਾਦੇ ਚੰਨ ਵੇਮੈਂ ਚਾਈਂ ਚਾਈਂ ਦੁੱਧ ਰਿੜਕਾਂ ਹੁਣ ਬਹੁਤ ਘੱਟ ਅਜਿਹੇ ਪਿੰਡ ਰਹਿ ਗਏ ਹੋਣਗੇ ਜਿਥੇ ਉਪਰੋਕਤ ਸਾਜ਼ੋ ਸਮਾਨ ਵਰਤਿਆ ਜਾਂਦਾ ਹੈ। ਬਹੁਤੇ ਪਿੰਡਾਂ ਵਿੱਚ ਵੀ ਹੁਣ ਸ਼ਹਿਰਾਂ ਵਾਲੀਆਂ ਸਾਰੀਆਂ ਸਹੂਲਤਾਂ ਉਪਲਬਧ ਹੋ ਗਈਆਂ ਨੇ। ਮਧਾਣੀ ਦੀ ਥਾਂ ਹੁਣ ਬਿਜਲੀ ਨਾਲ ਚੱਲਣ ਵਾਲੀ ਮਸ਼ੀਨ ਆ ਗਈ ਏ। ਸਾਰਾ ਕੁਝ ਮਾਡਰਨ ਅਤੇ ਇਲੈਕਟ੍ਰਾਨਿਕ ਹੋ ਗਿਆ ਏ। ਪਰ ਅਜੇ ਵੀ ਕਿਧਰੇ ਕਿਤੇ ਦੂਰ ਦੁਰਾਡੇ ਅਜਿਹੇ ਪਿੰਡ ‘ਚ ਜਾਣ ਦਾ ਮੌਕਾ ਮਿਲੇ ਤਾਂ ਉਥੇ ਅਜਿਹੀਆਂ ਪੁਰਾਤਨ ਚੀਜ਼ਾਂ ਤੇ ਪੁਰਾਣਾ ਸਭਿਆਚਾਰ ਵੇਖ ਕੇ ਆਪਣੇ ਪਿੰਡ ਦੀ ਯਾਦ ਉਮੜ ਆਉਂਦੀ ਏ, ਜਿਥੇ ਕਦੇ ਸੁਆਣੀਆਂ ਦੁੱਧ ਰਿੜਕਣ ਸਮੇ ਆਪਣੀ ਹੀ ਮਸਤੀ ਵਿੱਚ ਅਤੀਤ ਨੂੰ ਯਾਦ ਕਰ ਕੇ ਇਹ ਧੁਨ ਛੇੜ ਲੈਂਦੀਆਂ ਸਨ:-ਮਧਾਣੀਆਂ ਹਾਏ ਓ ਮੇਰੇ ਡਾਢਿਆ ਰੱਬਾਕਿੰਨ੍ਹਾਂ ਜੰਮੀਆਂ, ਕਿੰਨ੍ਹਾਂ ਨੇ ਲੈ ਜਾਣੀਆਂ ।

No comments: