Monday, March 30, 2009

ਸੁਨੇਹੇਂ ਤੇ ਸੁਪਨੇ

ਕਈਂ ਸੁਨੇਹੇਂ ਸੁਪਨਿਆਂ ਵਰਗੇ ਹੁੰਦੇ ਨੇ, ਤੇ ਕੁਝ ਸੁਪਨੇ ਸੁਨੇਹੇਂ ਬਣ ਕਿ ਸੁਰਮਈ ਅੱਖਾਂ ਵਿੱਚ ਆਣ ਵੱਸਦੇ ਨੇ। ਸੁਨੇਹਾਂ ਜੇ ਸੋਹ੍ਯਣੇ ਦਿਲਦਾਰ ਦਾ ਘੱਲਿਆ ਹੋਵੇ ਤਾਂ ਫਿਰ ਨੀਂਦ ਕਿਥੇ ਆਉਂਦੀ ਏ ਤੇ ਜਦ ਨੀਂਦ ਹੀ ਨਾ ਆਵੇ ਤਾਂ ਸੁਪਨਿਆਂ ਦਾ ਆਉਣਾ ਨਾਮੁਮਕਿਨ ਹੁੰਦੈ। ਮੁਲਾਕਾਤਾਂ ਸੁਪਨਿਆਂ ਦਾ ਅਧਾਰ ਬਣਦੀਆਂ ਨੇ ਤੇ ਇੰਤਜਾਰ ਨੀਂਦ ਨਾ ਆਉਣ ਦਾ ਸਵੱਬ। ਹੁਣ ਸੁਨੇਹਿਆਂ ਦੀ ਸ਼ਕਲ ਵਿਗੜ ਗਈ ਹੈ। ਸੁਨੇਹੇਂ ਭੇਜਣ ਲਈ ਹੁਣ ਕਿਸੇ ਵਿਅਕਤੀ ਵਿਸ਼ੇਸ਼ ਦੀ ਜਰੂਰਤ ਨਹੀਂ ਰਹੀ। ਪਿਆਰ, ਮੁਹੱਬਤ,ਸਨੇਹ ਤੇ ਮੋਹ ਭਰੇ ਸੁਨਿਹੇਆਂ ਦੀ ਘਾਟ ਰੜਕਣ ਲੱਗ ਪਈ ਹੈ। ਹੁਣ ਤਾਂ ਸੱਦਾ ਪੱਤਰ ਜਾਂ ਕਾਰਡ ਵੀ ਸਿਰਫ ਆਪਣੀ ਹੈਸੀਅਤ ਦਾ ਦਿਖਾਵਾ ਕਰਨ ਲਈ ਭੇਜੇ ਜਾਂਦੇ ਨੇ ‘ਡੱਬੇ’ ਨਾਲ……! ਸੁਪਨੇ ਦਾ ਮਰ ਜਾਣਾ ਬਹੁਤ ਦੁਖਦਾਈ ਹੁੰਦਾ ਹੈ। ਕਿਉਂਜੋ ਟੁੱਟ ਚੁੱਕੇ ਸੁਪਨੇ ਨੂੰ ਦੁਬਾਰਾ ਸਜਾਉਣ ਦੀਆਂ ਸੰਭਾਵਨਾਵਾਂ ਵਧੇਰੇ ਹੁੰਦੀਆਂ ਹਨ ਜਦ ਕੇ ਮਰ ਚੁੱਕੇ ਸੁਪਨੇ……? ਹਰ ਕੋਈ ਕਿਸੇ ਦੀਆਂ ਅੱਖਾਂ ਦਾ ਸੁਪਨਾ ਬਣਦਾ ਹੈ ਤੇ ਹਰੇਕ ਦਾ ਕੋਈ ਨਾ ਕੋਈ ਸੁਪਨਾ ਜਰੂਰ ਟੁੱਟਦੈ।
ਸਾਡੇ ਸਾਰੇ ਦਿਨ ਦੀ ਕਾਰਜਸ਼ੀਲਤਾ ਤੇ ਕਿਰਿਆਵਾਂ ਹੀ ਰਾਤ ਨੂੰ ਨੀਂਦ ਵਿੱਚ ਸਾਡੀਆਂ ਅੱਖਾਂ ਦੇ ਸੁਪਨੇ ਬਣਦੀਆਂ ਨੇ। ਲਾਟਰੀ ਪਾਉਣ ਵਾਲੇ ਨੂੰ ਹਮੇਸ਼ਾਂ ਲਾਟਰੀ ਨਿਕਲਣ ਦੇ ਸੁਪਣੇ ਆਉਣਗੇ, ਪ੍ਰੇਮੀਆਂ ਨੂੰ ਦਿਲਦਾਰਾਂ ਦੇ, ਸਾਧਾਂ ਨੂੰ ਕੁਦਰਤ ਦੇ, ਚੋਰਾ ਨੂੰ ਚੋਰੀ ਦੇ ਅਤੇ ਠੱਗਾ ਨੂੰ ਹੇਰਾਫੇਰੀ ਦੇ। ਸੁਪਨੇ ਰੀਝਾਂ ਸਿਰਜਦੇ ਹਨ। ਰੀਜਾਂ ਦੀ ਪੂਰਤੀ ਲਈ ਸਾਨੂੰ ਮਿਹਨਤ ਦੀ ਜਰੂਰਤ ਹੁੰਦੀ ਹੈ। ਬੇਤਿਹਾਸ਼ਾ ਦੌੜ ਭੱਜ, ਪਦਾਰਥਵਾਦ ਤੇ ਰੀਜਾਂ ਦਾ ਲਾਲਸਾਵਾਂ ਵਿੱਚ ਬਦਲ ਜਾਣਾ ਸੁਪਨਿਆਂ ਦੇ ਟੁੱਟਣ ਦਾ ਕਾਰਨ ਬਣ ਰਿਹਾ ਹੈ। ਜਿਉਂ ਜਿਉਂ ਜੀਵਨ ਗੁੰਜਲਦਾਰ ਹੋ ਰਿਹਾ ਹੈ, ਸੋਚ ਦਾ ਦ੍ਰਿਸਟੀਕੋਣ ਬਦਲਦਾ ਜਾ ਰਿਹਾ ਹੈ।
ਸੁਪਨੇ ਵਿੱਚ ਦੇਖੀ ਕੋਈ ਸ਼ੈਅ ਜਦ ਯਾਦ ਰਹਿੰਦੀ ਹੈ ਤਾਂ ਉਹ ਕਿਸੇ ਆਉਣ ਵਾਲੀ ਖੁਸ਼ੀ ਜਾਂ ਗਮੀ ਦਾ ਸੁਨੇਹਾਂ ਹੁੰਦੀ ਹੈ। ਕਈਂ ਵਾਰ ਆਉਣ ਵਾਲੀ ਕੋਈ ਘਟਨਾ,ਦੁਰਘਟਨਾ ਸੁਪਨੇ ਵਿੱਚ ਅਗਾਉਂ ਹੀ ਸ਼ਾਖਸ਼ਾਤ ਦਿਖਾਈ ਦੇ ਜਾਂਦੀ ਹੈ। ਸੁਪਨੇ ਦੇਖਣਾ ਹਰ ਇੱਕ ਦਾ ਅਧਿਆਰ ਹੈ, ਪਰ ਆਪਣੇ ਤੋਂ ਵੱਡੇ ਸੁਪਨੇ ਵੇਖਣ ਦੀ ਹਿੰਮਤ ਕਿਸੇ ਕਿਸੇ ਵਿੱਚ ਹੁੰਦੀ ਹੈ। ਆਪਣੇ ਆਪ ਨੂੰ ਅਰਪਿਤ ਕੀਤੇ ਬਿਨ੍ਹਾਂ ਕਿਸੇ ਦੀ ਅੱਖ ਦਾ ਸੁਪਨਾ ਨਹੀਂ ਬਣਿਆਂ ਜਾ ਸਕਦਾ ਤੇ ਵਿਕਸਤ ਹੋਏ ਬਿਨ੍ਹਾਂ ਰੀਜਾਂ ਦੀ ਪੂਰਤੀ ਨਹੀਂ ਹੁੰਦੀ। ਮਨ ਨੂੰ ਮਜਬੂਤ ਤੇ ਅਡੋਲ ਰੱਖਣਾ ਤੇ ਆਪਣੀ ਹੋਂਦ ਨੂੰ ਬਰਕਾਰ ਬਣਾਈ ਰੱਖਣ ਨਾਲ ਸਫਲਤਾਵਾਂ ਦਾ ਮਿਲਣਾ ਲਾਜਮੀ ਹੈ। ਸਫਲਤਾ ਵਿਅਕਤੀ ਦੀ ਸਖਸ਼ੀਖਤ ਨਿਖਾਰਦੀ ਹੈ ਤੇ ਸਫਲ ਵਿਅਕਤੀ ਕੋਲ ਸੁਨੇਹਿਆਂ ਦੀ ਘਾਟ ਨਹੀਂ ਰਹਿੰਦੀ।
ਸੁਪਨੇ ਵਿੱਚ ਬਾਦਸ਼ਾਹ ਬਣਨਾ ਬਹੁਤ ਸੁਖਦਾਈ ਲਗਦੈ, ਪਰ ਜੇਕਰ ਤੁਹਾਨੂੰ ਸੁਪਨੇ ਵਿੱਚ ਕਿਸੇ ਮੁਸੀਬਤ ਤੋਂ ਛੁਟਕਾਰਾ ਪਾਉਣ ਲਈ ਭੱਜਣਾ ਪਏ ਤਾਂ ਤੁਹਾਡਾ ਇੱਕ ਇੱਕ ਕਦਮ ਸੌ ਸੌ ਕਿਲੋ ਭਾਰਾ ਲਗੇਗਾ, ਤੁਸੀ ਭੱਜ ਨਹੀਂ ਸਕੋਗੇ। ਤੁਹਾਡਾ ਅੱਗੇ ਨੂੰ ਪੁੱਟਿਆ ਕਦਮ ਤੁਹਾਨੂੰ ਪਿਛੇ ਨੂੰ ਧੱਕਦਾ ਲੱਗੇਗਾ। ਸੁਪਨੇ ਵਿੱਚ ਤੁਹਾਡੇ ਪਿਤਰਾਂ ਦੇ ਸੁਨੇਹੇ ਪ੍ਰਾਪਤ ਹੁੰਦੇ ਨੇ। ਉਹ ਤੁਹਾਨੂੰ ਅਵਾਜਾਂ ਮਾਰਦੇ ਸੁਣਾਈ ਦੇਣਗੇ। ਤੁਸੀ ਆਪਣੇ ਆਪ ਨੂੰ ਕਿਸੇ ਖਾਲੀ ਤੇ ਡੂੰਘੇ ਖਲਾਅ ਵੱਲ ਜਾਂਦੇ ਮਹਿਸੂਸ ਕਰੋਗੇ। ਇਹ ਦਰਅਸਲ ਸਾਡੇ ਅਰਧ ਚੇਤਨ ਮੰਨ ਕਾਰਨ ਹੁੰਦੈ। ਪਰ ਇਸਦੇ ਪੱਕੇ ਕਾਰਨਾ ਦਾ ਕਿਸੇ ਨੂੰ ਕੋਈ ਪਤਾ ਨਹੀ ਹੈ। ਸੁਪਨੇ ਹਕੀਕਤ ਦੇ ਉਲਟ ਹੁੰਦੇ ਨੇ ਤੇ ਹਕੀਕਤਾਂ ਸੁਪਨਿਆਂ ਤੋਂ ਉਲਟ। ਜਿੰਦਗੀ ਨੂੰ ਹਕੀਕੀ ਬਣਾਏ ਬਿਨ੍ਹਾਂ ਸੁਭ ਇਸ਼ਾਵਾਂ ਦੇ ਪਾਤਰ ਨਹੀਂ ਬਣਿਆ ਜਾ ਸਕਦਾ। ਚੱਲਣਾ ਤੇ ਚੱਲਦੇ ਰਹਿਣਾ ਜਿੰਦਗੀ ਦਾ ਅਸੂਲ ਹੈ। ਜਿਮੇਵਾਰੀਆਂ ਨੂੰ ਉਤਸ਼ਾਹ ਨਾਲ ਨਿਭਾਉਣ, ਇਮਾਨਦਾਰੀ ਨਾਲ ਫਰਜ਼ਾਂ ਦੀ ਪੂਰਤੀ ਕਰਨ ਤੇ ਸੁਖਾਵੇਂ ਸਬੰਧ ਕਾਇਮ ਕਰਨ ਨਾਲ ਜਿੰਦਗੀ ਵਿੱਚ ਬੰਦਾ ਸੁਰਖਰੂ ਹੁੰਦੈ ਤੇ ਸੁਰਖਰੂ ਇਨਸਾਨ ਗੂੜੀ ਤੇ ਸੁਖਦ ਨੀਂਦ ਮਾਨਦੈ। ਸੁਖਦ ਤੇ ਗੁੜੀ ਨੀਂਦ, ਹੱਢ ਭੰਨਵੀਂ ਮਿਹਨਤ ਤੇ ਸੁਚੱਜੀ ਸੋਚ ਨਾਲ ਨਿਰੰਤਰ ਸਬੰਧਤ ਹੈ। ਇਮਾਨਦਾਰੀ ਦੀ ਨੀਂਦੇ ਸਜੇ ਹੋਏ ਸੁਪਨਿਆਂ ਦਾ ਆਉਣਾ ਜਾਣਾ ਲੱਗਾ ਹੀ ਰਹਿੰਦਾ ਹੈ। ਆਪਣੇ ਆਪ ਨੂੰ ਜਾਨਣ ਲਈ ਤੁਹਾਨੂੰ ਆਪਣੇ ਮਨ ਦੀ ¦ਮੀ ਯਾਤਰਾ ਤੇ ਨਿਕਲਣਾ ਪਵੇਗਾ। ਇਸ ¦ਮੀ ਯਾਤਰਾ ‘ਤੇ ਨਿਕਲੇ ਬਿਨ੍ਹਾ ਗਿਆਨ ਨਹੀਂ ਖੋਜਿਆ ਜਾ ਸਕਦਾ। ਗਿਆਨ ਨਾਲ ਜੀਵਨ ਦੇ ਨਵੇਂ ਰਾਹ ਬਣਦੇ ਨੇ ਤੇ ਰਾਹਾਂ ‘ਤੇ ਤੁਰੇ ਰਹਿਣ ਨਾਲ ਇੱਕ ਤਾਂ ਸਾਡੇ ਪੈਰ ਜਮੀਨ ਦੇ ਰਹਿੰਦੇ ਨੇ ਤੇ ਦੂਜਾ ਜਿੰਦਗੀ ਦੇ ਨਵੇਂ ਪਹਿਲੂਆਂ ਦਾ ਯਥਾਰਥ ਪਤਾ ਲਗਦਾ ਹੈ।
ਧਰਤੀ ਵੰਡੀ ਜਾ ਰਹੀ ਹੈ, ਘਰ ਵੱਡੇ ਹੁੰਦੇ ਜਾ ਰਹੇ ਨੇ ਪਰ ਦਿਲ ਛੋਟੇ, ਤੇ ਥੁੜੇ ਦਿਲ ਵਾਲਾ ਬੰਦਾ ਵੱਡੇ ਸੁਪਨੇ ਕਿਵੇਂ ਸਜਾ ਸਕਦਾ….? ਸਬੰਧਾ ਵਿਚ ਅਣਸੁਖਾਵੇਂਪਨ ਕਾਰਨ ਸੁੱਖ ਦੁੱਖ ਸਾਂਝੇ ਨਹੀਂ ਰਹੇ ਤੇ ਜਦ ਸੁੱਖਾਂ ਦੁੱਖਾਂ ਦੀ ਸਾਂਝ ਨਾ ਰਹੇ ਤਾਂ ਸੁੱਖ ਸੁਨੇਹਿਆਂ ਦਾ ਪਤਨ ਹੋ ਜਾਂਦਾ ਹੈ। ਅਜਿਹੇ ਸੁਪਨੇ ਦੇਖਣ ਦਾ ਕੀ ਲਾਭ ਜਿਸ ਵਿੱਚ ਸੱਜਣਾ ਦਾ ਚਿਹਰਾ ਨਾ ਦਿਸੇ ਸੁੱਖ ਦੁੱਖ ਤੇ ਤਾਂ ਹੀ ਫਰੋਲੇ ਜਾਂਦੇ ਨੇ ਜਦ ਆਪਣੇ ਪਿਆਰਿਆਂ ਦਾ ਦਿਦਾਰ ਹੋਵੇ। ਪ੍ਰਭਾਵਿਤ ਹੋਏ ਬਿਨ੍ਹਾਂ ਮੁਲਾਕਾਤ ਦੀ ਤਾਂਘ ਨਹੀਂ ਜਾਗਦੀ ਤੇ ਬਿਨ੍ਹਾਂ ਮੁਲਾਕਾਤਾਂ ਮੁਹੱਬਤ ਨਹੀਂ ਵਧਦੀ। ਬਹੁਤੇ ਵਾਰੀ ਸੁਪਨੇ ਵਿੱਚ ਸਾਨੂੰ ਅਣਜਾਣ ਲੋਕ ਹੀ ਮਿਲਣਗੇ, ਪਰ ਇਹਨਾਂ ਚੰਗੇ ਚੰਗੇ ਅਜਨਬੀਆਂ ਦੀ ਬਹੁਤਾਤ ਕਾਰਨ ਹੀ ਸੁਪਨਿਆਂ ਨੂੰ ਇੰਨਾ ਸਤਿਕਾਰ ਹਾਸਿਲ ਹੈ।
ਸੁਪਨੇ ਦੀ ਸਿਰਫ ਜਾਤ ਹੀ ਉਤਮ ਹੁੰਦੀ ਹੈ। ਦਰਅਸਲ ਹਕੀਕਤ ਦਾ ਕੋਈ ਵੀ ਸਬੰਧ ਸੁਪਨੇ ਨਾਲ ਨਹੀਂ ਹੁੰਦਾ। ਹਕੀਕਤਾਂ ਚੇਤਨ ਮੰਨ ਦਾ ਪਾਰਦਰਸ਼ੀ ਸ਼ੀਸ਼ਾ ਹੁੰਦੀਆਂ ਨੇ ਜਦ ਕੇ ਸੁਪਨੇ ਕਿਸੇ ਸਟੇਜ਼ ਦੇ ਪੜਦੇ ਪਿਛੇ ਹੋ ਰਹੀ ਕਿਸੇ ਡਰਾਮੇ ਦੀ ਰਿਹੱਸਲ। ਜਿੰਦਗੀ ਵਿੱਚ ਕੁਝ ਲੋਕ ਜਾਂ ਸ਼ੈਵਾਂ ਸਿਰਫ ਸੁਪਨਾ ਬਣ ਕੇ ਆਉਂਦੇ ਨੇ ਤੇ ਅਸੀਂ ਉਹਨਾਂ ਨੂੰ ਹਕੀਕਤ ਸਮਝ ਲੈਂਦੇ ਹਾਂ ਦਰਅਸਲ ਇਹ ਲੋਕ ਜਾਂ ਚੀਜ਼ਾਂ ਬੰਦ ਪਏ ਕਿਸੇ ਖਤ ਵਾਂਗ ਹੁੰਦੇ ਨੇ ਜਿਸ ‘ਤੇ ਪਤਾ ਨਹੀਂ ਲਿਖਿਆ ਹੁੰਦਾ। ਖਤ ਸੁਨੇਹਿਆਂ ਦਾ ਸਭ ਤੋਂ ਪੁਰਾਣਾ ਤੇ ਵਧੀਆ ਰੂਪ ਹਨ ਪਰ ਹੁਣ ਕੋਈ ਖਤ ਹੀ ਨਹੀਂ ਲਿਖਦਾ। ਖ਼ਤ ਲਿਖਣ ਵਾਸਤੇ ਦਰਸਅਸਲ ਵਕਤ ਦੀ ਜਰੂਰਤ ਹੁੰਦੀ ਹੈ ਪਰ ਸਾਡੇ ਕੋਲ ਵਕਤ ਰਿਹਾ ਹੀ ਕਿਥੇ ਐ….!
ਪ੍ਰਸੰਨਤਾ ਜਿੰਦਗੀ ਦਾ ਅਸਲ ਅਨੰਦ ਹੁੰਦੀ ਹੈ। ਜਿਆਦਾ ਸਿਆਣੇ ਹੋਣ ਨਾਲੋਂ ਉਸਾਰੂ ਦ੍ਰਿਸਟੀਕੋਣ ਅਪਣਾਉਣ ਦੀ ਵਧੇਰੇ ਲੋੜ ਹੈ। ਮਨ ਦਾ ਅਸੰਤੁਸਟ ਹੋਣਾ ਚਿੰਤਾਵਾਂ ਨੂੰ ਜਨਮ ਦਿੰਦਾ ਹੈ ਤੇ ਚਿੰਤਾ ਅਤੇ ਚਿਤਾ ਵਿੱਚ ਸਿਰਫ ਇੱਕ ਟਿੱਪੀ ਦਾ ਹੀ ਫਰਕ ਹੁੰਦੈ। ਸੁਖਦ ਜੀਵਨ ਲਈ ਨਿੱਜ ਤੋਂ ਉਪਰ ਉਠ ਕੇ ਪਰਉਪਕਾਰੀ ਜੀਵਨ ਜੀਣ ਦਾ ਢੰਗ ਸਿਖਣਾ ਪਵੇਗਾ। ਕਿਸੇ ਦੇ ਦੁੱਖ ਸੁੱਖ ਦੇ ਭਾਈਵਾਲ ਬਣੋਗੇ ਤਾਂ ਆਪਣੇ ਦੁੱਖਾਂ ਵਿੱਚ ਕਮੀ ਮਹਿਸੂਸ ਹੋਵੇਗੀ। ਜਦੋਂ ਕੌਲ ਸਿਰਫ ਤੋੜਨ ਲਈ ਕੀਤੇ ਜਾਣ ਤਾਂ ਤੁਹਾਡੇ ਸੁਭਚਿੰਤਕਾਂ ਦੀ ਕਤਾਰ ਛੋਟੀ ਹੁੰਦੀ ਜਾਵੇਗੀ। ਵਿਰੋਧੀ ਦੀ ਇੱਜਤ ਕਰਨ ਦਾ ਸਲੀਕਾ ਕਿਸੇ ਕਿਸੇ ਕੋਲ ਹੁੰਦੈ, ਜਦ ਇਹ ਸਲੀਕਾ ਸਾਡੇ ਕੋਲ ਹੋਵੇਗਾ ਤਾਂ ਜਿੰਦਗੀ ਮੁਸਕਰਾਉਦੀ ਨਜ਼ਰ ਆਵੇਗੀ।
ਦੁਆ ਕਰੋ ਜਿਨਾਂ ਦੇ ਦਿਲਦਾਰ ਵਿਛੜ ਗਏ ਨੇ ਉਹ ਮਿਲ ਜਾਣ, ਸੌਣ ਤੋਂ ਪਹਿਲਾਂ ਆਸ ਜਰੂਰ ਰੱਖੋ ਕੇ ਜੋ ਦਿਲ ਵਿੱਚ ਵੱਸਦੇ ਹਨ ਉਹਨਾਂ ਦਾ ਸੁਪਨਾ ਆ ਜਾਵੇ……!

No comments: