Friday, March 9, 2007

ਬਿਨਾ ਪੈਰਾਂ ਦਾ ਸਫ਼ਰ

ਉਸ ਨੇ ਰੋਜਾਨਾ ਦੀ ਤਰ੍ਹਾਂ ਸਬਜੀ ਲੈਣ ਲਈ ਚੁਬਾਰੇ ਦੀ ਖਿੜਕੀ ਚੋਂ ਰੱਸੀ ਨਾਲ ਬੱਝੀ ਟੋਕਰੀ ਹੇਠਾਂ ਲਮਕਾ ਦਿੱਤੀ। ਫੇਰੀ ਵਾਲੇ ਨੇ ਸਬਜੀ ਟੋਕਰੀ ਵਿੱਚ ਰੱਖੀ, ਬਣਦੇ ਪੈਸੇ ਟੋਕਰੀ ਵਿੱਚੋ ਚੁੱਕੇ ਤੇ ਬਾਕੀ ਦੇ ਪੈਸੇ ਟੋਕਰੀ ਦੀ ਇਕ ਨੁੱਕਰੇ ਰੱਖ ਦਿਤੇ। ਉਸ ਨੇ ਰੱਸੀ ਉਪਰ ਖਿਚੀ ਤੇ ਖਿੜਕੀ ਬੰਦ ਕਰ ਲਈ । ਰੋਜ ਉਹ ਸਬਜੀ ਵਾਲੇ ਦਾ ਹੋਕਾ ਸੁਣ ਖਿੜਕੀ ਖੋਲਦੀ ਤੇ ਆਪਣੀ ਡਾਡੀ ਮਿਠੀ ਅਵਾਜ ਵਿੱਚ ਰੇਹੜੀ ਜਾਂ ਫੇਰੀ ਵਾਲੇ ਨੂੰ ਸਬਜੀ ਟੋਕਰੀ ਵਿੱਚ ਰੱਖਣ ਲਈ ਆਖਦੀ। ਉਸਦੀ ਅਵਾਜ ਦੀ ਤਰਾਂ ਉਹ ਆਪ ਵੀ ਡਾਡੀ ਖੂਬਸੂਰਤ ਏ, ਬਹੁਤ ਰੇਹੜੀਆਂ ਵਾਲੇ ਤਾਂ ਬਿਨਾ ਤੋਲਿਆਂ ਉਸ ਵੱਲ ਤੱਕਦੇ ਤੱਕਦੇ ਸਬਜੀ ਟੋਕਰੀ ਵਿੱਚ ਰੱਖੀ ਜਾਂਦੇ ਤੇ ਪੈਸੇ ਚੁੱਕਣੇ ਵੀ ਭੁੱਲ ਜਾਂਦੇ।
ਅੱਜ ਫਿਰ ਉਸ ਨੇ ਸਬਜੀ ਲੈਣ ਲਈ ਖਿੜਕੀ ਖੋਲ੍ਹੀ ਸੀ, "ਇਕ ਕਿਲੋ ਪਿਆਜ, ਕਿਲੋ ਭਾਜੀ, ਦੋ ਟਮਾਟਰ ਤੇ ਧਨੀਆਂ ......ਊਂ .... ਬੱਸ ।" ਬਜੀ ਵਾਲੇ ਨੇ ਝੱਟ ਟੋਕਰੀ ਵਿੱਚ ਸਮਾਨ ਰੱਖਿਆ ਤੇ ਬਣਦੇ ਪੈਸੇ ਚੁੱਕ ਲਏ। ਉਹ ਹਾਲੇ ਰੱਸੀ ਉਪਰ ਖਿੱਚ ਹੀ ਰਹੀ ਸੀ ਕੇ ਤਾਰਿਖ ਦੀ ਨਜ਼ਰ ਉਸ ਤੇ ਪੈ ਗਈ। ਉਸ ਨੇ ਵੀ ਕੁਝ ਚਿਰ ਲਈ ਰੱਸੀ ਦਾ ਚੇਤਾ ਭੁਲਾ ਕੇ ਤਾਰਿਖ ਵੱਲ ਵੇਖਿਆ। ਉਹ ਖਾਸੀ ਦੇਰ ਬਜਾਰ ਵਿੱਚ ਖੜ੍ਹਾ ਉਸ ਵੱਲ ਝਾਕਦਾ ਰਿਹਾ। ਹਲਾਂਕੇ ਖਿੜਕੀ ਬੰਦ ਹੋ ਗਈ ਸੀ ਪਰ ਫੇਰ ਵੀ ਉਹ ਉਸ ਵੱਲ ਟਿਕਟਿਕੀ ਲਾਈ ਖੜਾ ਰਿਹਾ। ਓਸਦੇ ਮੁਖੜੇ ਦੀ ਇਕ ਨਿੱਕੀ ਜਿਹੀ ਝਲਕ ਹੀ ਤਾਰਿਖ ਦੇ ਅੰਦਰ ਡੂੰਘੀ ਦਸਤਕ ਦੇ ਰਹੀ ਸੀ। ਓਸ ਦੇ ਚਾਂਦੀ ਰੰਗੇ ਮੁਖੜੇ ਤੇ ਸੋਨੇ ਰੰਗੇ ਵਾਲਾਂ ਦੀਆਂ ਕੁਝ ਕੁ ਲੜੀਆਂ ਆਪਣੀ ਹੀ ਮਸਤੀ ਚ ਪਈਆਂ ਖੇਡ ਰਹੀਆਂ ਸਨ। ਝੀਲ ਵਿੱਚ ਬਣਦੇ ਭੰਵਰਾਂ ਵਰਗੀਆਂ ਬਲੋਰੀ ਅੱਖਾਂ ਤਾਰਿਖ ਨੂੰ ਪਲੋ-ਪਲੀ ਆਪਣੇ ਵੱਲ ਖਿਚ ਰਹੀਆਂ ਨੇ। ਉਹ ਬੜੀ ਮੁਸਕਲ ਨਾਲ ਆਪਣੇ ਆਪ ਨੂੰ ਸੰਭਾਲਦਾ ਹੋਇਆ ਅੱਗੇ ਟੁਰ ਪਿਆ, ਪਰ ਉਸ ਦਾ ਦਿਲ ਓਸ ਨੂੰ ਮੁੜ ਓਥੇ ਹੀ ਜਾਣ ਨੂੰ ਉਕਸਾ ਰਿਹਾ ਏ।
ਸ਼ਹਿਰ ਦੇ ਮੁੱਖ ਬਜਾਰ ਵਿੱਚ ਕਈਂ ਲੋਕਾਂ ਨੇ ਦੁਕਾਨਾ ਦੇ ਉਪਰ ਹੀ ਆਪਣੀ ਰਿਹਾਇਸ਼ ਵੀ ਰੱਖੀ ਹੋਈ ਏ। ਹਰ ਮਕਾਨ ਦੀ ਤਕਰੀਬਨ ਇਕ ਖਿੜਕੀ ਜਰੂਰ ਹੀ ਬਜਾਰ ਵੱਲ ਨੂੰ ਖੁਲਦੀ ਏ ਜਿਥੇ ਖਲੋ ਕੇ ਸਾਰੇ ਬਜਾਰ ਦਾ ਨਜਾਰਾ ਸੌਖੇ ਹੀ ਤੱਕਿਆ ਜਾ ਸਕਦਾ ਏ। ਬਹੁਤੇ ਘਰਾਂ ਵਾਲਿਆਂ ਨੇ ਥੋਹੜਾ ਬਹੁਤਾ ਸਮਾਨ ਖ੍ਰੀਦਣ ਵਾਸਤੇ ਇਕ ਟੋਕਰੀ ਨੂੰ ਰੱਸੀ ਬੰਨ ਰੱਖੀ ਏ ਤੇ ਜਦ ਕੋਈ ਚੀਜ ਖਰੀਦਣੀ ਹੋਵੇ ਟੋਕਰੀ ਹੇਠਾਂ ਦੁਕਾਨ ਵਾਲਿਆਂ ਜਾਂ ਰੇਹੜੀ ਵਾਲਿਆਂ ਲਈ ਲਮਕਾ ਦਿੱਤੀ ਜਾਂਦੀ ਏ ਤੇ ਜਰੂਰਤ ਦੀ ਸ਼ੈਅ ਟੋਕਰੀ ਵਿੱਚ ਪੈ ਜਾਣ ਤੋ ਬਾਅਦ ਉਸ ਨੂੰ ਉਪਰ ਖਿਚ ਲਿਆ ਜਾਂਦਾ ਏ। ਇਸ ਤਰਾਂ ਉਹਨਾਂ ਨੂੰ ਵਾਰ ਵਾਰ ਪੌੜੀਆਂ ਉਤਰ ਕੇ ਹੇਠਾਂ ਆਉਣ ਦੀ ਜਰੂਰਤ ਨਈ ਪੈਦੀ। ਬਹੁਤੇ ਵਾਰੀ ਤਾਂ ਸ਼ਾਮ ਨੂੰ ਜਾਂ ਸੁਬ੍ਹਾ ਵੇਲੇ ਲੋਕ ਟਹਿਲਣ ਦੇ ਨਾਲ ਨਾਲ ਖ੍ਰੀਦ ਵੀ ਕਰ ਲੈਦੇ। ਪਰ ਮੁਕੱਦਸ ਨੂੰ ਕਦੀ ਵੀ ਬਜਾਰ ਵਿੱਚ ਸਮਾਨ ਲੈਂਦਿਆਂ ਨਹੀਂ ਸੀ ਵੇਖਿਆ ਗਿਆ। ਉਹ ਹਮੇਸ਼ਾਂ ਰੱਸੀ ਵਾਲੀ ਟੋਕਰੀ ਹੀ ਹੇਠਾਂ ਲਮਕਾ ਦਿੰਦੀ ਤੇ ਰੇਹੜੀਆਂ ਦੁਕਾਨਾ ਵਾਲੇ ਓਸ ਦੀ ਜਰੂਰਤ ਦਾ ਸਮਾਨ ਟੋਕਰੀ ਵਿੱਚ ਪਾ ਦਿੰਦੇ । ਪੂਰੇ ਬਜਾਰ ਵਿੱਚ ਇਹ ਕੁੜੀ ਸਭ ਤੋ ਖੂਬਸੂਰਤ ਏ। ਉਹ ਅਚਾਨਕ ਇਕ ਰਾਤ ਪਤਾ ਨਹੀਂ ਕਿਥੋਂ ਆਈ ਸੀ ਤੇ ਦੁਕਾਂਨ ਉਪਰ ਬਣੇ ਦੋ ਕਮਰਿਆਂ ਵਿੱਚ ਰਹਿਣ ਲੱਗ ਪਈ। ਓਸ ਦਾ ਇਕ ਨਿਕਾ ਭਰਾ ਵੀ ਏ ਜੋ ਆਟੇ ਦੀ ਚੱਕੀ ਤੇ ਕੰਮ ਕਰਦਾ ਸੀ।
ਤਾਰਿਖ ਨੂੰ ਪਿੰਡ ਜਾ ਕੇ ਵੀ ਉਸ ਦੀ ਸ਼ਕਲ ਨਾ ਭੁਲਦੀ। ਉਹ ਰੋਜ ਬਜਾਰ ਦੀ ਓਸ ਨੁੱਕਰ ਤੇ ਆਣ ਖਲੋਂਦਾ ਤੇ ਖਿੜਕੀ ਖੁੱਲ੍ਹਣ ਦਾ ਇੰਤਜਾਰ ਪਿਆ ਕਰਦਾ ਰਹਿੰਦਾ। ਤਾਰਿਖ ਦੇ ਦਿਲੋ ਦਿਮਾਕ ਤੇ ਮੁਕੱਦਸ ਘਰ ਕਰ ਚੁੱਕੀ ਸੀ। ਦਿਨ ਰਾਤ ਤਾਰਿਖ ਨੂੰ ਬਸ ਓਸ ਦਾ ਹੀ ਖਿਆਲ ਪਿਆ ਸਤਾਂਣ ਲੱਗਾ। ਓਸ ਨੇ ਕਈ ਵਾਰ ਖਿੜਕੀ ਖੁੱਲ੍ਹਣ ਤੇ ਓਸ ਨਾਲ ਗੱਲ ਕਰਨ ਦੀ ਖਾਸੀ ਕੋਸਿਸ਼ ਕੀਤੀ, ਪਰ ਉਹ ਛੇਤੀ ਹੀ ਖਿੜਕੀ ਬੰਦ ਕਰ ਲੈਂਦੀ।
ਗਰਮੀਆਂ ਦਾ ਮੌਸਮ ਆ ਚੁੱਕਾ ਸੀ। ਤਾਰਿਖ ਦਾ ਸਬਰ ਹੋਰ ਵੀ ਟੁੱਟਦਾ ਜਾ ਰਿਹਾ ਏ। ਸਵੇਰੇ ਉਹ ਓਸ ਦੇ ਖਿੜਕੀ ਖੋਲ੍ਹਣ ਦਾ ਇੰਤਜਾਰ ਕਰਦਾ ਕਰਦਾ ਆਪਣੇ ਦਫਤਰ ਤੋਂ ਵੀ ਲੇਟ ਹੋ ਜਾਂਦਾ ਤੇ ਆਪਣੇ ਬੌਸ ਕੋਲੋਂ ਝਿੜਕਾਂ ਵੀ ਖਾਂਦਾ। ਦੁਪਿਹਰ ਵੇਲੇ ਉਹ ਖਾਣਾ ਖਾਣ ਦੀ ਬਜਾਏ ਬਜਾਰ ਦੀ ਓਸ ਨੁੱਕਰ ਤੇ ਮੁਕੱਦਸ ਦੇ ਘਰ ਸਾਹਮਣੇ ਆਪਣ ਖਲੋਂਦਾ। ਖਿੜਕੀ ਰੋਜ਼ ਖੁੱਲਦੀ ਤੇ ਬੰਦ ਹੁੰਦੀ । ਮੁਕੱਦਸ ਦਾ ਦੀਦਾਰ ਕਰਨ ਤੋਂ ਬਿਨਾ ਉਸ ਨੂੰ ਸਬਰ ਨਾ ਆਂਦਾ। ਇਸ ਗੱਲ ਦਾ ਅਹਿਸਾਸ ਸ਼ਾਇਦ ਮੁਕੱਦਸ ਨੂੰ ਵੀ ਹੋ ਗਿਆ ਸੀ ਕੇ ਤਾਰਿਖ ਓਸ ਦੀ ਮੁਹੱਬਤ ਵਿੱਚ ਝੱਲਾ ਹੋ ਗਿਆ ਏ। ਹੁਛ ਤਾਂ ਬਜਾਰ ਵਾਲੇ ਵੀ ਤਾਰਿਖ ਨੂੰ ਓਥੇ ਖਲੋਤ਼ਾ ਵੇਖ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਪਏ ਕਰਨ ਲੱਗੇ ਸਨ।
ਤਾਰਿਖ ਦਿਨੋ ਦਿਨ ਓਸ ਦੀ ਮੁਹੱਬਤ ਦਾ ਕਾਇਲ ਹੁਦਾ ਗਿਆ। ਇਕ ਦਿਨ ਓਸ ਨੇ ਆਪਣੇ ਇਕ ਦੋਸਤ ਨਾਲ ਗੱਲ ਕੀਤੀ ਜੋ ਓਸੇ ਦੇ ਦਫਤਰ ਵਿੱਚ ਕੰਮ ਕਰਦਾ ਸੀ। ਉਸਦੇ ਦੋਸਤ ਨੇ ਤਾਰਿਖ ਨੂੰ ਆਪਣੇ ਦਿਲ ਦੀ ਗੱਲ ਮੁਕੱਦਸ ਤੱਕ ਪਹੁੰਚਾਉਂਣ ਲਈ ਇਕ ਤਰਕੀਬ ਦੱਸੀ। ਅਗਲੇ ਦਿਨ ਤਰਕੀਬ ਮੁਤਾਬਿਕ ਤਾਰਿਖ ਤੇ ਓਸਦੇ ਦੋਸਤ ਨੇ ਰੇਹੜੀ ਵਾਲੇ ਨੂੰ ਪੈਸੇ ਦੇ ਕੇ ਓਸ ਕੋਲੋਂ ਸਬਜੀ ਸਮੇਤ ਰੇਹੜੀ ਕਿਰਾਏ ਤੇ ਲੈ ਲਈ।
ਅੱਜ ਫਿਰ ਰੋਜ਼ਾਨਾ ਦੀ ਤਰ੍ਹਾਂ ਖਿੜਕੀ ਖੁੱਲ੍ਹੀ। ਮਖਮਲੀ ਕਲਾਈਆਂ ਨਾਲ ਮੁਕੱਦਸ਼ ਨੇ ਟੋਕਰੀ ਦੀ ਰੱਸੀ ਢਿਲੀ ਕਰਕੇ ਟੋਕਰੀ ਥੱਲੇ ਲਮਕਾ ਦਿੱਤੀ "ਦੋ ਕਿਲੋ ਆਲੂ ...ਲੂ........।" ਜਦ ਓਸ ਦੀ ਨਜ਼ਰ ਸਬਜੀ ਵੇਚਦੇ ਤਾਰਿਖ ਤੇ ਪਈ ਤਾਂ ਉਹ ਅੱਗੇ ਬੋਲ ਨਾ ਸਕੀ, ਬਸ ਹਾਉਕਾ ਜਿਹਾ ਲੈ ਕੇ ਰਹਿ ਗਈ, "ਹਾਏ ਅੱਲ੍ਹਾ ! ਇਹ ਤਾਂ ਓਹੀ ਮੁੰਡਾ ਏ... !!"
ਤਾਰਿਖ ਨੇ ਟੋਕਰੀ ਵਿੱਚ ਸਬਜੀ ਦੇ ਨਾਲ ਨਾਲ ਇਕ ਖੱਤ ਵੀ ਰੱਖ ਦਿੱਤਾ। ਓਸ ਨੇ ਰੱਸੀ ਉਪਰ ਖਿੱਚੀ ਤੇ ਖਿੜਕੀ ਬੰਦ ਕਰ ਲਈ। ਉਸ ਨੇ ਖਤ ਖੋਲਿਆ, ਖਤ ਵਿੱਚ ਲਿਖਿਆ ਸੀ, "ਮੈਂ ਤੈਨੂੰ ਬੜੀ ਸਿਦਤ ਨਾਲ ਚਾਂਹਨਾਂ ਵਾਂ, ਸ਼ਾਇਦ ਖੁਦਾ ਤੋਂ ਵੀ ਜਿਆਦਾ। ਅੱਲ੍ਹਾ ਦੀ ਸੌਂਹ ਮੈ ਤੇਰੇ ਬਿਨਾ ਨਈਂ ਜੇ ਰਹਿ ਸਕਦਾ। ਮੈਂ ਤੇਰੇ ਨਾਲ ਸ਼ਾਦੀ ਕਰਕੇ ਜਿੰਦਗੀ ਦਾ ਹਰ ਸਫਰ ਤੇਰੇ ਨਾਲ ਸਰ ਕਰਨਾ ਚਾਂਹਨਾ ਵਾਂ । ਜੇ ਤੂੰ ਇਨਕਾਰ ਕੀਤਾ ਤਾਂ ਸ਼ਾਇਦ ਮੈਂ ਜਿਉਂਦਾ ਨਾ ਰਿਹ ਸਕਾਂ। ਤੈਨੂੰ ਫੁਰਸਤ ਮਿਲੇ ਤਾਂ ਖਤ ਤੇ ਦਿਤੇ ਪਤੇ ਤੇ ਜਰੂਰ ਆ ਜਾਵੀਂ ।
ਖਤ ਪੜ੍ਹ ਕੇ ਉਹ ਕਿਨੀ ਦੇਰ ਗੁੰਮ ਸੁੰਮ ਬੈਠੀ ਰਹੀ। ਫਿਰ ਓਸ ਨੇ ਵੀ ਇਕ ਖਤ ਤਾਰਿਖ ਦੇ ਨਾਂ ਲਿਖ ਦਿਤਾ। ਅਗਲੇ ਦਿਨ ਜਦ ਤਾਰਿਖ ਫਿਰ ਸਬਜੀ ਦੀ ਰੇਹੜੀ ਲੈ ਕੇ ਹੋਕਾ ਦੇ ਰਿਹਾ ਸੀ ਤਾਂ ਓਸ ਨੇ ਟੋਕਰੀ ਵਿੱਚ ਪੈਸਿਆਂ ਦੇ ਨਾਲ ਖਤ ਵੀ ਰੱਖ । ਤਾਰਿਖ ਨੇ ਖਤ ਚੁਕਿਆ ਤੇ ਸਬਜੀ ਨਾਲ ਟੋਕਰੀ ਭਰ ਦਿਤੀ। ਕੁਝ ਦੂਰ ਜਾ ਕੇ ਓਸ ਖਤ ਪੜਨਾ ਸ਼ੂਰੂ ਕੀਤਾ, "ਸ਼ਾਇਦ ਤੂੰ ਨਈਂ ਜਾਣਦਾ ਕੇ ਪਿਆਰ ਕਿੰਨੀ ਔਖੀ ਸ਼ੈਅ ਦਾ ਨਾਂ ਏਂ । ਮੇਰੀ ਸੋਹਣੀ ਤੇ ਦਿਲਕਸ਼ ਸੂਰਤ ਨਾਲ ਪਿਆਰ ਏ ਨਾ ਤੈਨੂੰ, ਪਰ ਤੂੰ ਹਾਲੇ ਮੈਨੂੰ ਚੰਗੀ ਤਰ੍ਹਾਂ ਵੇਖਿਆ ਈ ਕਿਥੇ ਐ ? ਫਿਰ ਵੀ ਜੇ ਤੂੰ ਮੇਰੇ ਨਾਲ ਸ਼ਾਦੀ ਕਰਨਾਂ ਚਾਂਹਦਾਂ ਏ ਤਾਂ ਮੈਨੂੰ ਕੋਈ ਇਤਰਾਜ ਨਈ । ਪਰ ਮੈ ਤੈਨੂੰ ਥੱਲੇ ਆ ਕੇ ਨਈ ਮਿਲ ਸਕਦੀ, ਹਾਂ ਜੇ ਤੂੰ ਚਾਂਹਦਾ ਏਂ ਤਾਂ ਪੌੜੀਆਂ ਚੜਕੇ ਉਪਰ ਆ ਜਾਵੀ ।"
ਤਾਰਿਖ ਖਤ ਪੜ ਕੇ ਡਾਡਾ ਖੁਸ਼ ਹੋਇਆ ਜਿਵੇਂ ਓਸ ਤੇ ਖੁਦਾ ਦੀ ਰਹਿਮਤ ਦੇ ਛਿਟੇ ਪਏ ਡਿਗ ਗਏ ਹੋਣ । ਓਸ ਦੇ ਪੈਰ ਜਮੀਨ ਤੇ ਨਈ ਸਨ ਪੈ ਰਹੇ । ਅਗਲੀ ਸਵੇਰ ਤਾਰਿਖ ਤਿਆਰ ਹੋ ਕੇ ਸ਼ਹਿਰ ਪਹੁੰਚ ਗਿਆ, ਮੋਕਾ ਦੇਖ ਕੇ ਉਸ ਚੁਬਾਰੇ ਦੀਆਂ ਪੌੜੀਆਂ ਚੜ ਦਰਵਾਜਾ ਖੜਕਾਇਆ। ਮੁਕੱਦਸ ਨੇ ਖਿੜਕੀ ਵਾਲੀ ਜਗ੍ਹਾ ਤੋਂ ਹੀ ਇਕ ਹੋਰ ਰੱਸੀ ਖਿਚ ਕ ਦਰਵਾਜਾ ਖੋਲ੍ਹ ਦਿੱਤਾ।
ਮੁਕੱਦਸ ਨੂੰ ਵ੍ਹੀਲ ਚੇਅਰ ਤੇ ਬੈਠੀ ਵੇਖ ਤਾਰਿਖ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ। ਮੁਕੱਦਸ ਦੀਆਂ ਤਾਂ ਲੱਤਾਂ ਹੀ ਨਹੀ ਸੀ ਤੇ ਉਹ ਟੁਰਨ ਫਿਰਨ ਤੋਂ ਵੀ ਲਾਚਾਰ ਸੀ। "ਆ ਜਾ ਅੰਦਰ ਆ ਜਾ, ਮੇਰੇ ਕੋਲ ਬੈਠ, ਤੂੰ ਤਾਂ ਮੈਨੂੰ ਡਾਡੀ ਮੁਹੱਬਤ ਕਰਦਾ ਏ ਨਾ ?" ਮੁਕੱਦਸ ਨੇ ਬੜੀ ਪਿਆਰ ਨਾਲ ਤਾਰਿਖ ਨੂੰ ਆਖਿਆ। "ਪਰ....ਪਰ...ਪੈ..?" ਤਾਰਿਖ ਸੀਤ ਹੋਇਆ ਬੋਲਿਆ। ਓਸ ਤੋਂ ਲਫਜ ਵੀ ਪੂਰੇ ਨਾ ਬੋਲੇ ਗਏ।
-"ਹਾਂ ਮੇਰੇ ਪੈਰ ਨਹੀਂ ਹਨ, ਪਰ ਕੁਝ ਸਫਰ ਐਸੇ ਵੀ ਹੋਂਦੇ ਨੇ ਜੋ ਬਿਨਾ ਪੈਰਾਂ ਤੋਂ ਵੀ ਸਰ ਕੀਤੇ ਜਾ ਸਕਦੇ ਨੇ ਤੂੰ ਹੀ ਤਾਂ ਕਿਹਾ ਸੀ ਤੂੰ ਮੇਰੇ ਨਾਲ ਹਰ ਸਫਰ ਤੈਅ ਕਰੇਂਗਾ....?"
ਤਾਰਿਖ ਕੁਝ ਬੋਲ ਨਾ ਸਕਿਆ। ਬਸ ਬੁੱਤ ਸੀ। ਓਸ ਨੂੰ ਇਹ ਸਮਝ ਨਈ ਸੀ ਆ ਰਿਹਾ ਕੇ ਓਸ ਦੀ ਮੁਹੱਬਤ ਨੇ ਓਸ ਨੂੰ ਕਿਸ ਮੋੜ ਤੇ ਲਿਆ ਖੜਾ ਕੀਤਾ ਸੀ ? ਉਹ ਕਈਂ ਦਿਨ ਪਿਡੋਂ ਬਾਹਰ ਨਾ ਗਿਆ, ਕਾਫੀ ਦਿਨ ਬੀਤ ਗਏ। ਫਿਰ ਉਹ ਰੋਜਾਨਾ ਦੀ ਤਰ੍ਹਾਂ ਆਪਣੇ ਦਫਤਰ ਜਾਣ ਲੱਗ ਪਿਆ। ਹੁਣ ਓਸ ਨੂੰ ਕਦੀ ਕਿਸੇ ਨੇ ਵੀ ਬਜਾਰ ਦੀ ਓਸ ਨੁੱਕਰੇ ਖੜ੍ਹਾ ਨਹੀਂ ਵੇਖਿਆ, ਜਿਥੇ ਉਹ ਅਕਸਰ ਖਿੜਕੀ ਖੁੱਲ੍ਹਣ ਦਾ ਇਤਜਾਰ ਕਰਦਾ ਹੁੰਦਾ ਸੀ।

ਰੋਜ਼ੀ ਸਿੰਘ
ਸੋ-ਫਾਇਨ ਕੰਪਿਊਟਰ ਇੰਸਟੀਚਿਉਟ
ਫਤਿਹਗੜ੍ਹ ਚੂੜੀਆਂ -ਗੁਰਦਾਸਪੁਰ
98157-55184

2 comments:

Anonymous said...

sat sheri akaal g..
i visit ur profie !!really gr8t bohat chnga lagya mainu ..i can"t xpress ...i m in office and all the employees check ur profile ..too gud "Rabb mehar kare tuhade te"
i m frm chandigarh

Unknown said...

ਮੈਂ ਤੁਹਾਡਾ ਬਲੋਗ ਵੇਖਿਆ. ਕੀ ਦੱਸਾਂ ਵੇਖਿਆ ਹੀ ਨਹੀਂ ਜਾ ਰਿਹਾ. ਕਲਰ ਮੈਚਿੰਗ ਬਹੁਤ ਖਰਾਬ ਏ. ਬੇਨਤੀ ਹੈ ਕੇ ਇਸਨੂੰ ਠੀਕ ਕਰ ਲਵੋ.