Sunday, March 4, 2007

ਤੇਰੀ ਆਂਖੋਂ ਕੇ ਸਿਵਾ (ਲੇਖ)

ਅੱਖਾ ਜੋ ਟੂਣੇਹਾਰੀਆ ਵੀ ਨੇ, ਅੱਖਾਂ ਜੋ ਕਜਰਾਰੀਆਂ ਵੀ ਨੇ, ਅੱਖਾਂ ਜੋ ਬਲੋਰੀ ਨੇ, ਅੱਖਾਂ ਜੋ ਕਾਸ਼ਨੀ ਵੀ ਨੇ, ਅੱਖਾਂ ਬਿਲੀਆਂ ਵੀ ਹੁੰਦੀਆਂ ਨੇ ਤੇ ਅੱਖਾਂ ਹਿਰਨੀਆਂ ਵੀ ਨੇ, ਅੱਖਾਂ ਸਰਾਬੀ ਵੀ ਕਰ ਦਿੰਦੀਆਂ ਨੇ ਤੇ ਅੱਖਾਂ ਸੋਦਾਈ ਵੀ ਬਣਾ ਦਿੰਦੀਆਂ ਨੇ। ਅੱਖਾਂ ਚਿੱਤ ਚੋਰਨੀਆਂ ਵੀ ਹੁੰਦੀਆਂ ਨੇ ਤੇ ਅੱਖਾਂ ਸ਼ਰਮੀਲੀਆ ਵੀ ਨੇ। ਉਕਤ ਸਾਰੇ ਉਪ ਨਾਮ ਤੇ ਅਲੰਕਰ ਨੈਣਾ ਦੀ ਸਿਫਤ ਲਈ ਹੀ ਬਣੇ ਨੇ। ਆਕਰਸਿਤ ਅੱਖਾਂ ਕਿਸੇ ਵੀ ਵਿਅਕਤੀ ਦੇ ਦਿਲ ਦਾ ਆਇਨਾਂ ਹੁੰਦੀਆਂ ਨੇ। ਅੱਖਾਂ ਦੀ ਭਾਸਾ ਆਦਮੀ ਦੇ ਦਿਲ ਵਿਚਲੀ ਗੱਲ ਦੀ ਇਨ-ਬਿਨ ਤਰਜਮਾਨੀ ਕਰ ਦਿੰਦੀ ਹੈ। ਨੈਣਾ ਦੀ ਇਸ ਲਿੱਪੀ ਨੂੰ ਪੜਨਾ ਵੀ ਖਾਸ ਅੱਖਾਂ ਦੇ ਹੀ ਹਿੱਸੇ ਆਇਆ ਹੈ। ਹਰ ਬੰਦਾ ਅੱਖਾਂ ਵਿਚ ਲੁੱਕੇ ਅਣਗਿਣਤ ਅਫਸਾਨੇ ਨਹੀਂ ਪੜ ਸਕਦਾ। ਪੰਜਾਬੀ ਸਾਹਿਤ ਵਿੱਚ ਨੈਣਾਂ/ਅੱਖਾਂ ਦੀ ਤਰੀਫ ਵਿੱਚ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ ਅਤੇ ਲਿਖਿਆ ਜਾ ਰਿਹਾ ਹੈ, ਪਰ ਇਹਨਾਂ ਅੱਖਾਂ ਦੇ ਡੂੰਘੇ ਸਮੁੰਦਰ ਦੀ ਤਰੀਫ ਮੁਕੰਮਲ ਮੁਕਾਮ ਤੱਕ ਨਹੀਜ਼ ਪਹੁੰਚ ਸਕੀ।ਗੰਭੀਰ ਅੱਖਾਂ ਦੂਜਿਆਂ ਦੇ ਚਿਹਰੇ ਪੜਨ ਵਿੱਚ ਬੜੀਆਂ ਮਾਹਿਰ ਹੁੰਦੀਆਂ ਨੇ। ਕਿਸੇ ਦੇ ਦਿਲ ਦੀ ਗੱਲ ਨੂੰ ਅੱਖਾਂ ਅੱਖਾਂ ਵਿੱਚ ਸਮਝ ਸਕਣ ਵਾਲੀਆਂ ਅੱਖਾਂ ਸਿਰਫ ਆਸ਼ਕ ਲੋਕਾਂ ਦੇ ਨਸੀਬ ਹੋਈਆਂ ਨੇ। ਸੁੰਦਰ ਅੱਖਾਂ ਆਦਮੀ ਦੇ ਵਿਅਕਤੀਵ ਅਤੇ ਉਸ ਦੇ ਮਨੋਭਾਵਾਂ ਦੀ ਤਸਵੀਰ ਹੁੰਦੀਆਂ ਨੇ। ਪਰ ਜਨਾਬ ਖਬਰਦਾਰ....! ਕੁਝ ਅੱਖਾਂ ਲੁਟੇਰੀਆਂ ਵੀ ਹੁੰਦੀਆਂ ਨੇ, ਬੰਦੇ ਦੇ ਪੱਲੇ ਕੱਖ ਨਹੀਂ ਛੱਡਦੀਆਂ, ਇਹਨਾ ਅੱਖੀਆਂ ਦਾ ਪੱਟਿਆ ਵਿਚਾਰਾ ਮੀਂਆਂ ਰਾਂਝਾ ਪੂਰੀ ਜਿੰਦਗੀ ਲੋਟ ਨਈਂ ਸੀ ਆਇਆ। ਅੱਖਾਂ ਕੁਦਰਤ ਦੀ ਦਿੱਤੀ ਸਭ ਤੋਂ ਵੱਡਮੁੱਲੀ ਦਾਤ ਨੇ, "ਅੱਖਾਂ ਗਈਆਂ ਜਹਾਨ ਗਿਆ" ਕਹਾੳਤ ਮੁਤਾਬਿਕ, ਅਗਰ ਅੱਖਾਂ ਆਪਣੀ ਵੇਖਣ ਸ਼ਕਤੀ ਗਵਾ ਬੈਠਣ ਤਾਂ ਜੱਗ ਤੇ ਦਿਨ ਦੀਵੀਂ ਹਨੇਰਾ ਛਾ ਜਾਂਦਾ ਏ। ਅੱਖਾਂ ਜਾਂ ਨੈਣਾ ਦੀ ਤਰੀਫ ਬਾਰੇ ਸਾਡੇ ਲੋਕ ਗੀਤਾਂ ਵਿੱਚ ਬੜੀਆਂ ਵਨਗੀਆਂ ਮਿਲਦੀਆਂ ਨੇ। ਜਿਵੇਂ ਕੋਈ ਮੁਟਿਆਰ ਆਪਣੇ ਮਾਹੀ ਨੂੰ ਆਪਣੀਆਂ ਕਾਸ਼ਨੀ ਅੱਖਾਂ ਦੀ ਉਨੀਦਰੇ ਕਾਰਨ ਹੋਈ ਦਸ਼ਾ ਇੰਝ ਬਿਆਨ ਕਰਦੀ ਏ:-
ਇਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦੇ ਉਨੀਦਰੇ ਨੇ ਮਾਰਿਆ।

ਨੈਣ ਕਜਰਾਰੇ ਬਿਰਹਾ ਮਾਰੇ। ਬਿਰਹਾ ਮਾਰੇ ਨੈਣ ਕਿਸੇ ਦਿਵਾਰ ਨਾਲ ਲੱਗ ਕੇ ਕਿਸੇ ਦੀ ਉਡੀਕ ਵਿੱਚ ਸੁੰਨੀਆਂ ਰਾਹਾਂ ਪਏ ਤੱਕਦੇ ਨੇ, ਤੇ ਜਿਨਾ ਅੱਖਾਂ ਵਿੱਚ ਮਹਿਬੂਬ ਦਾ ਅਕਸ਼ ਵੱਸ ਜਾਏ ਤਾਂ ਉਹਨਾਂ ਨੈਣਾ ਵਿੱਚ ਕੱਜਲ ਭਲਾ ਕਿਵੇਂ ਰਹਿ ਸਕਦਾ ਏ:-
ਇਹਨਾ ਅੱਖੀਆਂ ਚ ਪਾਵਾਂ ਕਿਵੇਂ ਕੱਜਲਾ ਵੇ ਅੱਖੀਆਂ ਚ ਤੂੰ ਵੱਸਦਾ।
ਕੁਝ ਅੱਖਾਂ ਦੀ ਤੱਕਣੀ ਵੀ ਤਿਰਸ਼ੀ ਹੁੰਦੀ ਏ। ਤਿਰਸ਼ੀਆਂ ਨਜ਼ਰਾਂ ਨਾਲ ਕਈਂ ਸ਼ੋਖ ਮੁਟਿਆਰਾਂ ਆਸ਼ਕਾਂ ਨੂੰ ਜਾਨੋ ਮਾਰ ਮੁਕਾਉਂਦੀਆਂ ਨੇ। ਕੁਆਰੇ ਨੈਣ ਘੁੰਢ ਵਿੱਚ ਭਲਾ ਕਿਵੇਂ ਲੁਕ ਸਕਦੇ ਨੇ, ਜਿਵੇਂ ਹੁਸਨ ਲੀੜਿਆਂ ਚ ਲੁਕ ਨਹੀਂ ਸਕਦਾ ਤੇ ਇਸ਼ਕ ਨੂੰ ਕੰਧਾਂ ਕੈਦ ਨਹੀਂ ਕਰ ਸਕਦੀਆਂ ਘੁੰਢ ਵਿੱਚ ਨਹੀ ਲੁਕਦੇ ਸੱਜਣਾ ਨੈਣ ਕੁਆਰੇਰਾਤੀਂ ਅੰਬਰਾਂ ਤੇ ਜਿਵੇਂ ਚਮਕਦੇ ਤਾਰੇ। ਤਾਰਿਆਂ ਵਾਂਗ ਚਮਕਾਰੇ ਮਾਰਦੀਆਂ ਨੀਲੀਆਂ, ਬਿੱਲੀਆਂ, ਹਰੀਆਂ ਤੇ ਬਲੋਰੀ ਅੱਖਾਂ ਦੀ ਖਾਮੋਸ਼ ਤੱਕਣੀ ਵਿੱਚ ਡੂੰਘਾ ਫਲਸਫਾ ਤੇ ਰਹੱਸ ਵੀ ਲੁਕਿਆ ਹੋਂਦਾ ਏ। ਅੱਖਾਂ ਦਿਲਾਂ ਦੀਆਂ ਚੋਰ ਵੀ ਨੇ ਤੇ ਦਿਲ ਦਾ ਕਰਾਰ ਵੀ। ਕੁਝ ਅੱਖਾਂ ਵਿੱਚ ਬੰਦੇ ਨੂੰ ਸ਼ਰਾਬੀ ਕਰ ਦੇਣ ਦੀ ਕਾਬਲੀਅਤ ਹੋਂਦੀ ਏ। ਅੱਖਾਂ ਦੇ ਮੈਖਾਨੇ ਵਿੱਚੋ ਕੋਈ ਵਿਰਲਾ ਈ ਸੋਫੀ ਪਰਤਦੈ। ਕਈਂਆਂ ਅੱਖਾਂ ਚੋਂ ਤਾਂ ਸਰੇਆਮ ਨਜਾਇਜ ਦਾਰੂ ਵੀ ਵਿਕਦੀ ਏ:-
ਅੱਖਾਂ ਚੋਂ ਨਜਾਇਜ ਵਿਕਦੀ
ਛਾਪਾ ਮਾਰਲੋ ਪੁਲਸੀਓ ਆ ਕੇ।
ਸਾਉ, ਮਾਸੂਮ ਤੇ ਸੋਬਰ ਅੱਖਾਂ ਬਹੁਤੇ ਵਾਰੀ ਵੱਡੇ ਵੱਡੇ ਗਿਆਨਵਾਨ ਅਤੇ ਬੁੱਧੀਵਾਨ ਲੋਕਾਂ ਲਈ ਇਕ ਬੁਝਾਰਤ ਬਣ ਕਿ ਰਹਿ ਜਾਂਦੀਆਂ ਨੇ। ਮਸਤ ਅੱਖਾਂ ਵਿੱਚ ਹਜਾਰਾਂ ਅਫਸਾਨੇ ਨੇ ਤੇ ਮਸਤ ਅੱਖਾਂ ਦੇ ਹਜਾਰਾਂ ਮਸਤਾਨੇ ਵੀ ਨੇ:-ਇਨ ਆਖੋਂ ਕੀ ਮਸਤੀ ਕੇ ਮਸਤਾਨੇ ਹਜਾਰੋਂ ਹੈਂ ਇਨ ਆਖੋਂ ਸੇ ਵਾਬਸਤਾ ਅਫਸਾਨੇ ਹਜਾਰੋਂ ਹੈ। ਜਨਾਬ....! ਕਈਂ ਅੱਖਾਂ ਪੁਵਾੜੇ ਵੀ ਪਾ ਦਿੰਦੀਆਂ ਨੇ, ਕਸੂਰ ਸਾਰਾ ਅੱਖਾਂ ਦਾ ਹੋਂਦਾ ਏ ਦਿਲ ਵਿਚਾਰਾ ਐਵੇਂ ਬਦਨਾਮ ਹੋ ਜਾਂਦੈ। ਪਿਆਰ ਦਾ ਤਾਂ ਕੋਈ ੳਜੂਦ ਨਹੀ ਹੋਂਦਾ ਸਾਰਾ ਪੁਆੜਾ ਅੱਖੀਆਂ ਦਾ ਈ ਹੋਂਦਾ ਏ। ਦਰ ਦਰ ਦੀਆਂ ਠੋਕਰਾਂ ਖਾ ਕੇ ਤੇ ਫਿਰ ਦਿਲ ਵਿਚਾਰਾ ਲੁਕਾਈ ਨੂੰ ਆਂਦਾ ਫਿਰਦੈ:-
ਲੋਕੋ ਪਿਆਰ ਦਾ ਵਜੂਦ ਨਈਂ ਜੇ ਕੋਈ
ਤੇ ਗੱਲ ਨਈਂ ਜੇ ਕੋਈ, ਪੁਆੜਾ ਸਾਰਾ ਅੱਖੀਆਂ ਦਾ।
ਇੰਤਜਾਰ ਵਿੱਚ ਰੁਨੀਆਂ ਅੱਖਾਂ ਦਾ ਤਾਂ ਰੋ ਰੋ ਬੁਰਾ ਹਾਲ ਹੋਣਾਂ ਈ ਹੋਂਦੈ ਨਾਲ ਦਿਲ ਵਿਚਾਰਾ ਵੱਖ ਰੋਈ ਜਾਂਦੈ। ਇਹਨਾ ਅੱਖੀਆਂ ਵਿੱਚੋ ਲੱਗੀਆਂ ਹੰਝੂਆਂ ਦੀਆਂ ਝੜੀਆਂ ਨੂੰ ਲੋਕਾਂ ਤੋਂ ਛੁਪਾਈ ਕੋਈ ਬਿਰਹਨ ਫਿਰ ਇੰਝ ਪਈ ਆਖਦੀ ਏ:-
ਅੱਖੀਆਂ ਨੇ ਝੜੀਆਂ ਲਾਈਆਂ
ਅੱਜ ਯਾਦਾਂ ਤੇਰੀਆਂ ਆਈਆਂ ਨੇ
ਵਤਨਾ ਨੂੰ ਆਜਾ ਢੋਲਣਾ।
ਅੱਖਾਂ ਨਾਲ ਸਬੰਧਤ ਕਈ ਮੁਹਾਵਰੇ ਤੇ ਔਖਾਂਤ ਵੀ ਸਾਹਿਤ ਵਿੱਚ ਮਿਲ ਜਾਂਦੇ ਨੇ। ਜਿਵੇਂ , ਅੱਖਾਂ ਆ ਜਾਣੀਆਂ, ਅੱਖ ਲੱਗ ਜਾਣੀ, ਅੱਖਾਂ ਫੇਰ ਲੈਣੀਆਂ, ਮੈਲੀਆਂ ਅੱਖਾਂ ਨਾਲ ਵੇਖਣਾ ਆਦਿ। ਦੋਸਤੋ ਅੱਖਾਂ ਭਾਵੇ ਬਿੱਲਆਂ ਹੋਣ ਭਾਵੇ ਕਾਲੀਆਂ, ਬਲੋਰੀ ਹੋਣ ਭਾਵੇ ਨੀਲੀਆਂ , ਪਰ ਮੈਲੀ ਨਜ਼ਰ ਨਾਲ ਕਦੇ ਕਿਸੇ ਨੂੰ ਨਹੀਂ ਵੇਖਣਾ ਚਾਹੀਦਾ । ਸਿਆਣੇ ਕਹਿੰਦੇ ਨੇ ਕਿ ਜੇਕਰ ਆਦਮੀ ਦੀ ਨਜਰ ਚੰਗੀ ਹੋਵੇ ਤਾਂ ਉਸ ਤੇ ਪ੍ਰਮਾਤਮਾਂ ਦੀ ਨਿਘਾ ਸਵੱਲੀ ਹੋਂਦੀ ਏ। ਆਪਣੇ ਯਾਰਾਂ,ਬੇਲੀਆਂ, ਅਦੀਬਾਂ ਅਤੇ ਮਹਿਬੂਬਾ ਦੀਆਂ ਨਜਰਾਂ ਵਿੱਚ ਸਦਾ ਜੁਗਨੂੰ ਵਾਂਗੂ ਚਮਕਦੇ ਰਹਿਣਾ ਹੀ ਉਚੇ ਆਚਰਣ ਦਾ ਭੇਦ ਹੋਂਦਾ ਏ। ਤਾਂ ਹੀ ਤੁਹਾਨੂੰ ਚਾਹੁਣ ਵਾਲੇ ਤੁਹਾਡੇ ਨੈਣਾ ਚ ਤੱਕ ਕੇ ਹਮੇਸ਼ਾਂ ਇਹ ਕਹਣ ਲਈ ਮਜਬੂਰ ਹੋਣਗੇ:-
ਤੇਰੀ ਆਂਖੋਂ ਕੇ ਸਿਵਾ ਦੁਨੀਆਂ ਮੇ ਰੱਖਾ ਕਿਆ ਹੈ।

ਰੋਜ਼ੀ ਸਿੰਘ
ਸੋ-ਫਾਈਨ ਕੰਪਿਉਟਰ ਇੰਸੀਟੀਚਿਊਟ
ਫਤਿਹਗੜ ਚੂੜੀਆਂ
ਗੁਰਦਾਸਪੁਰ
98881-05824

No comments: