Friday, March 2, 2007

ਪੂਨਮ ਦੀ ਰਾਤ

ਅੱਜ ਪੂਨਮ ਦੀ ਰਾਤ ਏ ਨਾ...!"-ਹਾਂ ਰਾਤ ਤੇ ਪੂਨਮ ਦੀ ਹੀ ਏ, ਪਰ ਤੂੰ ਏਨੀ ਸਿੱਦਤ ਨਾਲ ਕਿਉਂ ਪੁੱਛ ਰਈ ਏ...?"-ਨਈ....! ਨ...ਹੀ.. ਮੈਂ ਤਾਂ ਚੰਦਰਮਾਂ ਵੱਲ ਵੇਖ ਕੇ ਹੀ ਕਹਿ ਦਿੱਤਾ, ਕਿਨਾ ਸੋਹਣਾ ਤੇ ਗੋਲ ਏ।"-ਪੂਨਮ ਦੀ ਰਾਤੇ ਚੰਨ ਪੂਰੇ ਅਕਾਰ ਵਿੱਚ ਹੁੰਦਾ ਏ ਨਾ ਤਾਹੀਂ ਸੋਹਣਾ ਪਿਆ ਦਿਸਦੈ।"-ਪਰ ਚੰਨ ਵਿੱਚ ਇਹ ਦਾਗ ਕਿਹਾ ਏ...?"-ਇਸ ਦੀ ਖੁਬਸੂਰਤੀ ਨੂੰ ਨਜਰ ਨਾ ਲੱਗੇ ਇਸ ਕਰਕੇ ਏ ਇਹ ਦਾਗ...।"-ਖੌਰੇ ਮੇਰਾ ਨਾਂ ਪੂਨਮ ਕਿਨੇ ਰੱਖ ਦਿਤਾ ਸੀ...?"-ਠੀਕ ਈ ਤੇ ਰੱਖਿਐ.... ਪੂਨਮ ! ਪੁੱਨਿਆਂ ਦੇ ਚੰਨ ਵਰਗੀ ਖੂਬਸੂਰਤ।"-ਤੈਨੂੰ ਮੇਰਾ ਨਾਮ ਚੰਗਾ ਲਗਦਾ ਏ...? ਹਾਂ... ਬੇਸ਼ਕ, ਤੇਰਾ ਨਾਂ ਤੇ ਸਾਰਿਆਂ ਨੂੰ ਚੰਗਾ ਲਗਦੈ, ਜਿਵੇਂ ਪੂਨਮ ਦੀ ਰਾਤੇ ਚੰਨ ਸਾਰਿਆਂ ਨੂੰ ਚੰਗਾ ਲਗਦੈ।"-ਪਰ ਮੈਨੂੰ ਤੇਰਾ ਨਾਮ ਬੜਾ ਭਾਉਂਦੈ... ਰਿਸ਼ਮ, ਜਾਣਦੀ ਏ ਰਿਸ਼ਮ ਦਾ ਕੀ ਮਤਲਬ ਹੋਦੈ ..?"-ਹਾਂ... ਚਾਨਣ ਦੀ ਲਕੀਰ...ਰੋਸ਼ਨੀ।"-ਠੀਕ ਆਖਦੀ ਏਂ, ਤੂੰ ਹੈ ਈ ਰੋਸ਼ਨੀ ਵਰਗੀ, ਚੁੱਪ ਕਰਕੇ ਦਿਲ ਦੇ ਹਨੇਰਿਆਂ ਵਿੱਚ ਲਹਿ ਜਾਣ ਵਾਲੀ ਕਿਰਨ।"-ਚੱਲ ਪਾਗਲ...ਕਿਵੇਂ ਮੱਖਣ ਲਗਾਉਂਦੀ ਏ।" -ਮੱਖਣ ...ਨਈਂ ...ਸੱਚ ਬੋਲਦੀ ਆਂ ।"-ਮੈਨੂੰ ਪਤੈ ਅੱਜ ਤੂੰ ਉਦਾਸ ਏਂ .... ਘਰ ਦੀ ਯਾਦ ਆ ਰਈ ਏ ਨਾ..?"-ਨਈਂ ... ਹਾਂ..!! ਨਈਂ ਤੇ, ਤੇਰੇ ਹੁੰਦਿਆਂ ਮੈਨੂੰ ਘਰ ਦੀ ਯਾਦ....ਤੂੰ ਜੋ ਏ।"-ਚੱਲ ਉਠ ਥੱਲੇ ਚੱਲਦੇ ਆਂ, ਛੱਤ ਤੇ ਹੁਣ ਠੰਡ ਮਹਿਸੂਸ ਹੋ ਰਈ ਏ।"-ਠਹਿਰ ਜਾ ਨਾ ਕੁਝ ਦੇਰ ਹੋਰ ਰਿਸ਼ਮ , ਦੇਖ ਚਾਨਣੀ ਰਾਤ ਕਿਨੀ ਸੀਤਲ ਏ। ਮੈਨੂੰ ਚਾਨਣੀ ਰਾਤ ਬਹੁਤ ਚੰਗੀ ਲਗਦੀ ਏ। ਖਾਸ ਕਰਕੇ ਪੁੰਨਿਆਂ ਦੀ ਰਾਤ। ਦੇਖ ਕੁਝ ਪੰਛੀ ਏਧਰ ਓਧਰ ਜਾ ਰਏ ਨੇ। ਅਜਾਦ ਫਿਜ਼ਾਵਾਂ ਵਿੱਚ ਉਡਾਰੀਆਂ ਲਾਉਂਦੇ।-ਹਾਂ ਕੁਝ ਪੰਛੀ ਰਾਤ ਨੂੰ ਵੀ ਉਡਦੇ ਰਹਿੰਦੇ ਨੇ।"-ਜਿਨ੍ਹਾਂ ਨੂੰ ਮੰਜਿਲ ਨਹੀਂ ਮਿਲਦੀ ਸ਼ਾਇਦ ਓਹੀ...! ਜਾਂ ਫਿਰ ਜਿਨਾ ਦਾ ਕੋਈ ਵਿਛੜ ਗਿਆ ਹੁੰਦੈ.. ਹੈ ਨਾ ਰਿਸ਼ਮ?"-ਹਾਂ ਸ਼ਾਇਦ ਓਹੀ...!!"-ਪਰ ਇਹ ਵਿਚਾਰੇ ਜਾਂਦੇ ਕਿਥੇ ਨੇ..?"-ਪਤਾ ਨਈਂ ਕਦੀ ਕਿਸੇ ਘਰ ਦੀ ਛੱਤ ਤੇ ਰਾਤ ਕੱਟ ਲੈਦੇ ਹੋਣੇ ਨੇ, ਕਦੇ ਕਿਸੇ ਦਰਖਤ ਤੇ... ਛੱਡ ਤੂੰ ਕੀ ਲੈਣਾ ਪਰਿੰਦੇਆਂ ਤੋਂ । ਉਠ ਥੱਲੇ ਚੱਲਦੇ ਆਂ, ਮੈਨੂੰ ਤੇ ਠੰਡ ਲੱਗ ਰਈ ਏ।"-ਚੱਲਦੇ ਆਂ, ਥੱਲੇ ਜਾ ਕੇ ਵੀ ਕਮਰੇ ਦੀ ਕੈਦ ਚ ਘੁਟ ਜਾਵਾਂਗੀਆਂ। ਛੱਤ ਤੇ ਖੜ ਕੇ ਕੁਝ ਦੇਰ ਸਾਹ ਸੌਖਾਂ ਹੋਂਦੈ।-ਪਰ...?" "ਕੀ ਪਰ ਰਿਸ਼ਮ।" -ਨਈਂ ਕੁਝ ਨਈਂ , ਤੂੰ ਬੋਲ ਕੀ ਏ।"-ਦੇਖ ਨਾ ਸ਼ਹਿਰ ਕਿਵੇਂ ਤਾਰਿਆਂ ਦੀ ਛੱਤ ਵਾਂਗ ਲੱਗ ਰਿਹੈ.., ਤੇ ਓ ਟਾਵਰ ਤੇ ਜਗਦਾ ਵੱਡਾ ਬਲਬ ਇਸ ਛੱਤ ਦਾ ਚੰਦਰਮਾਂ।" -ਤੂੰ ਪਾਗਲ ਏ ਪੂਨਮ, ਕਿਸ ਤਰਾਂ ਦੀਆਂ ਗੱਲਾਂ ਕਰੀ ਜਾ ਰਈ ਏਂ ਅੱਜ।"-ਦੇਖ ਨਾ ਛੱਤ ਤੇ ਚੜ ਕੇ ਤਾਂ ਸ਼ਹਿਰ ਰੋਜ਼ ਪੂਨ ਦੀ ਰਾਤ ਵਾਂਗ ਲਗਦੈ ਏ ਨਾ ਰਿਸ਼ਮ..?"ਹੋਸਟਲ ਦੀ ਛੱਤ ਤੇ ਪੂਨਮ ਤੇ ਰਿਸ਼ਮ ਦੀ ਰੁਕ ਰੁਕ ਕੇ ਚਲਦੀ ਗੱਲਬਾਤ ਜਾਰੀ ਏ। ਦੋਵੇ ਕਿਸੇ ਕਾਲਪਨਿਤ ਸੰਸਾਰ ਦੀਆਂ ਗੱਲਾਂ ਕਰ ਰਈਆਂ ਨੇ। ਹੋਸਟਲ ਦੀ ਕੰਧ ਦੇ ਨਾਲ ਨਾਲ ਤਿਨ ਮੰਜਿਲਾਂ ਤੱਕ ਪਹੁੰਚੀ ਵੇਲ ਨਾਲ ਲੱਗੇ ਦੋ ਫੁੱਲ ਚਾਨਣੀ ਵਿੱਚ ਚਮਕ ਰਏ ਨੇ। ਛੱਤ ਤੋਂ ਥੱਲੇ ਕਮਰਿਆਂ ਵਿੱਚ ਕੁਝ ਕੁੜੀਆਂ ਪੜ ਰਈਆਂ ਨੇ ਤੇ ਕੁਝ ਆਪੋ ਆਪਣੇ ਕਮਰਿਆਂ ਵਿੱਚ ਸੰਗੀਤ ਵਿੱਚ ਮਸਤ ਨੇ। ਟੁਰਦੇ ਬੱਦਲ ਜਦ ਚੰਦਰਮਾਂ ਦੇ ਅੱਗੋਂ ਦੀ ਲੰਗਦੇ ਤਾਂ ਚੰਨ ਹੋਰ ਵੀ ਤੇਜ ਭੱਜਦਾ ਲਗਦਾ। ਇੱਕ ਪੰਛੀ ਫਰ ਫਰ ਕਰਦਾ ਉਹਨਾ ਦੇ ਉਤੋਂ ਦੀ ਲੰਘ ਜਾਂਦਾ ਏ। -ਚੱਲ ਵੀ ਯਾਰ ਨੀਂਦ ਆ ਰਈ ਏ ਹੁਣ। ਰਿਸਮ ਪੂਨਮ ਨੂੰ ਚੋਥੀ ਵਾਰ ਆਖਦੀ ਏ । ਉਹ ਦੋਹਵੇਂ ਪੌੜੀਆਂ ਉਤਰ ਆਉਂਦੀਆਂ ਨੇ ਤੇ ਕਮਰੇ ਚ ਆਣ ਬੈਠਦੀਆਂ ਨੇ। -ਮੈਂ ਵੀ ਕਿਨੀ ਪਾਗਲ ਆਂ.. ਤੈਨੂੰ ਵੀ ਆਪਣੇ ਨਾਲ ਜਗਾਈ ਰੱਖਦੀ ਆਂ। " ਪੂਨਮ ਹੌਲੀ ਜਿਹੀ ਆਖਦੀ ਏ।-ਕੋਈ ਗੱਲ ਨਈ...ਰਿਸ਼ਮ ਬੋਲੀ। ਕਮਰੇ ਦੀ ਖਿੜਕੀ ਵਿੱਚੋਂ ਵੱਡੇ ਸਾਰੇ ਦਰਖਤ ਦੀਆਂ ਨਿਪੱਤਰੀਆਂ ਟਾਹਣੀਆਂ ਦਿਸ ਰਈਆਂ ਨੇ। ਦਰਖਤ ਦੀ ਦੋਸਾਂਗ ਤੇ ਕਿਸੇ ਪੰਛੀ ਨੇ ਆਲ੍ਹਣਾ ਪਾਇਆ ਹੋਇਆ ਏ। ਦਰਖਤ ਦਾ ਤਨਾ ਕਿਸੇ ਵੱਡੇ ਦੈਂਤ ਵਾਂਗ ਅਡੋਲ ਖੜਾ ਹੈ। ਕਈ ਵਾਰੀ ਪੂਨ ਉਸ ਤੋ ਡਰ ਜਾਂਦੀ ਏ।-ਬੱਤੀ ਬੰਦ ਕਰ ਦੇਵਾਂ" ਰਿਸ਼ਮ ਆਖਿਆ।-ਨਈ ਰਹਿਣ ਦੇ ਮੈਂ ਆਪੇ ਕਰ ਲਵਾਂਗੀ...।"-ਤੈਨੂੰ ਨੀਂਦ ਨਈ ਆ ਰਈ ਪੂਨਮ..।" ਰਿਸ਼ਮ ਨੇ ਫਿਰ ਕਿਹਾ। -ਨਈ....ਹਾਂ...!! ਨਈ ਮੈਂ ਠਹਿਰ ਕੇ ਕਰ ਦੇਵਾਂਗੀ ਬੱਤੀ ਬੰਦ ਤੂੰ ਸੌਂ ਜਾ...।"-ਪਰ ਮੈਨੂੰ ਰੋਸ਼ਨੀ ਵਿੱਚ ਨੀਂਦ ਨਈ ਆਉਂਦੀ।" ਰਿਸ਼ਮ ਬੋਲੀ।-ਤੂੰ ਤੇ ਖੁਦ ਰੋਸ਼ਨੀ ਏਂ ਰਿਸ਼ਮ ਤੈਨੂੰ ਰੋਸ਼ਨੀ ਵਿੱਚ ਨੀਂਦ.....! ਚੱਲ ਕਰ ਦੇ ਬੰਦ ਬੱਤੀ...!"ਬਲਬ ਬੰਦ ਹੋਣ ਨਾਲ ਹੀ ਹਨੇਰੇ ਦਾ ਖਲਾਅ ਕਮਰੇ ਵਿੱਚ ਫੈਲ ਗਿਆ। ਚਾਨਣੀ ਰਾਤੇ ਖਿੜਕੀ ਰਾਹੀਂ ਚੰਦਰਮਾਂ ਦੀ ਰੋਸ਼ਨੀ ਕਮਰੇ ਵਿੱਚ ਆ ਰਈ ਏ। ਪੁੰਨਿਆਂ ਦੀ ਰਾਤ ਪਹਿਲੇ ਪਹਿਰ ਵਿੱਚ ਏ। ਖਿੜਕੀ ਚੋਂ ਆਉਂਦੀ ਰੋਸ਼ਨੀ ਵਿੱਚ ਦਰਖਤ ਦਾ ਪਰਛਾਵਾਂ ਦਿਖਾਈ ਦੇ ਰਿਹਾ ਏ। ਕੂਝ ਪੰਛੀ ਦਰਖਤ ਤੇ ਬੈਠੇ ਨੇ। ਪੂਨਮ ਦੀਆਂ ਜਾਗਦੀਆਂ ਅੱਖਾਂ ਰਾਹੀਂ ਕਈ ਦ੍ਰਿਸ਼ ਲੰਘ ਰਏ ਨੇ।ਓਦਣ ਵੀ ਪੂਨਮ ਦੀ ਰਾਤ ਸੀ, ਤੇ ਉਹ ਉਸ ਨੂੰ ਜਾਂਦੀ ਵਾਰ ਮਿਲਣ ਆਇਆ ਸੀ। ਪੂਨਮ ਨੇ ਉਸ ਦਾ ਹੱਥ ਆਪਣੇ ਹੱਥਾਂ ਵਿੱਚ ਘੁੱਟਦਿਆਂ ਆਖਿਆ ਸੀ "ਅੱਜ ਪੂਨਮ ਦੀ ਰਾਤ ਏ ਨਾ।" -ਹਾਂ ਰਾਤ ਤੇ ਪੂਨਮ ਦੀ ਈ ਏ...!" ਉਸ ਨੇ ਸੋਗਮਈ ਹਾਉਕਾ ਲੈਦਿਆਂ ਕਿਹਾ ਸੀ।-ਪਰ ਸਾਰੀਆਂ ਰਾਤਾਂ ਤੇਰੀਆਂ ਤਾਂ ਨਹੀਂ ਪੂਨਮ।"-ਮੇਰੇ ਲਈ ਤਾਂ ਤੇਰੇ ਨਾਲ ਗੁਜਾਰਿਆ ਇਕ ਪਲ ਹੀ ਹਜਾਰਾਂ ਰਾਤਾਂ ਜਿਨਾ ਏ ਕੁਲਦੀਪ।"-ਪਰ ਮੈਂ ਤਾਂ ਸਵੇਰੇ ਚਲਾ ਜਾਵਾਂਗਾ ਪੂਨਮ।"-ਮੈਂ ਤੇਰੀ ਉਡੀਕ ਕਰਾਂਗੀ...!"ਫਿਰ ਇਕ ਦਿਨ ਉਹ ਐਸਾ ਗਿਆ ਕੇ ਮੁੜ ਵਾਪਿਸ ਨਾ ਮੁੜਿਆ। ਚਾਰ ਸਾਲਾਂ ਵਿੱਚ ਪਤਾ ਨਈ ਕਿਨੀਆਂ ਪੁਨਿਆਂ ਦੀਆਂ ਚਾਨਣ ਮੱਤੀਆਂ ਰਾਤਾਂ ਬੀਤੀਆਂ। ਇਨੇ ਸਮੇ ਵਿੱਚ ਉਸ ਦਾ ਕੋਈ ਚਿੱਠੀ ਪੱਤਰ, ਸੁਰ ਸੁਨੇਹਾ ਨਾ ਆਇਆ। ਉਹ ਹਰੇਕ ਪੂਨਮ ਦੀ ਰਾਤੇ ਆਪਣੇ ਅਤੇ ਕੁਲਦੀਪ ਦੇ ਗਵਾਹ ਬਣੇ ਚੰਨ ਨੂੰ ਤੱਕ ਕੇ ਆਪ ਮੁਹਾਰੇ ਬੋਲ ਪੈਂਦੀ, "ਅੱਜ ਪੂਨਮ ਦੀ ਰਾਤ ਏ ਨਾ ਦੀਪੂ..।" ਹੋਸਟਲ ਵਿੱਚ ਚੁੱਪ ਦਾ ਸਲਾਬ ਪਸਰਿਆ ਹੋਇਆ ਏ। ਕਿਸੇ ਕਿਸੇ ਕਮਰੇ ਚੋਂ ਬਲਬ ਦੀ ਰੋਸ਼ਨੀ ਦੀਆਂ ਲਕੀਰਾਂ ਬਾਹਰ ਵਿਹੜੇ ਵਿੱਚ ਪੈ ਰਹੀਆਂ ਨੇ। ਦਰਖਤ ਦੀ ਦੋਸਾਂਗ ਵਿੱਚ ਬਣੇ ਆਲਣੇ ਵਿੱਚ ਕਦੀ ਕਦੀ ਕੋਈ ਹਲਚਲ ਹੋਂਦੀ ਏ। ਰਿਸ਼ਮ ਆਪਣੇ ਬਿਸਤਰੇ ਤੇ ਕੰਬਲ ਓੜੀ ਸੁੱਤੀ ਪਈ ਏ। ਕੰਬਲ ਵਿਚੋਂ ਬਾਹਰ ਦਿਸਦਾ ਉਸਦਾ ਚਿਹਰਾ ਵੇਲ ਨਾਲ ਲੱਗੇ ਇਕ ਫੁੱਲ ਵਰਗਾ ਹੈ। ਪੂਨਮ ਇਕ ਟੱਕ ਉਸ ਨੂੰ ਦੇਖਦੀ ਏ, ਫਿਰ ਅੱਖਾਂ ਬੰਦ ਕਰਕੇ ਕੁਝ ਦੇਰ ਭਗਤੀ ਵਾਲੀ ਮੁਦਰਾ ਵਿੱਚ ਬੈਠੀ ਜਾਂਦੀ ਏ .ਕਿਨਾ ਚਿਰ ਬੈਠੇ ਰਹਿਣ ਪਿਛੋਂ ਉਹ ਭਰਭੂਰ ਅੰਗੜਾਈ ਭਰਦੀ ਤੇ ਕੰਬਲ ਓੜ ਕੇ ਸੌਣ ਦੀ ਕੋਸ਼ਿਸ਼ ਕਰਦੀ ਏ। ਖਿਆਲ ਉਸ ਦੀਆਂ ਸੋਗੀ ਅੱਖਾਂ ਰਾਹੀਂ ਨਿਰੰਤਰ ਲੰਘ ਰਹੇ ਨੇ। -ਮੇਰਾ ਬਸਤਾ ਅੱਜ ਫਿਰ ਤੂੰ ਚੁੰਕੇਗਾ ਦੀਪੂ।"-ਨਈ ਮੈਂ ਨਈ ਚੁੱਕਦਾ ਰੋਜ਼ ਰੋਜ਼ ਤੇਰਾ ਬਸਤਾ ।"-ਚੱਲ ਚੈਨ-ਬੁੱਤ ਕਰਦੇ ਆਂ, ਜੇ ਬੁੱਤ ਹੋਇਆ ਤਾਂ ਤੂੰ ਬਸਤਾ ਚੁਕੇਗਾ, ਜੇ ਚੈਨ ਹੋਇਆ ਤੇ ਮੈਂ। ਠੀਕ ਏ ਨਾਂ ।"ਪੂਨਮ ਨੇ ਇਕ ਰੁਪਏ ਦਾ ਸਿੱਕਾ ਹਵਾ ਵਿੱਚ ਸੁੱਟਦਿਆਂ ਕਿਹਾ ।"-ਹਾਂ ਠੀਕ ਏ ।"-ਆ ਦੇਖ ਬੁੱਤ ਆਇਆ ।"ਤੇ ਉਹ ਬਿਨਾ ਕੁਝ ਹੋਰ ਬੋਲਿਆ ਪੂਨਮ ਦਾ ਬਸਤਾ ਆਪਣੇ ਦੂਜੇ ਮੋਡੇ ਤੇ ਚੁੱਕ ਲੈਂਦਾ । ਕਦੀ ਕਦੀ ਪੂਨਮ ਨੂੰ ਉਸ ਤੇ ਬੜਾ ਤਰਸ ਆਉਦਾ ਤੇ ਉਹ ਤਰਸਮਈ ਅੱਖਾਂ ਨਾਲ ਉਸ ਨੂੱ ਦੇਖਦੀ ਤੇ ਕਹਿੰਦੀ -ਲਿਆ ਮੈਂ ਆਪੇ ਚੁੱਕ ਲੈਂਦੀ ਆਂ ।"ਤੇ ਉਹ ਗੱਲਾਂ ਕਰਦੇ ਆਪਣੇ ਪਿੰਡ ਦੇ ਨਾਲ ਲਗਦੇ ਪਿੰਡ ਦੇ ਸਕੂਲ ਤੱਕ ਪਹੁੰਚ ਜਾਂਦੇ । ਬਚਪਨ ਤੋਂ ਲੈ ਕੇ ਉਹ ਇੱਕਠੇ ਖੇਡੇ, ਇੱਕਠੇ ਪੜੇ। ਕੁਝ ਦੇਰ ਲਈ ਕਾਲਜ ਦੀ ਪੜਾਈ ਵੀ ਉਹਨਾਂ ਇੱਕਠੇ ਕੀਤੀ। ਫਿਰ ਕੁਲਦੀਪ ਨੂੰ ਘਰ ਦੀ ਮਜਬੂਰੀ ਤੇ ਗਰੀਬੀ ਕਾਰਨ ਪੜਾਈ ਛੱਡਣੀ ਪਈ। ਉਹ ਰੋਜ਼ ਇਕ ਦੂਜੇ ਨੂੰ ਮਿਲਦੇ। ਪੂਨਮ ਨੇ ਕਈ ਵਾਰੀ ਉਸ ਨੂੰ ਆਖਿਆ ਸੀ: ਤੂੰ ਬਾਹਰ ਜਾਣ ਦਾ ਵਿਚਾਰ ਆਪਣੇ ਦਿਲ ਵਿਚੋ ਕੱਢ ਦੇ, ਏਥੇ ਵੀ ਤੇ ਤੂੰ ਛੋਟੀ ਮੋਟੀ ਨੋਕਰੀ ਕਰਕੇ ਆਪਣਾ ਗੁਜਾਰਾ ਕਰ ਸਕਦੈਂ ਨਾਲੇ ਮੈਂ ਵੀ ਤੇ ਪੜ ਲਿਖ ਕੇ ਕਿਸੇ ਨੋਕਰੀ ਦੇ ਕਾਬਲ ਹੋ ਜਾਂਵਾਂਗੀ। ਸਾਨੂੰ ਬਹੁਤੀਆਂ ਕਮਾਇਆਂ ਦੀ ਜਰੂਰਤ ਨਈਂ ਦੀਪੂ। ਉਹ ਉਸ ਦੀਆਂ ਗੱਲਾਂ ਨੂੰ ਅੰਤਰ ਧਿਆਨ ਹੋ ਕੇ ਸੁਣਦਾ ਰਹਿੰਦਾ, ਪਰ ਉਸ ਦੇ ਸੀਨੇ ਵਿੱਚ ਉਸ ਦੇ ਗਰੀਬੀ ਦੇ ਦਿਨ ਸੂਲਾਂ ਵਾਂਗੂ ਚੁਬਦੇ ਰਹਿਦੇ, ਜਿਨਾਂ ਦਿਨਾਂ ਨੇ ਉਸ ਦੇ ਬਾਪੂ ਦੀ ਜਾਨ ਲੈ ਲਈ । ਆਖਰੀ ਦਿਨਾਂ ਵਿੱਚ ਤਾਂ ਉਸ ਦੇ ਬਾਪੂ ਨੂੰ ਹਸਪਤਾਲ ਵਾਲਿਆਂ ਪੈਸੇ ਨਾਂ ਹੋਣ ਕਾਰਨ ਛੁੱਟੀ ਦੇ ਦਿੱਤੀ ਸੀ। ਫਿਰ ਉਹ ਕਿਸੇ ਤਰਾਂ ਆਪਣੀ ਮਾਂ ਤੇ ਛੋਟੀ ਭੈਣ ਨੂੰ ਨਾਨਕੇ ਛੱਡ ਕੇ ਪਿੰਡ ਵਾਲਾ ਮਕਾਨ ਵੇਚ ਕੇ ਅਤੇ ਰਿਸਤੇਦਰਾਂ ਤੋਂ ਪੈਸੇ ਫੜ ਕੇ ਵਿਦੇਸ਼ ਚਲਾ ਗਿਆ ਤੇ ਫਿਰ ਉਸ ਦਾ ਕੋਈ ਸੁਨੇਹਾ ਨਈਂ ਆਇਆ। ਪੂਨਮ ਨੇ ਕਈ ਵਾਰ ਉਸਦੇ ਨਾਨਕੇ ਜਾ ਕੇ ਪਤਾ ਕੀਤਾ ਪਰ ਉਸ ਦੀ ਮਾਂ ਸਿਰਫ ਏਨਾ ਆਖਦੀਯ:--ਧੀਏ ਹਰ ਮਹੀਨੇ ਪੈਸੇ ਭੇਜ ਦਿੰਦੈ... ਜਿਵੇਂ ਮੈ ਪੈਸਿਆਂ ਨੂੰ ਚੱਟਣਾਂ ਹੋਵੇ । ਮੁਦਤਾਂ ਹੋ ਗਈਆਂ ਉਸ ਦੀ ਸ਼ਕਲ ਵੇਖਿਆਂ । ਕਦੀ ਕਦੀ ਟੈਲੀਫੋਨ ਕਰਦੈ, ਪਰ ਆਪਣਾ ਪਤਾ ਕੋਈ ਦੱਸਦਾ ਨ੍ਹੀ। ਤੇ ਪੂਨਮ ਨਿਰਾਸ਼ ਹੋ ਕੇ ਵਾਪਿਸ ਪਰਤ ਆਂਉਂਦੀ। ਸੂਰਜ ਦੀ ਲੋਅ ਨੇ ਚੰਦਰਮਾਂ ਦੀ ਮੱਧਮ ਰੋਸ਼ਨੀ ਨੂੰ ਆਪਣੇ ਵਿੱਚ ਸਮੋ ਲਿਆ ਏ। ਦਰਖਤ ਦੀ ਦੋਸਾਂਗ ਵਿਚਲੇ ਆਹਲਣੇ ਵਿਚੋਂ ਪੰਛੀ ਬਾਹਰ ਆ ਕੇ ਚਹਿਚਹਾ ਰਹੇ ਨੇ। ਰਿਸ਼ਮ ਨੇ ਅੱਖ ਪੁੱਟ ਕੇ ਦੇਖਿਆ, ਪੂਨਮ ਤਕੀਏ ਨੂੰ ਢੋਅ ਲਾਈ ਪਈ ਏ । ਉਸ ਨੇ ਉਠ ਕੇ ਪੂਨਮ ਦਾ ਕੰਬਲ ਸਵਾਰਾ ਕੀਤਾ ਤਾਂ ਉਹ ਇਕ ਦਮ ਤ੍ਰਬਕ ਪਈ, ਜਿਵੇਂ ਕਿਸੇ ਨੇ ਕੱਚੀ ਨੀਂਦੇ ਉਠਾ ਦਿਤਾ ਹੋਵੇ । ਉਸ ਦੇ ਖਿਆਲਾਂ ਦੀ ਲੜੀ ਟੁੱਟ ਗਈ। -ਸੁੱਤੀ ਨਹੀਂ ਤੂੰ ਸਾਰੀ ਰਾਤ, ਹੁਣ ਅਰਾਮ ਕਰ ਲੈ, ਸੌਂ ਜਾ ਮੇਰੀ ਭੈਣ ਅਜੇ ਤਾਂ ਪੰਜ ਵੱਜੇ ਨੇ ਕਲਾਸ ਤਾਂ ਅੱਠ ਵਜੇ ਲੱਗਣੀ ਏ।" ਰਿਸ਼ਮ ਨੇ ਪੂਨਮ ਦਾ ਕੰਬਲ ਸਿਧਾ ਕਰਦਿਆਂ ਕਿਹਾ। ਕੋਰਸ ਦਾ ਆਖਰੀ ਮਹੀਨਾ ਚੱਲ ਰਿਹਾ ਏ, ਪੇਪਰ ਵੀ ਸਿਰ ਤੇ ਨੇ । ਇੰਜੀਨੀਰਿੰਗ ਦਾ ਪੜਾਈ ਵੀ ਕਿਹੜਾ ਸੋਖੀ ਏ। ਪੂਨਮ ਨੂੰ ਦੋਹਰੇ ਫਿਕਰਾਂ ਨੇ ਮਦੋਲ ਕੇ ਰੱਖ ਦਿਤਾ। ਪਿਛਲੇ ਚੋਹਾਂ ਸਾਲਾਂ ਵਿੱਚ ਉਹ ਦੀਪੂ ਦਾ ਕੋਈ ਸੁਰਾਖ ਲੱਭਣ ਵਿੱਚ ਨਾਕਾਂਮਯਾਬ ਰਈ ਏ। ਉਸ ਦਾ ਦਿਲ ਕਰਦਾ ਕੇ ਉਹ ਆਪ ਬਾਹਰ ਚਲੀ ਜਾਵੇ, ਪਰ ਦੀਪੂ ਕਿਥੇ ਏ, ਕਿਸ ਮੁਲਕ ਵਿੱਚ ਏ ਕਿਸ ਸ਼ਹਿਰ ਵਿੱਚ ਏ .. ਉਸ ਨੂੰ ਕੋਈ ਪਤਾ ਨਈਂ। ਪੂਨ ਜੋ ਹਰ ਵੇਲੇ ਚਹਿਕਦੀ ਰਹਿੰਦੀ ਸੀ, ਜਿਸ ਦੇ ਮੁਖੜੇ ਤੇ ਸਦਾ ਬਹਾਰਾਂ ਖੇਡਦੀਆਂ ਸਨ, ਅੱਜ ਬਹੁਤ ਉਦਾਸ ਏ। ਕੁਲਦੀਪ ਦੇ ਜਾਣ ਬਾਅਦ ਖੌਰੇ ਕਿਹੜੀ ਰੁੱਤ ਆਈ ਕੇ ਉਸ ਦੇ ਚਿਹਰੇ ਦਾ ਰੰਗ ਪਤਝੜ ਵਿੱਚ ਕਿਰਦੇ ਪੀਲੇ ਪੱਤਿਆਂ ਜਿਹਾ ਹੋ ਗਿਆ। ਉਹ ਹਰ ਵੇਲੇ ਖਿਆਲਾਂ ਦੀ ਡੂਘੀ ਖਾਈ ਵਿੱਚ ਡਿਗੀ ਰਹਿੰਦੀ। ਚਾਰ ਸਾਲ ਹੋਸਟਲ ਦੀ ਕੰਧ ਲਾਗੇ ਖੜਾ ਵੱਡਾ ਦਰਖਤ ਉਸਨੂੰ ਡਰਾਉਂਦਾ ਰਿਹਾ। ਉਹ ਹਰ ਰਾਤ ਛੱਤ ਤੇ ਚੜ ਚੰਦਰਮਾਂ ਨੂੰ ਤੱਕਦੀ ਰਹਿੰਦੀ। ਮੱਸਿਆ ਦੀਆਂ ਕਾਲੀਆਂ ਰਾਤਾਂ ਵਿੱਚ ਵੀ ਚੰਨ ਨੂੰ ਲੱਭਣ ਦੀ ਕੋਸਿਸ਼ ਕਰਦੀ ਤੇ ਆਖਦੀ: ਤੇਰੇ ਦੇਸ਼ ਵੀ ਤੇ ਚੰਨ ਚੜਦਾ ਏ ਨਾ ਦੀਪੂ ਤੈਨੂੰ ਓਸ ਦਾ ਵਾਸਤਾ ਇਕ ਵਾਰੀ ਆਜਾ.."ਪੂਨ ਦੇ ਘਰ ਵਾਲਿਆਂ ਨੇ ਉਸ ਦਾ ਬੜਾ ਸਾਥ ਦਿੱਤਾ ਉਸ ਦੀ ਹਰ ਖੁਸ਼ੀ ਪੂਰੀ ਕੀਤੀ, ਪਰ ਉਹ ਹੁਣ ਉਸਨੂੰ ਦੁਖੀ ਨਹੀਂ ਸੀ ਵੇਖਣਾ ਚਹੁੰਦੇ ਉਹਨਾਂ ਕਈ ਵਾਰੀ ਪੂਨਮ ਨੂੰ ਆਪਣਾ ਘਰ ਵਸਾਉਣ ਲਈ ਕਿਹਾ। ਫਿਰ ਇਕ ਦਿਨ ਪੂਨਮ ਨੇ ਕਿਸੇ ਦੀ ਯਾਦ ਦਾ ਪੱਲਾ ਛੱਡ ਦਿਤਾ। ਕੋਰਸ਼ ਖਤਮ ਹੁੰਦੇ ਹੀ ਉਸਦਾ ਵਿਆਹ ਹੋ ਗਿਆ। ਵਿਆਹ ਤੋਂ ਕੁਝ ਚਿਰ ਬਾਅਦ ਹੀ ਪੂਨਮ ਦੇ ਪਤੀ ਨੇ ਉਸਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿਤਾ। ਉਹ ਸ਼ਰਾਬੀ ਕਬਾਬੀ ਸੀ। ਪੂਨਮ ਨੂੰ ਇਝ ਲੱਗਾ ਜਿਵੇਂ ਉਹ ਇਕ ਖਾਈ ਚੋ ਨਿਕਲ ਕੇ ਦੂਜੀ ਦਲਦਲ ਵਿੱਚ ਫਸ ਗਈ ਹੋਵੇ। ਉਹ ਪੂਨਮ ਜਿਸਨੂੰ ਕਦੀ ਉਸਦੀ ਸਹੇਲੀ ਪੂਨਮ ਦਾ ਚੰਨ ਆਖਦੀ ਸੀ ਅੱਜ ਮੱਸਿਆ ਦੀ ਸਿਆ ਰਾਤ ਬਣ ਚੁੱਕੀ ਸੀ। ਉਹ ਹੁਣ ਰਾਤ ਨੂੰ ਚੰਨ ਨਈ ਭਾਲਦੀ, ਕਿਹੜੀ ਰਾਤ ਪੁੰਨਿਆਂ ਦੀ ਏ ਓਸ ਨੂੰ ਕੁਝ ਪਤਾ ਨਹੀ। ਉਹ ਆਪਣੇ ਅੰਦਰ ਛਿੜੀ ਇਕ ਸੀਤ ਜੰਗ ਲੜ ਰਈ ਸੀ। ਅੱਜ ਅਚਾਨਕ ਓਸ ਨੂੰ ਇਕ ਪੂਰਾਣੀ ਯਾਦ ਨੇ ਹਲੂਣ ਕੇ ਰੱਖ ਦਿਤਾ। ਪਹਿਲਾਂ ਕਦੀ ਓਸ ਨੂੰ ਇਸ ਖਿਆਲ ਨੇ ਨਹੀ ਸਤਾਇਆ, ਅੱਜ ਪਤਾ ਨਈ ਕਿਵੇਂ ਓਸ ਦੇ ਦਿਮਾਗ ਵਿੱਚ ਇਹ ਗੱਲ ਬਾਰ ਬਾਰ ਆ ਰਈ ਏ। -ਕਿਉਂ ਮੇਰੇ ਪਿਛੇ ਆਉਂਦਾ ਪਿਆ ਏ।" ਤਿੰਨ ਚਾਰ ਦਿਨ ਲਗਾਤਾਰ ਕਾਲਜ ਤੋਂ ਹੋਸਟਲ ਤੱਕ ਉਸਦੇ ਪਿਛੇ ਆਉਂਦੇ ਓਸ ਮੁੰਡੇ ਨੂੰ ਪੂਨਮ ਨੇ ਖਿਝ ਕੇ ਆਖਿਆ ਸੀ।-ਤੂੰ ਮੈਨੂੰ ਬੜੀ ਚੰਗੀ ਲਗਦੀ ਏ, ਮੈਂ ਤੈਨੂੰ ਅਪਨਾਉਂਣਾ ਚਾਹੁੰਦਾਂ, ਪਲੀਜ਼ ਮਨਾ ਨਾ ਕਰੀਂ ਮੈਂ ਤੈਨੂੰ ਬੜਾ ਪਿਆਰ ਕਰਦਾਂ।" ਓਸ ਮੁੰਡੇ ਦੇ ਚਿਹਰੇ ਤੇ ਅੰਤਾਂ ਦੀ ਮਾਸੂਮੀਅਤ ਸੀ ਤੇ ਉਹ ਪੂਨਮ ਦਾ ਦੀਵਾਨਾ ਹੋ ਗਿਆ ਸੀ।-ਮੈਂ ਪਹਿਲਾਂ ਹੀ ਕਿਸੇ ਦੀ ਹੋ ਚੁੱਕੀ ਆਂ ਮੇਰੇ ਪਿਛੇ ਨਾ ਆਇਆ ਕਰ। ਪੂਨਮ ਨੇ ਦੁ ਟੁੱਕ ਜਵਾਬ ਦਿਤਾ ਸੀ। ਤੇ ਓਸ ਦਿਨ ਤੋ ਬਾਅਦ ਉਹ ਓਸਦੇ ਪਿਛੇ ਨਹੀ ਸੀ ਆਇਆ ਪਰ ਓਸ ਦੇ ਜਾਂਦੀ ਵਾਰ ਦੇ ਕਹੇ ਬੋਲ ਅੱਜ ਪੂਨ ਨੂੰ ਬਾਰ ਬਾਰ ਸਤਾ ਰਹੇ ਨੇ:-ਕਈਂ ਵਾਰੀ ਜਿਸਨੂੰ ਅਸੀ ਚਾਹੁੰਦੇ ਆਂ ਉਹ ਸਾਨੂੰ ਮਿਲਦਾ ਨਈ, ਪਰ ਜੋ ਸਾਨੂੰ ਚਾਹੁੰਦੈ ਓਸ ਨੂੰ ਅਸੀ ਗਵਾ ਲੈਂਦੇ ਆਂ।" ਓਸ ਵੇਲੇ ਤਾਂ ਇਹ ਬੋਲ ਪੂਨਮ ਨੂੰ ਸਧਾਰਨ ਜਿਹੇ ਲੱਗੇ ਪਰ ਅੱਜ ਓਸ ਧੁਰ ਅੰਦਰ ਗੂੰਝ ਰਹੇ ਨੇ। ਓਸ ਨੇ ਸਾਹਮਣੀ ਕੰਧ ਨਾਲ ਲੱਗੇ ਸ਼ੀਸੇ ਤੇ ਨਜ਼ਰ ਮਾਰੀ ਓਸ ਦੇ ਵਾਲ ਰੋਹੀ ਚ ਉਘੇ ਸੜਕੜੇ ਵਰਗੇ ਲੱਗੇ। ਚਿਹਰਾ ਉਜਾੜ ਜਾਪਿਆ। ਉਹ ਆਪਣੀ ਉਮਰ ਤੋਂ ਵੀਹ ਵਰੇ ਵੱਡੀ ਲੱਗ ਰਈ ਏ। ਵਿਹੜੇ ਵਿੱਚ ਉਹ ਮੰਜੀ ਤੇ ਪਈ ਏ, ਘਰ ਦੇ ਬਾਹਰ ਪਾਪਲਰ ਦੇ ਦਰਖਤਾਂ ਤੋਂ ਕਿਰਦੇ ਪੀਲੇ ਪੱਤੇ ਵਿਹੜੇ ਵਿੱਚ ਆ ਰਹੇ ਨੇ। ਕੂਝ ਹੀ ਦੇਰ ਬਾਅਦ ਉਸਨੇ ਇਕ ਰੰਗੀਨ ਸੁਪਨਾ ਦੇਖਿਆ, ਕੁਲਦੀਪ ਓਸ ਵੱਲ ਬਾਹਵਾਂ ਉਲਾਰੀ ਖੜਾ ਏ। ਉਸ ਨੇ ਆਪਣੇ ਚਿਹਰੇ ਤੇ ਰੰਗ ਮਹਿਸੂਸ ਕੀਤਾ। ਕੁਲਦੀਪ ਓਸ ਵੱਲ ਵੇਖ ਕੇ ਹੈਰਾਨ ਹੈ, ਉਹ ਪਹਿਚਾਨੀ ਨਈ ਜਾ ਰਹੀ। ਉਹ ਤਾਂ ਕੋਈ ਬੁੱਢੀ ਸ਼ੌਦੈਨ ਲਗਦੀ ਏ। ਕੁਝ ਦੇਰ ਪੂਨਮ ਓਸ ਵੱਲ ਵੇਖ ਕੇ ਫਿਰ ਗੁੱਸੇ ਅਤੇ ਬੇ-ਬਸੀ ਦੇ ਆਲਮ ਵਿੱਚ ਆਖਦੀ ਏ:-ਤੂੰ ਕਿਹੜੀ ਰੁੱਤੇ ਆਇਐਂ ਜਾਲਮਾਂ ਜਦ ਮੇਰੇ ਤਨ ਤੇ ਪੱਤਝੜ ਤੋਂ ਸਿਵਾ ਕੁਝ ਹੋਰ ਨਹੀ ਰਿਹਾ।"ਓਸ ਨੇ ਇਕ ਦਮ ਅੱਖਾਂ ਖੋਲੀਆਂ ਹਨੇਰਾ ਪਸਰ ਚੁੱਕਾ ਸੀ ਆਸੇ ਪਾਸੇ ਓਸ ਨੂੰ ਕੁਝ ਨਾ ਦਿਸਿਆ। ਅਸਮਾਨ ਉਤੇ ਚੰਨ ਦੀ ਗੋਲ ਟਿੱਕੀ ਆਪਣੀ ਚਾਲੇ ਚਲ ਰਈ ਏ। ਚੰਨ ਵੱਲ ਵੇਖ ਕੇ ਉਹ ਆਪ-ਮੁਹਾਰੇ ਬੋਲ ਰਈ ਏ:--ਅੱਜ ਪੂਨਮ ਦੀ ਰਾਤ ਏ ਨਾ ਦੀਪੂ......!!"

ਰੋਜ਼ੀ ਸਿੰਘ
ਸੋ-ਫਾਇਨ ਕੰਪਿਉਟਰ ਇੰਸੀਚਿਉਟ
ਫਤਿਹਗੜ ਚੂੜੀਆਂ, ਗੁਰਦਾਸਪੁਰ
ਪੰਜਾਬ
98881-05824

No comments: