skip to main | skip to sidebar

ਲਫ਼ਜਾਂ ਦੀ ਮਹਿਕ

ਆਪਣੀ ਹੋਸ਼ ਸੰਭਾਲਣ ਤੋਂ ਲੈ ਕੇ ਹੁਣ ਤੱਕ ਜੋ ਮੈ ਆਪਣੀ ਜਿੰਦਗੀ ਵਿੱਚ ਮਹਿਸੂਸ ਕੀਤਾ ਤੇ ਜੋ ਆਪਣੇ ਪਿੰਡੇ ਤੇ ਹੰਡਾਇਆ ਉਸ ਨੂੰ ਕਾਗਜ ਦੀ ਹਿਕ ਤੇ ਉਤਾਰ ਲਿਆ, ਤੇ ਉਹਨਾ ਲਫਜ਼ਾਂ ਦੀ ਮਹਿਕ ਹਮੇਸ਼ਾਂ ਮੇਰੇ ਵਜੂਦ ਵਿੱਚ ਰਲੀ ਰਹੇਗੀ। ਰੋਜ਼ੀ ਸਿੰਘ

Saturday, April 24, 2010

ਮਹਿਕਾਂ ਦੀ ਤ੍ਰੇਹ


Posted by haraf at 12:24 AM No comments:
Newer Posts Older Posts Home
Subscribe to: Posts (Atom)

ਲਫ਼ਜਾਂ ਦੀ ਮਹਿਕ

ਲਫ਼ਜਾਂ ਦੀ ਮਹਿਕ
ਰੋਜ਼ੀ ਸਿੰਘ

ਕਹਾਣੀਆਂ ਤੇ ਲੇਖ

  • ▼  2010 (1)
    • ▼  04/18 - 04/25 (1)
      • ਮਹਿਕਾਂ ਦੀ ਤ੍ਰੇਹ
  • ►  2009 (6)
    • ►  04/05 - 04/12 (1)
    • ►  03/29 - 04/05 (2)
    • ►  03/15 - 03/22 (1)
    • ►  02/22 - 03/01 (1)
    • ►  01/18 - 01/25 (1)
  • ►  2008 (7)
    • ►  09/14 - 09/21 (6)
    • ►  08/03 - 08/10 (1)
  • ►  2007 (9)
    • ►  11/18 - 11/25 (2)
    • ►  11/11 - 11/18 (2)
    • ►  03/11 - 03/18 (1)
    • ►  03/04 - 03/11 (2)
    • ►  02/25 - 03/04 (2)

ਹੋਰ ਕੜੀਆਂ

  • ਪ੍ਰੈਸ ਕਲੱਬ ਫਤਿਹਗੜ ਚੂੜੀਆਂ
  • ਵਿਚਾਰ
  • ਪੰਜਾਬੀ ਲੇਖਕ
  • ਲਿਖਾਰੀ

ਯਾਦਾਂ ਦੇ ਪਰਛਾਵੇਂ

.

ਕੱਲਰ ਵਿੱਚ ਗਵਾਚੀਆਂ ਪੈੜਾਂ ਦੇ ਨਿਸ਼ਾਨ

ਜਿਥੇ ਮੈਂ ਜੰਮਿਆਂ, ਤੇ ਜਿਥੇ ਮੇਰਾ ਬਚਪਨ ਪਲ ਕੇ ਜਵਾਨੀ ਦੀਆਂ ਬਰੂਹਾਂ ਤੱਕ ਪਹੁੰਚਿਆ, ਉਹ ਪਿੰਡ ਜਿਥੇ ਮੇਰੀ ਉਮਰ ਦੇ ਪੰਦਰਾਂ ਸੋਲਾਂ ਸਾਲ ਬੀਤੇ ਮੇਰੇ ਦਿਲ ਅੰਦਰ ਅੱਜ ਤੱਕ ਵੀ ਅਬਾਦ ਪਿਆ ਏ। ਜਿਥੇ ਮੈਂ ਹੁਣ ਰਹਿ ਰਿਹਾ ਹਾਂ ਮੇਰਾ ਪਿੰਡ ਹਰਦੋਰਵਾਲ ਇਥੋ ਪੰਦਰਾਂ ਕਿਲੋਮੀਟਰ ਦੂਰ ਏ। ਇਸ ਛੋਟੇ ਜਿਹੇ ਪਿੰਡ ਤਸ ਤਕਰੀਬਨ ਦੋ ਕਿਲੋਮੀਟਰ ਬਾਹਰਵਾਰ ਅਸੀ ਆਪਣੀ ਜਮੀਨ ਜਿਹੜੀ ਕੇ ਸਾਡੇ ਵੱਡਿਆਂ ਨੂੰ ਪਾਕਿਸਤਾਨ ਤੋਂ ਉਜੜ ਕੇ ਆਉਣ ਤੇ ਆਲਟ ਹੋਈ ਸੀ ਵਿੱਚ ਹੀ ਇਕ ਛੋਟੇ ਜਿਹੇ ਘਰ ਵਿੱਚ ਰਹਿੰਦੇ ਸੀ। ਇਹ ਜਮੀਨ ਪਹਿਲਾਂ ਡੰਗਰਾਂ ਦੇ ਚਰਨ ਲਈ ਚਰਾਂਦ ਸੀ। ਕਾਹੀ, ਦੱਬ, ਮਲ੍ਹੇ, ਝਾੜੀਆਂ, ਸੜਕੜਾ ਤੇ ਕੱਲਰ ਤੋਂ ਸਿਵਾਏ ਕੁਝ ਹੋਰ ਨਹੀਂ ਸੀ। ਪਾਣੀ ਦਾ ਤਾਂ ਨਾਮ ਨਿਸ਼ਾਨ ਨਹੀ ਸੀ। ਕਿਤੇ ਕਿਤੇ ਕੋਈ ਢਾਬ ਹੋਣੀ ਜੋ ਬਰਸਾਤਾਂ ਦੇ ਦਿਨਾਂ ਵਿੱਚ ਭਰ ਜਾਣੀ ਬਾਅਦ ਵਿੱਚ ਫਿਰ ਸੁਕ-ਮਸੁੱਕੀ। ਜਮੀਨ ਵਿੱਚ ਸਿਰਫ ਕੱਲਰ ਹੀ ਕੱਲਰ ਸੀ। ਬਜੁਰਗਾਂ ਨੇ ਆਪਣੇ ਖੂਨ ਪਸੀਨੇ ਨਾਲ ਇਸ ਜਮੀਨ ਨੂੰ ਸਿੰਜਿਆ ਤੇ ਜਰਖੇਜ਼ ਕੀਤਾ। ਜਦੋਂ ਮੈ ਹੋਸ਼ ਸੰਭਾਲੀ ਤਦ ਤੱਕ ਵੀ ਇਸ ਜਮੀਨ ਵਿੱਚ ਬਹੁਤ ਘੱਟ ਪੈਦਾਵਾਰ ਹੁੰਦੀ ਸੀ। ਇਸ ਨਿਕੇ ਜਿਹੇ ਪਿੰਡ ਵਿੱਚ ਜਿਨੇ ਲੋਕ ਪਿੰਡ ਵਿੱਚ ਬਣੇ ਘਰਾਂ ਵਿੱਚ ਰਹਿੰਦੇ ਉਸ ਤੋਂ ਜਿਆਦਾ ਲੋਕ ਪਿੰਡਾਂ ਤੋਂ ਬਾਹਰਵਾਰ ਆਪਣੇ ਖੇਤਾਂ ਵਿੱਚ ਬਣੇ ਡੇਰਿਆਂ ਵਿੱਚ ਰਹਿੰਦੇ ਜਿਹੜੇ ਕੇ ਇਕ ਦੂਜੇ ਤੋ ਕਾਫੀ ਦੂਰ ਦੂਰ ਹੁੰਦੇ। ਸਾਡੇ ਘਰ ਲਾਗੇ ਤਿੰਨ ਹੋਰ ਡੇਰੇ ਤਕਰੀਬਨ ਸੌ ਗਜ ਦੀ ਵਿੱਥ ਤੇ ਸਨ। ਸਾਡਾ ਘਰ ਵੀ ਸਾਡੀ ਜਮੀਨ ਵਿੱਚ ਹੀ ਸੀ। ਬਿਨਾਂ ਚਾਰਦੀਵਾਰੀ ਵਾਲਾ ਘਰ, ਸਿਰਫ ਇਕ ਹੀ ਕੋਠਾ ਸੀ ਜਿਸ ਨੂੰ ਮਾਂ ਨੇ ਮਿੱਟੀ ਤੇ ਪੋਚੇ ਨਾਲ ਬੜਾ ਸੋਹਣਾਂ ਪਿਆ ਲਿਪਿਆ ਹੁੰਦਾ ਤੇ ਪੋਚੇ ਦੀਆਂ ਧਾਰੀਆਂ ਪਾਈਆਂ ਹੁੰਦੀਆਂ। ਕਮਰੇ ਦੇ ਨਾਲ ਬਣਿਆਂ ਕੱਚਾ ਚੌਂਕਾ (ਵਿਹੜਾ) ਜਿਸ ਦੀਆਂ ਛੋਟੀਆਂ ਕੰਧੋਲੀਆਂ ਤੇ ਮਿਟੀ ਦੇ ਮੋਰ ਘੁਗੀਆਂ ਪਏ ਹੁੰਦੇ, ਵਿੱਚ ਸਾਰੇ ਟੱਬਰ ਦੀ ਰੋਟੀ ਪੱਕਦੀ। ਕਮਰੇ ਦੇ ਦੂਜੇ ਪਾਸੇ ਪਛੁਆਂ ਲਈ ਇਕ ਢਾਰਾ ਹੁੰਦਾ। ਬਸ ਮੀਂਹ- ਕਣੀ, ਧੁੱਪ, ਹਨੇਰੀ ਜਿਸ ਤਰਾਂ ਦਾ ਵੀ ਮੌਸਮ ਹੁੰਦਾ ਓਸੇ ਨਿਕੇ ਜਿਹੇ ਕੋਠੇ ਵਿੱਚ ਗੁਜਾਰਾ ਹੁੰਦਾ, ਜਿਸ ਵਿੱਚ ਇਕ ਪਾਸੇ ਮਿਟੀ ਦੀ ਬਣੀ ਭੜੋਲੀ ਹੁੰਦੀ ਜਿਸ ਵਿਚ ਸਾਲ ਭਰ ਖਾਣ ਲਈ ਕਣਕ ਭਰੀ ਹੁੰਦੀ। ਮੇਰੇ ਬਾਪੂ ਦੇ ਹੱਥਾਂ ਵਿੱਚ ਹੱਲ ਦੀ ਜੰਘੀ ਦੇ ਨਿਸਾਨ ਅਜੇ ਤੱਕ ਵੀ ਓਸ ਸਮੇ ਕੀਤੀ ਸਖਤ ਮਿਹਨਤ ਦੀ ਗਵਾਹੀ ਭਰਦੇ ਨੇ। ਕਣਕ ਵੱਢਣ ਪਿਛੋ ਸਿੱਟੇ ਚੁਗਦੀ ਮੇਰੀ ਮਾਂ ਨੂੰ ਕਦੀ ਧੁੱਪ ਤਾਂ ਜਾਣੋ ਲੱਗੀ ਹੀ ਨਹੀ ਸੀ। ਸਵੇਰੇ ਤੜਕੇ ਦੀ ਜਾਗੀ ਉਹ ਪੂਰੇ ਪਰਿਵਾਰ ਨੂੰ ਬੜੇ ਪਿਆਰ ਨਾਲ ਪਾਲਦੀ। ਬਾਪੂ ਨਾਲ ਹਰ ਤਰ੍ਹਾਂ ਦਾ ਕੰਮ ਕਰਵਾਉਂਦੀ ਉਹ ਕਦੀ ਥੱਕਦੀ ਹੀ ਨਾ। ਮੈ ਪੰਜ ਭਰਾਵਾਂ ਵਿੱਚੋ ਸਭ ਤੋ ਛੋਟਾ ਤੇ ਮੇਰੇ ਤੋਂ ਛੋਟੀ ਮੇਰੀ ਇਕ ਭੈਣ, ਮਾਂ ਸਾਰਿਆਂ ਦਾ ਬੜਾ ਖਿਆਲ ਰੱਖਦੀ। ਉਸ ਨੂੰ ਆਪ ਭਾਵੇ ਖਾਣ ਨੂੰ ਰੋਟੀ ਮਿਲਦੀ ਜਾਂ ਨਾ ਪਰ ਪੂਰੇ ਟੱਬਰ ਦਾ ਢਿੱਡ ਉਹ ਭਰਦੀ। ਰਾਤ ਉਹ ਦੇਰ ਤੱਕ ਚਰਖਾ ਪਈ ਕੱਤਦੀ ਰਹਿੰਦੀ ਤੇ ਜਾਂ ਫਿਰ ਦੋ ਰੁਪੈ ਪ੍ਰਤੀ ਚਾਦਰ ਦੇ ਹਿਸਾਬ ਨਾਲ ਚਾਦਰਾਂ ਕੱਢਦੀ ਰਹਿੰਦੀ ਤੇ ਮੈ ਮੰਜੇ ਦੀ ਹੀਂਅ ਤੇ ਠੋਡੀ ਰੱਖ ਕੇ ਓਸ ਵੱਲ ਤੱਕਦਾ ਰਹਿੰਦਾ। ਸਾਰਾ ਪਰਿਵਾਰ ਇਕੱਠਾ ਰਹਿੰਦਾ ਤੇ ਸਾਰੇ ਮਿਹਨਤ ਕਰਦੇ। ਆਪੇ ਹੀ ਝੋਨਾ ਲਾਉਂਦੇ ਤੇ ਆਪੇ ਹੀ ਕਣਕ ਬੀਜਦੇ ਤੇ ਵਾਡੀ ਕਰਦੇ। ਮਿਹਨਤ ਨਾਲ ਸਾਰਾ ਘਰ ਖੁਸ਼ੀਆਂ ਨਾਲ ਭਰ ਗਿਆ। ਘਰ ਦਾ ਮਾਹੌਲ ਇਸ ਤਰ੍ਹਾਂ ਹੁੰਦਾ ਕੇ ਉਹ ਛੋਟਾ ਜਿਹਾ ਕਮਰਾ ਵੀ ਖੁੱਲਾ ਖੁੱਲਾ ਜਾਪਦਾ। ਸਾਲਾਂ ਬਾਅਦ ਸਾਡੇ ਘਰ ਦੋ ਪੱਕੇ ਕੋਠੇ ਬਣੇ। ਉਦੋਂ ਮੈ ਦੂਜੀ ਤੀਜੀ ਕਲਾਸ ਵਿੱਚ ਸੀ। ਸਾਡੇ ਘਰੇ ਪੱਕੀਆਂ ਇਟਾਂ ਆਈਆਂ ਤੇ ਮੈ ਤੇ ਮੇਰੀ ਭੈਣ ਇਟਾਂ ਦੀ ਰੇਲ ਗੱਡੀ ਬਣਾ ਕੇ ਖੇਡਦੇ ਰਹਿਣਾ। ਫਸਲ ਚੰਗੀ ਹੋਣ ਲੱਗ ਪਈ ਤੇ ਨਾਲ ਮੇਰੇ ਸਭ ਤੋਂ ਵੱਡੇ ਭਰਾ ਨੂੰ ਸਰਕਾਰੀ ਨੌਕਰੀ ਮਿਲ ਗਈ, ਤੇ ਉਹ ਘਰ ਤੋਂ ਦੂਰ ਰਹਿਣ ਲੱਗ ਪਿਆ। ਉਸ ਦੇ ਵਿਆਹ ਤੋਂ ਛੇਤੀ ਬਾਅਦ ਪੰਜਾਬ ਦਾ ਮਾਹੋਲ ਖਰਾਬ ਹੋ ਗਿਆ ਤੇ ਉਹ ਪੱਕੇ ਤੌਰ ਤੇ ਸ਼ਹਿਰ ਜਾ ਵੱਸਿਆ। ਸਾਡੇ ਲਾਗੇ ਦੇ ਕਈਂ ਡੇਰੇ ਸਹਿਮ ਕਾਰਨ ਉਥੋਂ ਚਲੇ ਗਏ। ਘਰ ਦੇ ਦੋ ਹਿਸੇ ਹੋ ਗਏ ਫਿਰ ਦੂਜੇ ਭਰਾ ਨੂੰ ਨੌਕਰੀ ਮਿਲੀ ਤੇ ਉਹ ਵੀ ਸ਼ਹਿਰ ਆ ਗਿਆ । ਹੁਣ ਉਸ ਪਿੰਡ ਵਾਲੇ ਪੱਕੇ ਖੁੱਲੇ ਮਕਾਨ ਵਿੱਚ ਰੋਣਕ ਘਟਣ ਲੱਗੀ। ਸੰਨ 1988 ਵਿੱਚ ਆਏ ਵੱਡੇ ਹੜ੍ਹ ਕਾਰਨ ਲੋਕਾਂ ਦਾ ਡਾਡਾ ਨੁਕਸਾਨ ਹੋਇਆ। ਤੇ ਅਸੀ ਸਾਰੇ ਪੱਕੇ ਤੌਰ ਤੇ ਸ਼ਹਿਰ ਆ ਗਏ। ਕੁਝ ਸਾਲ ਬਾਪੂ, ਮਾਂ ਤੇ ਇਕ ਵੱਡਾ ਭਰਾ ਪਿੰਡ ਰਹੇ। ਕੁਝ ਸਾਲ ਬਾਅਦ ਇਕ ਭਰਾ ਵਿਦੇਸ਼ ਚਲਾ ਗਿਆ ਤੇ ਬਾਪੂ ਮਾਂ ਵੀ ਸ਼ਹਿਰ ਆ ਗਏ। ਤੇ ਉਸ ਤੋ ਕੁਝ ਸਾਲਾਂ ਬਾਅਦ ਪਿੰਡ ਰਹਿੰਦਾ ਭਰਾ ਵੀ ਸ਼ਹਿਰ ਆ ਵੱਸਿਆ। ਇਕ ਘਰ ਦੇ ਇਨੇ ਟੁਕੜੇ ਹੋ ਗਏ ਸੀ। ਰੋਣਕਾਂ ਤੇ ਕਿਲਕਾਰੀਆਂ ਵਾਲਾ ਉਹ ਘਰ ਸੁੰਨਾਂ ਹੋ ਗਿਆ। ਇੱਟਾਂ ਦੀ ਬਣੀ ਚਾਰਦੀਵਾਰ ਤੇ ਵੱਡੇ ਲੋਹੇ ਦੇ ਗੇਟ ਅੰਦਰ ਵਿਹੜਾ ਖੱਲ-ਮਖਾਲੀ ਹਸ ਗਿਆ। ਉਹ ਧਰਤੀ ਜਿਥੇ ਮੈ ਜਿੰਦਗੀ ਦੇ 15 ਸਾਲ ਬਿਤਾਏ, ਜਿਥੇ ਮੇਰਾ ਬਚਪਨ ਬੀਤਿਆ, ਜਿਥੇ ਮੇਰੇ ਵਡੇਰਿਆਂ ਦੇ ਪਸੀਨੇ ਦੀ ਸੁਗੰਦ ਸੀ ਜਿਥੇ ਕਦੇ ਮਾਂ ਦੇ ਚਰਖੇ ਦੀ ਘੂਕਰ ਸੁਣਦੀ ਸੀ, ਜਿਥੇ ਕਦੀ ਇਕ ਕੱਚੇ ਕੋਠੇ ਵਿੱਚ ਹਾਸਿਆਂ ਤੇ ਖੁਸੀਆਂ ਦਾ ਸੈਲਾਬ ਰਹਿੰਦਾ ਸੀ, ਹੁਣ ਉਥੇ ਗਹਿਰੀ ਚੁੱਪ ਪਸਰੀ ਪਈ ਏ। ਕੁਝ ਦਿਨ ਪਹਿਲਾਂ ਮੈ ਬਾਪੂ ਤੇ ਮਾਂ ਨਾਲ ਪਿੰਡ ਗਿਆ, ਗੇਟ ਖੋਲ ਅੰਦਰ ਪੈਰ ਧਰਿਆ ਤਾਂ ਇੰਝ ਲੱਗਾ ਜਿਵੇ ਸੀਨੇ ਨੂੰ ਧੂਹ ਪੈ ਗਈ ਹੋਵੇ ਤੇ ਕੁਝ ਗੁਆਚ ਗਿਆ ਹੋਵੇ, ਉਹ ਸਰਮਾਇਆ ਜਿਹੜਾ ਸਾਲਾਂ ਬੱਦੀ ਮਿਹਨਤ ਨਾਲ ਇਕੱਠਾ ਕੀਤਾ ਸੀ। ਜਿਸ ਵਿਹੜੇ ਵਿੱਚ ਮਾਂ ਕਦੀ ਪੋਚੇ ਦੀਆਂ ਧਾਰੀਆਂ ਪਾਇਆ ਕਰਦੀ ਸੀ ਹੁਣ ਉਥੇ ਘਾਹ ਉੱਗ ਆਇਆ ਏ। ਕਮਰਿਆਂ ਦੀਆਂ ਇੱਟਾਂ ਡਿਗ ਰਹੀਆਂ ਨੇ, ਹਵੇਲੀ ਵਿੱਚ ਲੱਗੀ ਟਾਹਲੀ ਉਦਾਸ ਖੜੀ ਏ, ਤੇ ਡੰਗਰਾਂ ਦੀ ਪੱਕੀ ਖੁਰਲੀ ਵਿਰਾਨ ਪਈ ਏ। ਮੈ ਟਾਹਲੀ ਦੀ ਛਾਵੇਂ ਆ ਜਮੀਨ ਵੱਲ ਝੁਕ ਕੇ ਮਿਟੀ ਹੱਥ ਵਿੱਚ ਫੜੀ ਤੇ ਮੱਥੇ ਲਾ ਲਈ। ਮਾਂ ਬਾਪੂ ਤੇ ਮੇਰੀਆਂ ਅੱਖਾਂ ਵਿੱਚੋ ਹੰਝੂ ਵਹਿ ਤੁਰੇ। ਮੈਂ ਬੜੀ ਗਹੁ ਨਾਲ ਵਿੱਹੜੇ ਵਿੱਚ ਉਭਰ ਆਏ ਕੱਲਰ ਵਿੱਚੋਂ ਆਪਣੀਆਂ ਗੁਆਚੀਆਂ ਪੈੜਾਂ ਦੇ ਨਿਸਾਨ ਲੱਭਣ ਲੱਗ ਪਿਆ।

Note

Copyright © 2007 Rosy Singh, sofine computers Ltd. All rights reserved. don't use this material without the permission of aouther or sofine computers authority