Wednesday, November 21, 2007

ਪਾਪਾਂ-ਸਰਾਪਾਂ ਦੀ ਦੁਮੇਲ 'ਤੇ


-ਪਾਪਾਂ-ਸਰਾਪਾਂ ਦੀ ਦੁਮੇਲ 'ਤੇ


ਖੋਰੇ ਓਹ ਕੈਸਾ ਬੰਦਨ ਸੀ, ਕੈਸੀ ਵੇਦਨਾਂ ਜੋ ਅੱਜ ਤਾਂਈ ਵੀ ਮੇਰੇ ਅਚੇਤ ਮੰਨ ਦੇ ਕਿਸੇ ਖੂਝੇ ਵਿੱਚ ਹਟਕੋਰੇ ਪਈ ਭਰਦੀ ਏ, ਤੇ ਮੈਂ ਤੜਫ ਜਾਨਾਂ ਵਾਂ, ਮੇਰੇ ਜਜਬਾਤ ਉਬਾਲੇ ਪਏ ਮਾਰਦੇ ਤੇ ਅੱਖਾਂ ਵਿੱਚੋ ਹੰਝੂ ਨਿਕਲ ਤੁਰਦੇ। ਇਹ ਦਰਦਾਂ ਦਾ ਇਹ ਖਲਾਅ ਕਿਸ ਭਾਵਨਾਂ ਕਰਕੇ ਸੀ ਮੈਨੂੰ ਚੰਗੀ ਤਰਾਂ ਪਤਾ ਸੀ, ਪਰ ਉਸ ਦੇ ਦਿਲ ਵਿੱਚ ਖੋਰੇ ਕੀ ਪਿਆ ਪਨਪਦਾ ਏ।
ਮੈਂ ਕਈ ਵਾਰੀ ਸੋਚਨਾਂ ਕਿ ਮੈਂ ਕੋਈ ਚੰਗਾ ਬੰਦਾ ਨਈਂ, ਤੇ ਨਾਂ ਈ ਮੈਂ ਕਿਸੇ ਨੂੰ ਕੁਝ ਦੇ ਸਕਨਾਂ ਵਾਂ। ਮੈਂ ਤਾਂ ਆਪਣੀ ਭੁੱਖ ਲਈ ਦੂਜਿਆਂ ਦੀਆਂ ਰੋਟੀਆਂ ਵੀ ਝਪਟ ਲੈਣਾਂ ਚਾਹਨਾਂ ਵਾਂ। ਫਿਰ ਮੈ ਸੋਚਨਾਂ ਨਈਂ............! ਇਵੇਂ ਤਾਂ ਹਰ ਕੋਈ ਕਰਦੈ........? ਫਿਰ ਆਖਦਾਂ ਨਈਂ ਇਵੇਂ ਹਰ ਕੋਈ ਨਹੀ ਕਰਦਾ । ਏ ਤਾਂ ਮੈਂ ਈ ਆਂ ਘਟੀਆ ਜਿਹਾ ਬੰਦਾ ਜਿਹੜਾ ਕਿਸੇ ਹੋਰ ਦੇ ਪਿਆਰ ਨੂੰ ਵੀ ਝਪਟ ਲੈਣਾਂ ਚਾਹੁੰਦਾ ਹਾਂ ਰੋਟੀਆਂ ਵਾਂਗ.........! ਹਾਂ ਕਿਸੇ ਹੋਰ ਦੇ ਪਿਆਰ ਨੂੰ ਵੀ ...........!!
ਪਰ ਉਹ ਕਿਸੇ ਹੋਰ ਦਾ ਪਿਆਰ ਕਿਵੇਂ ਹੋ ਸਕਦੀ ਏ........? ਹੋ ਵੀ ਸਕਦੈ ਏ ਪਈ ਉਹ ਕਿਸੇ ਹੋਰ ਨੂੰ ਚਾਹਦੀ ਹੋਵੇ। ਉਸ ਨੇ ਕਿਹੜਾ ਮੈਨੂੰ ਕਦੀ ਆਖਿਐ ਸੀ ਕਿ ਮੈ ਤੈਨੂੰ ਚਾਹਨੀ ਆਂ, ਤੈਨੂੰ ਪਿਆਰ ਕਰਦੀ ਆਂ । ਇਹ ਤਾਂ ਬੱਸ ਮੇਰਾ ਆਪਣਾ ਭਰਮ ਸੀ, ਜਾਂ ਵਹਿਮ ਸੀ ਜਾਂ ਭੂਲੇਖਾ। ਪਰ ਮੈਂ ਜਦ ਵੀ ਓਸਦੀਆਂ ਦਿਲਕਸ਼ ਅੱਖਾਂ ਵਿੱਚ ਤੱਕਦਾਂ ਤਾਂ ਮੈਨੂੰ ਓਸ ਦੀਆਂ ਅੱਖਾਂ ਕੁਝ ਕਹਿੰਦੀਆਂ ਪਈਆਂ ਹੁੰਦੀਆਂ। ਸ਼ਾਇਦ ਇਹ ਕਿ ਮੈਂ ਤੇਰੀ ਆਂ ਸਿਰਫ ਤੇਰੀ। ਤੇ ਜਾਂ ਇਹ ਕਿ ਤੂੰ ਕਦ ਮੈਨੂੰ ਚੰਗੀ ਤਰ੍ਹਾਂ ਜੀਣ ਦੇਵੇਗਾਂ ਮੇਰੀ ਆਪਣੀ ਮਰਜੀ ਨਾਲ।
ਕਈ ਵਾਰੀ ਮੈਂ ਜਦੋ ਓਸ ਨੂੰ ਮਿਲਦਾ ਤਾਂ ਉਹ ਖੁਸ਼ੀ ਵਿੱਚ ਸਭੋ ਕੁਝ ਭੁੱਲ ਜਾਂਦੀ ਤੇ ਮੇਰੇ ਇਰਦ ਗਿਰਦ ਘੁੰਮਦੀ ਲਾਟੂ ਵਾਂਗ ਤੇ ਮੈਨੂੰ ਇੰਝ ਮਹਿਸੂਸ ਹੁੰਦਾ ਜਿਵੇ ਉਹ ਹੁਣੇ ਮੈਨੂੰ ਆਪਣੇ ਗਲ ਨਾਲ ਲਾ ਲਵੇਗੀ । ਕਦੇ ਮੈਂ ਬੇ-ਸਬਰਾ ਹੋ ਕਿ ਓਸ ਦੀ ਬਾਂਹ ਫੜ ਲੈਦਾ ਤੇ ਅਕਸਰ ਅੰਗਰੇਜੀ ਵਿੱਚ ਆਖਦਾ ''ਢਰਚ’ਗਕ ;ਰਰਾਜਅਪ ਤਰ ਤਮਕਕਵ‘‘ ਉਸ ਦੀ ਬਾਂਹ ਵਿਚਲੀਆਂ ਲਾਲ ਹਰੀਆਂ ਚੂੜੀਆਂ ਕੰਬ ਜਾਂਦੀਆਂ, ਤੇ ਜਦ ਮੇਰੇ ਹੋਂਟ ਓਸ ਦੇ ਹੋਟਾਂ ਦੇ ਕਰੀਬ ਜਾਣ ਦੀ ਕੋਸ਼ਿਸ ਕਰਦੇ ਤਾਂ ਉਹ ਇਕਦਮ ਭੁੜਕ ਕੇ ਪਰੇ ਜਾ ਬਹਿੰਦੀ। ਉਹ ਮੈਨੂੰ ਕਿਨੀ ਵਾਰ, ਸਗੋਂ ਹਰ ਵਾਰ ਆਖਦੀ ''ਤੂੰ ਭੈੜੀਆਂ ਆਦਤਾਂ ਵਾਲਾ ਇਕ ਚੰਗਾ ਇਨਸਾਨ ਏ।‘‘ (ਯੂ ਆਰ ਏ ਗੁੱਡ ਮੈਨ ਵਿੱਦ ਬੈਡ ਹੈਬਿਟਸ) ਉਸ ਦਾ ਪਤਲਾ ਜਿਹਾ ਸਰੀਰ ਬਿਜਲੀ ਵਾਂਗ ਦੋੜਦਾ, ਭੋਲੇ ਜਹੇ ਗੁਲਬੀ ਚਿਹਰੇ ‘ਤੇ ਵਾਲਾਂ ਦੀਆਂ ਕੁਝ ਕੁ ਲੜੀਆਂ ਪਈਆਂ ਖੇਡਦੀਆਂ ਤੇ ਓਸ ਦੀਆਂ ਅੱਖਾਂ ਲਿਸ਼ਕੋਰੇ ਪਈਆਂ ਮਾਰਦੀਆਂ। ਮੈਂ ਚਾਂਹਦਾ ਓਸ ਨੂੰ ਆਪਣੀਆਂ ਬਾਹਵਾਂ ਵਿੱਚ ਘੁੱਟ ਲਵਾਂ ਤੇ ਆਖਾਂ ''ਕੀ ਕਰਾਂ ਕੰਟਰੋਲ ਨਹੀਂ ਹੁੰਦਾ।‘‘ ਪਰ ਮੈ ਕੁਝ ਨਾ ਕਰਦਾ। ਬਸ ਕਦੇ ਕਦੇ ਮੇਰੀ ਖਾਹਿਸ਼ ਹੁੰਦੀ ਕੇ ਮੈਂ ਉਸ ਦੇ ਪਤਲੇ ਤੇ ਗੋਰੇ ਪੈਰ ਚੁੰਮ ਲਵਾਂ। ਕਦੀ ਕਦੀ ਉਹ ਮੈਨੂੰ ਫੋਨ ਕਰਦੀ ਤੇ ਆਖਦੀ:
-''ਕੀ ਪਿਆ ਕਰਦੈ ਏ...........?‘‘ ਤੇ ਮੈਂ ਅਚੇਤ ਹੀ ਆਖ ਦਿੰਦਾ
-''ਤੈਨੂੰ ਯਾਦ ਪਿਆ ਕਰਨਾ ਵਾਂ।‘‘
ਉਹ ਹਮੇਸ਼ਾਂ ਮੈਨੂੰ ਆਖਦੀ ''ਤੇਰੀਆਂ ਗੱਲਾਂ ਮੇਰੀ ਅਕਲ ਵਿੱਚ ਨਈਂ ਵੜਦੀਆਂ। ਖੋਰੇ ਕੀ ਪਿਆ ਕਹਿੰਦਾ ਰਹਿਨਾਂ ਏਂ...........?‘‘ ਪਰ ਅਸਲ ਗੱਲ ਤਾਂ ਇਹ ਸੀ ਪਈ ਮੈਨੂੰ ਕਦੇ ਓਸ ਦੀ ਸਮਝ ਨਈਂ ਸੀ ਆਈ। ਮੈਂ ਏਸੇ ਦੁਚਿਤੀ ਵਿਚ ਰਹਿੰਦਾ ਕੇ ਉਹ ਸਿਰਫ ਮੇਰੀ ਦੋਸਤ ਏ ਜਾਂ ਉਹ ਮੈਨੂੰ ਸੱਚ ਮੁੱਚ ਚਾਂਹਦੀ ਏ। ਕੀ ਹੈ ਉਸ ਦੇ ਦਿਲ ਵਿੱਚ ਮੇਰਾ ਰਿਸਤਾ ......? ਇਕ ਦੋਸਤ ਦਾ, ਇਕ ਪ੍ਰੇਮੀਕਾ ਦਾ ਤੇ ਜਾਂ ਫਿਰ ਇਕ ਭੈਣ ਭਰਾ ਦਾ......? ਘੁਟਨ ਹੋਣ ਲੱਗ ਪਈ ਏ ਮੈਨੂੰ ਇਸ ਘੁਮਣਘੇਰੀ ਦੀ ਦਲਦਲ ਵਿੱਚੋ। ਜੇ ਉਹ ਮੈਨੂੰ ਚਾਂਹਦੀ ਏ ਤਾਂ ਮੈਨੂੰ ਆਖ ਕਿਊਂ ਨਈਂ ਦਿੰਦੀ........? ਜਦ ਉਹ ਮੈਨੂੰ ਮਿਲਦੀ ਤਾਂ ਓਸ ਦੇ ਪਤਲੇ ਪਤਲੇ ਬੁੱਲ੍ਹਾਂ ‘ਚੋਂ ਹਾਸਾ ਪਿਆ ਕਿਰਦਾ ਹੁੰਦਾ ਤੇ ਉਹ ਆਪਣੀ ਸੁਰੀਲੀ ਅਵਾਚ ਵਿਚ ਇਕੋ ਸਾਹੇ ਕਿਨਾਂ ਕੁਝ ਆਖ ਦਿੰਦੀ। ਉਹ ਅਕਸਰ ਮੈਨੂੰ ਆਖਦੀ ''ਮੈ ਤੇਰੇ ਨਾਲ ਕਿਨੀਆਂ ਗੱਲਾਂ ਕਰਨਾਂ ਚਾਹਨੀ ਆਂ। ਢੇਰ ਸਾਰੀਆਂ, ਮੈਂ ਇਨੇ ਦਿਨਾਂ ਦੀਆਂ ਕੱਠੀਆਂ ਕੀਤੀਆਂ ਨੇ।‘‘ ਪਰ ਕੁਝ ਹੀ ਪਲਾਂ ਵਿੱਚ ਸਾਡੀਆਂ ਸਾਰੀਆਂ ਗੱਲਾਂ ਮੁੱਕ ਜਾਂਦੀਆਂ ਤੇ ਕਹਿਣ ਨੂੰ ਕੁਝ ਬਚਦਾ ਹੀ ਨਾ। ਉਹ ਮੇਰੀ ਡਾਇਰੀ ਤੋਂ ਮੇਰੀਆਂ ਕੁਝ ਅਧੁਰੀਆਂ ਤੇ ਕੁਝ ਪੂਰੀਆਂ ਕਵਿਤਾਵਾਂ, ਗ਼ਜ਼ਲਾਂ ਜਾਂ ਕਹਾਣੀਆਂ ਪੜਨ ਲੱਗ ਜਾਂਦੀ। ਜਿਹੜੀ ਓਸ ਨੂੰ ਪਸੰਦ ਆ ਜਾਂਦੀ ਉਹ ਝੱਟ ਆਖਦੀ '' ਇਹ ਤੂੰ ਮੇਰੇ ਲਈ ਲਿਖੀ ਏ ਨਾ‘‘ ਤੇ ਮੈਂ ਆਖਦਾ ''ਹਾਂ ਤੇਰੇ ਲਈ ਹੀ ਤੇ ਲਿਖੀ ਏ।‘‘ ਭਾਵੇ ਮੈਂ ਉਸ ਲਈ ਲਿਖੀ ਹੁੰਦੀ ਜਾਂ ਨਹੀਂ।
-''ਫਿਰ ਤੂੰ ਇਸ ਨੂੰ ਪੁਰੀ ਕਿਉਂ ਨਈਂ ਕਰਦਾ।‘‘ ਉਹ ਆਖਦੀ।
-''ਤੂੰ ਜੋ ਨਈਂ ਸੀ ਮੇਰੇ ਕੋਲ ਫਿਰ ਇਹ ਪੁਰੀ ਕਿਵੇਂ ਹੁੰਦੀ।‘‘ ਮੈਂ ਸਹਿਜ ਹੀ ਬੋਲ ਪੈਂਦਾ।
ਕਈਂ ਵਾਰੀ ਮੈਂ ਸੋਚਨਾਂ ਵਾਂ ਕਿ ਸ਼ਾਇਦ ਮੈਂ ਉਸੇ ਲਈ ਹੀ ਲਿਖੀਆਂ ਨੇ ਇਹ ਗ਼ਜ਼ਲਾਂ, ਕਵਿਤਾਵਾਂ ਤੇ ਕਈ ਕੁਝ ਹੋਰ.......! ਹਾਂ ਸਾਇਦ ਉਸੇ ਲਈ। ਉਸ ਲਈ ਨਈਂ ਤਾਂ ਫਿਰ ਕਿਸ ਲਈ ? ਆਸ਼ਾ, ਨੀਤੂ ਵਿੱਪਨ, ਮਧੂ ਜਾਂ ਫਿਰ ਆਰਤੀ ਲਈ.........? ਨਈਂ ਮੈਂ ਉਹਨਾਂ ਲਈ ਕਿਉਂ ਲਿਖਾਂਗਾ। ਉਹ ਤਾਂ ਬੜੀ ਦੇਰ ਹੋ ਗਈ ਮੈਨੂੰ ਕਦੀ ਮਿਲੀਆਂ ਵੀ ਨਈਂ। ਇਹ ਸਿਰਫ ਉਸੇ ਲਈ ਨੇ ਜਿਹੜੀ ਅਕਸਰ ਮੈਨੂੰ ਆਖਦੀ ਏ: ''ਤੂੰ ਭੈੜੀਆਂ ਆਦਤਾਂ ਵਾਲਾ ਇਕ ਚੰਗਾ ਇਨਸਾਨ ਏ‘‘( ਢਰਚ ਪਰਰਦ ਠਮਜਵੀ ਲ਼ਦ ੀ) ਤੇ ਕਈ ਵਾਰੀ ਮੈਨੂੰ ਇੰਝ ਲਗਦੈ ਕਿ ਸ਼ਾਇਦ ਉਹ ਸੋਚਦੀ ਹੋਵੇ ਕਿ ਮੈ ਚਲੂ ਜਿਹਾ ਬੰਦਾ ਵਾਂ.....! ਹੋ ਵੀ ਸਕਦੈ, ਪਰ ਮੈ ਓਸ ਤੋਂ ਸਿਵਾ ਕਿਸੇ ਹੋਰ ਨੂੰ ਇਹ ਨਹੀਂ ਕਿਹਾ ''ਯੂ ਆਰ ਲੁਕਿੰਗ ਸੋ ਸਵੀਟ।‘‘ ਪਰ ਜਦ ਉਹ ਬੜੀ ਖੁਸ਼ੀ ਵਿੱਜ ਹੁੰਦੀ ਤਾਂ ਕਿਨੀ ਵੇਰ ਮੈਨੂੰ ਚੁੰਮ ਲੈਂਦੀ ਤੇ ਮੈਂ ਆਪਣੀਆਂ ਸੋਚਾਂ ਦੀਆਂ ਘੁਮਣਘੇਰੀਆਂ ਵਿੱਚ ਫਸਿਆ ਸੋਚਦਾਂ ਕਿ ਇਹ ਮੇਰੇ ਵਾਸਤੇ ਇਸ ਤਰਾਂ ਕਿਵੇਂ ਸੋਚ ਸਕਦੀ ਏ ਕਿ ਮੈਂ ਚਾਲੂ ਜਿਹਾ ਬੰਦਾ ਵਾਂ। ਮੇਰੇ ਸੋਚਦੇ-ਸੋਚਦੇ ਉਹ ਮੇਰੀ ਗੱਲ ‘ਤੇ ਇਕ ਹੋਰ ਚੁੰਮਣ ਜੜ ਦਿੰਦੀ, ਤੇ ਮੈ ਓਸ ਨੂੰ ਮਧਮ ਜਹੀ ਅਵਾਜ ਵਿੱਚ ਆਖਦਾ, ''ਮੈ ਤੇਰੇ ਪੈਰ ਚੁੰਮ ਲਵਾਂ‘‘ ਤੇ ਜਦ ਮੈਂ ਉਸ ਦੇ ਪੈਰ ਫੜਦਾ ਤਾਂ ਓਸ ਦੇ ਪੈਰਾਂ ਵਿੱਚ ਪਾਈਆਂ ਝਾਂਜਰਾਂ ਤ੍ਰਬਕ ਜਾਂਦੀਆਂ ।
''ਤੂੰ ਸ਼ੁਦਾਈ ਏਂ, ਕੁੜੀਆਂ ਦੇ ਪੈਰਾਂ ਨੂੰ ਹੱਥ ਨਈਂ ਲਾਈਦਾ‘‘ ਤੇ ਉਹ ਪਰੇ ਜਹੇ ਬੈਠ ਜਾਂਦੀ, ਤੇ ਮੈ ਡਿਕਸ਼ਨਰੀ ਵਿੱਚ ਅੰਗਰੇਜੀ ਦੇ ਕਿਸੇ ਔਖੇ ਸ਼ਬਦ ਦੇ ਅਰਥ ਲੱਭਣ ਵਾਂਗ ਆਪਣੀ ਸੋਚ ਦੇ ਸ਼ਬਦਕੋਸ਼ ਦੇ ਵਰਕੇ ਪਿਆ ਫੋਲਦਾਂ, ਪਰ ਮੈਨੂੰ ਓਸ ਦੇ ਅਰਥ ਨਈਂ ਮਿਲਦੇ। ਉਹ ਹਮੇਸ਼ਾਂ ਮੇਰੇ ਲਈ ਇਕ ਬੂਝਾਰਤ ਜਹੀ ਬਣੀ ਰਹਿੰਦੀ। ਉਹ ਕਦੇ ਮੈਨੂੰ ਕਿਸੇ ਟੀ.ਵੀ. ਸੀਰੀਅਲ ਦੇ ਕਿਸੇ ਭੈੜੇ ਜਹੇ ਕਰੈਕਟਰ ਨਾਲ ਮਿਲਾ ਦਿੰਦੀ ਤੇ ਕਦੇ ਕਿਸੇ ਡਰਾਮੇ ਦੇ ਹੀਰੋ ਨਾਲ।
ਇਕ ਵਾਰ ਪਤਾ ਨਈਂ ਓਸ ਮੈਨੂੰ ਕਿਉਂ ਆਖਿਆ ਸੀ, ''ਇਕ ਸਮਾਂ ਸੀ ਜਦੋਂ ਮੈਂ ਤੈਨੂੰ ਪਿਆਰ ਕਰਦੀ ਸਾਂ, ਪਰ ਉਦੋਂ ਮੈਂ ਤੈਨੂੰ ਤੇ ਤੂੰ ਮੈਨੂੰ ਜਾਣਦੇ ਨਈਂ ਸਾਂ।‘‘
''ਤੂੰ ਮੈਨੂੰ ਕਿਹਾ ਕਿਉਂ ਨਾ ਉਦੋਂ......!‘‘ ਮੈ ਉਤਸੁਕਤਾ ਨਾਲ ਪੁਛਦਾ।
''ਮੈਂ ਸੋਚਨੀ ਸਾਂ ਖੋਰੇ ਤੂੰ ਮੈਨੂੰ ਚਾਂਹਨਾ ਵੇਂ ਕੇ ਨਈਂ ਚਾਂਹਦਾ।‘‘
''ਤੇ ਹੁਣ।‘‘ ਮੈ ਆਖਦਾ।
''ਹੁਣ ਅਸੀ ਚੰਗੇ ਦੋਸਤ ਹਾਂ ਬਸ‘‘ ਤੇ ਉਹ ਚੁੱਪ ਹੋ ਜਾਂਦੀ । ਪਰ ਮੈਨੂੰ ਇਕੱਲਾ ਦੋਸਤੀ ਤੱਕ ਸਬਰ ਨਈਂ ਸੀ। ਮੈਂ ਤਾਂ ਸ਼ਾਇਦ ਉਸ ਨੂੰ ਅੰਦਰੋਂ ਅੰਦਰ ਆਪਣੀ ਵਹੁਟੀ ਪਿਆ ਬਣਾਂਦਾ ਸਾਂ। ਕਈ ਵਾਰ ਮੈਂ ਸੁਪਨੇ ਵਿੰਚ ਓਸ ਨੂੰ ਗੋਟੇ ਵਾਲੀ ਚੁੰਨੀ ਵਿੱਚ ਲਵੇਟੀ ਨੂੰ ਆਪਣੇ ਸਾਹਮਣੇ ਬੈਠੀ ਵੇਖਿਐ। ਤੇ ਜਦ ਮੈਂ ਓਸ ਨੂੰ ਛੁਹਣਾ ਚਾਂਹਦਾ ਤੇ ਉਹ ਹਵਾ ‘ਚ ਰਲ ਜਾਂਦੀ। ਮੈਂ ਕਿਉਂ ਭਲਾ ਓਸ ਨੂੰ ਚਾਂਹਨਾਂ ਵਾਂ.........? ਤੇ ਉਹ ਕਿਉਂ ਮੈਨੂੰ ਝੋਲੇ ਪਈ ਦਿੰਦੀ ਏ.....? ਇਹ ਕਿਸ ਕਿਸਮ ਦੀ ਮੁਹੱਬਤ ਸੀ....? ਮੈਂ ਉਠ ਕਿ ਬੈਠ ਜਾਂਦਾਂ ਤੇ ਇਹ ਸਵਾਲ ਮੇਰੇ ਜਿਹਨ ਵਿੱਚ ਫਿਲਮ ਵਾਂਗ ਘੁੰਮਣ ਲਗਦੇ । ਉਹ ਛਲਾਵਾ ਬਣ ਫਿਰ ਆਂਦੀ ਤੇ ਆਖਦੀ ''ਬੜਾ ਚਾਹਨਾਂ ਵੇਂ ਨਾ ਤੂੰ ਮੈਨੂੰ ਆਜਾ ਘੁੱਟ ਲੈ ਮੈਨੂੰ ਆਪਣੀਆਂ ਬਾਹਵਾਂ ਵਿੱਚ।‘‘ ਤੇ ਮੈ ਖਿਆਲਾਂ ਵਿੱਚ ਓਸ ਦੇ ਪਿਛੇ ਪਿਆ ਦੋੜਨਾਂ। ਉਹ ਕਦੀ ਓਸ ਗਲੀ ਵਿੱਚ, ਕਦੀ ਓਸ ਮੋੜ ਤੇ ਮੈਨੂੰ ਅਵਾਜਾਂ ਪਈ ਮਾਰਦੀ। ਮੈਂ ਥੱਕ ਹਾਰ ਜਾਂਦਾ ਤੇ ਫਿਰ ਬਿਸਤਰੇ ‘ਤੇ ਢੇਰੀ ਹੋ ਜਾਂਦਾ। ਇਕ ਪਲ ਵਿੱਚ ਉਹ ਮੇਰੇ ਲਈ ਸਭ ਕੁਝ ਹੁੰਦੀ ਤੇ ਅਗਲੇ ਪਲ ਕੁਝ ਵੀ ਨਾ। ਮੈਂ ਉਸ ਨੂੰ ਬੜੀ ਵਾਰ ਆਖਦਾਂ ਕਿ ਮੈ ਤੈਨੂੰ ਬੜਾ ਮਿਸ ਕਰਦਾਂ ਤੇ ਉਹ ਆਖਦੀ ਮੈਨੂੰ ਪਤੈ ਤੇ ਕਈ ਵਾਰ ਆਖਦੀ ‘‘ਤੂੰ ਮੇਰਾ ਲਗਦਾ ਈ ਕੀ ਏਂ ਜੋ ਤੂੰ ਮੈਨੂੰ ਮਿਸ ਕਰਦੈ । ਕੀ ਰਿਸਤਾ ਏ ਤੇਰਾ ਮੇਰਾ।‘‘
''ਦੋਸਤੀ ਦਾ ।‘‘ ਮੈਂ ਆਖਦਾ।
''ਦੋਸਤੀ ਦੇ ਰਿਸਤੇ ਨੂੰ ਅਸਾਡਾ ਸਮਾਜ ਨਈਂ ਕਬੂਲਦਾ।‘‘ ਉਹ ਮੂੰਹ ਭੂਆਂ ਕਿ ਆਖਦੀ। ਹਾਲਾਂ ਕਿ ਉਹ ਸਰਾਰਤ ਨਾਲ ਆਖਦੀ ਤੇ ਮੈਂ ਗੰਭੀਰ ਹੋ ਜਾਂਦਾ ਤੇ ਢਿਲੇ ਬੁੱਲ ਕਰਕੇ ਆਖਦਾ '' ਤੇ ਫੇਰ ਕੀ ਮੈਂ ਤੈਨੂੰ ਯਾਦ ਨਾ ਕਰਿਆ ਕਰਾਂ।‘‘ ਤੇ ਉਹ ਮੇਰਾ ਹੱਥ ਫੜ ਕੇ ਆਖਦੀ '' ਤੂੰ ਰੋਣ ਵਾਲਾ ਮੁੰਹ ਨਾ ਬਣਾਇਆ ਕਰ, ਮੈਨੂੰ ਤੇਰੇ ‘ਤੇ ਤਰਸ ਤੇ ਸ਼ਾਇਦ ਪਿਆਰ ਆਣ ਲਗਦੈ।‘‘ ਮੈਂ ਓਸ ਦੇ ਪੈਰਾਂ ਵੰਲ ਇਸ਼ਾਰਾ ਕਰਕੇ ਆਖਦਾ '' ਤੇਰੇ ਪੈਰ ਚੁੰਮ ਲਵਾਂ।‘‘
ਪਤਾ ਨਈਂ ਕਿਉਂ ਮੈਨੂੰ ਓਸ ਦੇ ਪੈਰ ਬੜੇ ਸੋਹਣੇ ਲਗਦੇ, ਕੂਲੇ ਕੂਲੇ, ਚਿੱਟੇ ਚਿੱਟੇ । ਓਸ ਦੇ ਪੈਰਾਂ ‘ਤੇ ਅਕਸਰ ਓਸ ਦੀ ਜੁੱਤੀ ਦੀਆਂ ਬਰੀਕ ਬਰੀਕ ਤਨੀਆਂ ਦੇ ਨਿਸਾਪਏ ਹੁੰਦੇ ਜਿਹੜੇ ਓਸ ਦੇ ਗੋਰੇ ਗੋਰੇ ਕੂਲੇ ਪੈਰਾਂ ਤੇ ਬੜੇ ਫੱਬਦੇ। ਉਹ ਜਦੋ ਕਿਚਲੇ ਜਾਂਦੀ ਤਾਂ ਮੈਨੂੰ ਮਾਸਾ ਚੰਗਾ ਨਾ ਲਗਦਾ। ਅਸਲ ਵਿੱਚ ਮੈਂ ਚਾਹਦਾਂ ਸੀ ਕਿ ਓਸ ਨੂੰ ਹੋਰ ਕੋਈ ਨਾ ਵੇਖੇ ਮੇਰੇ ਸਿਵਾ। ਜਦ ਉਹ ਦਰਗਾਹ ਤੇ ਤੇਲ ਪਾਉਣ ਲਈ ਆਂਦੀ ਤਾਂ ਵੀ ਮੈਂ ਉਸ ਵੱਲ ਤੱਕਦੀਆਂ ਨਜਰਾਂ ਨੂੰ ਪਿਆ ਦੇਖਦਾ ਰਹਿੰਦਾ। ਕਿਸੇ ਦੀਆਂ ਨਜਰਾਂ ਕੁਝ ਪਈਆਂ ਕਹਿੰਦੀਆਂ ਤੇ ਕਿਸੇ ਦੀਆਂ ਕੁਝ, ਪਰ ਸਾਰਿਆਂ ਦੀਆਂ ਨਹੁੰਦੀਆਂ ਓਸੇ ‘ਤੇ। ਉਸ ਦੀ ਸੰਧਲੀ ਮਹਿਕ, ਪਹੁ ਫੁਟਾਲੇ ਵਰਗੀ ਮੁਸਕਾਨ ਤੇ ਤਾਰਿਆਂ ਵਾਂਗ ਚਮਕਾਰੇ ਮਾਰਦੇ ਨੈਣ ਮੈਨੂੰ ਗੁਮਰਾਹ ਪਏ ਕਰਦੇ।
ਬਹੁਤੇ ਵਾਰੀ ਜਦੋ ਕੋਈ ਮੈਨੂੰ ਮਿਲਦਾ ਤਾਂ ਮੈਂ ਜਲਦੀ ਹੀ ਉਸ ਨੂੰ ਭੁੱਲ ਜਾਂਦਾ, ਪਰ ਉਹ ਤਾਂ ਭੁੱਲਣ ਵਾਲੀ ਚੀਜ ਨਈ ਸੀ। ਸਗੋਂ ਮੈ ਜਿਨਾਂ ਓਸ ਨੂੰ ਭੁੱਲਣਾਂ ਚਾਂਹਦਾ ਉਹ ਹੋਰ ਮੇਰੇ ਚੇਤਿਆਂ ਵਿੱਚ ਡੂੰਘਾ ਲਹਿ ਜਾਂਦੀ। ਇਹ ਕੈਸੀ ਮੁਹੱਬਤ ਏ ਮੈ ਅਜੀਬ ਦੁਬਿਦਾ ਵਿੱਚ ਪਿਆ ਸੋਚਦਾਂ । ਅਸਲ ਵਿੱਚ ਮੁਹੱਬਤ ਦੀ ਪਕੀਜਗੀ ਇਸ ਗੱਲ ਵਿੱਚ ਨਈ ਕਿ ਤੁਸੀ ਕਿਸ ਹੱਦ ਤੱਕ ਕਿਸੇ ਨੂੰ ਪਿਆਰ ਕਰਦੇ ਹੋ, ਸਗੋ ਇਸ ਗੱਲ ਵਿੱਚ ਹੈ ਕਿ ਤੁਹਾਡਾ ਪਿਆਰ ਕਿਥੋ ਤੱਕ ਹੈ। ਪਿਆਰ ਦਾ ਅਰਥ ਹਾਂਸਲ ਕਰਨਾਂ ਨਈਂ, ਪਿਆਰ ਦਾ ਅਰਥ ਹੈ ਦੇ ਦੇਣਾ, ਕੁਰਬਾਨ ਕਰਨਾਂ। ਇਹ ਪਤਾ ਨਈ ਖੋਰੇ ਮੈਂ ਕਿਥੋਂ ਸੁਣਿਆਂ ਸੀ। ਕੀ ਮੈਂ ਕੁਝ ਕੁਰਬਾਨ ਕਰ ਸਕਨਾਂ ਵਾਂ ......? ਕੀ ਮੈਂ ਕਿਸੇ ਨੂੰ ਕੁਝ ਦੇ ਸਕਨਾਂ ਵਾਂ.....? ਸ਼ਾਇਦ ਮੇਰੇ ਲਈ ਪਿਆਰ ਦਾ ਅਰਥ ਸਿਰਫ ਹਾਂਸਲ ਕਰਨਾ ਹੀ ਹੈ। ਮੈਂ ਜਦੋ ਓਸ ਦੇ ਘਰ ਓਸ ਨੂੰ ਮਿਲਣ ਜਾਂਦਾ ਤਾਂ ਕੋਈ ਨਾ ਕੋਈ ਓਸ ਦੇ ਵਿਆਹ ਦੀ ਗੱਲ ਛੇੜ ਦਿੰਦਾ। ਮੈਨੂੰ ਬੜਾ ਗੁੱਸਾ ਆਉਂਦਾ ਤੇ ਮੇਰੇ ਅੰਦਰੋਂ ਸੇਕ ਪਿਆ ਨਿਕਲਦਾ। ਮੈਂ ਕਿਸ ਨਾਤੇ ਨਾਲ ਜਾਂਦਾ ਸੀ ਮਿਲਣ ਓਸ ਨੂੰ .......? ਕਿਸ ਨਾਤੇ ਨਾਲ.......!!
ਉਹ ਉਦਾਸ ਹੁੰਦੀ ਤਾਂ ਮੈਨੂੰ ਦੁੱਖ ਹੁੰਦਾ, ਬਿਮਾਰ ਹੁੰਦੀ ਤਾਂ ਮੇਰੇ ਅਹਿਸਾਸਾਂ ਵਿੱਚ ਆਣ ਕਿ ਆਖਦੀ ''ਮੈਂ ਤੜਫਦੀ ਪਈ ਆਂ ਤੇ ਤੂੰ ਇਥੇ ਸਾਫਟ ਡਰਿੰਕ ਦੀਆਂ ਚੁਸਕੀਆਂ ਭਰ ਰਿਹੈ। ਤੈਨੂੰ ਤਾਂ ਚਾਹੀਦਾ ਸੀ ਮੇਰੇ ਕੋਲ ਹੁੰਦਾ, ਮੇਰਾ ਸਿਰ ਪਲੋਸਦਾ ਤੇ ਢੇਰ ਸਾਰੀਆਂ ਗੱਲਾਂ ਕਰਦਾ।‘‘ ਮੈ ਯਕਦਮ ਤ੍ਰਬਕ ਜਾਂਦਾ ਤੇ ਮੇਰੇ ਮੁੰਹ ਵਿੱਚ ਪਈ ਸੈਡਵਿੱਚ ਮੇਰੇ ਗਲੇ ਵਿੱਚ ਅਟਕ ਜਾਂਦੀ। ਕਦੀ ਕਦੀ ਉਹ ਮੈਨੂੰ ਮੇਰਾ ਅਸਲੀ ਚਿਹਰਾ ਦਿਖਾਉਣ ਲਈ ਪਤਾ ਨਈ ਕਿਡਾ ਵੱਡਾ ਲੈਕਚਰ ਦਿੰਦੀ ਤੇ ਕਦੀ ਕਦੀ ਓਸ ਦਾ ਵੀ ਜਿਕਰ ਕਰਦੀ ਜਿਸ ਨੂੰ ਸ਼ਾਇਦ ਓਹ ਚਾਂਦੀ ਸੀ। ਮੈ ਮੁੰਹ ਵੱਟ ਕਿ ਬੈਠ ਜਾਂਦਾ ਤੇ ਉਹ ਆਖਦੀ ''ਸੱਚ ਕੋੜਾ ਹੁੰਦੇ ਏ ਨਾ।‘‘ ਤੇ ਫਿਰ ਇਕ ਦਮ ਗੱਲ ਬਦਲ ਕੇ ਹੱਸਣ ਲਗਦੀ ਤੇ ਮੈਂ ਵੀ ਹੱਸਣ ਲਗਦਾ। ਅਸਲ ਵਿੱਚ ਉਹ ਮੈਨੂੰ ਨਰਾਜ ਨਈਂ ਸੀ ਵੇਖਣਾਂ ਚਾਂਹਦੀ ਤੇ ਆਪਣੀ ਮਰਜੀ ਦੇ ਖਿਲਾਫ ਜਾਂ ਹੋ ਸਕਦੈ ਮਰਜੀ ਨਾਲ ਮੈਨੂੰ ਮਿਲਣ ਆਂਦੀ ਤੇ ਗੱਲਾਂ ਕਰਦੀ।
ਪਰ ਪਿਛਲੇ ਕਈ ਸਾਲਾਂ ਤੋਂ ਓਸ ਦਾ ਕੋਈ ਪਤਾ ਨਈਂ। ਉਹ ਅਚਾਨਕ ਇਕ ਦਿਨ ਪਤਾ ਨਈ ਕਿਥੇ ਚਲੇ ਗਈ। ਓਸਦੇ ਘਰ ਜਾਨਾਂ ਤਾਂ ਪਤਾ ਲਗਦਾ ਕੇ ਉਹ ਦੂਰ ਆਪਣੇ ਰਿਸਤੇਦਾਰਾਂ ਕੋਲ ਏ। ਕਦੀ ਪਤਾ ਲਗਦਾ ਕੇ ਓਸ ਵਿਆਹ ਕਰਵਾ ਲਿਆ ਏ। ਦਿਲ ਡਾਡਾ ਉਦਾਸ ਹੁੰਦਾ, ਮੰਨ ਖਿਝਿਆ ਰਹਿੰਦਾ। ਮੈਨੂੰ ਉਸ ਦੇ ਚਿਟੇ ਚਿੱਟੇ ਕੂਲੇ ਪੈਰ ਬੜੇ ਯਾਦ ਆਂਦੇ। ਇਨੇ ਸਾਲ ਤਾਂ ਇਕ ਮੁੱਦਤ ਹੁੰਦੀ ਏ। ਅਜੀਬ ਮੋੜ ਸੀ ਇਹ। ਮੈ ਉਸ ਨੂੰ ਭਾਲ ਦੀ ਬੜੀ ਵਾਹ ਲਾਈ ਪਰ ...........?
ਹੋਲੀ ਹੋਲੀ ਓਸ ਦਾ ਅਕਸ ਮੇਰੇ ਦਰਪਣ ਤੋਂ ਗਵਾਚਣ ਲੱਗਾ। ਕੁਝ ਸਾਲ ਬਾਅਦ ਮੇਰੀ ਸ਼ਾਦੀ ਹੋ ਗਈ ਤੇ ਮੈਂ ਆਪਣੀ ਬੀਵੀ ਨਾਲ ਸੈਰ ਕਰਨ ਚਲਾ ਗਿਆ। ਮਸੂਰੀ ਦੀ ਇਕ ਸੜਕ ਤੋ ਮੋੜ ਮੁੜਦੇ ਹੀ ਇਕ ਔਰਤ ਜੋ ਬੈਸਾਖੀਆਂ ਦੇ ਸਹਾਰੇ ਤੁਰ ਰਹੀ ਸੀ ਮੇਰੀ ਗੱਡੀ ਨਾਲ ਟਕਰਾਈ ਤੇ ਡਿਗ ਪਈ । ਮੈ ਗੱਡੀ ਰੋਕੀ ਤੇ ਅਸੀ ਦੋਹਵੇ ਮੀਂਆਂ ਬੀਵੀ ਉਸ ਨੂੰ ਚੁੱਕਣ ਲਈ ਬਾਹਰ ਆਏ। ਜਦ ਮੈਨੂੰ ਉਸ ਦੀ ਸਕਲ ਦਿਸੀ ਤਾਂ ਮੇਰੀ ਧਾਹ ਨਿਕਲ ਗਈ ਉਹ ਤਾਂ ਓਹੋ ਸੀ, ਉਸ ਦੀਆਂ ਨੀਲੀਆਂ ਅੱਖਾਂ ਵਿੱਚ ਸੈਲਾਬ ਉਮੜ ਆਇਆ, ਮੈਂ ਜਦ ਉਸ ਦੇ ਪੈਰਾਂ ਵੱਲ ਤੱਕਿਆ ਤਾਂ ਮੇਰੇ ਨੈਣ ਭਰ ਆਏ। ਉਸ ਦਾ ਇਕ ਪੈਰ ਕੱਟਿਆ ਹੋਇਆ ਸੀ। ਉਹ ਜਲਦੀ ਨਾਲ ਬੈਸਾਖੀਆਂ ਦੇ ਸਹਾਰੇ ਤੁਰ ਪਈ । ਮੇਰਾ ਜੀ ਕੀਤਾ ਕਿ ਮੈ ਉਸ ਦੀਆਂ ਬੈਸਾਖੀਆਂ ਵਗਾ ਮਾਰਾਂ ਤੇ ਉਸ ਨੂੰ ਆਪਣੀਆਂ ਬਾਹਵਾਂ ਵਿੱਚ ਚੁੱਕ ਕਿ ਨਾਲ ਲੈ ਜਾਂਵਾਂ, ਪਰ ਮੈਂ ਕੁਝ ਨਾ ਕਰ ਸਕਿਆ ਬਸ ਬੁੱਤ ਬਣ ਗਿਆ। ਮੈਨੂੰ ਲੱਗਾ ਕਿ ਜਿਵੇ ਮੈ ਆਪਣੀ ਜਿੰਦਗੀ ਦੇ ਪਾਪਾਂ-ਸਰਾਪਾਂ ਦੀ ਦੁਮੇਲ ‘ਤੇ ਖਲੋਤਾ ਹੋਵਾਂ ।
*******
ਰੋਜ਼ੀ ਸਿੰਘ
ਸੋ-ਫਾਇਨ ਕੰਪਿਊਟਰ ਇੰਸਟੀਚਿਊਟ
ਫਤਿਹਗੜ ਚੂੜੀਆਂ
98720-14321



No comments: